-ਕਿਸਾਨ ਵਿਰੋਧੀ ਕਾਨੂੰਨ ਬਣਾਉਣ ’ਚ ਬਾਦਲ ਮੁੱਖ ਸਾਜਿਸ਼ਕਾਰਤਾ, ਪਰ ਕਿਸਾਨ ਅੰਦੋਲਨ ਦੇ ਦਬਾਅ ’ਚ ਛੱਡੀ ਭਾਜਪਾ
-ਕਿਹਾ, ਲੋਕਾਂ ਦੇ ਪਿਆਰ ਕਾਰਨ ਮੈਂ ਥੱਕਦਾ ਨਹੀਂ
ਸੁਖਜਿੰਦਰ ਮਾਨ
ਅਜਨਾਲਾ (ਸ੍ਰੀ ਅੰਮਿ੍ਰਤਸਰ), 22 ਦਸੰਬਰ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਾਝੇ ਦੀ ਧਰਤੀ ’ਤੇ ‘ਆਪ’ ਵੱਲੋਂ ਕਰਵਾਈ ਜਨ ਸਭਾ ’ਚ ਗਰਜਦਿਆਂ ਕਿਹਾ ਕਿ ਭਾਵੇਂ ਨਸ਼ਾ, ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਸਾਰੇ ਪੰਜਾਬ ਦੀਆਂ ਸਮੱਸਿਆਵਾਂ ਹਨ, ਪਰ ਸਰਹੱਦੀ ਖੇਤਰ ਦੇ ਲੋਕਾਂ ਨੂੰ ਹੋਰ ਵਾਧੂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਮਾਨ ਨੇ ਕਿਹਾ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜਾਣਾ ਪੈਦਾ ਹੈ, ਪਰ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਨੇ ਇਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਸਗੋਂ ਕਿਸਾਨਾਂ ਨੂੰ ਪ੍ਰਤੀ ਏਕੜ ਉਚਿਤ ਮੁਅਵਜ਼ਾ ਦੇਣ ਦੇ ਐਲਾਨ ਤੋਂ ਸੱਤਾਧਾਰੀ ਮੁੱਕਰ ਗਏ। ਇਸ ਮੌਕੇ ਹਲਕਾ ਇੰਚਾਰਜ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ, ਹਲਕਾ ਅਟਾਰੀ ਇੰਚਾਰਜ ਜਸਵਿੰਦਰ ਸਿੰਘ ਰਮਦਾਸ, ਪੰਜਾਬ ਜੋਇੰਟ ਸਕੱਤਰ ਅਸ਼ੋਕ ਤਲਵਾਰ,ਪੰਜਾਬ ਜੋਇੰਟ ਸਕੱਤਰ ਵਿਜੇ ਗਿੱਲ, ਲੋਕ ਸਭਾ ਇੰਚਾਰਜ ਇਕਬਾਲ ਸਿੰਘ ਭੁੱਲਰ, ਲੋਕ ਸਭਾ ਖਡੂਰ ਸਾਹਿਬ ਬਲਜੀਤ ਸਿੰਘ ਖਹਿਰਾ ਮੰਚ ’ਤੇ ਬਿਰਾਜਮਾਨ ਸਨ। ਬੁੱਧਵਾਰ ਨੂੰ ਅਜਨਾਲਾ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ, ‘‘ਪੰਜਾਬ ’ਤੇ ਰਾਜ ਕਰਨ ਵਾਲੀਆਂ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਬੀਤੇ 44 ਸਾਲਾਂ ਵਿੱਚ ਪੰਜਾਬ ਦੇ ਭਲੇ ਲਈ ਕੁੱਝ ਨਹੀਂ ਕੀਤਾ। ਹੁਣ ਇਹ ਪਾਰਟੀਆਂ ਅਗਲੇ 5 ਸਾਲਾਂ ਵਿੱਚ ਵੀ ਕੁੱਝ ਨਹੀਂ ਕਰਨਗੀਆਂ। ਇਨਾਂ ਪਾਰਟੀਆਂ ਕੋਲ ਕੋਈ ਏਜੰਡਾ ਨਹੀਂ ਅਤੇ ਨਾ ਹੀ ਕੋਈ ਵਿਕਾਸ ਦੀ ਯੋਜਨਾ। ਪਰ ਇਹ ਪਾਰਟੀਆਂ ਨਾਲ ਬੇਸ਼ਰਮੀ ਨਾਲ ਪੰਜਾਬ ਨੂੰ ਲੁੱਟਣ ਦਾ ਇੱਕ ਮੌਕਾ ਹੋਰ ਮੰਗਦੀਆਂ ਹਨ।’’ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹੜੀ ਵਿਕਾਸ ਦੇ ਮੁੱਦਿਆਂ ਜਿਵੇਂ ਚੰਗੇ ਸਕੂਲ, ਹਸਪਤਾਲ, ਰੋਜ਼ਗਾਰ ਅਤੇ ਬੱਚਿਆਂ ਦੇ ਚੰਗੇ ਭਵਿੱਖ ਬਾਰੇ ਗੱਲ ਕਰਦੀ ਹੈ।ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਪੂਰਥਲਾ ਦੀ ਰੈਲੀ ’ਚ ਪੰਜਾਬ ਪੁਲੀਸ ਬਾਰੇ ਕੀਤੀ ਟਿੱਪਣੀ ਦੀ ਸਖ਼ਤ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੁਲੀਸ ਮੁਲਾਜ਼ਮ ਪੰਜਾਬ ਦੇ ਪੁੱਤ ਹਨ। ਨਵਜੋਤ ਸਿੱਧੂ ਇੱਕ ਜ਼ਿੰਮੇਵਾਰ ਆਗੂ ਹੋ ਕੇ ਪੁਲੀਸ ਅਧਿਕਾਰੀਆਂ ਦੀਆਂ ਪੈਟਾਂ ਗਿੱਲੀਆਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੁਲੀਸ ਮੁਲਾਜ਼ਮਾਂ ਨੂੰ ਨਿਗੂਣੀ ਤਨਖ਼ਾਹ ਅਤੇ ਭੱਤੇ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਮੁਲਾਜ਼ਮਾਂ ਨੂੰ ਖਾਣੇ ਲਈ ਕੇਵਲ 100 ਰੁਪਏ ਅਤੇ ਸਾਇਕਲ ਭੱਤਾ ਦੇ ਰੂਪ ’ਚ 20 ਰੁਪਏ ਦੇ ਰਹੀ ਹੈ। ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ’ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ ਕਿ ਵੀ.ਆਈ.ਪੀ. ਸੱਚਿਆਚਾਰ ਦੇ ਚੱਲਦਿਆਂ ਪੁਲੀਸ ਮੁਲਾਜਮ ਕਾਂਗਰਸੀ ਅਤੇ ਅਕਾਲੀ ਆਗੂਆਂ ਦੀ ਸੁਰੱਖਿਆ ਕਰਨ ਵਿੱਚ ਲੱਗੇ ਹੋਏ ਹਨ, ਜਦੋਂ ਕਿ ਪੁਲੀਸ ਥਾਣੇ ਖਾਲੀ ਪਏ ਹਨ। ਸਕੂਲ ਖਾਲੀ ਪਏ ਹਨ ਕਿਉਂਕਿ ਅਧਿਆਪਕ ਸੜਕਾਂ ਅਤੇ ਮੁੱਖ ਮੰਤਰੀ ਦੇ ਘਰ ਅੱਗੇ ਧਰਨੇ ਲਾ ਕੇ ਬੈਠੇ ਹਨ।ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਅਤੇ ਝੂਠੀ ਸਹੁੰ ਖਾਣ ਵਾਲੇ ਸਭ ਰੁਲ਼ਦੇ ਫਿਰਦੇ ਹਨ। ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਮਾਨ ਨੇ ਕਿਹਾ ਕਿ ਚੰਗਾ ਹੋਵੇਗਾ ਵੱਡੇ ਬਾਦਲ ਅਕਾਲੀ ਦਲ ਬਾਦਲ ਦਾ ਪਤਨ ਆਪਣੀਆਂ ਅੱਖਾਂ ਨਾਲ ਦੇਖ ਲੈਣ, ਕਿਉਂਕਿ ਬਾਦਲ ਪਰਿਵਾਰ ਕਿਸਾਨ ਵਿਰੋਧੀ ਕਾਲ਼ੇ ਕਾਨੂੰਨ ਬਣਾਉਣ ’ਚ ਮੁੱਖ ਸਾਜਿਸ਼ਕਰਤਾ ਹੈ। ਪਰ ਜਦੋਂ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਤਾਂ ਬਾਦਲਾਂ ਨੇ ਅੰਦੋਲਨ ਦੇ ਦਬਾਅ ਵਿੱਚ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਇਸ ਤਰ੍ਹਾਂ ਰੰਗ ਬਦਲਦਾ ਹੈ ਕਿ ਗਿਰਗਿਟ ਵੀ ਸ਼ਰਮਿੰਦਾ ਹੋ ਜਾਂਦੀ ਹੈ। ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬੇਅਦਬੀ ਦੇ ਮਾਮਲੇ ਵਿੱਚ ਕੇਵਲ ਫ.ਆਈ.ਆਰ ਦਰਜ ਕਰਕੇ ਸਾਰਿਆ ਜਾ ਰਿਹਾ ਅਤੇ ਲੋਕਾਂ ਦਾ ਧਿਆਨ ਪੰਜਾਬ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਰਾਜ ਕਰਨ ਲਈ ਬਹੁਤ ਮੌਕੇ ਦਿੱਤੇ ਹਨ, ਪਰ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣ ਤਾਂ ਪੰਜਾਬ ਨੂੰ ਹੱਸਦਾ ਖੇਲਦਾ ਪੰਜਾਬ ਬਣਾਇਆ ਜਾ ਸਕੇ। ਇਸ ਮੌਕੇ ਮੈਡਮ ਸੀਮਾ ਸੋਢੀ, ,ਬਲ਼ਦੇਵ ਸਿੰਘ ਮਿਆਦਿਆਂ, ਜਗਦੀਪ ਸਿੰਘ, ਸੋਹਣ ਸਿੰਘ ਨਾਗੀ, ਸੁਖਬੀਰ ਕੌਰ, ਵਿਕਰਮਜੀਤ ਵਿੱਕੀ, ਗੀਤਾ ਗਿੱਲ,ਮੰਦੀਪ ਮੋਂਗਾ, ਐਡਵੋਕੇਟ ਰਾਜੀਵ ਮਦਾਨ, ਜਸਪਿੰਦਰ ਛੀਨਾ, ਲੱਖਾਂ ਵਰਲਾਸ, ਰਜਿੰਦਰ ਵਿਰਕ,ਬੱਬੂ ਚੇਤਨਪੁਰਾ,ਗੁਰਭੇਜ ਸਿੱਧੂ ਹਲਕਾ ਮਜੀਠਾ,ਦਵਿੰਦਰ ਸੋਨੂ,ਹਰਜਿੰਦਰ ਸੋਨੂ ਹਾਜ਼ਰ ਸਨ।
ਕਾਂਗਰਸ- ਸ਼੍ਰੋਮਣੀ ਅਕਾਲੀ ਦਲ ਨੇ 44 ਸਾਲ ’ਚ ਪੰਜਾਬ ਲਈ ਕੁੱਝ ਨਹੀਂ ਕੀਤਾ ਤਾਂ ਅਗਲੇ 5 ਸਾਲਾਂ ’ਚ ਵੀ ਕੁੱਝ ਨਹੀਂ ਕਰਨਗੇ:ਭਗਵੰਤ ਮਾਨ
ਨਸ਼ਾ ਤਸਕਰੀ ਦੇ ਮਾਮਲੇ ’ਚ ਬਿਕਰਮ ਮਜੀਠਿਆ ਵਿਰੁਧ ਕੇਸ ਦਰਜ਼
ਜਲਦੀ ਹੀ ਗਿ੍ਰਫਤਾਰ ਕਰਨ ਦੀਆਂ ਕੰਨਸੋਆਂ
ਸੁਖਜਿੰਦਰ ਮਾਨ
ਚੰਡੀਗੜ੍ਹ, 21 ਦਸੰਬਰ: ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੀ ਸਿਆਸਤ ’ਚ ਬਹੁ ਚਰਚਿਤ ਨਸ਼ਾ ਤਸਕਰੀ ਦੇ ਮਾਮਲੇ ਵਿਚ ਸਰਕਾਰਾਂ ’ਤੇ ਲੱਗ ਰਹੇ ਦੋਸ਼ਾਂ ਤੋਂ ਬਾਅਦ ਆਖ਼ਰਕਾਰ ਬੀਤੀ ਦੇਰ ਰਾਤ ਪੰਜਾਬ ਪੁਲਿਸ ਦੀ ਬਿਊਰੋ ਆਫ ਇਨਵੈਸਟੀਗੇਸਨ ਨੇ ਥਾਣਾ ਬਨੂੜ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠਿਆ ਵਿਰੁਧ ਮੁਕੱਦਮਾ ਦਰਜ਼ ਕਰ ਲਿਆ ਹੈ। ਚਰਚਾ ਮੁਤਾਬਕ ਸ: ਮਜੀਠਿਆ ਨੂੰ ਗਿ੍ਰਫਤਾਰ ਕਰਨ ਲਈ ਪੰਜਾਬ ਪੁਲਿਸ ਸਰਗਰਮ ਹੋ ਗਈ ਹੈ ਤੇ ਕਦੇ ਵੀ ਉਨ੍ਹਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖ਼ਬਰ ਸਾਹਮਣੇ ਆ ਸਕਦੀ ਹੈ। ਮਜੀਠਿਆ ਦੀ ਗਿ੍ਰਫਤਾਰੀ ਤੋਂ ਬਾਅਦ ਚੰਨੀ ਸਰਕਾਰ ਜਨਤਾ ਸਾਹਮਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਐਲਾਨ ਕਰ ਸਕਦੀ ਹੈ। ਦਸਣਾ ਬਣਦਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਕਾਲੀਆਂ ਵਿਰੁਧ ਬੇਅਦਬੀ ਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਗਿ੍ਰਫਤਾਰ ਨਾ ਕਰਨ ਦੇ ਦੋਸ਼ਾਂ ਚੱਲਦੇ ਹਟਾਇਆ ਗਿਆ ਸੀ। ਕੈਪਟਨ ਨੂੰ ਹਟਾਉਣ ਦੇ ਬਾਵਜੂਦ ਹੁਣ ਤੱਕ ਇਹ ਕਾਰਵਾਈ ਨਾ ਹੋਣ ਦੇ ਚੱਲਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਹਿਤ ਵਿਰੋਧੀਆਂ ਵਲੋਂ ਚੰਨੀ ਸਰਕਾਰ ’ਤੇ ਉਗਲਾਂ ਚੁੱਕੀਆਂ ਜਾ ਰਹੀਆਂ ਸਨ। ਉਧਰ ਪੁਲਿਸ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਬੀਤੀ ਰਾਤ ਮਜੀਠਿਆ ਵਿਰੁਧ ਦਰਜ਼ ਕੀਤੀ ਗਈ ਐਫ਼.ਆਈ.ਆਰ ਉਸੇ ਕੇਸ ਨਾਲ ਜੁੜੀ ਹੋਈ ਹੈ, ਜਿਸ ਸਬੰਧ ਵਿਚ 11 ਨਵੰਬਰ 2013 ਨੂੰ 29 ਕਿਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿਚ ਦਰਜ਼ ਕੀਤੀ ਗਈ ਸੀ। ਇਸ ਮਾਮਲੇ ਵਿਚ ਜਗਦੀਸ਼ ਭੋਲਾ ਸਹਿਤ 50 ਬੰਦੇ ਗਿ੍ਰਫਤਾਰ ਕੀਤੇ ਗਏ ਸਨ। ਜਗਦੀਸ ਭੋਲਾ ਨੇ ਹੀ ਬਾਦਲ ਸਰਕਾਰ ਸਮੇਂ ਇੱਕ ਪੇਸ਼ੀ ਦੌਰਾਨ ਬਿਕਰਮ ਸਿੰਘ ਮਜੀਠਿਆ ਦਾ ਨਾਮ ਲਿਆ ਸੀ। ਹਾਲਾਂਕਿ ਇਸ ਮਾਮਲੇ ਵਿਚ ਅਕਾਲੀ ਸਰਕਾਰ ਵਲੋਂ ਜਾਂਚ ਕੀਤੀ ਗਈ ਸੀ ਪ੍ਰੰਤੂ ਇਸ ਜਾਂਚ ਵਿਚ ਬਿਕਰਮ ਸਿੰਘ ਮਜੀਠਿਆ ਨੂੰ ਕਲੀਨ ਚਿੱਟ ਮਿਲ ਗਈ ਸੀ। ਬਾਅਦ ਵਿਚ ਕੈਪਟਨ ਸਰਕਾਰ ਸਮੇਂ ਵੀ ਇਸ ਕੇਸ ਵਿਚ ਕੁੱਝ ਨਹੀਂ ਹੋਇਆ ਪ੍ਰੰਤੂ ਹੁਣ ਸਰਕਾਰ ਉਪਰ ਕੁੱਝ ਕਰਨ ਦਾ ਦਬਾਅ ਸੀ। ਜਿਸਦੇ ਚੱਲਦੇ ਪਿਛਲੇ ਦਿਨੀਂ ਡੀਜੀਪੀ ਆਈਪੀਐਸ ਸਹੋਤਾ ਦੀ ਥਾਂ ਐਸ. ਚੱਟੋਪਾਧਿਆਏ ਨੂੰ ਲਗਾਇਆ ਸੀ।
ਆਤਮਾ ਸਕੀਮ ਅਧੀਨ ਕਿਸਾਨ ਗੋਸਟੀ ਆਯੋਜਿਤ
ਕਿਸਾਨ ਪਰਾਲੀ ਨੂੰ ਅੱਗ ਲਗਾਏ ਬਗੈਰ ਨਵੀਆਂ ਤਕਨੀਕਾਂ ਨਾਲ ਬਿਜਾਈ ਕਰਨ- ਡਾ: ਪਾਖਰ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਮਿੱਟੀ ਦੀ ਸਿਹਤ ਸੰਭਾਲ ਅਤੇ ਵਾਤਾਵਰਣ ਦੀ ਸੁੱਧਤਾ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਏ ਬਗੈਰ ਨਵੀਆਂ ਤਕਨੀਕਾਂ ਨਾਲ ਬਿਜਾਈ ਕਰਨ। ਇਹ ਸੁਝਾਅ ਡਾ: ਪਾਖਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਨੇ ਪਿੰਡ ਗਹਿਰੀ ਦੇਵੀ ਨਗਰ ਵਿਖੇ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਧਰੀ ਖੇਤੀ ਮਸ਼ੀਨਰੀ ਨਾਲ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਸੁਚੱਜੀ ਕਾਸਤ ਕਰਨ ਸਬੰਧੀ ਲਗਾਈ ਕਿਸਾਨ ਗੋਸਟੀ ਨੂੰ ਸੰਬੋਧਨ ਕਰਦਿਆਂ ਦਿੱਤਾ।
ਡਾ: ਪਾਖਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਖੇਤੀ ਮਸ਼ੀਨਰੀ ਮਹੱਈਆ ਕਰਵਾਈ ਗਈ ਹੈ, ਜਿਸ ਦਾ ਕਿਸਾਨਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਏ ਬਗੈਰ ਨਵੀਆਂ ਤਕਨੀਕਾਂ ਨਾਲ ਕਾਸਤ ਕਰਨੀ ਚਾਹੀਦੀ ਹੈ, ਜਿਸ ਨਾਲ ਮਿੱਟੀ ਦੀ ਸਿਹਤ ਦੀ ਸੰਭਾਲ ਕੀਤੀ ਜਾ ਸਕੇਗੀ ਅਤੇ ਵਾਤਾਵਰਣ ਵੀ ਸੁੱਧ ਰਹੇਗਾ। ਉਹਨਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਖੇਤੀ ਮਾਹਰਾਂ ਅਨੁਸਾਰ ਤਕਨੀਕਾਂ ਅਪਨਾਉਣ ਅਤੇ ਕਿਸੇ ਮੁਸਕਿਲ ਸਬੰਧੀ ਮਾਹਰਾਂ ਨਾਲ ਸਲਾਹ ਮਸਵਰਾ ਕਰਨ। ਡਾ: ਜਗਦੀਸ ਸਿੰਘ ਖੇਤੀਬਾੜੀ ਅਫ਼ਸਰ ਨੇ ਸੰਬੋਧਨ ਕਰਦਿਆਂ ਹਾੜੀ ਦੀਆਂ ਫ਼ਸਲਾਂ ਲਈ ਪਾਣੀ ਦੀ ਸੁਚੱਜੀ ਵਰਤੋਂ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਖਾਦਾਂ ਦੀ ਵਰਤੋਂ ਘੱਟ ਕੀਤੀ ਜਾ ਸਕਦੀ ਹੈ, ਜਿਸ ਨਾਲ ਸਮੇਂ ਤੇ ਪੈਸੇ ਦੀ ਬੱਚਤ ਹੁੰਦੀ ਹੈ।ਡਾ: ਤੇਜਦੀਪ ਕੌਰ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਚਲਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਖੇਤੀ ਸਹਾਇਕ ਧੰਦਾ ਸੁਰੂ ਕਰਨ ਦੀ ਟ੍ਰੇਨਿੰਗ ਲੈ ਸਕਦੇ ਹਨ। ਡਾ: ਜਗਪਾਲ ਸਿੰਘ ਏ ਡੀ ਓ ਨੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦੀ ਵਰਤੋ ਨਾਂ ਕਰਨ ਦਾ ਸੁਝਾਅ ਦਿੱਤਾ ਅਤੇ ਸਮੇਂ ਸਮੇਂ ਤੇ ਫ਼ਸਲਾਂ ਦੀਆਂ ਘਾਟਾਂ ਦੀ ਪੂਰਤੀ ਕਰਨ ਦੇ ਨੁਕਤੇ ਸਾਂਝੇ ਕੀਤੇ। ਡਾ: ਮਨਜਿੰਦਰ ਸਿੰਘ ਏ ਡੀ ਓ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਸੁਝਾਅ ਦਿੱਤੇ ਅਤੇ ਨਦੀਨਾਂ ਦੀ ਰੋਕਥਾਮ ਲਈ ਸਪਰੇਆਂ ਦੀ ਸਹੀ ਚੋਣ ਅਤੇ ਸਹੀ ਤਰੀਕਾ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ। ਡਾ: ਅਜੈਪਾਲ ਸਿੰਘ ਏ ਡੀ ਓ ਨੇ ਹਾੜੀ ਦੀ ਫ਼ਸਲ ਤੇ ਹਮਲਾ ਕਰਨ ਵਾਲੇ ਕੀੜੇ ਮਕੌੜਿਆਂ ਬਾਰੇ ਜਾਣਕਾਰੀ ਦਿੱਤੀ ਤੇ ਰੋਕਥਾਮ ਲਈ ਨੁਕਤੇ ਸਾਂਝੇ ਕੀਤੇ।ਸ੍ਰੀ ਗੁਰਮਿਲਾਪ ਸਿੰਘ ਬੀ ਟੀ ਐੱਮ ਨੇ ਆਤਮਾ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ ਇਸ ਸਕੀਮ ਅਧੀਨ ਵੱਖ ਵੱਖ ਫ਼ਸਲਾਂ ਦੇ ਪ੍ਰਦਰਸਨੀ ਪਲਾਂਟ ਲਗਾਏ ਗਏ ਹਨ। ਸ੍ਰੀਮਤੀ ਅਮਨਵੀਰ ਕੌਰ ਏ ਐੱਮ ਆਈ ਨੇ ਤੇਲ ਬੀਜ ਫ਼ਸਲਾਂ ਦੀ ਕਾਸਤ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਦੀ ਵੱਧ ਤੋਂ ਵੱਧ ਰਕਬੇ ਵਿੱਚ ਕਰਨ ਦੀ ਲੋੜ ਤੇ ਜੋਰ ਦਿੱਤਾ। ਸ੍ਰੀਮਤੀ ਕੁਲਵੀਰ ਕੌਰ ਏ ਐੱਸ ਆਈ ਨੇ ਕਿਚਨ ਗਾਰਡਨ ਸਬੰਧੀ ਜਾਗਰੂਕ ਕਰਦੇ ਹੋਏ ਘਰ ਦੀ ਲੋੜ ਅਨੁਸਾਰ ਸਬਜੀਆਂ ਦੀ ਕਾਸ਼ਤ ਕਰਨ ਦਾ ਸੁਝਾਅ ਦਿੱਤਾ। ਇਸ ਮੌਕੇ ਖੇਤੀ ਮਾਹਰਾਂ ਤੇ ਅਧਿਕਾਰੀਆਂ ਨੇ ਕਿਸਾਨਾਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ ਅਤੇ ਨਵੀਆਂ ਤਕਨੀਕਾਂ ਸਬੰਧੀ ਲਿਟਰੇਚਰ ਤੇ ਕਿੱਟਾਂ ਵੀ ਵੰਡੀਆਂ। ਅੰਤ ’ਚ ਜਗਸੀਰ ਸਿੰਘ ਖੇਤੀਬਾੜੀ ਟੈਕਨਾਲੌਜੀ ਮੈਨੇਜਰ ਨੇ ਆਏ ਮਹਿਮਾਨਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ। ਗੋਸਟੀ ਪ੍ਰਬੰਧਾਂ ਵਿੱਚ ਸ੍ਰੀ ਕਰਮਜੀਤ ਸਿੰਘ ਨੇ ਯੋਗਦਾਨ ਪਾਇਆ।
ਅੱਧੀ ਰਾਤ ਨੂੰ ਕੜਕਦੀ ਠੰਢ ’ਚ ਆਸਮਾਨ ਹੇਠ ਸੁੱਤੇ ਪਏ ਬੇਸਹਾਰਿਆਂ ਲਈ ਸਹਾਰਾ ਬਣੇ ਐਸਐਸਪੀ
ਸਿਵਲ ਵਰਦੀ ’ਚ ਇੱਕ ਸਾਥੀ ਨੂੰ ਨਾਲ ਲੈ ਕੇ ਸੁੱਤੇ ਹੋਏ ਬੇਸਹਾਰਿਆਂ ’ਤੇ ਪਾਏ ਕੰਬਲ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਅਕਸਰ ਹੀ ਅਪਣੇ ਸਖ਼ਤ ਮਿਜ਼ਾਜ ਲਈ ਜਾਣੀ ਜਾਂਦੀ ਪੰਜਾਬ ਪੁਲਿਸ ਦਾ ਦੂਜਾ ਪੱਖ ਵੀ ਬੀਤੀ ਰਾਤ ਦੇਖਣ ਨੂੰ ਮਿਲਿਆ। ਸਥਾਨਕ ਮਾਲ ਗੋਦਾਮ ਨੇੜੇ -0.8 ਸੈਲਸੀਅਸ ਡਿਗਰੀ ਦੀ ਕੜਕਦੀ ਠੰਢ ’ਚ ਖੁੱਲੇ ਆਸਮਾਨ ਥੱਲੇ ਪਏ ਬੇਸਹਾਰਾ ਨੂੰ ਅੱਧੀ ਰਾਤ ਨਿੱਘ ਦਾ ਅਹਿਸਾਸ ਹੋਇਆ। ਅਜਿਹਾ ਅਚਾਨਕ ਉਨ੍ਹਾਂ ਉਪਰ ਕਿਸੇ ਵਲੋਂ ਗਰਮ ਕੰਬਲ ਪਾਉਣ ਤੋਂ ਬਾਅਦ ਹੋਇਆ। ਸੁੱਤੇ ਪਏ ਬੇਸਹਾਰਾ ਲੋਕਾਂ ’ਤੇ ਇਹ ਗਰਮ ਕੰਬਲ ਪਾਉਣ ਵਾਲਾ ਵਿਅਕਤੀ ਮਾਲ ਗੋਦਾਮ ਤੋਂ ਲੈ ਕੇ ਰੇਲਵੇ ਸਟੇਸਨ ਦੇ ਵੇਟਿੰਗ ਰੂਮ ਵਿਚ ਸੌਂ ਰਹੇ ਬੇਸਹਾਰਾ ਲੋਕਾਂ ਨੂੰ ਗਰਮ ਕੰਬਲਾਂ ਨਾਲ ਢੱਕਦਾ ਰਿਹਾ ਪ੍ਰੰਤੂ ਕਿਸੇ ਨੂੰ ਵੀ ਇਸ ਗੱਲ ਦੀ ਭਿਣਕ ਨਹੀਂ ਸੀ ਕਿ ਇਹ ਗਰਮ ਕੰਬਲ ਵੰਡਣ ਵਾਲਾ ਜ਼ਿਲ੍ਹਾ ਪੁਲਿਸ ਦਾ ਮੁਖੀ ਹੈ। ਪਰ ਬਾਅਦ ਵਿਚ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਵਿਅਕਤੀ ਬਠਿੰਡਾ ਦਾ ਐਸਐਸਪੀ ਅਜੈ ਮਲੂਜਾ ਸੀ, ਜੋ ਕੰਬਲਾਂ ਨਾਲ ਭਰੀ ਗੱਡੀ ’ਚ ਅਪਣੇ ਦੋ ਸਾਥੀਆਂ ਨਾਲ ਅਚਾਨਕ ਅੱਧੀ ਰਾਤ ਉਥੇ ਆ ਪ੍ਰਗਟ ਹੋਇਆ ਸੀ। ਇਸ ਮੌਕੇ ਉਨ੍ਹਾਂ ਅਪਣੇ ਨਾਲ ਬੇਸਹਾਰਿਆਂ ਲਈ ਸਹਾਰਾ ਵਜੋਂ ਜਾਣੀ ਜਾਂਦੀ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਤੇ ਕੁੱਝ ਵਲੰਟੀਅਰਾਂ ਨੂੰ ਵੀ ਸੱਦਿਆ ਹੋਇਆ ਸੀ। ਇਸ ਦੌਰਾਨ ਸਹਾਰਾ ਵਰਕਰਾਂ ਨੇ ਐਸ.ਐਸ.ਪੀ ਦੇ ਇਸ ਸਲਾਘਾਯੋਗ ਕਾਰਜ਼ ਦੀਆਂ ਫ਼ੋਟੋਆਂ ਵੀ ਖਿੱਚੀਆਂ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦਸਿਆ ਕਿ ਐਸ.ਐਸ.ਪੀ ਨੇ ਅਪਣੇ ਇਸ ਨੇਕ ਮਨਸੂਬੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇ ਦਿੱਤੀ ਸੀ ਪ੍ਰੰਤੂ ਇਸਦੇ ਨਾਲ ਹੀ ਕਹਿ ਦਿੱਤਾ ਸੀ ਕਿ ਉਸਦੇ ਬਾਰੇ ਕਿਸੇ ਨੂੰ ਨਾ ਦਸਿਆ ਜਾਵੇ। ਇਸ ਮੌਕੇ ਲਗਾਤਾਰ ਦੋ ਘੰਟੇ ਐਸ.ਐਸ.ਪੀ ਤੇ ਟੀਮ ਨੇ 120 ਲੋਕਾਂ ਨੂੰ ਗਰਮ ਕੰਬਲਾਂ ਨਾਲ ਢੱਕਿਆ।
ਬਾਕਸ
ਠੰਡ ਕਾਰਨ ਬੇਸਹਾਰਾ ਸਾਧੂ ਦੀ ਹੋਈ ਮੌਤ
ਬਠਿੰਡਾ: ਉਧਰ ਬੀਤੀ ਰਾਤ ਪਈ ਭਿਆਨਕ ਠੰਢ ਦੇ ਚੱਲਦਿਆਂ ਸਥਾਨਕ ਪਟਿਆਲਾ ਫਾਟਕ ਰੇਲਵੇ ਫਾਟਕ ਦੇ ਕੋਲ ਫੁੱਟਪਾਥ ‘ਤੇ ਸੌਂ ਰਹੇ ਇੱਕ ਬੇਸਹਾਰਾ ਸਾਧੂ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬਿ੍ਰਗੇਡ ਹੈਲਪਲਾਈਨ ਟੀਮ ਨੇ ਮੌਕੇ ‘ਤੇ ਮੌਜੂਦ ਚੌਕੀ ਪੁਲਿਸ ਨੂੰ ਸੂਚਿਤ ਕੀਤਾ ਤੇ ਲਾਸ਼ ਨੂੰ ਮੁਰਦਾਘਰ ਪਹੁੰਚਾਇਆ ਗਿਆ। ਮਿ੍ਰਤਕ ਦੀ ਪਹਿਚਾਣ ਨਹੀਂ ਹੋ ਸਕੀ।
ਬਠਿੰਡਾ ਪੁਲਿਸ ਵਲੋਂ 200 ਗ੍ਰਾਂਮ ਅਫ਼ੀਮ ਸਹਿਤ ਦੋ ਕਾਬੂ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਸੀਆਈਏ ਸਟਾਫ਼ ਵਲੋਂ ਦੋ ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਕੋਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਐਸ.ਐਸ.ਪੀ ਅਜੈ ਮਲੂਜਾ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਸਹਾਇਕ ਥਾਣੇਦਾਰ ਗੁਰਬਖਸ਼ੀਸ਼ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਸਥਾਨਕ ਜੋਗਾ ਨਗਰ ਕੋਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨਾਂ੍ਹ ਕੋਲੋਂ 200 ਗ੍ਰਾਮ ਅਫੀਮ ਬਰਾਮਦ ਹੋਈ। ਕਥਿਤ ਦੋਸ਼ੀਆਂ ਦੀ ਪਹਿਚਾਣ ਯੁੱਧਵੀਰ ਸਿੰਘ ਅਤੇ ਮਨਵਿੰਦਰ ਸਿੰਘ ਵਾਸੀ ਪਿੰਡ ਸੀਂਗੋ ਵਜੋਂ ਹੋਈ ਹੈ। ਇਸ ਸਬੰਧ ਵਿਚ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਕੈਨਾਲ ਕਲੋਨੀ ਵਿਖੇ ਐੱਨਡੀਪੀਐੱਸ ਐਕਟ ਦੇ ਅਧੀਨ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮਾਂ ਵਲੋਂ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਲਗਾਇਆ ਧਰਨਾ
ਧਰਨਾ ਰਾਤ ਨੂੰ ਵੀ ਜਾਰੀ, ਧਰਨੇ ਕਾਰਨ ਲੱਗੇ ਵੱਡੇ ਜਾਮ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਚੋਣਾਂ ਸਮਂੇ ਕਾਂਗਰਸ ਪਾਰਟੀ ਵਲੋਂ ਸਮੂਹ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਪੰਜਾਬ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੱਦੇ ਹੇਠ ਅੱਜ ਲਹਿਰਾ ਮੁਹੱਬਤ ਕੋਲ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਵਾਰਾਂ ਸਹਿਤ ਧਰਨੇ ’ਤੇ ਬੈਠੇ ਠੇਕਾ ਮੁਲਾਜਮਾਂ ਨੇ ਚੰਨੀ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਠੇਕਾ ਮੁਲਾਜਮਾਂ ਦੀ ਹਿਮਾਇਤ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਸਿੰਗਾਰਾ ਸਿੰਘ ਮਾਨ ਆਦਿ ਵੀ ਪੁੱਜੇ। ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂੰ, ਵਰਿੰਦਰ ਸਿੰਘ ਬੀਬੀਵਾਲਾ, ਜਗਸੀਰ ਸਿੰਘ ਭੰਗੂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ ਠੇਕਾ ਮੁਲਾਜ਼ਮ ਵਿਭਾਗਾਂ ਵਿਚ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਲੰਘੀ 07 ਸਤੰਬਰ ਤੋਂ 19 ਨਵੰਬਰ ਤੱਕ ਪਟਿਆਲਾ ਅਤੇ ਮੋਰਿੰਡਾ ਵਿਖੇ ਲਗਾਤਾਰ 75 ਦਿਨ ਪਰਿਵਾਰਾਂ ਸਮੇਤ ਪੱਕਾ ਮੋਰਚਾ ਲਗਾਇਆ ਗਿਆ। ਪ੍ਰੰਤੂ ਪੰਜਾਬ ਸਰਕਾਰ ਵੱਲੋਂ ਹੁਣ ਲਿਆਂਦੇ ਨਵੇਂ ਐਕਟ ਪੰਜਾਬ ਪੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ਼ ਕੰਟਰੈਕਚੂਅਲ ਬਿੱਲ 2021 ਵਿਚੋਂ ਬੋਰਡ ਤੇ ਕਾਰਪੋਰੇਸ਼ਨਾਂ ਤੋ ਇਲਾਵਾ ਆਊਟਸੋਰਸ਼ ਤੇ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਿਰੀਆਂ ਨੂੰ ਬਾਹਰ ਕਰ ਦਿੱਤਾ ਹੈ। ਜਿਸ ਕਾਰਨ ਥੋੜੇ ਜਿਹੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਭਰੋਸਾ ਦੇ ਕੇ ਲੱਖਾਂ ਕੱਚੇ ਮੁਲਾਜਮਾਂ ਨਾਲ ਧੱਕਾ ਕੀਤਾ ਜਾ ਰਿਹਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿਚ ਠੇਕੇਦਾਰਾਂ, ਕੰਪਨੀਆਂ, ਇਨਲਿਸਟਮੈਂਟ, ਕੇਂਦਰੀ ਸਕੀਮਾਂ ਤੇ ਹੋਰ ਕੈਟਾਗਰੀਆਂ ਰਾਹੀਂ ਕੰਮ ਕਰਦੇ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਰੈਗੂਲਰ ਕੀਤਾ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਅੱਜ ਪੰਜਾਬ ਸਰਕਾਰ ਨਾਲ ਹੋਣ ਵਾਲੀ ਪੈਨਲ ਮੀਟਿੰਗ ਵਿਚ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਪੱਕਾ ਕਰਨ ਦਾ ਫੈਸਲਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਦੇ ਨਵਨਿਯੁਕਤ ਪ੍ਰਧਾਨਾਂ ਨੇ ਸੰਭਾਲੇ ਅਹੁੱਦੇ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਕਾਂਗਰਸ ਪਾਰਟੀ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਦਿਹਾਤੀ ਕੁਲਵਿੰਦਰ ਸਿੰਘ ਨਰੂਆਣਾ ਤੇ ਕਾਰਜ਼ਕਾਰੀ ਪ੍ਰਧਾਨ ਕਿਰਨਦੀਪ ਕੌਰ ਨੇ ਸਥਾਨਕ ਕਾਂਗਰਸ ਦਫ਼ਤਰ ਵਿਖੇ ਅਪਣੇ ਅਹੁੱਦੇ ਸੰਭਾਲ ਲਏ। ਇਸ ਪ੍ਰੋਗਰਾਮ ਵਿਚ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਤੋਂ ਇਲਾਵਾ ਸਮੂਹ ਬਲਾਕ ਪ੍ਰਧਾਨ ਤੇ ਹੋਰ ਸੀਨੀਅਰ ਆਗੂ ਪੁੱਜੇ ਹੋਏ ਸਨ। ਇਸਤੋਂ ਇਲਾਵਾ ਦੋਨੋਂ ਪ੍ਰਧਾਨ ਜ਼ਿਲ੍ਹਾ ਲੀਡਰਸ਼ਿਪ ਦੇ ਨਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਵੀ ਹੋਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਕੁਲਵਿੰਦਰ ਸਿੰਘ ਨਰੂਆਣਾ ਤੇ ਕਿਰਨਦੀਪ ਕੌਰ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚੰਨੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਸਮੂਹ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਕੰਮ ਕਰਨਗੇ। ਇਸ ਮੌਕੇ ਚੇਅਰਮੈਨ ਹਰਮੇਲ ਸਿੰਘ ਘੁੱਦਾ, ਚੇਅਰਮੈਨ ਹਰਜੀਤ ਸਿੰਘ, ਬਲਾਕ ਪ੍ਰਧਾਨ ਮੋੜ ਰਜਿੰਦਰ ਸਿੰਘ ਜੋਧਪੁਰ, ਬਲਾਕ ਪ੍ਰਧਾਨ ਗੋਨਿਆਣਾ ਸੰਦੀਪ ਸਿੰਘ, ਜ਼ਿਲ੍ਹਾ ਪ੍ਰੀਸਦ ਮੈਂਬਰ ਗੁਰਦੀਪ ਸਿੰਘ ਭੋਖੜਾ, ਸਰਪੰਚ ਬਹਾਦਰ ਸਿੰਘ ਬਾਂਡੀ, ਯੂਥ ਆਗੂ ਮਨਜੀਤ ਸਿੰਘ ਕੋਟਫੱਤਾ, ਮਨਜੀਤ ਸਿੰਘ ਸਰਪੰਚ ਬੁਲਾਡੇਵਾਲਾ,ਜਵਾਹਰ ਸਿੰਘ ਨੰਦਗੜ ਆਦਿ ਹਾਜ਼ਰ ਸਨ।
ਲੋਜਪਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਸਾਥੀਆਂ ਸਹਿਤ ਕਾਂਗਰਸ ਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਅੱਜ ਅਪਣੇ ਸਾਥੀਆਂ ਸਹਿਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਉਨ੍ਹਾਂ ਦਾ ਕਾਂਗਰਸ ਵਿਚ ਸਵਾਗਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ ਨੇ ਸਵਾਗਤ ਕੀਤਾ। ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਨਜ਼ਦੀਕੀ ਮੰਨੇ ਜਾਂਦੇ ਗਹਿਰੀ ਪਿਛਲੇ ਲੰਮੇ ਸਮੇਂ ਤੋਂ ਦਲਿਤ ਨੇਤਾ ਵਜੋਂ ਕੰਮ ਕਰ ਰਹੇ ਹਨ। ਉਹ ਰੇਲਵੇ ਭਰਤੀ ਬੋਰਡ, ਟੈਲੀਫੋਨ ਸਲਾਹਕਾਰ ਕਮੇਟੀ, ਫਰਮਾਸਿਟੀਕਲ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਮੈਂਬਰ ਵਜੋਂ ਕੰਮ ਕਰ ਰਹੇ ਹਨ। ਇਸ ਮੌਕੇ ਬੋਹੜ ਸਿੰਘ ਘਾਰੂ, ਗੁਰਚਰਨ ਸਿੰਘ ਅਟਵਾਲ, ਲਾਲ ਚੰਦ ਸ਼ਰਮਾ, ਥਾਣਾ ਸਿੰਘ, ਮਿੱਠੂ ਸਿੰਘ ਸਰਪੰਚ ਤੇ ਗੁਰਜੰਟ ਸਿੰਘ ਪੰਚ ਆਦਿ ਹਾਜ਼ਰ ਸਨ।
ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਮਹਿਲਾਵਾਂ ਦੀ ਹੋਵੇਗੀ ਅਹਿਮ ਭੂਮਿਕਾ -ਬਲਵੀਰ ਰਾਣੀ ਸੋਢੀ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਵਲਂੋ ਅੱਜ ਬਠਿੰਡਾ ’ਚ ਮਹਿਲਾਵਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਮਹਿਲਾਵਾਂ ਦੀ ਅਹਿਮ ਭੂਮਿਕਾ ਨਿਭਾਉਣਗੀਆਂ। ਇਸ ਉਪਰੰਤ ਭਰਵੇਂ ਇਕੱਠ ਦੌਰਾਨ ਬਠਿੰਡਾ ਦੀਆਂ ਮਹਿਲਾਵਾਂ ਦੇ ਵਿੱਚ ਜੋਸ਼ ਭਰਦੇ ਹੋਏ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਦੀ ਕੋਲ ਅੱਜ ਇਕ ਵੱਡਾ ਮੌਕਾ ਹੈ ਉਹ ਆਪਣੀ ਮਨਮਰਜੀ ਦੇ ਮੁਤਾਬਕ ਸਰਕਾਰ ਦੀ ਚੋਣ ਕਰ ਸਕਦੀਆਂ ਹਨ । ਮਹਿਲਾਵਾਂ ਨੂੰ ਪ੍ਰੇਰਿਤ ਕਰਦੇ ਹੋਏ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਮਹਿਲਾਵਾਂ ਦਾ ਅਕਸ ਸੁਧਾਰਨ ਦੇ ਲਈ ਵਚਨਬੱਧ ਹੈ। ਜਿਸ ਦੇ ਚਲਦੇ ਹੋਏ ਅੱਜ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਦੇ ਲਈ ਅਨੇਕਾਂ ਸਰਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾ ਤਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਾਂਗ ਪੰਜਾਬ ਦੀਆਂ ਮਹਿਲਾਵਾਂ ਨੂੰ ਹਜਾਰ ਰੁਪਏ ਤੇ ਦੋ ਹਜਾਰ ਰੁਪਏ ਦੇਣ ਦੇ ਝੂਠੇ ਜੁਮਲੇ ਦਿਖਾਉਂਦੀ ਹੈ ਅਤੇ ਨਾ ਹੀ ਮਹਿਲਾਵਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ । ਕਾਂਗਰਸ ਪਾਰਟੀ ਸਿਰਫ਼ ਕਰਕੇ ਦਿਖਾਉਣ ਵਿੱਚ ਵਿਸ਼ਵਾਸ ਰੱਖਦੀ ਹੈ । ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਵੀਨੂੰ ਬਾਦਲ , ਕਾਂਤਾ ਰਾਣੀ ਸ਼ਰਮਾ ਜਨਰਲ ਸਕੱਤਰ ਮਹਿਲਾ ਕਾਂਗਰਸ ਪੰਜਾਬ , ਜਸਵਿੰਦਰ ਕੌਰ ਜੌਹਰ ਦਿਹਾਤੀ ਨੀਲਮ ਰਾਣੀ , ਰਣਜੀਤ ਕੌਰ, ਜਸਵੀਰ ਕੌਰ ਉਚੇਚੇ ਤੌਰ ਤੇ ਹਾਜ਼ਰ ਸਨ ।
ਤਾਏ ਨੂੰ ਧੋਖਾ ਦੇਣ ਵਾਲੇ ਮਨਪ੍ਰੀਤ ਤੋਂ ਬਠਿੰਡਾ ਵਾਲੇ ਨਾ ਰੱਖਣ ਕੋਈ ਉਮੀਦ: ਹਰਸਿਮਰਤ ਬਾਦਲ
ਮਨਪ੍ਰੀਤ ਬਾਦਲ ਦੇ ਰਾਜ ’ਚ ਸ਼ਹਿਰ ਵਿਚ ਵਧਿਆ ਗੁੰਡਾ ਰਾਜ: ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੇ ਹੱਕ ’ਚ ਮੀਟਿੰਗਾਂ ਕਰਨ ਪੁੱਜੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਵੱਡੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ‘‘ ਸਿਆਸਤ ’ਚ ਉਗਲ ਫ਼ੜ ਕੇ ਲਿਆਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਧੋਖਾ ਦੇਣ ਵਾਲੇ ਮਨਪ੍ਰੀਤ ਤੋਂ ਬਠਿੰਡਾ ਵਾਸੀ ਕੋਈ ਉਮੀਦ ਨਾ ਰੱਖਣ। ਅਜ ਇੱਥੇ ਵੱਖ ਵੱਖ ਥਾਈਂ ਹੋਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਇਕ ਪਾਸੇ ਸਾਫ਼ ਛਵੀ ਅਤੇ ਨੇਕ ਨੀਤੀ ਵਾਲੇ ਉਮੀਦਵਾਰ ਸਰੂਪ ਸਿੰਗਲਾ ਹਨ ,ਦੂਜੇ ਪਾਸੇ ਸ਼ਹਿਰ ਵਿਚ ਗੁੰਡਾ ਰਾਜ ਚਲਾਉਣ ਵਾਲੇ ਮਨਪ੍ਰੀਤ ਸਿੰਘ ਬਾਦਲ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਤੋਂ ਭੱਜ ਕੇ ਬਠਿੰਡਾ ਤੇ ਮੋੜ ਤੋਂ ਜਾ ਕੇ ਚੋਣ ਲੜਣ ਵਾਲੇ ਮਨਪ੍ਰੀਤ ਬਾਰੇ ਹੁਣ ਵੀ ਕੋਈ ਭਰੋਸਾ ਨਹੀਂ ਕਿ ਉਹ ਕਿਸੇ ਹੋਰ ਸ਼ਹਿਰ ਵਿਚ ਚਲੇ ਜਾਣ। ਜਿਸਦੇ ਚੱਲਦੇ ਸ਼ਹਿਰ ਵਾਸੀ ਸ਼੍ਰੀ ਸਿੰਗਲਾ ਦੇ ਸਿਰ ’ਤੇ ਹੱਥ ਰੱਖਦਿਆਂ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਹਿੱਤ ਵਿੱਚ ਉਲੀਕੇ 13 ਨੁਕਾਤੀ ਪ੍ਰੋਗਰਾਮ ਪ੍ਰਤੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਦੱਸ ਲੱਖ ਦਾ ਸਿਹਤ ਬੀਮਾ ਕਾਰਡ, ਵਿਦਿਆਰਥੀਆਂ ਲਈ ਪੜ੍ਹਾਈ ਲਈ ਦਸ ਲੱਖ ਦਾ ਸਟੂਡੈਂਟ ਕਾਰਡ, ਔਰਤਾਂ ਨੂੰ ਮਾਤਾ ਖੀਵੀ ਯੋਜਨਾ ਤਹਿਤ ਚੌਵੀ ਹਜਾਰ ਰੁਪਏ ਪ੍ਰਤੀ ਸਾਲ ਸਨਮਾਨ ਦੇਣ ਵਰਗੇ ਇਤਿਹਾਸਕ ਫੈਸਲਿਆਂ ਨਾਲ ਸੂਬੇ ਦੀ ਤਸਵੀਰ ਬਦਲੀ ਜਾਵੇਗੀ । ਉਨ੍ਹਾਂ ਕਾਂਗਰਸ ਅਤੇ ਆਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਾਰੇ ਕੰਮ ਆਉਂਦੇ ਹਨ ਪਰ ਸਰਕਾਰ ਚਲਾਉਣੀ ਨਹੀਂ ਆਉਂਦੀ,ਜਿਸ ਕਰਕੇ ਅੱਜ ਸੂਬੇ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ ਜਦੋਂਕਿ ਕੇਜਰੀਵਾਲ ਡਰਾਮੇਬਾਜ਼ ਹੈ ਜਿਸਦੇ ਦਿੱਲੀ ਵਿਖੇ ਹਾਲਾਤ ਮਾੜੇ ਹਨ ਉਹ ਪੰਜਾਬ ਲਈ ਕੀ ਕਰ ਸਕਦਾ ਹੈ । ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਮੁੱਖ ਮਕਸਦ ਸ਼ਹਿਰ ਦੀ ਤਰੱਕੀ ਖੁਸ਼ਹਾਲੀ ਅਤੇ ਹਰ ਪਰਿਵਾਰ ਦੀ ਚੜ੍ਹਦੀ ਕਲਾ ਹੈ ਜਿਸ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ। ਉਨ੍ਹਾਂ ਦੋਸ਼ ਲਾਏ ਕਿ ਖ਼ਜ਼ਾਨਾ ਮੰਤਰੀ ਦੇ ਸਾਲਾ ਸਾਹਿਬ ਹਰ ਪਾਸੇ ਬਠਿੰਡਾ ਨੂੰ ਲੁੱਟਣ ਅਤੇ ਆਵਾਜ਼ ਉਠਾਉਣ ਵਾਲਿਆਂ ਨੂੰ ਕੁੱਟਣ ਦਾ ਕੰਮ ਕਰ ਰਹੇ ਹਨ ਜਿਸ ਕਰਕੇ ਹਰ ਵਰਗ ਵਿੱਚ ਕਾਂਗਰਸ ਪ੍ਰਤੀ ਨਿਰਾਸ਼ਤਾ ਹੈ । ਇਸ ਮੌਕੇ ਕਿਸਾਨ ਵਿੰਗ ਦੇ ਪ੍ਰਧਾਨ ਚਮਕੌਰ ਸਿੰਘ ਮਾਨ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਯੂਥ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਨਿਰਮਲ ਸਿੰਘ ਸੰਧੂ, ਹਰਵਿੰਦਰ ਸ਼ਰਮਾ, ਹਰਜਿੰਦਰ ਛਿੰਦਾ ਆਦਿ ਹਾਜ਼ਰ ਸਨ।






