ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸਥਾਨਕ ਹਨੂੰਮਾਨ ਚੌਂਕ ਨੇੜੇ 10 ਕਰੋੜ ਦੀ ਲਾਗਤ ਨਾਲ ਨਵੇਂ ਬਣੇ 66 ਕੇ.ਵੀ ਸਬ-ਸਟੇਸਨ ਗਰਿੱਡ ਦਾ ਉਦਘਾਟਨ ਕੀਤਾ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਨਵੇਂ ਬਣੇ ਇਸ ਗਰਿੱਡ ਲਈ 3 ਕਿਲੋਮੀਟਰ ਅੰਡਰ ਗਰਾਂਊਡ 66 ਕੇ.ਵੀ. ਕੇਬਲ ਐਮ.ਈ.ਐਸ. ਗਰਿੱਡ ਤੋਂ ਖਿੱਚੀ ਗਈ ਹੈ ਤਾਂ ਜੋ ਸਹਿਰ ਦੀ ਸੁੰਦਰਤਾ ਤੇ ਦਿੱਖ ਵਿਚ ਕੋਈ ਫਰਕ ਨਾ ਪਵੇ। ਇਸ ਮੌਕੇ ਉਨ੍ਹਾਂ ਦਸਿਆ ਕਿ ਇਸ ਗਰਿੱਡ ਉਪਰ 20 ਐਮ.ਵੀ.ਏ. ਦਾ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ। ਸਹਿਰ ਦੇ ਲੋਡ ਸੈਂਟਰ ਵਿਚ ਬਣੇ ਗਰਿੱਡ ਨਾਲ ਬਠਿੰਡਾ ਸਹਿਰ ਦੇ ਅੰਦਰੂਨੀ ਇਲਾਕੇ ਜਿਵੇਂ ਕਿ ਮਾਲ ਰੋਡ, ਧੋਬੀ ਬਜਾਰ, ਸਟੇਡੀਅਮ ਏਰੀਆ, ਭੱਟੀ ਰੋਡ ਏਰੀਆ, ਨਵੀ ਬਸਤੀ ਏਰੀਆ, ਮਾਲਵੀਆਂ ਨਗਰ, ਬਿਰਲਾ ਮਿਲ ਕਲੋਨੀ, ਹਨੂੰਮਾਨ ਚੌਕ ਏਰੀਏ ਦੀ ਬਿਜਲੀ ਸਪਲਾਈ ਵਿਚ ਸਿੱਧੇ ਤੌਰ ਤੇ ਫਾਇਦਾ ਹੋਵੇਗਾ। ਇਸਤੋਂ ਇਲਾਵਾ 66 ਕੇ.ਵੀ ਗਰਿੱਡ ਸਬ-ਸਟੇਸਨ ਐਮ.ਈ.ਐਸ., ਸਿਵਲ ਲਾਈਨ, ਸੰਗੂਆਣਾ ਅਤੇ ਸੀ. ਕੰਪਾਂਊਡ ਨੂੰ ਵੀ ਰਾਹਤ ਮਿਲੇਗੀ ਜਿਸ ਨਾਲ ਇਸ ਗਰਿੱਡ ਤੋ ਚੱਲਦੇ ਇਲਾਕਿਆਂ ਨੂੰ ਅਸਿੱਧੇ ਤੌਰ ਤੇ ਲਾਭ ਮਿਲੇਗਾ। ਇਸ ਗਰਿੱਡ ਦੇ ਬਨਣ ਨਾਲ ਅੰਦਰੂਨੀ ਬਠਿੰਡਾ ਸਹਿਰ ਦੀ ਬਿਜਲੀ ਸਮੱਸਿਆ ਨੂੰ ਫੌਰੀ ਰਾਹਤ ਮਿਲੇਗੀ ਅਤੇ ਸਹਿਰ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ ਮਿਆਰੀ ਬਿਜਲੀ ਸਪਲਾਈ ਮਿਲ ਸਕੇਗੀ। ਇਸ ਮੌਕੇ ਸ. ਬਾਦਲ ਨੇ ਡਾਇਰੈਕਟਰ ਦਲਜੀਤਇੰਦਰਪਾਲ ਸਿੰਘ ਗਰੇਵਾਲ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਵਧਾਈ ਵੀ ਦਿੱਤੀ। ਇਸ ਮੌਕੇ ਜੈਜੀਤ ਜੌਹਲ, ਚਿਰੰਜੀ ਲਾਲ ਗਰਗ, ਸ਼੍ਰੀ ਅਰੁਣ ਵਧਾਵਨ, ਮੇਅਰ ਸ਼੍ਰੀਮਤੀ ਰਮਨ ਗੋਇਲ, ਰਾਜਨ ਗਰਗ, ਕੇ ਕੇ ਅਗਰਵਾਲ, ਅਸ਼ੋਕ ਕੁਮਾਰ, ਮੋਹਨ ਲਾਲ ਝੂੰਬਾ ਅਤੇ ਸਮੂਹ ਕੌਂਸਲਰ ਆਦਿ ਹਾਜ਼ਰ ਸਨ।
ਵਿੱਤ ਮੰਤਰੀ ਨੇ 66 ਕੇ.ਵੀ ਸਬ-ਸਟੇਸਨ ਗਰਿੱਡ ਦਾ ਕੀਤਾ ਉਦਘਾਟਨ
ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਿਆਂ ਅਸਲ ਸਾਜਿਸ਼ਕਾਰਾਂ ਨੂੰ ਬੇਪਰਦ ਕਰਨ ਲਈ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ : ਮੁੱਖ ਮੰਤਰੀ ਚੰਨੀ
ਮੁੱਖ ਮੰਤਰੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ; ਲੋਕਾਂ ਨੂੰ ਧਾਰਮਿਕ ਸਥਾਨਾਂ ’ਤੇ ਚੁਕੰਨੇ ਰਹਿ ਕੇ ਸਾਂਭ ਸੰਭਾਲ ਦੀ ਕੀਤੀ ਅਪੀਲ
• ਕਾਨੂੰਨ-ਵਿਵਸਥਾ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ
ਸੁਖਜਿੰਦਰ ਮਾਨ
ਅੰਮ੍ਰਿਤਸਰ, 19 ਦਸੰਬਰ: ਬੀਤੀ ਸ਼ਾਮ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਕੋਸ਼ਿਸ਼ ਦੀ ਮੰਦਭਾਗੀ ਘਟਨਾ ‘ਤੇ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਹੈ ਤਾਂ ਜੋ ਇਸ ਗ਼ੈਰ-ਇਖ਼ਲਾਕੀ ਤੇ ਮੰਦਭਾਗੇ ਕਾਰੇ ਦੇ ਅਸਲ ਸਾਜਿਸ਼ਕਾਰਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਇਸ ਘਟਨਾ ਨੂੰ ਘਿਨਾਉਣਾ ਤੇ ਮੰਦਭਾਗੀ ਦੱਸਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ ਸਗੋਂ ਸਾਡੇ ਹਿਰਦੇ ਵੀ ਵਲੂੰਦਰੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਠੱਲ ਪਾਉਣ ਦੀ ਲੋੜ ਹੈ ਅਤੇ ਇਸ ਦੀ ਸਖ਼ਤ ਤੋਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਨੀ ਬਣਦੀ ਹੈ। ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਏਜੰਸੀ ਜਾਂ ਸਮਾਜ ਵਿਰੋਧੀ ਅਨਸਰ ਦੇ ਨਾਪਾਕ ਮਨਸੂਬਿਆਂ ਨੂੰ ਢਹਿ-ਢੇਰੀ ਕਰਨ ਲਈ ਕਿਸੇ ਵੀ ਧਰਮ ਜਾਂ ਆਸਥਾ ਨਾਲ ਸਬੰਧਤ ਥਾਂਵਾਂ ਜਿਵੇਂ ਗੁਰਦੁਆਰੇ, ਮੰਦਰਾਂ ਸਮੇਤ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਪੂਰੇ ਸੁਚੇਤ ਰਹਿੰਦਿਆਂ ਪੂਰੀ ਨਿਗਾਰਨੀ ਰੱਖੀ ਜਾਵੇ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਸਮੇਂ ਦੀ ਸੰਵੇਦਨਸ਼ੀਲ ਸਥਿਤੀ ਮੱਦੇਨਜ਼ਰ ਸੰਜਮ ਰੱਖਣ ਅਤੇ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਧਾਰਮਿਕ ਸਹਿਣਸ਼ੀਲਤਾ ਵਿੱਚ ਅਟੁੱਟ ਭਰੋਸਾ ਬਣਾ ਕੇ ਰੱਖਣ।ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਮੰਦਭਾਗੀਆਂ ਤੇ ਗ਼ੈਰ-ਇਖ਼ਲਾਕੀ ਘਟਨਾਵਾਂ ਦੇ ਮੁੜ ਵਾਪਰਨ ਬਾਰੇ ਪੁੱਛੇ ਇੱਕ ਮੀਡੀਆ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਦੀਆਂ ਖੁਫੀਆ ਏਜੰਸੀਆਂ ਅਤੇ ਪੁਲਿਸ ਸਮਾਜ ਵਿਰੋਧੀ ਤੱਤਾਂ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਠੱਲ ਪਾਉਣ ਲਈ ਸਰਗਰਮੀ ਨਾਲ ਜੁਟੀ ਹੋਈ ਹੈ। ਉਨਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਲਈ ਵੀ ਕਿਹਾ। ਸੂਬੇ ਭਰ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਦ੍ਰਿੜ ਸੰਕਲਪ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਿਸੇ ਵੀ ਕੀਮਤ ‘ਤੇ ਸੂਬੇ ਦੇ ਸੁਖਾਵੇਂ ਮਾਹੌਲ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਭਾਜਪਾ ਆਗੂ ਵੀਨੂੰ ਗੋਇਲ ਦੁਆਰਾ ਬੈਠਕਾਂ ਦਾ ਦੌਰ ਲਗਾਤਾਰ ਜਾਰੀ
ਮੋਦੀ ਸਰਕਾਰ ਦੀਆਂ ਜਨਹਿਤ ਨੀਤੀਆਂ ਕਰਕੇ ਲੋਕ ਭਾਜਪਾ ਤੋਂ ਖੁਸ਼: ਵੀਨੂੰ ਗੋਇਲ
ਸੁਖਜਿੰਦਰ ਮਾਨ
ਬਠਿੰਡਾ, 19 ਦਸੰਬਰ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਦੁਆਰਾ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਪੰਜਾਬ ਭਾਜਪਾ ਪ੍ਰਧਾਨ ਅਸ਼ਵਿਨੀ ਸ਼ਰਮਾ, ਜ਼ਿਲ੍ਹਾ ਭਾਜਪਾ ਪ੍ਰਧਾਨ ਵਿਨੋਦ ਬਿੰਟਾ ਅਤੇ ਮੰਡਲ ਪ੍ਰਧਾਨ ਜੈਅੰਤ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਭਾਜਪਾ ਆਗੂ ਮੈਡਮ ਵੀਨੂੰ ਗੋਇਲ ਵੱਲੋਂ ਲਾਇਨੋਪਾਰ ਇਲਾਕੇ ਵਿੱਚ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਮੈਡਮ ਵੀਨੂੰ ਗੋਇਲ ਵੱਲੋਂ ਉਕਤ ਬੈਠਕਾਂ ਵਿੱਚ ਮੋਦੀ ਸਰਕਾਰ ਦੀਆਂ ਜਨਹਿਤ ਨੀਤੀਆਂ ਬਾਰੇ ਆਮ ਜਨਤਾ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋਕੇ ਆਮ ਜਨਤਾ ਵੀ ਭਾਜਪਾ ਨਾਲ ਲਗਾਤਾਰ ਜੁੜ ਰਹੀ ਹੈ। ਵੀਨੂੰ ਗੋਇਲ ਦੀ ਅਗੁਵਾਈ ਵਿੱਚ ਰੋਜ਼ਾਨਾ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ, ਉਥੇ ਹੀ ਅੱਜ ਵੀ ਪ੍ਰਤਾਪ ਨਗਰ ਦੇ 25 ਪਰਿਵਾਰਾਂ ਨੇ ਵੀਨੂੰ ਗੋਇਲ ਦੀ ਅਗੁਵਾਈ ਵਿੱਚ ਭਾਜਪਾ ਦਾ ਦਾਮਨ ਫੜ੍ਹਿਆ, ਜਿਨ੍ਹਾਂ ਨੂੰ ਵੀਨੂੰ ਗੋਇਲ ਨੇ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਅਤੇ ਕਿਹਾ ਕਿ ਪਾਰਟੀ ਦੁਆਰਾ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਵੀਨੂੰ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਜਨਹਿਤ ਵਿੱਚ ਚੁੱਕੇ ਗਏ ਕਦਮ, ਚੰਗੇ ਕਦਮ ਹਨ ਅਤੇ ਉਕਤ ਸਕੀਮਾਂ ਨੂੰ ਵੇਖਦੇ ਹੋਏ ਹੀ ਆਮ ਜਨਤਾ ਭਾਜਪਾ ਵਿੱਚ ਸ਼ਾਮਿਲ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਦਾ ਪਰਚਮ ਲਹਰਾਏਗਾ ਅਤੇ ਪੰਜਾਬ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਸਕੀਮਾਂ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਣ ਲਈ ਉਨ੍ਹਾਂ ਵੱਲੋਂ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਮੀਨਾਕਸ਼ੀ, ਉਰਮਿਲਾ ਸ਼ਰਮਾ, ਮੋਹਿਨੀ ਸਿੰਘ, ਰੀਤੂ ਰਾਣੀ, ਸੋਨਿਆ ਵਰਮਾ, ਨੀਤੂ, ਰਿਆ, ਰੀਨਾ ਗੁਪਤਾ, ਆਰਤੀ, ਸਿਮਰਨ, ਸੰਗੀਤਾ, ਰੇਖਾ ਰਾਣੀ, ਮੰਜੂ ਬਾਲਾ, ਅੰਜੂ, ਰਾਮ ਸਿਆ, ਰੇਵਤੀ, ਰੀਨਾ, ਦਿਸ਼ਾ, ਉਸ਼ਾ ਰਾਣੀ, ਗੀਤਾ ਰਾਣੀ, ਸੁਸ਼ਮਾ ਸ਼ਰਮਾ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਮੈਡਮ ਵੀਨੂੰ ਗੋਇਲ ਨੇ ਭਾਜਪਾ ਵਿੱਚ ਸ਼ਾਮਿਲ ਕਰਵਾਇਆ।
ਬੇਅਦਬੀ ਦੀਆਂ ਪੀੜਾਦਾਇਕ ਕਾਰਵਾਈਆਂ ਵਾਰ ਵਾਰ ਵਾਪਰਨਾ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ : ਸੁਖਬੀਰ ਸਿੰਘ ਬਾਦਲ
ਕੇਂਦਰ ਤੇ ਰਾਜ ਸਰਕਾਰ ਨੂੰ ਇਸ ਸਾਜ਼ਿਸ਼ ਪਿੱਛਲਿਆਂ ਦੀ ਸ਼ਨਾਖ਼ਤ ਕਰਨ, ਬੇਨਕਾਬ ਕਰਨ ਅਤੇ ਸਜ਼ਾ ਦੇਣ ਦੀ ਕੀਤੀ ਅਪੀਲ
ਕਿਹਾ ਕਿ ਕਾਂਗਰਸ ਸਰਕਾਰ ਨੇ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਕਰ ਕੇ 5 ਸਾਲ ਬਰਬਾਦ ਕੀਤੇ
ਸੁਖਜਿੰਦਰ ਮਾਨ
ਤਲਵੰਡੀ ਸਾਬੋ,ਬਠਿੰਡਾ, ਮਾਨਸਾ, 19 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਿੱਖ ਧਰਮ ਦੇ ਖਿਲਾਫ ਬੇਅਦਬੀ ਦੀਆਂਅ ਬਹੁਤ ਪੀੜ੍ਹਾਦਾਇਕ ਘਟਨਾਵਾਂ ਦਾ ਵਾਰ ਵਾਰ ਵਾਪਰਨਾ ਇਕ ਡੂੰਘੀ ਸਾਜ਼ਿਸ਼ ਵੱਲੋਂ ਸਪਸ਼ਟ ਇਸ਼ਾਰਾ ਕਰਦਾ ਹੈ। ਇਥੇ ਅਕਾਲੀ ਦਲ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਤੇ ਮਾਨਸਾ ਤੋਂ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੇ ਹੱਕ ਵਿਚ ਵਿਸ਼ਾਲ ਇਕੱਠਾਂ ਨੁੰ ਸੰਬੋਧਨ ਕਰਨ ਤੋਂ ਬਾਅਦ ਪੰਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰ ਤੇ ਰਾਜ ਸਰਕਾਰਾਂ ਨੁੰ ਆਖਿਆ ਕਿ ਉਹ ਇਸ ਸਾਜ਼ਿਸ਼ ਪਿਛਲੇ ਅਨਸਰਾਂ ਦੀ ਸ਼ਨਾਖ਼ਤ ਕਰਨ, ਉਹਨਾਂ ਨੂੰ ਬੇਨਕਾਬ ਕਰਨ ਅਤੇ ਸਜ਼ਾ ਦੇਣ ਦੀ ਕਾਰਵਾਈ ਵਿਚ ਆਪਣੀ ਸੰਜੀਦਗੀ ਤੇ ਫੁਰਤੀ ਵਿਖਾਉਣ। ਉਹਨਾਂ ਕਿਹਾ ਕਿ ਹੁਣ ਤੱਕ ਉਹਨਾਂ ਦੇ ਰਵੱਈਏ ਨਾਲ ਆਸ ਮੁਤਾਬਕ ਕਾਰਵਾਈ ਨਜ਼ਰੀਂ ਨਹੀਂ ਆਈ ਕਿਉਂਕਿ ਮੌਜੂਦਾ ਸ਼ਾਸਕਾਂ ਦੇ ਮਨਾਂ ਵਿਚ ਅਸਲ ਦੋਸ਼ੀਆਂ ਨੂੰ ਫੜ੍ਹਨ ਦੀ ਥਾਂ ਰਾਜਨੀਤੀ ਜ਼ਿਆਦਾ ਭਾਰੂ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੋ ਇਹ ਕਦੇ ਨਾ ਭੁੱਲਣ ਵਾਲੀਆਂ ਨਫਰਤ ਭਰੀਆਂ ਕਾਰਵਾਈਆਂ ਕਰਵਾ ਰਹੇ ਹਨ, ਹੋਰ ਦਲੇਰ ਹੋ ਗਏ ਹਨ ਕਿਉਂਕਿ ਪੰਜਾਬ ਵਿਚ ਕਾਂਗਰਸ ਲੀਡਰਸ਼ਿਪ ਤੇ ਸਰਕਾਰ ਨੇ ਇਸ ਸਭ ਤੋਂ ਸੰਵੇਦਨਸ਼ੀਲ ਮੁੱਦੇ ’ਤੇ ਗੰਦੀ ਅਤੇ ਖਤਰਨਾਕ ਰਾਜਨੀਤੀ ਖੇਡਣ ਵਿਚ ਪੰਜ ਸਾਲ ਬਰਬਾਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਬਜਾਏ ਬੇਅਦਬੀ ਦੀਆਂ ਘਟਨਾਵਾਂ ਪਿੱਛਲੇ ਅਸਲ ਦੋਸ਼ੀਆਂ ਤੇ ਸਾਜ਼ਿਸ਼ਕਾਰਾਂ ਦੇ ਖਿਲਾਫ ਕਾਰਵਾਈ ਕਰਨ ਦੇ, ਕਾਂਗਰਸੀ ਆਗੂ ਤੇ ਸਰਕਾਰ ਇਹਨਾਂ ਤ੍ਰਾਸਦੀ ਭਰੀਆਂ ਘਟਨਾਵਾਂ ਲਈ ਸਿਰਫ ਸਿਆਸੀ ਵਿਰੋਧੀਆਂ ਖਿਲਾਫ ਦੂਸ਼ਣਬਾਜ਼ੀ ਵਿਚ ਰੁੱਝੇ ਹੋਏ ਹਨ। ਉੋਹਨਾਂ ਕਿਹਾ ਕਿ ਇਸ ਰਵੱਈਏ ਕਾਰਨ ਅਸਲ ਦੋਸ਼ੀ ਆਜ਼ਾਦ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਅਤੇ ਕਪੂਰਥਲਾ ਦੀਆਂ ਘਟਲਾਵਾਂ ਦੇ ਅਸਲ ਦੋਸ਼ੀ ਵੀ ਫਰਾਰ ਹੋ ਗਏ ਹੁੰਦੇ ਜੇਕਰ ਸ਼੍ਰੋਮਣੀ ਕਮੇਟੀ ਅਤੇ ਸ਼ਰਧਾਲੂ ਚੌਕਸ ਨਾ ਹੁੰਦੇ। ਤਲਵੰਡੀ ਸਾਬੋ ਕਾਨਫਰੰਸ ਬਾਰੇ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਿਆਸੀ ਜੀਵਨ ਵਿਚ ਕਦੇ ਵੀ ਇਕ ਹਲਕੇ ਵਿਚੋਂ ਇੰਨਾ ਵੱਡਾ ਇਕੱਠ ਨਹੀਂ ਵੇਖਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਮਾਨਸਾ ਵਿਚ 500 ਬੈਡਾਂ ਦਾ ਮੈਡੀਕਲ ਕਾਲਜ ਤੇ ਹਸਪਤਾਲ ਬਣਾਏਗੀ। ਇਕ ਹੋਰ ਵੱਡੇ ਫੈਸਲੇ ਵਿਚ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਸਿੰਜਾਈ ਲਈ ਟੇਲਾਂ ਦੇ ਅੰਤ ਤੱਕ ਪਾਣੀ ਨਾ ਪਹੁੰਚਣ ਦੀ ਸਮੱਸਿਆ ਜ਼ਮੀਨ ਹੇਠਾਂ ਪਾਣੀ ਦੀਆਂ ਪਾਈਪਾਂ ਵਿਛਾ ਕੇ ਖਤਮ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹ ਪਹਿਲ ਦੇ ਆਧਾਰ ’ਤੇ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਅਗਲੀ ਸਰਕਾਰ ਕਿਸਾਨਾਂ ਲਈ ਪ੍ਰਤੀ ਏਕੜ 50 ਹਜ਼ਾਰ ਰੁਪਏ ਦਾ ਫਸਲੀ ਬੀਮਾ ਸਕੀਮ ਵੀ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਜੋ 2004 ਵਿਚ ਬੰਦ ਕਰ ਦਿੱਤੀ ਗਈ ਸੀ, ਸੁਰਜੀਤ ਕੀਤੀ ਜਾਵੇਗੀ ਅਤੇ ਰੇਤ ਤੇ ਸ਼ਰਾਬ ਮਾਫੀਆ ਖਤਮ ਕੀਤਾ ਜਾਵੇਗਾ, ਧਾਰਮਿਕ ਅਸਥਾਨਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ ਅਤੇ ਪਿੰਡਾਂ ਵਿਚ ਮੁਸਲਿਮ ਤੇ ਇਸਾਈ ਭਾਈਚਾਰੇ ਲਈ ਕਬਰਿਸਤਾਨ ਵਾਸਤੇ ਥਾਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਵਪਾਰੀਆਂ ਲਈ 10 ਲੱਖ ਰੁਪਏ ਦਾ ਜੀਵਨ ਬੀਮਾ, ਮੈਡੀਕਲ ਬੀਮਾ ਤੇ ਅਗਜ਼ਨੀ ਤੋਂ ਬਚਾਅ ਲਈ ਬੀਮਾ ਪ੍ਰਦਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮਾਨਸਾ ਸ਼ਹਿਰ ਵਿਚ ਪਹੁੰਚਣ ’ਤੇ ਸੈਂਕੜੇ ਅਕਾਲੀ ਵਰਕਰਾਂ ਨੇ ਟਰੈਕਟਰਾਂ ’ਤੇ ਸਵਾਰ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ। ਸਾਰੇ ਟਰੈਕਟਰਾਂ ’ਤੇ ‘ਵੀਰ ਸੁਖਬੀਰ’ ਗੀਤ ਵਜਾਇਆ ਗਿਆ ਤੇ ਇਹ ਟਰੈਕਟਰ ਪਾਰਟੀ ਪ੍ਰਧਾਨ ਨੁੰ ਮੰਡੀ ਤੱਕ ਲੈ ਕੇ ਗਏ। ਨਾਲ ਹੀ ਸੈਂਕੜੇ ਮੋਟਰ ਸਾਈਕਲਾਂ ਦਾ ਕਾਫਲਾ ਵੀ ਚਲ ਰਿਹਾ ਸੀ। ਇਸ ਮੌਕੇ ‘ਸੁਖਬੀਰ ਬਾਦਲ ਜ਼ਿੰਦਾਬਾਦ’ ਦੇ ਨਾਅਰੇ ਗੂੰਜ ਰਹੇ ਸਨ। ਪਾਰਟੀ ਪ੍ਰਧਾਨ ਨੇ ਯੂਥ ਅਕਾਲੀ ਦਲ, ਐਸ ਓ ਆਈ, ਸਾਰੇ ਵਰਕਰਾਂ ਤੇ ਆਗੂਆਂ ਦਾ ਰੈਲੀ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਤੇ ਸਭ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੀ ਜਿੱਤ ਯਕੀਨੀ ਬਣਾਈ ਜਾਵੇ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਦਿਲਰਾਜ ਸਿੰਘ ਭੂੰਦੜ, ਜਗਦੀਪ ਸਿੰਘ ਨਕੱਈ, ਬਲਕਾਰ ਸਿੰਘ ਬਰਾੜ, ਗੁਰਮੇਲ ਸਿੰਘ ਫਫੜੇ ਵੀ ਹਾਜ਼ਰ ਸਨ।
ਸੱਤਾ ਤੋਂ ਬਾਹਰ ਹੁੰਦਿਆਂ ਹੀ ਬਾਦਲਾਂ ਨੂੰ ਪੰਥ ਅਤੇ ਪੰਜਾਬ ਦੀ ਯਾਦ ਆਉਂਦੀ ਹੈ : ਭਗਵੰਤ ਮਾਨ
-ਨਿੱਜੀ ਲਾਹੇ ਲਈ ਬਾਦਲਾ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਪ੍ਰਾਇਵੇਟ ਲਿਮਟਿਡ ਕੰਪਨੀ ਬਣਾਇਆ
-ਪੰਥ ਅਤੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਬਾਦਲਾਂ ਦੇ ਟੱਬਰ ਨੇ ਕੀਤਾ ਹੈ
ਸੁਖਜਿੰਦਰ ਮਾਨ
ਚੰਡੀਗੜ, 19 ਦਸੰਬਰ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਸੱਤਾ ‘ਚੋਂ ਬਾਹਰ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਥ ਅਤੇ ਪੰਜਾਬ ਨਾਲ ਮੋਹ ਜਾਗਦਾ ਹੈ, ਪ੍ਰੰਤੂ ਸੱਤਾ ‘ਚ ਹੁੰਦਿਆਂ ਪੰਥ ਅਤੇ ਪੰਜਾਬ ਦਾ ਜਿੰਨਾ ਨੁਕਸਾਨ ਬਾਦਲਾਂ ਦੇ ਟੱਬਰ ਨੇ ਕੀਤਾ ਹੈ, ਓਨਾਂ ਅਹਿਮਦ ਸ਼ਾਹ ਅਬਦਾਲੀ ਵਰਗੇ ਮੁਗ਼ਲ ਧਾੜਵੀ ਵੀ ਨਹੀਂ ਕਰ ਸਕੇ ਸਨ।ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਬਾਦਲ ਪਰਿਵਾਰ ਨੂੰ ਪੰਥ ਅਤੇ ਪੰਜਾਬ ਲਈ ‘ਬੁੱਕਲ ਦੇ ਸੱਪ’ ਕਰਾਰ ਦਿੰਦਿਆਂ ਕਿਹਾ ਕਿ ਸੱਤਾਹੀਣ ਹੋਣ ਕਰਕੇ ਬਾਦਲ ਪਰਿਵਾਰ ਨੂੰ ਇੱਕ ਵਾਰ ਫਿਰ ਪੰਥ, ਪੰਜਾਬ, ਸੰਘੀ ਢਾਂਚਾ ਅਤੇ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਨਾਂਅ ‘ਤੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਯਾਦ ਆ ਗਿਆ ਹੈ। ਜਦੋਂਕਿ ਪਰਕਾਸ਼ ਸਿੰਘ ਬਾਦਲ ਨੇ 1996 ਵਿੱਚ ਮੋਗੇ ਦੀ ਧਰਤੀ ਉੱਤੇ ਪੰਥ ਦੀਆ ਰਹੁਰੀਤਾਂ ਤਿਆਗ ਕੇ ਅਕਾਲੀ ਦਲ ਨੂੰ ਕੇਵਲ ਨੂੰ ਬਾਦਲ ਐਂਡ ਕੰਪਨੀ ਬਣਾ ਲਿਆ ਸੀ।ਮਾਨ ਨੇ ਕਿਹਾ ਕਿ ਸਾਲ 1997 ਤੋਂ ਲੈ ਕੇ 2020 ਤੱਕ 15 ਸਾਲ ਪੰਜਾਬ ਅਤੇ 12 ਸਾਲ ਕੇਂਦਰ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੱਤਾ ਭੋਗਣ ਵਾਲੇ ਬਾਦਲ ਪਰਿਵਾਰ ਨੂੰ ਨਾ ਪੰਜਾਬ, ਨਾ ਪੰਥ, ਨਾ ਸੰਘੀ ਢਾਂਚਾ ਅਤੇ ਨਾ ਹੀ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਕਿਉਂ ਨਹੀਂ ਯਾਦ ਆਇਆ? ਕੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ‘ਬਾਦਲ ਐਂਡ ਕੰਪਨੀ’ ਇਸ ਗੱਲ ਦਾ ਸਪਸ਼ਟੀਕਰਨ ਪੰਜਾਬ ਦੇ ਲੋਕਾਂ ਨੂੰ ਦੇਣਗੇ?ਭਗਵੰਤ ਮਾਨ ਨੇ ਕਿਹਾ, ”25 ਸਾਲ ਪਹਿਲਾ ਮੋਗਾ ਦੀ ਸਰਜ਼ਮੀਂ ਉੱਤੇ ਹੀ ਬਾਦਲ ਐਂਡ ਕੰਪਨੀ ਨੇ ‘ਸ਼੍ਰੋਮਣੀ ਅਕਾਲੀ ਦਲ’ ਦੀ ਪੰਥ ਅਤੇ ਪੰਜਾਬ- ਪ੍ਰਸਤ ਵਿਰਾਸਤ ਨੂੰ ਤਿਲਾਂਜਲੀ ਦੇ ਕੇ ਸਿਧਾਂਤਿਕ ਅਤੇ ਵਿਵਹਾਰਿਕ ਤੌਰ ‘ਤੇ ਭਾਜਪਾ ਦੇ ਕੰਧੇੜੇ (ਮੋਢਿਆਂ ‘ਤੇ) ਚੜ ਗਈ ਸੀ। ਸੱਤਾ ਦੇ ਇਸ ਲੰਬੇ ਸਫ਼ਰ ਦੌਰਾਨ ਬਾਦਲਾਂ ਨੇ ਪੰਥ ਅਤੇ ਪੰਜਾਬ ਦਾ ਰੱਜ ਕੇ ਘਾਣ ਕੀਤਾ। ਇਹ ਸਿਲਸਿਲਾ ਅਜੇ ਹੋਰ ਜਾਰੀ ਰਹਿਣਾ ਸੀ, ਪ੍ਰੰਤੂ ਕਿਸਾਨੀ ਅੰਦੋਲਨ ਦੇ ਦਬਾਅ ਨੇ ਬਾਦਲਾਂ ਨੂੰ ਭਾਜਪਾ ਦੀ ਗੋਦੀ ਵਿਚੋਂ ਉਤਾਰ ਕੇ ਸੱਤਾਹੀਣ ਕਰ ਦਿੱਤਾ। ਵਕਤ ਦਾ ਇਨਸਾਫ਼ ਇਹ ਰਿਹਾ ਕਿ ਅੱਜ ਬਾਦਲਾਂ ਕੋਲੋਂ ਪੰਥ, ਪੰਜਾਬ ਅਤੇ ਪੰਜਾਬੀ ਸਭ ਖੁੱਸ ਚੁੱਕੇ ਹਨ। ਖੁੱਸੀ ਹੋਈ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਬਾਦਲ ਐਂਡ ਕੰਪਨੀ ਉਸੇ ਮੋਗੇ ਦੀ ਧਰਤੀ ਤੋਂ ਹੁਣ ਫਿਰ ਪੰਥ ਅਤੇ ਪੰਜਾਬ ਦੀ ਦੁਹਾਈ ਦੇਣ ਲੱਗੀ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਣ ਲਈ ਖੇਡੀ ਜਾ ਰਹੀ ਬਾਦਲਾਂ ਦੀ ਇਸ ਗਿਰਗਿਟੀ ਚਾਲ ਤੋਂ ਸਮੁੱਚੇ ਪੰਥ ਅਤੇ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਵੇਗਾ।”ਭਗਵੰਤ ਮਾਨ ਨੇ ਸੀਨੀਅਰ ਅਤੇ ਜੂਨੀਅਰ ਬਾਦਲ ਵੱਲੋਂ ਇਹਨਾਂ ਦਿਨਾਂ ‘ਚ ਕੀਤੇ ਜਾ ਰਹੇ ਦਾਅਵਿਆਂ ਅਤੇ ਵਾਅਦਿਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਸਿਆਸੀ ਮੈਦਾਨ ‘ਚ ਅੱਜ ਬਾਦਲ ਐਂਡ ਕੰਪਨੀ ਕਿਤੇ ਨਹੀਂ ਹੈ, ਪ੍ਰੰਤੂ ਬਾਦਲ ਪਰਿਵਾਰ ਖ਼ੁਦ ਨੂੰ ਮੁਕਾਬਲੇ ‘ਚ ਦਿਖਾਉਣ ਦੀ ਹੁਸ਼ਿਆਰੀ ਕਰ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਬਾਦਲ ਟੱਬਰ ਸਭ ਤੋ ਵੱਧ ਜ਼ਿੰਮੇਵਾਰ ਹੈ ।ਬਾਦਲਾਂ ਦੀ ਸਿਆਸੀ ਸਟੇਜ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਬੋਧਨ ਕੀਤੇ ਜਾਣ ‘ਤੇ ਵੀ ਇਤਰਾਜ਼ ਕਰਦਿਆਂ ਮਾਨ ਨੇ ਕਿਹਾ ਕਿ ਗੁਰੂਧਾਮਾਂ ‘ਤੇ ਕਬਜ਼ੇ ਕਰਨ ਦੇ ਮਾਮਲੇ ‘ਚ ਅੱਜ ਬਾਦਲ ਪਰਿਵਾਰ ‘ਮਸੰਦਾਂ’ ਵਾਲੀ ਭੂਮਿਕਾ ਵਿੱਚ ਹੈ। ਪਰ ਚੰਗੀ ਗੱਲ ਇਹ ਹੈ ਕਿ ਸਮੁੱਚਾ ਪੰਥ ਅਤੇ ਪੰਜਾਬ ਬਾਦਲਾਂ ਦੀ ਅਸਲੀਅਤ ਬਾਰੇ ਡੂੰਘਾਈ ਤੱਕ ਜਾਣ ਚੁੱਕਿਆ ਹੈ।ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਮਾਫ਼ੀਆ ਦੇ ਖ਼ਾਤਮੇ ਲਈ ਰੇਤ ਖਣਨ (ਸੈਂਡ ਮਾਈਨਿੰਗ) ਕਾਰਪੋਰੇਸ਼ਨ ਅਤੇ ਸ਼ਰਾਬ ਕਾਰਪੋਰੇਸ਼ਨ ਬਣਾਉਣ ਦੇ ਵਾਅਦੇ ਦੀ ਖਿੱਲੀ ਉਡਾਉਂਦੇ ਹੋਏ ਕਿਹਾ ਕਿ ਇਹ ਤਾਂ ‘ਦੁੱਧ ਦੀ ਰਾਖੀ ਬਿੱਲਾ ਬਿਠਾਉਣ’ ਵਰਗਾ ਹਾਸੋਹੀਣਾ ਵਾਅਦਾ ਹੈ।ਭਗਵੰਤ ਮਾਨ ਨੇ ਕਿਹਾ ਕਿ ਪੰਥ ਅਤੇ ਪੰਜਾਬ ‘ਚ ਬਾਦਲ ਦਲ ਲਈ ਕੋਈ ਜਗਾ ਨਹੀਂ ਬਚੀ, ਕਿਉਂਕਿ ਇਨਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਬਹੁਭਾਂਤੀ ਮਾਫ਼ੀਆ ਵਰਗੇ ਪੱਕੇ ਦਾਗ਼ ਲੱਗ ਚੁੱਕੇ ਹਨ, ਜਿਨਾਂ ਨੂੰ ਮਿਟਾਉਣ ਲਈ ਬਾਦਲ ਐਂਡ ਕੰਪਨੀ ਨੂੰ ਕਈ ਪੁਸ਼ਤਾਂ ਤੱਕ ਪਸ਼ਚਾਤਾਪ ਕਰਨਾ ਪਵੇਗਾ।
ਤੁਸੀਂ ਕਾਂਗਰਸ ਨੂੰ 13 ਸਾਲ ਤੇ ਭਾਜਪਾ ਨੂੰ 12 ਸਾਲ ਦੇ ਕੇ ਦੇਖ ਲਏ, ‘ਆਪ’ ਨੂੰ 5 ਸਾਲ ਦੇ ਕੇ ਦੇਖੋ: ਅਰਵਿੰਦ ਕੇਜਰੀਵਾਲ
-ਚੰਡੀਗੜ੍ਹ ਕਦੇ ਏਸ਼ੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਸੀ, ਭਾਜਪਾ ਤੇ ਕਾਂਗਰਸ ਨੇ ਮਿਲ ਕੇ ਇਸ ਸ਼ਹਿਰ ਦਾ ਕੀਤਾ ਬੇੜਾ ਗਰਕ: ਅਰਵਿੰਦ ਕੇਜਰੀਵਾਲ
-ਕਾਂਗਰਸ-ਭਾਜਪਾ ਨੇ ਚੰਡੀਗੜ੍ਹ ਸ਼ਹਿਰ ਕੀਤਾ ਗੰਦਾ, ਸਫ਼ਾਈ ਪੱਖੋਂ ਪਛੜ ਕੇ 66ਵੇਂ ਸਥਾਨ ‘ਤੇ ਪੁੱਜਿਆ: ਅਰਵਿੰਦ ਕੇਜਰੀਵਾਲ
-ਚੰਡੀਗੜ੍ਹ ਵਾਸੀਆਂ ਨਾਲ ਕੀਤੇ 5 ਵਾਅਦੇ, ਭਿ੍ਸ਼ਟਾਚਾਰ ਤੇ ਕੂੜੇ ਦਾ ਪਹਾੜ ਖ਼ਤਮ ਕਰਾਂਗੇ, ਸਰਕਾਰੀ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ, ਪਾਣੀ ਮੁਫ਼ਤ, ਹਰ ਥਾਂ ‘ਤੇ ਸੀਸੀਟੀਵੀ ਕੈਮਰੇ ਤੇ ਸਟਰੀਟ ਲਾਈਟਾਂ
– ‘ਆਪ’ ਨੌਜਵਾਨਾਂ ਦੀ ਪਾਰਟੀ, ਜ਼ਿਆਦਾਤਰ ‘ਆਪ’ ਉਮੀਦਵਾਰ 40 ਸਾਲ ਤੋਂ ਘੱਟ ਉਮਰ ਦੇ : ਅਰਵਿੰਦ ਕੇਜਰੀਵਾਲ
– ਝਾੜੂ ਦਾ ਬਟਨ ਤੁਹਾਡੀ ਕਿਸਮਤ ਦਾ ਬਟਨ, ਤੁਹਾਡੇ ਬੱਚਿਆਂ ਦੇ ਭਵਿੱਖ ਦਾ ਬਟਨ – ਭਗਵੰਤ ਮਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਦਸੰਬਰ : ਆਮ ਆਦਮੀ ਪਾਰਟੀ (ਆਪ) ਪ੍ਰਮੁੱਖ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਚੰਡੀਗੜ੍ਹ ਪੁੱਜੇ ਅਤੇ ਆਉਣ ਵਾਲੀ 24 ਦਸੰਬਰ ਨੂੰ ਚੰਡੀਗੜ੍ਹ ‘ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਲਈ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਾਂਗਰਸ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਲੋਕਾਂ ਨੂੰ ਅਪੀਲ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ 1996 ‘ਚ ਚੰਡੀਗੜ੍ਹ ਨਗਰ ਨਿਗਮ ਬਣਨ ਤੋਂ ਬਾਅਦ ਉਹਨਾਂ (ਚੰਡੀਗੜ੍ਹ ਵਾਸੀਆਂ) ਨੇ ਕਾਂਗਰਸ ਨੂੰ 13 ਸਾਲ ਅਤੇ ਭਾਜਪਾ ਨੂੰ 12 ਸਾਲ ਰਾਜ ਕਰਨ ਦਾ ਮੌਕਾ ਦਿੱਤਾ ਸੀ, ਪਰ ਇਨ੍ਹਾਂ ਨੇ ਮਿਲ ਕੇ ਚੰਡੀਗੜ੍ਹ ਦਾ ਬੇੜਾ ਗਰਕ ਕਰ ਦਿੱਤਾ, ਹੁਣ ਪੰਜ ਸਾਲ ਲਈ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਓ, ਅਸੀਂ ਤੁਹਾਨੂੰ ਵਿਕਾਸ ਕਰਕੇ ਦਿਖਾਵਾਂਗੇ।
ਕਾਂਗਰਸ ਅਤੇ ਭਾਜਪਾ ‘ਤੇ ਚੁਟਕੀ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਕਦੇ ਚੰਡੀਗੜ੍ਹ ਏਸ਼ੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਹੁੰਦਾ ਸੀ। ਪਰ ਦੋਵਾਂ ਪਾਰਟੀਆਂ ਨੇ ਸ਼ਹਿਰ ਨੂੰ ਗੰਦਾ ਕਰ ਦਿੱਤਾ। ਅੱਜ ਚੰਡੀਗੜ੍ਹ ਸਫ਼ਾਈ ਦੇ ਮਾਮਲੇ ਵਿੱਚ 66ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਜਪਾ ‘ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਵਿਕਾਸ ਲਈ ਡਬਲ ਇੰਜਣ ਵਾਲੀ ਸਰਕਾਰ ਹੋਣੀ ਜ਼ਰੂਰੀ ਹੈ। ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਦੌਰਾਨ ਭਾਜਪਾ ਨੇਤਾਵਾਂ ਤੋਂ ਪੁੱਛਿਆ ਕਿ ਚੰਡੀਗੜ੍ਹ ਦਾ ਸੰਸਦ ਮੈਂਬਰ ਭਾਜਪਾ ਦਾ ਹੈ, ਮੇਅਰ ਭਾਜਪਾ ਦਾ ਹੈ, ਰਾਜਪਾਲ ਭਾਜਪਾ ਦਾ ਹੈ ਅਤੇ ਇਥੋਂ ਤੱਕ ਕੇਂਦਰ ਸਰਕਾਰ ਵੀ ਭਾਜਪਾ ਦੀ ਹੈ, ਫਿਰ ਵੀ ਅੱਜ ਤੱਕ ਕੁਝ ਕਿਉਂ ਨਹੀਂ ਕੀਤਾ।
ਕੇਜਰੀਵਾਲ ਨੇ ਚੰਡੀਗੜ੍ਹ ਵਾਸੀਆਂ ਨਾਲ ਸ਼ਹਿਰ ਦੇ ਵਿਕਾਸ ਅਤੇ ਸਹੂਲਤਾਂ ਨਾਲ ਸਬੰਧਤ ਪੰਜ ਵਾਅਦੇ ਵੀ ਕੀਤੇ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਾਂਗੇ। ਜੋ ਪੈਸਾ ਪਹਿਲਾਂ ਨਗਰ ਨਿਗਮ ਦੇ ਭਾਜਪਾ ਅਤੇ ਕਾਂਗਰਸੀ ਆਗੂ ਖਾ ਜਾਂਦੇ ਸਨ, ਉਹ ਪੈਸੇ ਹੁਣ ਲੋਕਾਂ ਦੇ ਵਿਕਾਸ ‘ਤੇ ਖਰਚ ਕੀਤੇ ਜਾਣਗੇ। ‘ਆਪ’ ਦੀ ਸਰਕਾਰ ਆਉਣ ‘ਤੇ ਦਿੱਲੀ ਵਾਂਗ ਚੰਡੀਗੜ੍ਹ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਨਗਰ ਨਿਗਮ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਨਗਰ ਨਿਗਮ ਦੇ ਕਰਮਚਾਰੀ ਖੁਦ ਲੋਕਾਂ ਦੇ ਘਰ ਆ ਕੇ ਉਨ੍ਹਾਂ ਦਾ ਸਾਰਾ ਕੰਮ ਜਿਵੇਂ ਕਿ ਰਾਸ਼ਨ ਕਾਰਡ ਬਣਾਉਣਾ ਹੋਵੇ ਜਾਂ ਬਿਜਲੀ-ਪਾਣੀ ਦਾ ਕੁਨੈਕਸ਼ਨ ਲੈਣਾ ਆਦਿ, ਕੀਤੇ ਜਾਣਗੇ। ਦੂਸਰਾ ਅਸੀਂ ਡੱਡੂ ਮਾਜਰਾ ਡੰਪਿੰਗ ਗਰਾਊਂਡ ਵਿੱਚ ਕੂੜੇ ਦੇ ਪਹਾੜ ਨੂੰ ਖਤਮ ਕਰਾਂਗੇ। ਚੰਡੀਗੜ੍ਹ ਵਿੱਚ ਕਿਤੇ ਵੀ ਕੂੜਾ ਦੇਖਣ ਨੂੰ ਨਹੀਂ ਮਿਲੇਗਾ। ਤੀਸਰਾ, ਦਿੱਲੀ ਵਾਂਗ ਚੰਡੀਗੜ੍ਹ ਵਿੱਚ ਵੀ ਪਾਣੀ ਮੁਫ਼ਤ ਮਿਲੇਗਾ। ਚੌਥਾ, ਸ਼ਹਿਰ ਦੀਆਂ ਸੜਕਾਂ ਬਣਾਉਣ, ਸਫ਼ਾਈ ਅਤੇ ਰੱਖ-ਰਖਾਅ ਦਾ ਸਾਰਾ ਕੰਮ ਹੁਣ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ। ਪੰਜਵਾਂ, ਔਰਤਾਂ ਦੀ ਸੁਰੱਖਿਆ ਲਈ ਦਿੱਲੀ ਵਾਂਗ ਚੰਡੀਗੜ੍ਹ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਸੀਸੀਟੀਵੀ ਕੈਮਰੇ ਅਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।
ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜੋ ਵਾਅਦੇ ਅਸੀਂ ਇੱਥੇ ਕੀਤੇ ਹਨ, ਉਹ ਸਾਰੇ ਦਿੱਲੀ ਵਿੱਚ ਕੀਤੇ ਸਨ । ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਦੋਸਤ ਦਿੱਲੀ ਵਿੱਚ ਰਹਿੰਦਾ ਹੈ ਤਾਂ ਤੁਸੀਂ ਉਨ੍ਹਾਂ ਨੂੰ ਫ਼ੋਨ ਕਰਕੇ ਪੁੱਛ ਸਕਦੇ ਹੋ। ਜੇਕਰ ਉਹ ਕਹਿੰਦੇ ਹਨ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਕੰਮ ਨਹੀਂ ਕੀਤਾ ਤਾਂ ਮੈਨੂੰ ਵੋਟ ਨਾ ਦਿਓ। ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੂੰ ਨੌਜਵਾਨਾਂ ਦੀ ਪਾਰਟੀ ਦੱਸਦਿਆਂ ਕਿਹਾ ਕਿ ਸਾਡੀ ਪਾਰਟੀ ਵਿੱਚ ਜ਼ਿਆਦਾਤਰ ਆਗੂ ਨੌਜਵਾਨ ਹਨ। ਚੰਡੀਗੜ੍ਹ ਵਿੱਚ ਵੀ ਸਾਡੇ ਜ਼ਿਆਦਾਤਰ ਉਮੀਦਵਾਰ 40 ਸਾਲ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਲਈ ਕੰਮ ਕਰਨ ਅਤੇ ਆਮ ਆਦਮੀ ਪਾਰਟੀ ਦਾ ਸਾਥ ਦੇਣ। ਇੱਕ ਅਫਵਾਹ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਖਬਰ ਮਿਲੀ ਹੈ ਕਿ ਕੇਂਦਰ ਸਰਕਾਰ ਜਲਦ ਹੀ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਹ ਖ਼ਬਰ ਸੱਚ ਹੈ ਤਾਂ ਕੁਝ ਮਹੀਨਿਆਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੋਵੇਗਾ। ਫਿਰ ਭਾਜਪਾ ਅਤੇ ਕਾਂਗਰਸ ਨੂੰ ਵੋਟ ਦੇਣਾ ਬੇਕਾਰ ਹੋਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ‘ਆਪ’ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਅਸਲੀ ਨਾਂ ਭਾਰਤੀ ਜੁਮਲਾ ਪਾਰਟੀ ਹੈ। ਭਾਜਪਾ ਆਗੂ ਸਿਰਫ਼ ਬਿਆਨਬਾਜ਼ੀ ਕਰਦੇ ਹਨ। ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਕਿਹਾ ਕਿ ਝਾੜੂ ਦਾ ਬਟਨ ਤੁਹਾਡੀ ਕਿਸਮਤ ਦਾ ਬਟਨ ਹੈ, ਇਹ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਬਟਨ ਹੈ। ਇਸ ਲਈ ਜਦੋਂ ਤੁਸੀਂ 24 ਤਰੀਕ ਨੂੰ ਵੋਟ ਪਾਉਣ ਲਈ ਘਰੋਂ ਬਾਹਰ ਨਿਕਲਦੇ ਹੋ ਤਾਂ ਸੋਚੋ ਕਿ ਅੱਜ ਤਬਦੀਲੀ ਦਾ ਦਿਨ ਹੈ। । ਚੰਡੀਗੜ੍ਹ ਦਾ 24 ਦਸੰਬਰ 2021 ਦਿਨ ਇਤਿਹਾਸ ਵਿੱਚ ਇੱਕ ਤਬਦੀਲੀ ਵਜੋਂ ਦਰਜ ਹੋਵੇਗਾ। ‘ਆਪ’ ਦੇ ਕੋ-ਇੰਚਾਰਜ ਪ੍ਰਦੀਪ ਛਾਬੜਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਦੇ ਲੋਕ ਭਾਜਪਾ ਅਤੇ ਕਾਂਗਰਸ ਦੀ ਰਾਜਨੀਤੀ ਤੋਂ ਤੰਗ ਆ ਚੁਕੀ ਹੈ। ਕਿਸੀ ਸਮੇਂ ਸਵੱਛਤਾ ਦੇ ਮਾਮਲੇ ਵਿੱਚ ਇੱਕ ਨੰਬਰ ਤੇ ਮੋਹਰੀ ਰਹਿਣ ਵਾਲਾ ਚੰਡੀਗੜ੍ਹ ਸ਼ਹਿਰ ਇਸ ਸਾਲ ਪਛੜ ਕੇ 66ਵੇਂ ਸਥਾਨ ਤੇ ਆ ਗਿਆ ਹੈ। ਪਿਛਲੇ 6 ਸਾਲ ਵਿੱਚ ਅਜਿਹਾ ਕੋਈ ਟੈਕਸ ਨਹੀਂ ਜੋ ਸ਼ਹਿਰ ਦੀ ਜਨਤਾ ਤੇ ਨਾ ਥੋਪਿਆ ਗਿਆ ਹੋਵੇ। ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਅਤੇ ਪਾਰਕਿੰਗ ਫੀਸ ਵਧਾਉਣ ਤੋਂ ਬਾਅਦ ਹੁਣ ਪਾਣੀ ਦੇ ਬਿਲਾਂ ਵਿੱਚ ਵਾਧਾ ਕਰਕੇ ਸ਼ਹਿਰ ਵਾਸੀਆਂ ਦੀ ਜੇਬ ‘ਤੇ ਡਾਕਾ ਮਾਰਿਆ ਹੈ। ਨਗਰ ਨਿਗਮ ਦਾ ਪੈਸੇ ਭਾਜਪਾ ਦੇ ਕੁੱਝ ਚੁਨਿੰਦਾ ਕੌਂਸਲਰਾਂ ਦੀ ਜੇਬ ਵਿੱਚ ਜਾ ਰਿਹਾ ਹੈ। ਪ੍ਰਦੀਪ ਛਾਬੜਾ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਵਿੱਚ ਲਗਪਗ 150 ਕਰੋੜ ਰੁਪਏ ਦੇ ਮੁਨਾਫ਼ੇ ਵਿੱਚ ਜਾ ਰਹੇ ਬਿਜਲੀ ਮਹਿਕਮੇਂ ਤੋਂ ਬਾਅਦ ਹੁਣ ਸੀਟੀਯੂ ਨੂੰ ਵੀ ਨਿਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਸ਼ਹਿਰ ਦਾ ਵਿਦਿਆਰਥੀ ਅਤੇ ਕਰਮਚਾਰੀ ਵਰਗ ਦੁਖੀ ਹੈ। ਪ੍ਰਸ਼ਾਸਨ ਵਲੋਂ ਇਥੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ‘ਤੇ ਲਾਠੀ ਚਾਰਜ ਕਰਕੇ ਪਰਚੇ ਦਰਜ ਕੀਤੇ ਗਏ, ਪਰ ਪ੍ਰਸ਼ਾਸਨ ਵਿੱਚ ਕਿਸੀ ਨੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ।ਪ੍ਰਦੀਪ ਛਾਬੜਾ ਨੇ ਅਰਵਿੰਦ ਕੇਜਰੀਵਾਲ ਨੂੰ ਇਸ ਰੈਲੀ ਦੌਰਾਨ ਵਾਅਦਾ ਕੀਤਾ ਕਿ ਉਹ ਚੰਡੀਗੜ੍ਹ ਨਗਰ ਨਿਗਮ ਦੀਆਂ 35 ਵਿਚੋਂ 35 ਸੀਟਾਂ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਉਣਗੇ ਅਤੇ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣਗੇ।
ਵਿਕਾਸ ਦੇ ਮੁੱਦਿਆਂ ‘ਤੇ ਬਹਿਸ ਜ਼ਰੂਰੀ, ਸਾਨੂੰ ਨਵਜੋਤ ਸਿੱਧੂ ਦੀ ਚੁਣੌਤੀ ਕਬੂਲ: ਅਰਵਿੰਦ ਕੇਜਰੀਵਾਲ
ਸਿੱਧੂ ਦੱਸਣ, ਭਗਵੰਤ ਮਾਨ ਨਾਲ ਕਦੋਂ ਅਤੇ ਕਿੱਥੇ ਕਰਨਾ ਚਾਹੁੰਦੇ ਹਨ ਬਹਿਸ
ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ਮਾਮਲੇ ਦੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲੇ
ਸੁਖਜਿੰਦਰ ਮਾਨ
ਚੰਡੀਗੜ੍ਹ, 19 ਦਸੰਬਰ: ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਸਿੱਧੂ ਨੂੰ ਬਹਿਸ ਲਈ ਸਥਾਨ ਅਤੇ ਸਮਾਂ ਤੈਅ ਕਰਨ ਲਈ ਕਿਹਾ ਹੈ। ਕੇਜਰੀਵਾਲ ਨੇ ਬਹਿਸ ਲਈ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਨਾਂ ਤੈਅ ਕੀਤਾ ਅਤੇ ਸਕਾਰਾਤਮਿਕ ਚਰਚਾ ਦੀ ਉਮੀਦ ਜਤਾਈ।ਐਤਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ, ‘ਮੈਂ ਨਵਜੋਤ ਸਿੱਧੂ ਵੱਲੋਂ ਦਿੱਤੀ ਗਈ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਚਰਚਾ ਸਕਾਰਾਤਮਿਕ ਅਤੇ ਵਿਕਾਸ ਦੇ ਮੁੱਦੇ ‘ਤੇ ਹੋਵੇਗੀ।’ ਸਿੱਧੂ ਬਹਿਸ ਲਈ ਸਥਾਨ ਅਤੇ ਸਮਾਂ ਤੈਅ ਕਰਨ। ਉਨ੍ਹਾਂ ਕਿਹਾ ਕਿ ਕਿਉਂਕਿ ਸਿੱਧੂ ਕਾਂਗਰਸ ਦੇ ਸੂਬਾ ਪ੍ਰਧਾਨ ਹਨ, ਇਸ ਲਈ ਸਾਡੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਵਿਕਾਸ ਦੇ ਮੁੱਦੇ ‘ਤੇ ਉਨ੍ਹਾਂ ਨਾਲ ਬਹਿਸ ਕਰਨਗੇ। ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਦਾ ਵਿਕਾਸ ਕਰਨ ਲਈ 5 ਸਾਲ ਦਾ ਸਮਾਂ ਮਿਲਿਆ ਸੀ ਪਰ ਉਸ ਨੇ ਲੋਕਾਂ ਨਾਲ ਧੋਖਾ ਕੀਤਾ ਅਤੇ ਸਿਰਫ਼ ਬਹਾਨੇ ਬਣਾਏ।ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਘਟਨਾ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ। ਕੁੱਝ ਗ਼ਲਤ ਤਾਕਤਾਂ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ। ਉਨ੍ਹਾਂ ਇਸ ਘਟਨਾ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇਕਰ ਪਿਛਲੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਗਈਆਂ ਹੁੰਦੀਆਂ ਤਾਂ ਕੋਈ ਵੀ ਵਿਅਕਤੀ ਮੁੜ ਅਜਿਹੀ ਵਾਰਦਾਤ ਕਰਨ ਦੀ ਹਿੰਮਤ ਨਾ ਕਰਦਾ। ਮੈਂ ਆਸ ਕਰਦਾ ਹਾਂ ਕਿ ਜਿਨ੍ਹਾਂ ਦੋਸ਼ੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਲਈ ਭੇਜਿਆ ਸੀ, ਪੁਲਿਸ ਜਲਦ ਤੋਂ ਜਲਦ ਉਨ੍ਹਾਂ ਤੱਕ ਪਹੁੰਚ ਕਰੇਗੀ ਅਤੇ ਸਾਰੇ ਸਾਜਸਿਕਾਰਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਵੇਗੀ।
ਮੁੱਖ ਮੰਤਰੀ ਚੰਨੀ ਵਲੋ ਪੱਟੀ ਚ ਸ੍ਰੀ ਗੁਰੂ ਤੇਗ਼ ਬਹਾਦਰ ਲਾਅ ਯੂਨੀਵਰਸਿਟੀ ਕੈਂਰੋ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ
ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਂ ਕੈਂਰੋ ਅਤੇ ਡਾ. ਭੀਮ ਰਾਓ ਅੰਬੇਦਕਰ ਪਬਲਿਕ ਪਾਰਕ ਪੱਟੀ ਦਾ ਕੀਤਾ ਰਸਮੀਂ ਉਦਘਾਟਨ
ਪੰਜਾਬ ਸਰਕਾਰ ਪਿੰਡ ਕੈਰੋਂ ਵਿਖੇ ਸਥਾਪਿਤ ਕਰੇਗੀ ਸ੍ਰ. ਪਰਤਾਪ ਸਿੰਘ ਕੈਰੋਂ ਦਾ ਬੁੱਤ
ਪੱਟੀ ਹਲਕੇ ਦੇ ਵਿਕਾਸ ਲਈ 17 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
ਹਲਕਾ ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਦਾਣਾ ਮੰਡੀ ਪੱਟੀ ਵਿਖੇ ਹੋਇਆ ਵਿਸ਼ਾਲ ਇਕੱਠ
ਸੁਖਜਿੰਦਰ ਮਾਨ
ਤਰਨ ਤਾਰਨ, 19 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਕਪੂਰਥਲਾ ਵਿਖੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਸਾਜ਼ਿਸ਼ਾ ਦਾ ਪਰਦਾਫਾਸ਼ ਕਰਨ ਲਈ ਤਹਿ ਤੱਕ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਸੂਬੇ ਦੀ ਅਮਨ-ਸ਼ਾਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਉਹਨਾਂ ਸੂਬਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਅਜਿਹੀ ਕਿਸੇ ਵੀ ਘਟਨਾ ਨੂੰ ਰੋਕਣ ਲਈ ਸੁਚੇਤ ਅਤੇ ਜਿੰਮੇਵਾਰ ਹੈ, ਉੱਥੇ ਲੋਕ ਵੀ ਧਾਰਮਿਕ ਅਸਥਾਨਾਂ ਦੀ ਸੰਭਾਲ ਲਈ ਹੋਰ ਸੁਚੇਤ ਰਹਿਣ।ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਨੇ ਪੱਟੀ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਲਾਅ ਯੂਨੀਵਰਸਿਟੀ ਕੈਂਰੋ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ, ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਂ ਕੈਂਰੋ ਅਤੇ ਡਾ. ਭੀਮ ਰਾਓ ਅੰਬੇਦਕਰ ਪਬਲਿਕ ਪਾਰਕ ਪੱਟੀ ਦਾ ਰਸਮੀਂ ਉਦਘਾਟਨ ਕਰਨ ਉਪਰੰਤ ਹਲਕਾ ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ ਵੱਲੋਂ ਦਾਣਾ ਮੰਡੀ ਪੱਟੀ ਵਿਖੇ ਕਰਵਾਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਬੇਅਦਬੀ ਦੀਆਂ ਇਹਨਾਂ ਘਟਨਾਵਾਂ ਕਾਰਨ ਹਰ ਨਾਨਕ ਨਾਮ ਲੇਵਾ ਸੰਗਤ ਦਾ ਹਿਰਦਾ ਵਲੂੰਦਰਿਆ ਗਿਆ ਹੈ ਅਤੇ ਇਹ ਅਤਿ ਨਿੰਦਣਯੋਗ ਕਾਰਾ ਕਰਨ ਵਾਲੇ ਦੋਸ਼ੀ ਬਖਸ਼ੇ ਨਹੀਂ ਜਾਣਗੇ।ਇਸ ਮੌਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਜੋ ਵੀ ਐਲਾਨ ਕੀਤੇ ਹਨ, ਉਹਨਾਂ ਨੂੰ ਅਮਲੀ ਰੂਪ ਵਿੱਚ ਲਾਗੂ ਵੀ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ 2 ਕਿਲੋਵਾਟ ਤੱਕ ਦੇ ਬਿਜਲੀ ਲੋਡ ਦੇ ਖਪਤਕਾਰਾਂ ਦੇ ਬਕਾਏ ਬਿੱਲ ਮਾਫ਼ ਕਰਨ ਦੇ ਨਾਲ-ਨਾਲ ਜਲ ਸਪਲਾਈ ਸਕੀਮਾਂ ਦੇ ਬਿਜਲੀ ਬਕਾਏ ਮਾਫ਼ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪੈਟਰੋਲ ਦੇ ਰੇਟਾਂ ਵਿੱਚ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਰੇਟਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ।ਪੰਜਾਬ ਸਰਕਾਰ ਨੇ ਰੇਤ ਮਾਫ਼ੀਆ ‘ਤੇ ਨਕੇਲ ਕਸਦਿਆਂ ਸੂਬੇ ਭਰ ਵਿੱਚ ਰੇਤ ਦਾ ਮੁੱਲ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਨਿਰਧਾਰਿਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੀ ਭਲਾਈ ਲਈ ਦ੍ਰਿੜ-ਸੰਕਲਪ ਹੈ ।ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉੱਤੇ ਜਿੰਨ੍ਹਾਂ ਚਿਰ ਬਾਦਲਾਂ ਅਤੇ ਮਜੀਠੀਏ ਦਾ ਕਬਜ਼ਾ ਹੈ, ਉਹਨਾਂ ਚਿਰ ਅਕਾਲੀ ਦਲ ਦੁਬਾਰਾ ਸੱਤਾ ਵਿੱਚ ਨਹੀਂ ਆ ਸਕਦਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਬਾਦਲਾਂ ਦੇ ਕਾਰਿਆਂ ਨੂੰ ਭੁੱਲੇ ਨਹੀਂ ਹਨ।ਇਸ ਮੌਕੇ ਕੇਜਰੀਵਾਲ ਦਾ ਜਿਕਰ ਕਰਦਿਆਂ ਸ੍ਰ. ਚੰਨੀ ਨੇ ਕਿਹਾ ਕਿ ਪੰਜਾਬ ਕੋਈ ਸ਼ਾਮਲਾਟ ਜ਼ਮੀਨ ਨਹੀਂ ਹੈ, ਜਿਸ ਉੱਪਰ ਕੋਈ ਵੀ ਬਾਹਰੀ ਵਿਅਕਤੀ ਆ ਕੇ ਕਬਜ਼ਾ ਕਰ ਸਕੇ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਨੂੰ ਲੁੱਟਣ ਦੀ ਨੀਅਤ ਨਾਲ ਆਇਆ ਹੈ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਗੱਠਜੋੜ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਅਸਲ ਵਿੱਚ ਕੈਪਟਨ ਦਾ ਭਾਜਪਾ ਦੇ ਨਾਲ ਪਹਿਲਾ ਹੀ ਗੱਠਜੋੜ ਸੀ, ਜਿਸ ਦਾ ਉਹਨਾਂ ਨੇ ਹੁਣ ਰਸਮੀਂ ਤੌਰ ‘ਤੇ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਰੋਧੀ ਭਾਜਪਾ ਨਾਲ ਸਾਂਝ ਪਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ।ਇਸ ਮੌਕੇ ਉਹਨਾਂ ਪੱਟੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ 10 ਕਰੋੜ ਰੁਪਏ, ਪੱਟੀ ਸ਼ਹਿਰ ਦੇ ਵਿਕਾਸ ਲਈ 5 ਕਰੋੜ ਰੁਪਏ ਅਤੇ ਪਿੰਡ ਕੈਰੋਂ ਸਰਬਪੱਖੀ ਵਿਕਾਸ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਕੈਰੋਂ ਵਿਖੇ ਮਹਾਂ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸ੍ਰ. ਪਰਤਾਪ ਸਿੰਘ ਕੈਰੋਂ ਦਾ ਬੁੱਤ ਕਾਂਸੇ ਦਾ ਬੁੱਤ ਲਗਾਇਆ ਜਾਵੇਗਾ, ਜਿਸ ਉੱਤੇ ਲੱਗਭੱਗ 25 ਲੱਖ ਰੁਪਏ ਖਰਚੇ ਜਾਣਗੇ।ਇਸ ਦੇ ਨਾਲ ਹੀ ਉਹਨਾਂ ਨੇ ਹਲਕਾ ਪੱਟੀ ਦੇ 5 ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ।ਇਸ ਤੋਂ ਪਹਿਲਾ ਉੱਪ ਮੁੱਖ ਮੰਤਰੀ ਪੰਜਾਬ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲ ਹੀ ਵਿੱਚ, ਜੋ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ, ਪੰਜਾਬ ਪੁਲਿਸ ਵੱਲੋਂ ਉਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।ਇਸ ਮੌਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਵੱਡੇ ਫੈਸਲੇ ਲਏ ਗਏ ਹਨ, ਜਿਸ ਵਰਗ ਖੁਸ਼ ਹੈ। ਉਹਨਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤ ਕੇ ਇੱਕ ਵਾਰ ਫਿਰ ਲੋਕ ਪੱਖੀ ਸਰਕਾਰ ਬਣਾਏਗੀ।ਇਸ ਮੌਕੇ ਹਲਕਾ ਪੱਟੀ ਦੇ ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ ਨੇ ਸ੍ਰੀ ਗੁਰੂ ਤੇਗ਼ ਬਹਾਦਰ ਲਾਅ ਯੂਨੀਵਰਸਿਟੀ ਕੈਂਰੋ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ, ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਂ ਕੈਂਰੋ ਅਤੇ ਡਾ. ਭੀਮ ਰਾਓ ਅੰਬੇਦਕਰ ਪਬਲਿਕ ਪਾਰਕ ਪੱਟੀ ਦਾ ਰਸਮੀਂ ਉਦਘਾਟਨ ਕਰਨ ‘ਤੇ ਮੁੱਖ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਪੱਟੀ ਵਿੱਚ ਪਿਛਲੇ 5 ਸਾਲਾਂ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ।ਇਸ ਮੌਕੇ ਉਹਨਾਂ ਮੁੱਖ ਮੰਤਰੀ ਪੰਜਾਬ ਕੋਲੋਂ ਸ਼ੇਰੋਂ ਖੰਡ ਮਿੱਲ ਨੂੰ ਦੁਬਾਰਾ ਸ਼ੂਰੂ ਕਰਨ ਦੀ ਮੰਗ ਵੀ ਕੀਤੀ ।ਇਸ ਮੌਕੇ ਉਹਨਾਂ ਵੱਡੀ ਗਿਣਤੀ ਵਿੱਚ ਪਹੁੰਚੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ, ਹਲਕਾ ਵਿਧਾਇਕ ਖੇਮਕਰਨ ਸ੍ਰੀ ਸੁਖਪਾਲ ਸਿੰਘ ਭੁੱਲ਼ਰ ਅਤੇ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰ. ਰਮਨਜੀਤ ਸਿੰਘ ਸਿੱਕੀ, ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਐੱਸ. ਐੱਸ. ਪੀ. ਸ੍ਰੀ ਹਰਵਿੰਦਰ ਸਿੰਘ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਵੀ ਹਾਜ਼ਰ ਸਨ।
ਮੁੱਖ ਮੰਤਰੀ ਚੰਨੀ ਵੱਲੋਂ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਕੀਤਾ ਐਲਾਨ
ਲੁਧਿਆਣਾ ਦੇ ਇਸਕਾਨ ਮੰਦਿਰ ਲਈ 2.51 ਕਰੋੜ ਰੁਪਏ ਦੇਣ ਦੀ ਕੀਤੀ ਘੋਸ਼ਣਾ
ਆਤਮਿਕ ਸ਼ਾਂਤੀ ਲਈ ਪਿਛਲੇ 25 ਸਾਲਾਂ ਤੋਂ ਰੋਜ਼ਾਨਾ ਭਗਵਦ ਗੀਤਾ ਦੇ ਸ਼ਲੋਕ ਦਾ ਪਾਠ ਕਰ ਰਿਹਾ ਹਾਂ: ਮੁੱਖ ਮੰਤਰੀ ਚੰਨੀ
ਸੁਖਜਿੰਦਰ ਮਾਨ
ਲੁਧਿਆਣਾ, 19 ਦਸੰਬਰ: ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕਾਂ ਸ੍ਰੀ ਸੁਰਿੰਦਰ ਡਾਵਰ, ਸ੍ਰੀ ਸੰਜੇ ਤਲਵਾੜ ਅਤੇ ਸ. ਕੁਲਦੀਪ ਸਿੰਘ ਵੈਦ ਅਤੇ ਵੱਖ-ਵੱਖ ਉੱਘੀਆਂ ਸਖਸ਼ੀਅਤਾਂ ਦੇ ਨਾਲ ਮੁੱਖ ਮੰਤਰੀ ਅੱਜ ਰੱਥ ਯਾਤਰਾ ਮੌਕੇ ਨਤਮਸਤਕ ਹੋਏ।ਇਸ ਮੌਕੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਲੁਧਿਆਣਾ ਦੇ ਇਸਕਾਨ ਮੰਦਿਰ ਲਈ 2.51 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।ਸ੍ਰੀ ਦੁਰਗਾ ਮਾਤਾ ਮੰਦਰ ਨੇੜੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਚੰਨੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਸਤਿਕਾਰ ਵਜੋਂ ਪੰਜਾਬ ਸਰਕਾਰ ਵੱਲੋਂ ਹਰ ਸਾਲ ਸ੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਇਆ ਜਾਵੇਗਾ।ਭਗਵਤ ਗੀਤਾ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਲਗਭਗ 25 ਸਾਲ ਪਹਿਲਾਂ ਕੌਂਸਲਰ ਬਣੇ ਸਨ ਤਾਂ ਇੱਕ ਨੇਕ ਰੂਹ ਨੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਲਈ ਪਵਿੱਤਰ ਭਗਵਦ ਗੀਤਾ ਦਾ ਇੱਕ ਸਲੋਕ ਹਰ ਰੋਜ਼ ਪੜ੍ਹਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਵਿੱਤਰ ਗੀਤਾ ਨੇ ਉਨ੍ਹਾਂ ਦੇ ਜੀਵਨ ਨੂੰ ਸੇਧ ਦਿੱਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਵੀ ਭਗਵਦ ਗੀਤਾ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਗੀਤਾ ਵਿੱਚ ਲਿਖੇ ਸ਼ਲੋਕਾਂ ਵਿੱਚੋਂ ਕੋਈ ਵਿਅਕਤੀ ਕਿਸੇ ਇੱਕ ਸ਼ਲੋਕ ਨੂੰ ਧਾਰਨ ਕਰ ਸਕਦਾ ਹੈ, ਤਾਂ ਇਹ ਜੀਵਨ ਵਿੱਚ ਸਫ਼ਲ ਹੋਣ ਲਈ ਕਾਫ਼ੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ 20 ਏਕੜ ਜ਼ਮੀਨ ‘ਤੇ ਸ੍ਰੀ ਭਗਵਦ ਗੀਤਾ ਅਤੇ ਰਾਮਾਇਣ ਖੋਜ ਕੇਂਦਰ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਗੀਤਾ ਪ੍ਰੇਰਨਾ ਦਾ ਸਭ ਤੋਂ ਵੱਡਾ ਸਰੋਤ ਹੈ ਜੋ ਸਾਨੂੰ ਸਾਡੇ ਜੀਵਨ ਦੀ ਬਿਹਤਰੀ ਵੱਲ ਸੇਧ ਦਿੰਦੀ ਹੈ। ਉਨ੍ਹਾਂ ਕਿਹਾ ਕਿ “ਰਾਮਾਇਣ, ਮਹਾਭਾਰਤ ਅਤੇ ਭਗਵਦ ਗੀਤਾ ਦੇ ਮਹਾਂਕਾਵਿ ਗ੍ਰੰਥਾਂ ਵਿੱਚ ਗਿਆਨ ਦੁਆਰਾ ਸਾਡੇ ਵਿਵੇਕ ਵਿੱਚ ਹੋਰ ਵਾਧਾ ਕਰਨ ਲਈ, ਪਟਿਆਲਾ ਵਿੱਚ ਇੱਕ ਵਿਸ਼ੇਸ਼ ਖੋਜ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਵੱਲੋਂ 25ਵੀਂ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਸ਼੍ਰੀ ਕ੍ਰਿਸ਼ਨ ਬਲਰਾਮ ਰਥ ਯਾਤਰਾ ਦੇ ਪ੍ਰਬੰਧਕਾਂ ਨਾਲ ਆਪਣੀ ਸਾਂਝ ਨੂੰ ਯਾਦ ਕੀਤਾ। ਉਨ੍ਹਾਂ ਕਿਹਾ “ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਸਮਾਗਮ ਨਾਲ 1996 ਤੋਂ ਜੁੜਿਆ ਹੋਇਆ ਹਾਂ, ਜਦੋਂ ਮੈਂ ਨਗਰ ਕੌਂਸਲਰ ਸੀ।”ਉਨ੍ਹਾਂ ਕਿਹਾ ਕਿ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਕੱਢੀ ਜਾ ਰਹੀ ਇਸ ਰੱਥ ਯਾਤਰਾ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ।ਇਸ ਮੌਕੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਪੀ.ਐਮ.ਆਈ.ਡੀ.ਬੀ ਦੇ ਚੇਅਰਮੈਨ ਸ. ਅਮਰਜੀਤ ਸਿੰਘ ਟਿੱਕਾ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।






