ਡੀ.ਸੀ.ਪੀ.ਲਾਅ ਐਡ ਆਰਡਰ ਦੀ ਅਗਵਾਈ ਵਿਚ ਬਣਾਈ ਸਿੱਟ
ਉਪ ਮੁੱਖ ਮੰਤਰੀ ਨੇ ਪੁਲਿਸ ਲਾਇਨ ਅੰਮ੍ਰਿਤਸਰ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਧਾਰਾ 295 ਏ. ਲਈ ਕੇਂਦਰ ਨੂੰ ਪੱਤਰ ਲਿਖਿਆ ਜਾਵੇਗਾ: ਰੰਧਾਵਾ
ਸੁਖਜਿੰਦਰ ਮਾਨ
ਅੰਮ੍ਰਿਤਸਰ, 19 ਦਸੰਬਰ: ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਹਿਰਦੇਵੇਦਕ ਘਟਨਾ ਨੂੰ ਅਤਿ ਨਿੰਦਣਯੋਗ ਦੱਸਦਿਆਂ ਇਸ ਦੀ ਸਖਤ ਨਿੰਦਿਆ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਜਾਂਚ ਲਈ ਡੀ.ਸੀ.ਪੀ. ਲਾਅ ਐਡ ਆਰਡਰ ਦੀ ਅਗਵਾਈ ਵਿਚ ਸਿੱਟ ਬਣਾ ਦਿੱਤੀ ਹੈ ਅਤੇ ਇਹ ਸਿੱਟ ਇਸ ਘਟਨਾ ਸਬੰਧੀ ਦੋ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇਗੀ।ਸ. ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਇਹ ਗੱਲ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਇਸ ਮੰਦਭਾਗੀ ਘਟਨਾ ਦੇ ਸੰਦਰਭ ਵਿੱਚ ਪੁਲਿਸ ਲਾਇਨ ਅੰਮ੍ਰਿਤਸਰ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਆਈ.ਜੀ. ਬਾਰਡਰ ਰੇਂਜ ਮੋਹਨੀਸ਼ ਚਾਵਲਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ.ਗੁਰਪ੍ਰੀਤ ਸਿੰਘ ਖਹਿਰਾ, ਐਸ.ਐਸ.ਪੀ ਦਿਹਾਤੀ ਸ਼੍ਰੀ ਰਾਕੇਸ਼ ਕੌਸ਼ਲ ਸਮੇਤ ਹੋਰ ਵੀ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਤਰਫੋਂ ਸ ਰਜਿੰਦਰ ਸਿੰਘ ਮਹਿਤਾ, ਹਰਜਾਪ ਸਿੰਘ ਸੁਲਤਾਨਵਿੰਡ ਤੇ ਸੁਖਦੇਵ ਸਿੰਘ ਭੂਰਾਕੋਨਾ ਵੀ ਹਾਜ਼ਰ ਸਨ।ਸ. ਰੰਧਾਵਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਇਸ ਘਟਨਾ ਦੀ ਡੂੰਘਾਈ ਤੱਕ ਪਹੁੰਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਹੈ ਅਤੇ ਇਸ ਘਟਨਾ ਦੇ ਹਰ ਪਹਿਲੂ ਉਤੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।ਸ. ਰੰਧਾਵਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਕਰੀਬ ਸਵੇਰੇ 11.30 ਵਜੇ ਤੋਂ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਸੀ ਅਤੇ ਪਰਿਕਰਮਾ ਵਿੱਚ ਲੇਟਿਆ ਰਿਹਾ ਜਿਸ ਤੋਂ ਲੱਗਦਾ ਹੈ ਕਿ ਉਹ ਕਿਸੇ ਨਿਸ਼ਾਨੇ ਨਾਲ ਹੀ ਇਥੇ ਆਇਆ ਹੋਇਆ ਸੀ। ਬੇਅਦਬੀ ਘਟਨਾ ਦੇ ਦੋਸ਼ੀ ਦੀ ਅਜੇ ਤੱਕ ਕੋਈ ਸ਼ਨਾਖਤ ਨਹੀ ਹੋਈ ਹੈ ਅਤੇ ਦੋਸ਼ੀ ਦਾ ਪੋਸਟ ਮਾਰਟਮ ਵੀ ਜਲਦ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਬਾਹਰ ਬਜ਼ਾਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਘੋਖਿਆ ਜਾ ਰਿਹਾ ਹੈ ਕਿ ਦੋਸ਼ੀ ਕਿਸ ਰਸਤੇ ਤੋਂ ਆਇਆ ਅਤੇ ਇਸ ਦੇ ਨਾਲ ਹੋਰ ਕੌਣ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਮਿਲ ਕੇ ਇਸ ਘਟਨਾ ਦੀ ਪੂਰੀ ਜਾਂਚ ਕਰੇਗੀ। ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਪੁਲਿਸ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਕਾਇਮ ਕਰਕੇ ਇਹ ਯਕੀਨੀ ਬਣਾਉਣਗੇ ਕਿ ਸੂਬੇ ਦੇ ਸਾਰੇ ਗੁਰਦੁਆਰਿਆਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਅਤੇ ਇਹ ਸਾਰੇ ਕੰਮ ਕਰਦੇ ਹੋਣ। ਇਕ ਸਵਾਬ ਦੇ ਜਵਾਬ ਵਿਚ ਸ. ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਗਿਆ ਤੋ ਬਿਨਾਂ ਪੁਲਿਸ ਸ੍ਰੀ ਦਰਬਾਰ ਸਾਹਿਬ ਵਿਖੇ ਦਾਖਲ ਨਹੀਂ ਹੋ ਸਕਦੀ। ਸ. ਰੰਧਾਵਾ ਨੇ ਕਿਹਾ ਕਿ ਡੀਜੀਪੀ ਅਤੇ ਸੂਬੇ ਦੇ ਸਮੂਹ ਪੁਲਿਸ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਾਰੇ ਧਾਰਮਿਕ ਅਸਥਾਨਾਂ ਗੁਰਦੁਆਰਿਆਂ, ਮੰਦਿਰਾਂ, ਮਸਜਿਦ ਤੇ ਗਿਰਜਾ ਘਰਾਂ ਦੇ ਨੇੜੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਸਾਰੇ ਧਾਰਮਿਕ ਅਸਥਾਨਾਂ ਅਤੇ ਪਵਿੱਤਰ ਗ੍ਰੰਥਾਂ ਦੀ ਸੀ.ਸੀ.ਟੀ.ਵੀ. ਫੁਟੇਜ ਯਕੀਨੀ ਬਣਾਉਣ ਦੇ ਨਾਲ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਸਥਾਪਤ ਕਰ ਕੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਉਹ ਅਸਥਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਸੁਸ਼ੋਭਿਤ ਹਨ, ਉੱਥੇ ਕੋਈ ਨਾ ਕੋਈ ਜ਼ਰੂਰ ਮੌਜੂਦ ਹੋਵੇ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵੱਲੋਂ ਸਾਲ 2018 ਵਿਚ ਹੀ ਧਾਰਾ 295 ਵਿਚ ਸੋਧ ਕਰਕੇ 295 ਏ ਧਾਰਾ ਜੋੜਨ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਸੀ ਪਰ ਅਜੇ ਤੱਕ ਇਸ ਸਬੰਧੀ ਕੇੰਦਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਧਾਰਾ 295 ਏ ਅਧੀਨ ਜੇਕਰ ਕੋਈ ਵਿਅਕਤੀ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ 10 ਸਾਲ ਦੀ ਸਖ਼ਤ ਸਜ਼ਾ ਦਾ ਪ੍ਰਾਵਧਾਨ ਹੈ। ਉਨ੍ਹਾਂ ਕਿਹਾ ਕਿ ਉਹ ਮੁੜ ਇਸ ਸਬੰਧੀ ਕੇਂਦਰ ਨੂੰ ਪੱਤਰ ਲਿਖਣਗੇ ਕਿ ਇਸ ਧਾਰਾ ਨੂੰ ਪਾਸ ਕੀਤਾ ਜਾਵੇ। ਸ. ਰੰਧਾਵਾ ਨੇ ਕਿਹਾ ਕਿ ਸਾਰੇ ਪੰਜਾਬੀ ਆਪਸੀ ਭਾਈਚਾਰਕ ਸਾਂਝ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਡੱਟ ਕੇ ਮੁਕਾਬਲਾ ਕਰਨਗੇ ਅਤੇ ਕਿਸੇ ਨੂੰ ਵੀ ਹਾਲਤ ਵਿੱਚ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਹੋਣ ਨਹੀਂ ਦੇਵਾਂਗੇ।
ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਘਟਨਾ ਦੀ ਦੋ ਦਿਨਾਂ ਵਿਚ ਪੇਸ਼ ਕੀਤੀ ਜਾਵੇਗੀ ਰਿਪੋਰਟ: ਰੰਧਾਵਾ
ਮੁੱਖ ਮੰਤਰੀ ਨੇ ਜ਼ੀਰਾ ਵਿਖੇ 87 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
ਮੱਖੂ ਡਰੇਨ ਦੀ ਸਫ਼ਾਈ ਲਈ 10 ਕਰੋੜ ਅਤੇ ਜ਼ੀਰਾ ਵਿੱਚ ਸਟੇਡੀਅਮ ਲਈ ਕੀਤਾ 1 ਕਰੋੜ ਰੁਪਏ ਦਾ ਐਲਾਨ
ਮੁੱਖ ਮੰਤਰੀ ਚੰਨੀ ‘ਵਿਸ਼ਵਾਸ-ਏ-ਪੰਜਾਬ’ ਖ਼ਿਤਾਬ ਨਾਲ ਸਨਮਾਨਿਤ
ਸੁਖਜਿੰਦਰ ਮਾਨ
ਜ਼ੀਰਾ, 19 ਦਸੰਬਰ: ਵਿਧਾਨ ਸਭਾ ਹਲਕਾ ਜ਼ੀਰਾ ਨੂੰ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਜ਼ੀਰਾ ਹਲਕੇ ਵਿੱਚ 87 ਕਰੋੜਾਂ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨਾਂ ਵਿੱਚ 5.5 ਏਕੜ ਵਿੱਚ ਬਣਨ ਵਾਲਾ ਸਿਵਲ ਹਸਪਤਾਲ (50 ਕਰੋੜ ਰੁਪਏ), ਪ੍ਰਬੰਧਕੀ ਕੰਪਲੈਕਸ (12 ਕਰੋੜ ਰੁਪਏ), ਮੱਖੂ ਵਿਖੇ ਬੱਸ ਸਟੈਂਡ (6.50 ਕਰੋੜ ਰੁਪਏ) ਅਤੇ ਸਵਰਗੀ ਇੰਦਰਜੀਤ ਸਿੰਘ ਜੀਰਾ ਦੇ ਨਾਂ ’ਤੇ ਬਣਨ ਵਾਲੀ ਆਈ.ਟੀ.ਆਈ. (12.50 ਕਰੋੜ ਰੁਪਏ) ਅਤੇ ਮੱਲਾਂਵਾਲਾ ਵਿਖੇ ਸਬ-ਤਹਿਸੀਲ ਲਈ 5.85 ਕਰੋੜ ਰੁਪਏ ਸ਼ਾਮਲ ਹਨ।ਇਸ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਜ਼ੀਰਾ ਵਿਖੇ ਸਟੇਡੀਅਮ ਲਈ 1 ਕਰੋੜ ਰੁਪਏ ਸਮੇਤ ਮੱਖੂ ਡਰੇਨ ਦੀ ਸਫਾਈ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ । ਇਸ ਤੋਂ ਇਲਾਵਾ ਉਨਾਂ ਨੇ ਨੰਬਰਦਾਰੀ ਪ੍ਰਣਾਲੀ ਨੂੰ ਪੀੜੀ-ਦਰ-ਪੀੜੀ ਮੁਤਾਬਕ ਬਣਾਉਣ ਦਾ ਵੀ ਐਲਾਨ ਕੀਤਾ।ਇਸ ਦੌਰਾਨ ਦਾਣਾ ਮੰਡੀ ਵਿਖੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਰਾਜਸੀ ਨਿਜ਼ਾਮ ਸ਼ਾਹੀ ਘਰਾਣਿਆਂ ਦੀ ਚੰੁਗਲ ਤੋਂ ਬਾਹਰ ਆ ਗਿਆ ਹੈ ਅਤੇ ਆਮ ਲੋਕਾਂ ਦੀਆਂ ਬਰੂਹਾਂ ’ਤੇ ਆ ਕੇ ਉਨਾਂ ਦੀ ਸੇਵਾ ਕਰ ਰਿਹਾ ਹੈ । ਇਸ ਤਰਾਂ ਇੱਕ ਨਵੇਂ ਅਤੇ ਮੁੜ ਪੈਰਾਂ ਸਿਰ ਹੋ ਰਹੇ ਪੰਜਾਬ ਦੀ ਸਿਰਜਣਾ ਅਯਾਮ ਸ਼ੁਰੂ ਰਿਹਾ ਹੈ।
ਸ੍ਰੋਮਣੀ ਅਕਾਲੀ ਦਲ ‘ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਅਤੇ ਭਿ੍ਰਸ਼ਟ-ਤੰਤਰ ਦੀ ਪੁਸ਼ਤਪਨਾਹੀ ਕਰਨ ਵਾਲੇ ਸੁਖਬੀਰ-ਮਜੀਠੀਆ ਦੀ ਜੋੜੀ ਨੇ ਸਦੀ ਪੁਰਾਣੀ ਪਾਰਟੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਚੰਨੀ ਨੇ ‘ਆਪ’ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਯੋਗ ਅਗਵਾਈ ਨਹੀਂ ਦੇ ਸਕਦੇ ਕਿਉਕਿ ਉਹ ਪੰਜਾਬ ਦੇ ਸਭਿਆਚਾਰ ਬਾਰੇ ਜਾਣਕਾਰੀ ਨਹੀਂ ਰੱਖਦੇ ਅਤੇ ਉਨਾਂ ਕੋਲ ਦੂਰਅੰਦੇਸ਼ੀ ਦੀ ਵੀ ਘਾਟ ਹੈ। ਚੰਨੀ ਨੇ ‘ਆਪ’ ਲੀਡਰਸ਼ਿਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪਹਿਲਾਂ ਚੁਣੇ ਗਏ ਪਾਰਟੀ ਦੇ 20 ਵਿਧਾਇਕਾਂ ਦੀ ਗਿਣਤੀ ਘਟ ਕੇ ਹੁਣ 10 ਰਹਿ ਗਈ ਹੈ ਅਤੇ ਚੁਣੇ ਗਏ 4 ਸੰਸਦ ਮੈਂਬਰਾਂ ਵਿੱਚੋਂ ਹੁਣ ਸਿਰਫ ਇੱਕ ਹੀ ਮੌਜੂਦ ਹੈ , ਜੋ ਪਾਰਟੀ ਦੀ ਖਸਤਾ ਹਾਲਤ ਦਾ ਸਬੂਤ ਹੈ।ਆਪਣੀ ਸਰਕਾਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 2 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਦੇ 1500 ਕਰੋੜ ਰੁਪਏ ਦੇ ਬਕਾਏ ਮਾਫ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਘਟਾਈਆਂ , ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ, ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪਾਣੀ ਦੇ ਖਰਚੇ 160 ਰੁਪਏ ਤੋਂ ਘਟਾ ਕੇ ਫਲੈਟ 50 ਰੁਪਏ ਕੀਤੇ, ਰੇਤ ਦੇ ਭਾਅ 5.50 ਰੁਪਏ ਪ੍ਰਤੀ ਕਿਊਬਕ ਫੁੱਟ ਤੋਂ ਇਲਾਵਾ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਬਾਰੇ ਸਬੂਤਾਂ ਸਮੇਤ ਰਿਪੋਰਟ ਕਰਨ ਵਾਲੇ ਨੂੰ 25000 ਦਾ ਇਨਾਮ ਦਿੱਤੇ ਜਾਣ ਦੀ ਘੋਸ਼ਣਾ ਆਦਿ ਸ਼ਾਮਲ ਹੈ।
ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਵਾਰ ਕਰਦਿਆਂ ਉੱਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਨਸ਼ਿਆਂ ਨੂੰ ਜੜੋਂ ਪੁੱਟਣ ਲਈ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਅਤੇ ਅਜਿਹਾ ਕਰਨ ਦੀ ਥਾਂ ਕੈਪਟਨ ਅਮਰਿੰਦਰ ਓਸ ਸ੍ਰੋਮਣੀ ਅਕਾਲੀ ਦਲ ਦੀ ਕਠਪੁਤਲੀ ਬਣਕੇ ਭਗਤੇ ਰਹੇ , ਜਿਸ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਕੜਜਾਲ ‘ਚ ਉਲਝਾ ਕੇ ਰੱਖ ਦਿੱਤਾ ਹੈ। ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀ ਭਲਾਈ ਲਈ ਇੱਕ ਵੀ ਕਦਮ ਨਹੀਂ ਚੁੱਕਿਆ ਅਤੇ ਹਟਾਏ ਜਾਣ ਤੋਂ ਬਾਅਦ ਉਸੇ ਕਿਸਾਨ ਵਿਰੋਧੀ ਪਾਰਟੀ ਭਾਜਪਾ ਨਾਲ ਹੱਥ ਮਿਲਾਉਣਾ ਚੁਣਿਆ।ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰਦਿਆਂ ਉਪ ਮੁੱਖ ਮੰਤਰੀ ਨੇ ਹਰੇ ਅਤੇ ਚਿੱਟੇ ਇਨਕਲਾਬ ਦੀ ਅਗਵਾਈ ਕਰਨ ਵਾਲੇ ਸ੍ਰੀ ਕੈਰੋਂ ਸਿਰ ਪੰਜਾਬ ਵਿੱਚ ਖੁਸ਼ਹਾਲੀ ਦੇ ਯੁੱਗ ਦਾ ਆਗਾਜ਼ ਕਰਨ ਦਾ ਸਿਹਰਾ ਬੰਨਿਆਂ। ਉਨਾਂ ਨੇ ਬੀਤੇ ਕੱਲ ਅੰਮਿ੍ਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਅੰਦਰੂਨੀ ਅਤੇ ਬਾਹਰੀ ਤਾਕਤਾਂ ਤੋਂ ਲੋਕ ਸੁਚੇਤ ਰਹਿਣ । ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਲਕੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਜ਼ੀਰਾ ਪਰਿਵਾਰ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਉਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਹੈ ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਰੋਜ਼ਾਨਾ ਆਧਾਰ ‘ਤੇ 1.40 ਕਰੋੜ ਦਾ ਫਾਇਦਾ ਹੋ ਰਿਹਾ ਹੈ।ਹਲਕਾ ਵਿਧਾਇਕ (ਜ਼ੀਰਾ) ਕੁਲਬੀਰ ਸਿੰਘ ਜ਼ੀਰਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੋਕ-ਮੁੱਖ ਮੰਤਰੀ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਤੇਜੀ ਨਾਲ ਵਿਕਾਸ ਪੱਖੀ ਕਦਮ ਚੁੱਕ ਕੇ ਪੰਜਾਬ ਦੀ ਨੁਹਾਰ ਬਦਲ ਦਿੱਤੀ ਹੈ। ਉਨਾਂ ਸਮੁੱਚੇ ਹਲਕੇ ਨੂੰ ਆਪਣਾ ਪਰਿਵਾਰ ਕਰਾਰ ਦਿੰਦਿਆਂ ਕਿਹਾ ਕਿ ਉਹ ਆਪਣੇ ਹੋਣਹਾਰ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਲੋਕਾਂ ਦੀ ਸੇਵਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ । ਇਸ ਤੋਂ ਇਲਾਵਾ ਵਿਧਾਇਕ ਨੇ ਮੁੱਖ ਮੰਤਰੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਕੱਲ ਹੋਈ ਬੇਅਦਬੀ ਦੀ ਘਟਨਾ ਦੀ ਬਾਰੀਕੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਤਾਂ ਜੋ ਬੇਅਦਬੀ ਦੇ ਅਸਲ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਜਾ ਸਕੇ।ਇਸ ਦੌਰਾਨ ਮੁੱਖ ਮੰਤਰੀ ਨੂੰ ‘ਵਿਸ਼ਵਾਸ-ਏ-ਪੰਜਾਬ’ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ, ਵਿਧਾਇਕ ਫਿਰੋਜ਼ਪੁਰ (ਸ਼ਹਿਰੀ) ਪਰਮਿੰਦਰ ਸਿੰਘ ਪਿੰਕੀ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਫਿਰੋਜ਼ਪੁਰ (ਦਿਹਾਤੀ) ਸਤਕਾਰ ਕੌਰ, ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ, ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ, ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ, ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਅਤੇ ਐਸਐਸਪੀ ਹਰਮਨਦੀਪ ਸਿੰਘ ਹਾਂਸ ਮੌਜੂਦ ਸਨ।
ਕਾਂਗਰਸ ਸਰਕਾਰ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਵਿਤਕਰਾ ਕਰਕੇ ਕਾਂਗਰਸੀ ਵਿਧਾਇਕਾਂ ਨੂੰ ਹੀ ਜਾਰੀ ਕੀਤੇ ਅਰਬਾਂ ਦੇ ਫ਼ੰਡ- ਹਰਪਾਲ ਸਿੰਘ ਚੀਮਾ
-‘ਆਪ’ ਨੇ ਕੈਪਟਨ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਜਾਰੀ ਅਰਬਾਂ ਰੁਪਏ ਦੇ ਵਿਕਾਸ ਫ਼ੰਡਾਂ ਦੀ ਜੁਡੀਸ਼ੀਅਲ ਜਾਂਚ ਦੀ ਕੀਤੀ ਮੰਗ
-ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ‘ਤੇ ਸਰਕਾਰੀ ਖ਼ਜ਼ਾਨੇ ਦੇ ਅਰਬਾਂ ਰੁਪਏ ਡਕਾਰਨ ਦਾ ਲਗਾਇਆ ਦੋਸ਼
-‘ਆਪ’ ਦਾ ਐਲਾਨ- ਸਰਕਾਰ ਬਣਨ ‘ਤੇ ਬਿਨਾਂ ਪੱਖਪਾਤ ਹਰੇਕ ਹਲਕੇ ਲਈ ਲਾਗੂ ਹੋਵੇਗਾ ਐਮ.ਐਲ.ਏ. ਫ਼ੰਡ
ਸੁਖਜਿੰਦਰ ਮਾਨ
ਚੰਡੀਗੜ, 18 ਦਸੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ਉੱਤੇ ਵਿਧਾਇਕਾਂ ਨੂੰ ਫ਼ੰਡ ਦੇਣ ਬਾਰੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਆਪਣੇ ਕਾਂਗਰਸੀ ਵਿਧਾਇਕਾਂ ਨੂੰ ਅੱਖਾਂ ਮੀਟ ਕੇ ਸਰਕਾਰੀ ਖ਼ਜ਼ਾਨਾ ਲੁਟਾਇਆ, ਪਰੰਤੂ ਵਿਕਾਸ ਕਾਰਜ ਨਜ਼ਰ ਨਹੀਂ ਆ ਰਹੇ। ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸੰਸਦ ਮੈਂਬਰਾਂ ਵਾਂਗ ਹਰੇਕ ਵਿਧਾਇਕ ਲਈ ਐਮ.ਐਲ.ਏ ਹਲਕਾ ਵਿਕਾਸ ਫ਼ੰਡ ਦੀ ਸਹੂਲਤ ਲਾਗੂ ਕੀਤੀ ਜਾਵੇਗੀ।
ਸ਼ਨੀਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਜਾਰੀ ਅਰਬਾਂ ਰੁਪਏ ਦੇ ਫ਼ੰਡਾਂ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਜੁਡੀਸ਼ੀਅਲ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਨਤਾ ਚੋਣ ਪ੍ਰਚਾਰ ਲਈ ਆਉਂਦੇ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਕੋਲੋਂ ਇੱਕ-ਇੱਕ ਪੈਸੇ ਦਾ ਹਿਸਾਬ ਜ਼ਰੂਰ ਮੰਗਣ, ਕਿਉਂਕਿ ਇਹ ਜਨਤਾ ਦਾ ਆਪਣਾ ਪੈਸਾ ਹੈ, ਜਿਸ ਨੂੰ ਕਾਂਗਰਸੀ ਆਗੂ ਸ਼ਰੇਆਮ ਡਕਾਰ ਗਏ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਾਂਗਰਸੀ ਵਿਧਾਇਕਾਂ ਨਾਲੋਂ ਅੱਧਾ ਫ਼ੰਡ ਵੀ ਮਿਲਿਆ ਹੁੰਦਾ ਤਾਂ ‘ਆਪ’ ਦੇ ਵਿਧਾਇਕਾਂ ਨੇ ਆਪਣੇ-ਆਪਣੇ ਹਲਕਿਆਂ ਦੀ ਨੁਹਾਰ ਬਦਲ ਦਿੱਤੀ ਹੁੰਦੀ ਅਤੇ ਹਰ ਪਿੰਡ ਅਤੇ ਮੁਹੱਲਿਆਂ ‘ਚ ਵਿਕਾਸ ਕਾਰਜਾਂ ‘ਚ ਖ਼ਰਚ ਕੀਤੇ ਫ਼ੰਡਾਂ ਦਾ ਜਨਤਾ ਨੂੰ ਹਿਸਾਬ ਵੀ ਦਿੱਤਾ ਹੁੰਦਾ, ਜਿਵੇਂ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਿੰਦੇ ਹਨ, ਕਿਉਂਕਿ ਆਮ ਆਦਮੀ ਪਾਰਟੀ ਦੇ ਅਸੂਲ ਜਨਤਾ ਦੇ ਪੈਸੇ ਨੂੰ ਜਨਤਾ ਦੇ ਕੰਮਾਂ ‘ਤੇ ਖ਼ਰਚ ਕਰਨ ‘ਤੇ ਆਧਾਰਿਤ ਹਨ। ਆਮ ਆਦਮੀ ਪਾਰਟੀ ਜਨਤਾ ਦੇ ਪੈਸੇ ਨੂੰ ਖ਼ੁਦ ਹੜੱਪਣ ਅਤੇ ਦਲਾਲੀ ਨਹੀਂ ਕਰਦੀ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਇਸ ਸੱਚ ਦੀ ਗਵਾਹੀ ਭਰਦੀ ਹੈ, ਜੋ 250 ਕਰੋੜ ਰੁਪਏ ਦੇ ਪੁਲ ਨੂੰ 150 ਕਰੋੜ ਰੁਪਏ ‘ਚ ਬਣਾ ਕੇ ਬਾਕੀ ਬਚੇ 100 ਕਰੋੜ ਨੂੰ ਜਨਤਾ ਦੀਆਂ ਸਿਹਤ ਸਹੂਲਤਾਂ ‘ਤੇ ਖ਼ਰਚ ਕਰਦੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਬਾਦਲ-ਭਾਜਪਾ ਜਦੋਂ ਸੱਤਾ ਲਈ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਹਲਕਾ ਵਿਕਾਸ ਫ਼ੰਡਾਂ ਦੀ ਗੱਲ ਕਰਦੇ ਹਨ, ਪਰੰਤੂ ਜਦੋਂ ਸੱਤਾ ‘ਚ ਹੁੰਦੇ ਹਨ ਉਦੋਂ ਆਪਣੀ ਗੱਲ ‘ਤੇ ਅਮਲ ਨਹੀਂ ਕਰਦੇ। ਹਰਪਾਲ ਸਿੰਘ ਚੀਮਾ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਦਿੱਲੀ ‘ਚ ਹਰੇਕ ਵਿਧਾਇਕ ਲਈ ਆਪਣੇ-ਆਪਣੇ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦਾ ਹਲਕਾ ਵਿਕਾਸ ਫ਼ੰਡ ਨਿਰਧਾਰਿਤ ਕੀਤਾ ਹੋਇਆ ਹੈ, ਜਦੋਂ ਸਿਰਫ਼ ‘ਆਪ’ ਦੇ ਹੀ ਨਹੀਂ, ਸਗੋਂ ਭਾਜਪਾ ਦੇ ਵਿਧਾਇਕਾਂ ਨੂੰ ਵੀ ਬਰਾਬਰ ਜਾਰੀ ਹੁੰਦਾ ਹੈ।
ਚੀਮਾ ਨੇ ਸਾਬਕਾ ਮੁੱਖ ਮੰਤਰੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਆਪਣੇ ਵਿਧਾਇਕਾਂ ਕੋਲੋਂ ਫ਼ੰਡਾਂ ਦਾ ਹਿਸਾਬ ਮੰਗ ਰਹੇ ਕੈਪਟਨ ਅਮਰਿੰਦਰ ਸਿੰਘ ਉਦੋਂ ਕਿਉਂ ਸੁੱਤੇ ਪਏ ਸਨ, ਜਦੋਂ ਕਾਂਗਰਸੀ ਵਿਧਾਇਕਾਂ ਨੂੰ ਅਰਬਾਂ ਰੁਪਏ ਦੇ ਅੰਨੇਵਾਹ ਫ਼ੰਡ ਜਾਰੀ ਕਰ ਰਹੇ ਸਨ। ਚੀਮਾ ਨੇ ਕਿਹਾ ਕਿ ਆਪਣੀ ਕੁਰਸੀ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਵਿਕਾਸ ਫ਼ੰਡਾਂ ਦੇ ਨਾਂ ‘ਤੇ ਕਾਂਗਰਸੀ ਵਿਧਾਇਕਾਂ ਨੂੰ ਰਿਸ਼ਵਤ ਦੇ ਰਹੇ ਸਨ। ਜੇਕਰ ਵਿਕਾਸ ਫ਼ੰਡ ਦਿੱਤੇ ਹੁੰਦੇ ਤਾਂ ਮੁੱਖ ਮੰਤਰੀ ਰਹਿੰਦਿਆਂ ਕੈਪਟਨ ਉਨਾਂ ਦਾ ਹਿਸਾਬ ਵੀ ਮੰਗਦੇ, ਜੋ ਉਦੋਂ ਨਹੀਂ ਮੰਗਿਆਂ ਗਿਆ। ਅੱਜ ਕੁਰਸੀ ਖੁੱਸਣ ਮਗਰੋਂ ਕੈਪਟਨ ਨੂੰ ਇਹ ਹਿਸਾਬ ਚੇਤੇ ਆ ਗਿਆ।
ਚੀਮਾ ਨੇ ਕਾਂਗਰਸ ਦੀ ਨੀਅਤ ਅਤੇ ਨੀਤੀ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਬਾਦਲਾਂ ਵਾਂਗ ਲੋਕਾਂ ਦੇ ਫ਼ਤਵੇ ਦੀ ਕੋਈ ਪ੍ਰਵਾਹ ਨਹੀਂ, ਜੇਕਰ ਹੁੰਦੀ ਤਾਂ ਹਰੇਕ ਹਲਕੇ ਦੇ ਵਿਕਾਸ ਲਈ ਬਰਾਬਰ ਫ਼ੰਡ ਜਾਰੀ ਹੁੰਦੇ, ਪਰੰਤੂ ਕਾਂਗਰਸ ਸਰਕਾਰ ਨੇ ਸਿਰਫ਼ ਕਾਂਗਰਸੀ ਵਿਧਾਇਕਾਂ ਨੂੰ ਹੀ ਵਿਕਾਸ ਫ਼ੰਡਾਂ ਦੇ ਨਾਮ ‘ਤੇ ਸਰਕਾਰੀ ਖਜਾਨਾ ਲੁਟਾ ਦਿੱਤਾ, ਪਰ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਹਲਕਿਆਂ ਦੇ ਵਿਕਾਸ ਲਈ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ। ਇਹੋ ਹਾਲ ਪਹਿਲਾਂ ਬਾਦਲਾਂ ਦਾ ਸੀ, ਜਿਸ ਕਰਕੇ ਉਸ ਸਮੇਂ ਬਤੌਰ ਵਿਰੋਧੀ ਧਿਰ ਕਾਂਗਰਸ ਇਹ ਦਾਅਵਾ ਕਰਦੀ ਸੀ ਕਿ ਸੱਤਾ ‘ਚ ਆਉਣ ਉਪਰੰਤ ਪੰਜਾਬ ‘ਚ ਇੱਕ ਨੀਤੀਗਤ ਫ਼ੈਸਲੇ ਤਹਿਤ ਹਰੇਕ ਹਲਕੇ ਦੇ ਬਰਾਬਰ ਵਿਕਾਸ ਲਈ ਐਮ.ਐਲ.ਏ ਵਿਕਾਸ ਫ਼ੰਡ ਨਿਰਧਾਰਿਤ ਕਰੇਗੀ, ਪਰੰਤੂ ਸੱਤਾ ‘ਚ ਆ ਕੇ ਕਾਂਗਰਸ ਬਾਕੀ ਵਾਅਦਿਆਂ ਵਾਂਗ ਇਸ ਵਾਅਦੇ ਤੋਂ ਵੀ ਮੁੱਕਰ ਗਈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ‘ਚ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਦੀ ਹੈ, ਜਦਕਿ ਕਾਂਗਰਸ ਅਤੇ ਬਾਦਲ-ਭਾਜਪਾ ਉਨਾਂ ਹਲਕਿਆਂ ਦੇ ਲੋਕਾਂ ਨਾਲ ਬਦਲੇ ਦੀ ਭਾਵਨਾ ‘ਚ ਕਿੜ ਕੱਢਦੇ ਹਨ, ਜਿੱਥੇ ਉਨਾਂ ਦੀ ਪਾਰਟੀ ਨੂੰ ਲੋਕ ਫ਼ਤਵਾ ਨਹੀਂ ਮਿਲਿਆ।
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਹ ਦਿਨ ਯਾਦ ਕਰਵਾਏ ਜਦੋਂ ਬਾਦਲ ਸਰਕਾਰ ਵੇਲੇ ਵਿਰੋਧੀ ਧਿਰ ਦਾ ਨੇਤਾ ਹੁੰਦਿਆਂ ਚਰਨਜੀਤ ਸਿੰਘ ਚੰਨੀ ਹਰੇਕ ਵਿਧਾਇਕ ਲਈ ਹਲਕਾ ਵਿਕਾਸ ਫ਼ੰਡ ਨੀਤੀ ਲਾਗੂ ਕਰਨ ਦੀਆਂ ਗੱਲਾਂ ਕਰਦੇ ਹੁੰਦੇ ਸਨ। ਚੀਮਾ ਨੇ ਕਿਹਾ ਕਿ ਸਰਕਾਰ ‘ਚ ਆ ਕੇ ਚੰਨੀ ਨੇ ਆਪਣੀ ਗੱਲ ‘ਤੇ ਪਹਿਰਾ ਨਹੀਂ ਦਿੱਤਾ। ਉੱਥੋਂ ਤੱਕ ਕਿ ਮੁੱਖ ਮੰਤਰੀ ਬਣਨ ‘ਤੇ ਹਲਕਾ ਵਿਧਾਇਕ ਫ਼ੰਡ ਬਾਰੇ ਆਪਣੀ ਆਦਤ ਅਨੁਸਾਰ ਖੋਖਲਾ ਐਲਾਨ ਵੀ ਨਹੀਂ ਕੀਤਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2022 ‘ਚ ਸੱਤਾ ‘ਚ ਆਉਣ ਉਪਰੰਤ ਆਮ ਆਦਮੀ ਪਾਰਟੀ ਹਰੇਕ ਵਿਧਾਇਕ ਲਈ ਹਲਕਾ ਵਿਕਾਸ ਫ਼ੰਡ ਨੀਤੀ ਬਿਨਾ ਕਿਸੇ ਭੇਦਭਾਵ ਲਾਗੂ ਕਰੇਗੀ, ਜਿਵੇਂ ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਲਾਗੂ ਕੀਤੀ ਹੋਈ ਹੈ।
ਬਠਿੰਡਾ ’ਚ ਨਰਸਾਂ ਨੇ ਵਿਤ ਮੰਤਰੀ ਵਿਰੁਧ ਖੜਕਾਏ ਖ਼ਾਲੀ ਪੀਪੇ
ਨਰਸਿੰਗ ਸਟਾਫ਼ ਐਸੋਸੀਏਸ਼ਨ ਨੇ ਸ਼ਹਿਰ ’ਚ ਕੱਢਿਆ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ :-ਪਿਛਲੇ 13 ਦਿਨਾਂ ਤੋਂ ਸਥਾਨਕ ਸਿਵਲ ਸਰਜ਼ਨ ਦਫ਼ਤਰ ਅੱਗੇ ਅਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਈ ਬੈਠੀ ਨਰਸਿੰਗ ਸਟਾਫ਼ ਐਸੋਸੀਏਸ਼ਨ ਵਲੋਂ ਅੱਜ ਸ਼ਹਿਰ ਵਿਚ ਵਿਤ ਮੰਤਰੀ ਵਿਰੁਧ ਖਾਲੀ ਪੀਪੇ ਖ਼ੜਕਾ ਕੇ ਰੋਸ਼ ਮਾਰਚ ਕੱਢਿਆ। ਸਥਾਨਕ ਸਿਵਲ ਹਸਪਤਾਲ ਤੋਂ ਕਾਲੀਆਂ ਝੰਡੀਆਂ ਲੈ ਕੇ ਸ਼ੁਰੂ ਹੋਇਆ ਇਹ ਮਾਰਚ ਡੋਲਫਿਨ ਚੌਕ ਤੋਂ ਵਾਪਸ ਆਇਆ। ਇਸ ਮੌਕੇ ਨਰਸਾਂ ਨੇ ਸਰਕਾਰ ਤੇ ਵਿਤ ਮੰਤਰੀ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਹ ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 13 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਪ੍ਰੰਤੂ ਸਰਕਾਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਅਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਪੇ-ਪੈਰਿਟੀ ਨੂੰ ਦੂਰ ਕਰਨ ਤੋਂ ਇਲਾਵਾ ਨਰਸਿੰਗ ਸਟਾਫ਼ ਨੂੰ ਨਰਸਿੰਗ ਅਫ਼ਸਰ ਦਾ ਦਰਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਸਿਵਲ ਹਸਪਤਾਲ ਦੀਆਂ ਨਰਸਾਂ ਤੋਂ ਬਾਅਦ ਹੁਣ ਜ਼ਿਲ੍ਹੇ ’ਚ ਕੰਮ ਕਰਦੀਆਂ ਸਿਹਤ ਵਿਭਾਗ ਦੀਆਂ ਨਰਸਾਂ ਤੋਂ ਇਲਾਵਾ ਸਥਾਨਕ ਕੈਂਸਰ ਡਾਇਗਨੋਸਿਸ ਸੈਂਟਰ ਦਾ ਨਰਸਿੰਗ ਸਟਾਫ਼ ਵੀ ਹੜਤਾਲ ’ਤੇ ਚਲਿਆ ਗਿਆ ਹੈ। ਜਿਸਦੇ ਚੱਲਦੇ ਮਰੀਜ਼ਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿੱਤ ਮੰਤਰੀ ਨੇ ਕਿ੍ਰਸਚਿਨ ਕਮਿਊਨਿਟੀ ਹਾਲ ਦਾ ਕੀਤਾ ਉਦਘਾਟਨ
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਗਰ ਨਿਗਮ ਦੇ ਸਹਿਯੋਗ ਸਦਕਾ ਇਸਾਈ ਭਾਈਚਾਰੇ ਲਈ 1.5 ਏਕੜ ਜ਼ਮੀਨ ’ਚ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਕਮਿਊਨਿਟੀ ਹਾਲ ਦਾ ਅੱਜ ਉਦਘਾਟਨ ਕੀਤਾ। ਇਸ ਮੌਕੇ ਸ. ਬਾਦਲ ਨੇ ਕਮਿਊਨਿਟੀ ਹਾਲ ਵਿਚ ਫ਼ਰਨੀਚਰ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਇਸ ਮੌਕੇ ਇਕੱਤਰ ਹੋਏ ਈਸਾਈ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਲੋੜਵੰਦ ਦੀ ਮਦਦ ਕਰਨਾ, ਬਿਮਾਰ ਦੀ ਸਾਰ ਲੈਣੀ, ਦਰਦਮੰਦਾਂ ਦਾ ਦਰਦ ਵਡਾਉਣਾ ਹਜ਼ਰਤ ਈਸਾ ਮਸੀਹ ਦਾ ਮੁੱਖ ਉਦੇਸ਼ ਸੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਈਸਾਈ ਭਾਈਚਾਰੇ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਉਨ੍ਹਾਂ ਲਈ ਕਿਸੇ ਢੁੱਕਵੀਂ ਥਾਂ ਦਾ ਪ੍ਰਬੰਧ ਕੀਤਾ ਜਾਵੇ ਜਿੱਥੇ ਇਸਾਈ ਭਾਈਚਾਰਾ ਇੱਕਠਾ ਹੋ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਕਾਂਗਰਸ ਪਾਰਟੀ ਦੀ ਸੋਚ ਹੈ। ਇਸ ਮੌਕੇ ਸ. ਬਾਦਲ ਨੇ ਆਉਣ ਵਾਲਾ ਕਿ੍ਰਸਮਿਸ ਦਾ ਤਿਉਹਾਰ ਇਸਾਈ ਭਾਈਚਾਰੇ ਨਾਲ ਮਨਾਉਣ ਦਾ ਵਾਅਦਾ ਕੀਤਾ ਅਤੇ ਸਮੂਹ ਭਾਈਚਾਰੇ ਨੂੰ ਕਮਿਊਨਿਟੀ ਹਾਲ ਦੀ ਵਧਾਈ ਵੀ ਦਿੱਤੀ। ਇਸ ਮੌਕੇ ਯੂਨਾਇਟਡ ਕਿ੍ਰਸ਼ਚਿਨ ਵੈਲਫ਼ੇਅਰ ਐਸੋਸੀਏਸ਼ਨ ਤੇ ਪਾਸਟਰਜ਼ ਵੈਲਫ਼ੇਅਰ ਐਸੋਸੀਏਸ਼ਨ ਤੇ ਸਮੂਹ ਇਸਾਈ ਭਾਈਚਾਰੇ ਵਲੋਂ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਾਜਨ ਗਰਗ ਆਦਿ ਹਾਜ਼ਰ ਸਨ।
ਤਲਵੰਡੀ ਸਾਬੋ ਹਲਕੇ ਦੇ ਸੂਏ, ਕੱਸੀਆਂ ਤੇ ਨਹਿਰਾਂ ਦਾ 40 ਕਰੋੜ ਰੁਪਏ ਨਾਲ ਹੋਵੇਗਾ ਨਵੀਨੀਕਰਨ : ਜਟਾਣਾ
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ :- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ’ਚ ਨਹਿਰੀ ਪਾਣੀ ਦੀ ਘਾਟ ਨੂੰ ਪੁੂਰਾ ਕਰਨ ਲਈ ਜਲਦੀ ਹੀ ਸੂਏ, ਕੱਸੀਆਂ ਤੇ ਨਹਿਰਾਂ ਦਾ 40 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਦਾਅਵਾ ਅੱਜ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦਾ ਵਿਕਾਸ ਰਿਹਾ, ਜਿਸ ਲਈ ਉਨ੍ਹਾਂ ਨੇ ਅਣਥੱਕ ਮਿਹਨਤ ਕੀਤੀ ਅਤੇ ਇਹ ਯਤਨ ਹਮੇਸ਼ਾਂ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਨਿੱਜੀ ਸਕੱਤਰ ਰਣਜੀਤ ਸਿੰਘ ਸੰਧੂ ਸਮੇਤ ਕਾਂਗਰਸ ਲੀਡਰਸ਼ਿਪ ਅਤੇ ਪੰਚ ਸਰਪੰਚ ਹਾਜਰ ਸਨ। ਸ: ਜਟਾਣਾ ਨੇ ਇਹ ਗ੍ਰਾਂਟ ਜਾਰੀ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੰਚਾਈ ਮੰਤਰੀ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਦਾ ਧੰਨਵਾਦ ਵੀ ਕੀਤਾ।
ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਛੱਡੀਆਂ ਜਾ ਰਹੀਆਂ ਬੱਸਾਂ: ਡਿੰਪੀ ਢਿੱਲੋਂ
ਆਰਟੀਏ ਅੰਮਿ੍ਰਤਸਰ ਤੇ ਗੁਰਦਾਸਪੁਰ ’ਤੇ ਲਗਾਏ ਗੰਭੀਰ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ :-ਸੂਬੇ ਦੇ ਕੁੱਝ ਚਰਚਿਤ ਹਲਕਿਆਂ ਵਿਚੋਂ ਇੱਕ ਮੰਨੇ ਜਾਣ ਵਾਲੇ ਗਿੱਦੜਵਹਾ ਦੇ ਸਿਆਸੀ ਆਗੂਆਂ ਵਿਚਕਾਰ ਚੱਲ ਰਹੀ ਕੁੜੱਤਣ ਦਿਨ-ਬ-ਦਿਨ ਵਧਣ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਨਿਊ ਦੀਪ ਟ੍ਰਾਂਸਪੋਰਟ ਕੰਪਨੀ ਦੇ ਐਮ.ਡੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ‘‘ ਹਾਈਕੋਰਟ ਵਲੋਂ 6 ਦਸੰਬਰ ਨੂੰ ਜਾਰੀ ਹੁਕਮਾਂ ਦੇ ਬਾਵਜੂਦ ਉਸਦੀ ਕੰਪਨੀਆਂ ਦੀਆਂ ਬੱਸਾਂ ਹਾਲੇ ਤੱਕ ਛੱਡੀਆਂ ਨਹੀਂ ਜਾ ਰਹੀਆਂ। ’’ ਉਨ੍ਹਾਂ ਆਰਟੀਏ ਅੰਮਿ੍ਰਤਸਰ ਅਤੇ ਗੁਰਦਾਸਪੁਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਜਿੱਥੇ ਇੱਕ ਆਰਟੀਏ ਵਲੋਂ ਉਸਦੀ ਕੰਪਨੀ ਦੀਆਂ ਬੱਸਾਂ ਛੱਡਣ ਬਦਲੇ ਰਿਸ਼ਵਤ ਲਈ ਗਈ ਤੇ ਦੂਜੇ ਵਲੋਂ ਗਿੱਦੜਵਹਾ ਹਲਕੇ ’ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਡਿੰਨਰ ਸੈਟ ਵੰਡੇ ਜਾ ਰਹੇ ਹਨ। ਢਿੱਲੋਂ ਨੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ’ਤੇ ਸਿਆਸੀ ਬਦਲਾਖੋਰੀ ਤਹਿਤ ਬਦਨਾਮ ਕਰਨ ਤੇ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ‘‘ ਉਹ ਹਰ ਰੋਜ਼ ਪੰਜਾਬ ਸਰਕਾਰ ਨੂੰ ਇੱਕ ਲੱਖ ਰੁਪਏ ਦੇ ਟੈਕਸ ਅਦਾ ਕਰਦੇ ਹਨ ਤੇ ਇੱਕ ਨੰਬਰ ਦਾ ਕਾਰੋਬਾਰ ਕਰਦ ਹਨ। ’’ ਉਨ੍ਹਾਂ ਪੰਜਾਬ ਸਰਕਾਰ ਤੇ ਟ੍ਰਾਂਸਪੋਰਟ ਮੰਤਰੀ ਵਿਰੁਧ ਮਾਣਹਾਣੀ ਦਾ ਕੇਸ ਦਾਈਰ ਕਰਨ ਦਾ ਵੀ ਐਲਾਨ ਕੀਤਾ। ਡਿੰਪੀ ਢਿੱਲੋਂ ਨੇ ਅੱਗੇ ਕਿਹਾ ਕਿ ਇਕੱਲੇ ਉਨ੍ਹਾਂ ਨੇ ਨਹੀਂ, ਪੂਰੇ ਟ੍ਰਾਂਸਪੋਰਟ ਕਾਰੋਬਾਰੀਆ ਨੇ ਕਰੋਨਾ ਮਹਾਂਮਾਰੀ ਕਾਰਨ ਛਾਈ ਮੰਦੀ ਦੇ ਚੱਲਦੇ ਸਰਕਾਰ ਕੋਲ ਟੈਕਸ ਵਿਚ ਰਿਆਇਤ ਮੰਗੀ ਸੀ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹਿਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਭਰੋਸਾ ਵੀ ਦਿਵਾਇਆ ਸੀ ਪ੍ਰੰਤੂ ਮੌਜੂਦਾ ਸਰਕਾਰ ਨੇ ਕੋਰਾ ਜਵਾਬ ਦੇ ਦਿੱਤਾ, ਜਿਸ ਕਾਰਨ ਟੈਕਸ ਲੰਬਿਤ ਹੋਇਆ ਸੀ। ਉਧਰ ਮਾਮਲੇ ’ਚ ਪੱਖ ਲੈਣ ਲਈ ਕਈ ਵਾਰ ਆਰਟੀਏ ਅੰਮਿ੍ਰਤਸਰ ਤੇ ਗੁਰਦਾਸਪੁਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਨਵਜੋਤ ਸਿੱਧੂ ਦੇ ‘ਲਾਡਲੇ’ ਵਿਰੁਧ ਵਿਤ ਮੰਤਰੀ ਨੇ ਸੰਭਾਲੀ ਕਮਾਂਡ!
ਬਠਿੰਡਾ ਸ਼ਹਿਰੀ ਦੇ ਨਾਲ-ਨਾਲ ਦਿਹਾਤੀ ਦੇ ਸਮਾਗਮ ਰੱਖਣੇ ਕੀਤੇ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ :-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜਦੀਕੀ ਮੰਨੇ ਜਾਂਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਰੁਧ ‘ਅਸਿੱਧੇ’ ਢੰਗ ਨਾਲ ਮੋਰਚਾ ਖ਼ੋਲ ਦਿੱਤਾ ਹੈ। ਬੀਤੇ ਦਿਨੀਂ ਸਿੱਧੂ ਵਲੋਂ ਮਨਪ੍ਰੀਤ ਵਿਰੋਧੀ ਮੰਨੇ ਜਾਂਦੇ ਬਠਿੰਡਾ ਦਿਹਾਤੀ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਦੇ ਹਲਕੇ ’ਚ ਰੱਖੀ ਪ੍ਰਭਾਵਸ਼ਾਲੀ ਰੈਲੀ ਵਿਚ ਉਸਨੂੰ ਅਗਲਾ ਉਮੀਦਵਾਰ ਐਲਾਨਿਆ ਸੀ। ਜਿਸਤੋਂ ਬਾਅਦ ਲਾਡੀ ਦੇ ਵਧਦੇ ਪ੍ਰਭਾਵ ਨੂੰ ਠੱਲਣ ਲਈ ਮੋਰਚੇ ਦੀ ਕਮਾਂਡ ਖ਼ੁਦ ਵਿਤ ਮੰਤਰੀ ਨੇ ਸੰਭਾਲ ਲਈ ਹੈ। ਸੂਚਨਾ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਦੇ ਨੁਮਾਇੰਦੇ ਹੋਣ ਦੇ ਬਾਵਜੂਦ ਮਨਪ੍ਰੀਤ ਬਾਦਲ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਪਿਛਲੇ ਦੋ ਦਿਨਾਂ ਤੋਂ ਹਰਵਿੰਦਰ ਸਿੰਘ ਲਾਡੀ ਦੇ ਵਿਰੋਧੀ ਮੰਨੇ ਜਾਣ ਵਾਲੇ ਧੜੇ ਨੂੰ ਥਾਪੜਾ ਦੇ ਰਹੇ ਹਨ। ਇਹੀਂ ਨਹੀਂ ਸਿਆਸੀ ਤੌਰ ’ਤੇ ਲਾਡੀ ਦਾ ਪੱਤਾ ਕੱਟਣ ਲਈ ਸ: ਬਾਦਲ ਅਪਣੇ ਨਾਲ ਇੰਨ੍ਹਾਂ ਦੌਰਿਆਂ ਵਿਚ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੂੰ ਵੀ ਲਿਜਾ ਰਹੇ ਹਨ ਤੇ ਨਾਲ ਹੀ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨੂੰ ਅੱਗੇ ਕਰ ਰਹੇ ਹਨ। ਦਸਣਾ ਬਣਦਾ ਹੈ ਕਿ 13 ਦਸੰਬਰ ਨੂੰ ਹੋਈ ਰੈਲੀ ਵਿਚ ਹਰਵਿੰਦਰ ਲਾਡੀ ਨੇ ਅਪਣੇ ਭਾਸਣ ਵਿਚ ਸਪੱਸ਼ਟ ਤੌਰ ’ਤੇ ਵਿਤ ਮੰਤਰੀ ਉਪਰ ਨਿਸ਼ਾਨਾ ਵਿੰਨਦਿਆਂ ਦਾਅਵਾ ਕੀਤਾ ਸੀ ਕਿ ਉਸਨੂੰ ਅਪਣੇ ਹਲਕੇ ਵਿਚ ਐਸ.ਐਚ.ਓ ਲਗਾਉਣ ਦਾ ਵੀ ਅਧਿਕਾਰ ਨਹੀਂ ਤੇ ਨਾਲ ਹੀ ਪੰਜਾਬ ਸਰਕਾਰ ਵਲੋਂ ਹਲਕੇ ਦੇ ਵਿਕਾਸ ਕੰਮਾਂ ਲਈ ਭੇਜੇ ਕਰੋੜਾਂ ਰੁਪਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੋਕ ਕੇ ਰੱਖੇ ਹੋਏ ਹਨ। ਹਾਲਾਂਕਿ ਉਕਤ ਰੈਲੀ ਵਿਚ ਨਵਜੋਤ ਸਿੰਘ ਸਿੱਧੂ ਨੇ ਅਪਣੇ ਅੰਦਾਜ਼ ਵਿਚ ਅੱਗੇ ਤੋਂ ਲਾਡੀ ਦੇ ਹਲਕੇ ਵਿਚ ਕਿਸੇ ਹੋਰ ਆਗੂ ਦੀ ਦਖਲਅੰਦਾਜ਼ੀ ਨਾ ਹੋਣ ਦੇਣ ਦੇ ਦਾਅਵਾ ਕੀਤਾ ਸੀ ਪ੍ਰੰਤੂ ਹੁਣ ਵਿਤ ਮੰਤਰੀ ਨੇ ਪ੍ਰਧਾਨ ਦੇ ਦਾਅਵਿਆਂ ਦੀ ਫ਼ੂਕ ਕੱਢਣ ਲਈ ਅਪਣੇ ਪ੍ਰੋਗਰਾਮ ਉਲੀਕ ਲਏ ਹਨ। ਲਾਡੀ ਵਿਰੋਧੀ ਧੜੇ ਦੇ ਮੰਨੇ ਜਾਂਦੇ ਹਲਕੇ ਦੇ ਇੱਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਹੁਣ ਵਿਤ ਮੰਤਰੀ ਵਲੋਂ ਹਰ ਹਫ਼ਤੇ ਵਿਚ ਇੱਕ-ਦੋ ਪ੍ਰੋਗਰਾਮ ਬਠਿੰਡਾ ਦਿਹਾਤੀ ਹਲਕੇ ਵਿਚ ਰੱਖੇ ਜਾਇਆ ਕਰਨਗੇ। ਬੀਤੇ ਕੱਲ ਜਿੱਥੇ ਵਿਤ ਮੰਤਰੀ ਵਲੋਂ ਸਾਬਕਾ ਬਲਾਕ ਪ੍ਰਧਾਨ ਪਰਵਿੰਦਰ ਸਿੰਘ ਸ਼ਰਨੀ ਦੇ ਘਰ ਪ੍ਰਭਾਵਸ਼ਾਲੀ ਪ੍ਰੋਗਰਾਮ ਰੱਖਿਆ ਸੀ, ਉਥੇ ਅੱਜ ਹਰਦੀਪ ਸਿੰਘ ਜੈ ਸਿੰਘ ਵਾਲਾ ਦੇ ਪਿੰਡ ਇੱਕ ਵੱਡੀ ਮੀਟਿੰਗ ਕੀਤੀ ਗਈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪੰਜਾਬ ਦੇ ਵਿਚੋਂ ਵਾਹਦ ਹਰਵਿੰਦਰ ਸਿੰਘ ਲਾਡੀ ਹੀ ਇੱਕੋ-ਇੱਕ ਅਜਿਹੇ ਕਾਂਗਰਸੀ ਲੀਡਰ ਹਨ, ਜਿੰਨ੍ਹਾਂ ਨੇ ਖੁੱਲੇ ਤੌਰ ’ਤੇ ਨਾ ਸਿਰਫ਼ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਲਕਿ ਉਨ੍ਹਾਂ ਦੇ ਪ੍ਰਵਾਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਬਠਿੰਡਾ ਲੋਕ ਸਭਾ ਹਲਕੇ ਤੋਂ 2019 ਵਿਚ ਪਾਰਟੀ ਉਮੀਦਵਾਰ ਰਾਜਾ ਵੜਿੰਗ ਨੂੰ ਹਰਾਉਣ ਦੇ ਦੋਸ਼ ਲਗਾਏ ਸਨ। ਜਿਸਤੋਂ ਬਾਅਦ ਦੋਨਾਂ ਧੜਿਆਂ ਵਿਚ ਕੁੜੱਤਣ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਹੈਰਾਨੀਜਨਕ ਗੱਲ ਇੱਥੇ ਇਹ ਵੀ ਹੈ ਕਿ ਕਿਸੇ ਸਮੇਂ ਲਾਡੀ ਮਨਪ੍ਰੀਤ ਬਾਦਲ ਦੇ ਅਤਿ ਨਜਦੀਕੀਆਂ ਵਿਚ ਸ਼ੁਮਾਰ ਸਨ ਤੇ ਉਨ੍ਹਾਂ ਦੀ ਪੀਪਲਜ਼ ਪਾਰਟੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸ: ਬਾਦਲ ਨੇ ਲਾਡੀ ਨੂੰ ਬਠਿੰਡਾ ਦਿਹਾਤੀ ਹਲਕੇ ਵਿਚੋਂ ਟਿਕਟ ਦਿਵਾਉਣ ਵਿਚ ਵੀ ਯੋਗਦਾਨ ਪਾਇਆ ਸੀ ਪ੍ਰੰਤੂ ਬਾਅਦ ਵਿਚ ਹਲਕੇ ’ਚ ਲਾਡੀ ਨੂੰ ਸੋਅ-ਪੀਸ ਬਣਾਉਣ ਦੇ ਚੱਲਦਿਆਂ ਦੋਨਾਂ ਦੇ ਸਬੰਧਾਂ ਵਿਚ ਤਰੇੜ ਪੈਣੀ ਸ਼ੁਰੂ ਹੋ ਗਈ ਸੀ ਤੇ ਜਿਹੜੀ ਹੁਣ ਸੀਮੇਂਟ ਦੀ ਕੰਧ ਬਣ ਗਈ ਹੈ।
ਬਾਕਸ
ਹਲਕੇ ’ਚ ਦਖ਼ਲਅੰਦਾਜ਼ੀ ਦੀ ਜਾਣਕਾਰੀ ਹਾਈਕਮਾਂਡ ਨੂੰ ਦਿੱਤੀ: ਲਾਡੀ
ਬਠਿੰਡਾ: ਉਧਰ ਇਸ ਮਾਮਲੇ ਵਿਚ ਪੱਖ ਜਾਣਨ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਤਾਂ ਸੰਪਰਕ ਨਹੀਂ ਹੋ ਸਕਿਆ ਪ੍ਰੰਤੂ ਬਠਿੰਡਾ ਦਿਹਾਤੀ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਨੇ ਕਿਹਾ ਕਿ ‘‘ ਕਾਂਗਰਸ ਹਾਈਕਮਾਂਡ ਦੇ ਹੁਕਮਾਂ ਦੇ ਉਲਟ ਵਿਤ ਮੰਤਰੀ ਉਨ੍ਹਾਂ ਦੇ ਹਲਕੇ ਵਿਚ ਲਗਾਤਾਰ ਦਖ਼ਲਅੰਦਾਜ਼ੀ ਕਰ ਰਹੇ ਹਨ ਤੇ ਇੱਥੋਂ ਤੱਕ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤੁਲਨਾ ਇੱਕ ਬੇਲਗਾਮ ਘੋੜੇ ਨਾਲ ਕਰ ਰਹੇ ਹਨ, ਜਿਸਦੀ ਜਾਣਕਾਰੀ ਉਨ੍ਹਾਂ ਹਾਈਕਮਾਂਡ ਤੱਕ ਪਹੁੰਚਾ ਦਿੱਤੀ ਹੈ ਤੇ ਉਮੀਦ ਹੈ ਕਿ ਜਲਦ ਹੀ ਕੋਈ ਕਾਰਵਾਈ ਹੋਵੇਗੀ। ’’
ਬਠਿੰਡਾ ’ਚ ਠੇਕਾ ਮੁਲਾਜਮਾਂ ਦੀ ਅੱਜ ਮੁੜ ਹੋਈ ਧੂਹ-ਘੜੀਸ
ਸੁਖਜਿੰਦਰ ਮਾਨ
ਬਠਿੰਡਾ, 17 ਦਸੰਬਰ:-ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਕਰਨ ਪੁੱਜੇ ਠੇਕਾ ਮੁਲਾਜਮਾਂ ਦੀ ਅੱਜ ਮੁੜ ਪੁਲਿਸ ਵਲੋਂ ਖਿੱਚ ਧੂਹ ਕੀਤੀ ਗਈ। ਪੁਲਿਸ ਨੇ ਇੰਨ੍ਹਾਂ ਮੁਲਾਜਮਾਂ ਨੂੰ ਜਬਰਦਸਤੀ ਗੱਡੀਆਂ ਵਿਚ ਸੁੱਟ ਕੇ ਥਾਣੇ ਵਿਚ ਬੰਦ ਕਰ ਦਿੱਤਾ। ਇੰਨ੍ਹਾਂ ਕੱਚੇ ਕਾਮਿਆਂ ਨੇ ਵਿਤ ਮੰਤਰੀ ਵਿਰੁਧ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਉਹ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਕਰਦੇ ਰਹਿਣਗੇ। ਦਸਣਾ ਬਣਦਾ ਹੈ ਕਿ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮਾਂ ਵਲੋਂ ਲਗਾਤਾਰ ਵਿੱਤ ਮੰਤਰੀ ਮਨਪ੍ਰਰੀਤ ਬਾਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੂਚਨਾ ਮੁਤਾਬਕ ਅੱਜ ਜਦ ਵਿਤ ਮੰਤਰੀ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਇਕ ਪੋ੍ਜੈਕਟ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ ਤਾਂ ਠੇਕਾ ਮੁਲਾਜ਼ਮ ਸਮਾਗਮ ਵਾਲੀ ਥਾਂ ਨੇੜੇ ਪੁੱਜ ਗਏ ਤੇ ਉਨ੍ਹਾਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਕੱਚੇ ਕਾਮਿਆਂ ਨੂੰ ਗਿ੍ਰਫਤਾਰ ਕਰ ਲਿਆ।
ਵਰਿੰਦਰ ਕੁਮਾਰ ਸ਼ਰਮਾ ਬਣੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਸੁਖਜਿੰਦਰ ਮਾਨ
ਬਠਿੰਡਾ, 17 ਦਸੰਬਰ:-ਮਾਲਵਾ ਦੀ ਸਭ ਤੋਂ ਵੱਡੀ ਵਕੀਲਾਂ ਦੀ ਸੰਸਥਾ ਮੰਨੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ’ਚ ਐਡਵੋਕੇਟ ਵਰਿੰਦਰ ਕੁਮਾਰ ਸ਼ਰਮਾ ਅਪਣੇ ਨੇੜਲੇ ਵਿਰੋਧੀ ਐਡਵੋਕੇਟ ਰੋਹਿਤ ਰੋਮਾਣਾ ਨੂੰ 68 ਵੋਟਾਂ ਦੇ ਅੰਤਰ ਨਾਲ ਜਿੱਤ ਕੇ ਪ੍ਰਧਾਨ ਬਣ ਗਏ ਹਨ। ਅੱਜ ਪਈਆਂ ਵੋਟਾਂ ਵਿਚ ਸਰਮਾ ਨੂੰ 538 ਅਤੇ ਰੋਮਾਣਾ ਨੂੰ 470 ਵੋਟਾਂ ਪਈਆਂ। ਉਜ ਕੁੱਲ 1147 ਵੋਟਾਂ ਵਿਚੋਂ 1013 ਵੋਟਾਂ ਪੋਲ ਹੋਈਆਂ ਜਦੋਂਕਿ ਚਾਰ ਕੈਂਸਲ ਹੋ ਗਈਆਂ। ਇਸੇ ਤਰ੍ਹਾਂ ਉਪ ਪ੍ਰਧਾਨ ਲਈ ਐਡਵੋਕੇਟ ਸੂਰੀਆ ਕਾਂਤ ਨੇ ਐਡਵੋਕੇਟ ਮਹੇਸ ਕੁਮਾਰ ਨੂੰ 44 ਵੋਟਾਂ ਦੇ ਅੰਤਰ ਨਾਲ ਹਰਾਇਆ। ਜਦੋਂਕਿ ਸੈਕਟਰੀ ਦੇ ਅਹੁੱਦੇ ਲਈ ਹੋਏ ਫ਼ਸਵੇ ਮੁਕਾਬਲੇ ਵਿਚ ਐਡਵੋਕੇਟ ਗੁਰਿੰਦਰ ਸਿੱਧੂ ਅਪਣੇ ਵਿਰੋਧੀ ਐਡਵੋਕੇਟ ਸੁਨੀਲ ਤਿ੍ਰਪਾਠੀ ਤੋਂ 6 ਵੋਟਾਂ ਦੇ ਅੰਤਰ ਨਾਲ ਮਾਤ ਖ਼ਾ ਗਏ। ਉਧਰ ਕੈਸੀਅਰ ਦੇ ਅਹੁੱਦੇ ਲਈ ਮਹਿਲਾ ਵਕੀਲ ਸਤਵੀਰ ਕੌਰ ਨੇ ਐਡਵੋਕੇਟ ਜਸਵੀਰ ਕੌਰ ਨੂੰ 178 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਇਸਤੋਂ ਇਲਾਵਾ ਜੁਆਇੰਟ ਸਕੱਤਰ ਦੇ ਅਹੁੱਦੇ ਲਈ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਐਡਵੋਕੇਟ ਅਮਰ ਸਿੰਘ ਨੂੰ 54 ਵੋਟਾਂ ਨਾਲ ਹਰਾਇਆ। ਉਧਰ ਨਵੀਂ ਚੁਣੀ ਗਈ ਟੀਮ ਨੇ ਵਕੀਲਾਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਦਿਵਾਇਆ।






