ਸੁਖਜਿੰਦਰ ਮਾਨ
ਬਠਿੰਡਾ, 17 ਦਸੰਬਰ :-ਸਥਾਨਕ ਜਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਵਿੱਚ ਐਡਵੋਕੇਟ ਵਿਨੋਦ ਮਿੱਤਲ ਨੂੰ ਪ੍ਰਧਾਨ, ਐਡਵੋਕੇਟ ਮੋਹਿਤ ਜਿੰਦਲ ਨੂੰ ਸਕੱਤਰ, ਐਡਵੋਕੇਟ ਰਾਕੇਸ ਮਿੱਤਲ ਨੂੰ ਕੈਸੀਅਰ, ਐਡਵੋਕੇਟ ਸੋਹਣ ਲਾਲ ਮਿੱਤਲ ਨੂੰ ਉਪ ਪ੍ਰਧਾਨ ਅਤੇ ਐਡਵੋਕੇਟ ਮੋਹਿਤ ਸਿੰਗਲਾ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ। ਰਿਟਰਨਿੰਗ ਅਫਸਰ ਐਡਵੋਕੇਟ ਵਿਜੇ ਕੁਮਾਰ ਜਿੰਦਲ ਅਤੇ ਐਡਵੋਕੇਟ ਪੀਪੀ ਮਹੇਸਵਰੀ ਨੇ ਦਸਿਆ ਕਿ ਸਾਰੇ ਅਹੁਦਿਆਂ ਲਈ ਸਿਰਫ ਇੱਕ ਉਮੀਦਵਾਰ ਨੇ ਨਾਮਜਦਗੀ ਦਾਖਲ ਕੀਤੀ ਸੀ। ਇਸ ਲਈ ਉਕਤ ਅਹੁਦੇਦਾਰਾਂ ਦੀ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ। ਟੈਕਸ ਬਾਰ ਦੇ ਮੁੜ ਚੁਣੇ ਗਏ ਸਕੱਤਰ ਮੋਹਿਤ ਜਿੰਦਲ ਨੇ ਮੀਟਿੰਗ ਵਿੱਚ ਹਾਜਰ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਬਾਰ ਦਾ ਸੰਚਾਲਨ ਅਤੇ ਕੰਮਕਾਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ।
ਜਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਦੀ ਹੋਈ ਚੋਣ ’ਚ ਵਿਨੋਦ ਮਿੱਤਲ ਪ੍ਰਧਾਨ ਤੇ ਮੋਹਿਤ ਜਿੰਦਲ ਸਕੱਤਰ ਬਣੇ
ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਨੇ ਕੀਤਾ ਵਿਧਾਨ ਸਭਾ ਚੋਣਾਂ ਲਈ 43 ਉਮੀਦਵਾਰਾਂ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 17 ਦਸੰਬਰ :- ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਨੇ ਵੀ ਚੋਣ ਵਿਗਲ ਵਜਾਉਂਦਿਆਂ ਅਪਣੀ ਪਾਰਟੀ ਦੇ 43 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਸਥਾਨਕ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਚੋਣ ਮੈਨੀਫੈਸਟੋ ਵੀ ਜਾਰੀ ਕਰਦਿਆਂ ਐਲਾਨ ਕੀਤਾ ਕਿ ਸਰਕਾਰ ਬਣਨ ’ਤੇ ਲੋਕਾਂ ਨੂੰ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨੌਜਵਾਨਾਂ ਨੂੰ ਰੁਜਗਾਰ ਤੇ ਖ਼ਾਸ ਕਰਕੇ ਪਾਕਿਸਤਾਨ ਨਾਲ ਬਾਰਡਰ ਖੋਲ੍ਹ ਕੇ ਹਰ ਤਰ੍ਹਾਂ ਦਾ ਵਪਾਰ ਸ਼ੁਰੂ ਕਰਨ ਲਈ ਯਤਨ ਕਰਨਗੇ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਜ਼ਮੀਨੀ ਪੱਧਰ ਦੇ ਪਾਣੀ ਨੂੰ ਉੱਚਾ ਚੱਕਣ ,ਹੋਰਨਾਂ ਸੂਬਿਆਂ ਨੂੰ ਜਾਂਦੇ ਫਾਲਤੂ ਪਾਣੀ ਨੂੰ ਰੋਕਣ ਲਈ ਵੀ ਯਤਨ ਹੋਣਗੇ ਅਤੇ ਪਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਮੁਫ਼ਤ ਨਹੀਂ ਹੋਵੇਗੀ ਪਰ ਹਾਲਾਤ ਅਜਿਹੇ ਬਣਾਏ ਜਾਣਗੇ ਕਿ ਕਿਸੇ ਵੀ ਪਰਿਵਾਰ ਨੂੰ ਔਖ ਨਹੀਂ ਝੱਲਣੀ ਪਵੇਗੀ। ਇਸ ਮੌਕੇ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 84 ਕਤਲੇਆਮ ਦੇ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਲਈ ਕੇਜਰੀਵਾਲ ਹਾਲੇ ਤੱਕ ਵਿਧਾਨ ਸਭਾ ਵਿੱਚ ਮਤਾ ਪਾਸ ਨਹੀਂ ਕਰ ਸਕੇ, ਨਾ ਹੀ ਉਨ੍ਹਾਂ ਦੀ ਕੈਬਨਿਟ ਵਿੱਚ ਅੱਜ ਤਕ ਕਿਸੇ ਸਿੱਖ ਚਿਹਰੇ ਨੂੰ ਨੁਮਾਇੰਦਗੀ ਮਿਲੀ ਹੈ, ਫਿਰ ਉਹ ਪੰਜਾਬ ਵਿੱਚ ਸਿੱਖਾਂ ਨੂੰ ਗੁੰਮਰਾਹ ਕਰਨ ਦੇ ਬਿਆਨ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਪਾਰਟੀ ਦਾ ਏਜੰਡਾ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ, 328 ਸਰੂਪ ਸਭ ਚੋਰੀ ਹੋਣ ਦੇ ਮਾਮਲੇ ਦੀ ਜਾਂਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖ ਤੌਰ ਤੇ ਚੋਣਾਂ ਕਰਵਾਉਣ ਦੇ ਯਤਨ ਅਤੇ ਨਸ਼ਿਆਂ ਖ਼ਿਲਾਫ਼ ਇੱਕ ਲਹਿਰ ਖੜ੍ਹੀ ਕਰਨਾ ਵੀ ਮੁੱਖ ਮੁੱਦਾ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ ਮਹਿੰਦਰਪਾਲ ਸਿੰਘ ਖਾਲਸਾ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਗੁਰਜੰਟ ਸਿੰਘ ਕੱਟੂ,ਸ੍ਰ ਅਵਤਾਰ ਸਿੰਘ ਖੱਖ,ਪਰਮਿੰਦਰ ਸਿੰਘ ਬਾਲਿਆਂਵਾਲੀ,ਅਮਰਿੰਦਰ ਸਿੰਘ ਸੋਲਖੀਆ, ਰਣਦੀਪ ਸਿੰਘ ਸੰਧੂ, ਸੁਖਦੇਵ ਸਿੰਘ ਕਾਲਾ ,ਹਰਫੂਲ ਸਿੰਘ ਬਠਿੰਡਾ,ਰਣਜੀਤ ਸਿੰਘ ਵਾਂਦਰ, ਅਮਰਿੰਦਰ ਸਿੰਘ, ਸਿਮਰਨਜੋਤ ਸਿੰਘ ਖਾਲਸਾ ਆਦਿ ਹਾਜਰ ਸਨ।
ਹਲਕਾ ਭੁੱਚੋ ਦੇ ਵਿਕਾਸ ਲਈ ਵਿੱਤ ਮੰਤਰੀ ਨੇ ਦਿੱਤਾ ਤਿੰਨ ਕਰੋੜ ਰੁਪਏ ਦਾ ਚੈਂਕ
ਸੁਖਜਿੰਦਰ ਮਾਨ
ਬਠਿੰਡਾ, 17 ਦਸੰਬਰ :-ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ਭੁੱਚੋਂ ਦੇ ਵਿਕਾਸ ਲਈ ਅੱਜ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਨਾਲ ਮਿਲ ਕੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਫਰਜੰਦ ਐਡਵੋਕੇਟ ਰੂੁਪਿੰਦਰਪਾਲ ਸਿੰਘ ਕੋਟਭਾਈ ਅਤੇ ਮਾਰਕੀਟ ਕਮੇਟੀ ਭੁੱਚੋ ਦੇ ਚੇਅਰਮੈਨ ਨਾਹਰ ਸਿੰਘ ਭੁੱਲਰ ਨੂੰ ਤਿੰਨ ਕਰੋੜ ਰੁਪਏ ਦਾ ਚੈਂਕ ਸੋਪਿਆਂ। ਇਸ ਮੌਕੇ ਵਿੱਤ ਮੰਤਰੀ ਸ. ਬਾਦਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਚੰਨੀ ਸਰਕਾਰ ਸੂਬੇ ਦੇ ਵਿਕਾਸ ਲਈ ਗ੍ਰਾਂਟ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ। ਉਨਾਂ ਭੁੱਚੋ ਹਲਕੇ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਹਲਕਾ ਭੁੱਚੋ ਦੇ ਵਿਕਾਸ ਲਈ ਪੰਜ ਕਰੋੜ ਰੁਪਏ ਦਾ ਇਕ ਹੋਰ ਚੈਂਕ ਹਲਕੇ ਦੇ ਵਿਕਾਸ ਲਈ ਦਿੱਤਾ ਜਾਵੇਗਾ। ਉਧਰ ਪਐਡਵੋਕੇਟ ਰੂੁਪਿੰਦਰਪਾਲ ਸਿੰਘ ਕੋਟਭਾਈ ਅਤੇ ਮਾਰਕੀਟ ਕਮੇਟੀ ਭੁੱਚੋ ਦੇ ਚੇਅਰਮੈਨ ਨਾਹਰ ਸਿੰਘ ਭੁੱਲਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਅੰਦਰਲੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਭੁੱਚੋ ਹਲਕੇ ’ਤੇ ਸਵੱਲੀ ਨਜਰ ਰੱਖੀ ਹੈ। ਜਿਸ ਕਾਰਨ ਹੀ ਹਲਕੇ ਅੰਦਰਲੀਆ ਸੜਕਾਂ, ਪਿੰਡਾਂ ਅੰਦਰ ਸ਼ਹਿਰਾਂ ਵਰਗੀਆ ਇੰਟਰਲਾਕ ਗਲੀਆ, ਸਿੰਚਾਈ ਲਈ ਲੋੜੀਦਾ ਪਾਣੀ ਅਤੇ ਪੀਣ ਵਾਲੇ ਪਾਣੀ ਦੀ ਪਿਛਲੇ ਸਮੇਂ ਤੋ ਰੜਕਦੀ ਘਾਟ ਨੂੰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਵਿਚ ਪੂਰਾ ਕੀਤਾ ਹੈ।
ਸਵਰਨਕਾਰ ਭਲਾਈ ਬੋਰਡ ਬਣਾਉਣ ਲਈ ਵਿਤ ਮੰਤਰੀ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 17 ਦਸੰਬਰ :-ਪੰਜਾਬ ਸਵਰਨਕਾਰ ਸੰਘ ਵਲੋਂ ਅੱਜ ਵਿਤ ਮੰਤਰੀ ਨੂੰ ਭਾਈਚਾਰੇ ਦੀ ਭਲਾਈ ਲਈ ਸਵਰਨਕਾਰ ਭਲਾਈ ਬੋਰਡ ਬਣਾਉਣ ਅਤੇ ਧਾਰਾ411 ਤਹਿਤ ਜਵੈਲਰਜ਼ ਨੂੰ ਤੰਗ ਪ੍ਰੇਸਾਨ ਕਰਨ ਤੋਂ ਰੋਕਣ ਲਈ ਇੱਕ ਮੰਗ ਪੱਤਰ ਦਿੱਤਾ। ਇਸ ਮੌਕੇ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ, ਕੋਂਸਲਰ ਆਤਮਾ ਸਿੰਘ ਕੜਵਲ, ਸੈਕਟਰੀ ਰਜਿੰਦਰ ਖੁਰਮੀ, ਜਰਨਲ ਸੈਕਟਰੀ ਕੁਲਤਾਰ ਸਿੰਘ, ਸਿਟੀ ਪ੍ਰਧਾਨ ਭੋਲਾ ਸਿੰਘ, ਜਰਨਲ ਸੈਕਟਰੀ ਰੇਸ਼ਮ ਸਿੰਘ, ਸੈਕਟਰੀ ਗੁਰਮੇਲ ਸਿੰਘ ਅਤੇ ਹੋਰ ਮੈਂਬਰਾਂ ਨੇ ਮਨਪ੍ਰੀਤ ਬਾਦਲ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਵੱਖ-ਵੱਖ ਜਾਤੀਆ ਦੇ ਭਲਾਈ ਲਈ ਬੋਰਡ ਬਣੇ ਹੋਏ ਹਨ ਪਰੰਤੂ ਸਵਰਨਕਾਰ ਭਲਾਈ ਬੋਰਡ ਨਹੀ ਹੈ। ਇਸੇ ਤਰ੍ਹਾਂ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਤੋਂ ਰੋਕਣ ਦੀ ਮੰਗ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਕਾਰਨ ਪੰਜਾਬ ਦੇ ਜਵੈਲਰਾਂ ਨੂੰ ਇਨਸਾਫ ਨਹੀ ਮਿਲ ਰਿਹਾ ਹੈ। ਵਿਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਮੁਸ਼ਕਲ ਦੂਰ ਕੀਤੀ ਜਾਵੇਗੀ।
ਚੰਨੀ ਸਰਕਾਰ ਦਾ ਵੱਡਾ ਫ਼ੈਸਲਾ, ਸਹੋਤਾ ਦੀ ਥਾਂ ਚੱਟੋਪਾਧਿਆਏ ਬਣਾਏ ਨਵੇਂ ਡੀਜੀਪੀ
ਸੁਖਬੀਰ ਤੇ ਮਜੀਠੀਆ ਵਿਰੁੱਧ ਹੋ ਸਕਦੀ ਹੈ ਕਾਰਵਾਈ!
ਸੁਖਜਿੰਦਰ ਮਾਨ
ਚੰਡੀਗੜ੍ਹ, 17 ਦਸੰਬਰ:ਬੀਤੀ ਦੇਰ ਰਾਤ ਸੂਬੇ ਦੀ ਚੰਨੀ ਸਰਕਾਰ ਵਲੋਂ ਲਏ ਇੱਕ ਮਹੱਤਵਪੂਰਣ ਫੈਸਲੇ ਵਿੱਚ ਮੌਜੂਦਾ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਥਾਂ ਵਿਜੀਲੈਂਸ ਵਿਭਾਗ ਦੇ ਮੁਖੀ ਸਿਧਾਰਥ ਚਟੋਪਾਧਿਆਇਆ ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਲਾ ਦਿੱਤਾ ਹੈ। ਹਾਲਾਂਕਿ ਇਹ ਨਿਯੁਕਤੀ ਸਹੋਤਾ ਦੀ ਤਰ੍ਹਾਂ ਅਡੀਸ਼ਨਲ ਦਿੱਤੀ ਗਈ ਹੈ, ਪਰੰਤੂ ਇਸ ਨਿਯੁਕਤੀ ਦੇ ਵੱਡੇ ਸਿਆਸੀ ਮਾਅਨੇ ਨਿਕਲਦੇ ਦਿਖਾਈ ਦਿੰਦੇ ਹਨ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵਲੋਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਸਖਤ ਕਾਰਵਾਈ ਕਰਨ ਦੇ ਰੋਅ ਵਿੱਚ ਜਾਪਦੀ ਹੈ, ਜਿਸਦੇ ਚੱਲਦੇ ਨਵੀਂ ਨਿਯੁਕਤੀ ਨੂੰ ਵੀ ਇਸਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਯੂ ਪੀ ਐਸ ਸੀ ਵੱਲੋਂ ਪੰਜਾਬ ਦੇ ਨਵੇਂ ਡੀ ਜੀ ਪੀ ਦੀ ਪੱਕੀ ਨਿਯੁਕਤੀ ਲਈ 21 ਦਸੰਬਰ ਨੂੰ ਪੈਨਲ ਦੀ ਰੱਖੀ ਮੀਟਿੰਗ ਵਿੱਚ ਸਿਧਾਰਥ ਚਟੋਪਾਧਿਆਇਆ ਦੋੜ ਵਿੱਚੋਂ ਬਾਹਰ ਹੋ ਗਏ ਹਨ ਕਿਉਂਕਿ ਨਵੇਂ ਪੈਨਲ ਲਈ ਕੱਟ ਆਫ਼ ਡੇਟ 5 ਅਕਤੂਬਰ ਰੱਖੀ ਗਈ ਹੈ ਜਿਸਦੇ ਚੱਲਦੇ ਚਟੋਪਾਧਿਆਇਆ ਦੀ ਸੇਵਾਮੁਕਤੀ ਵਿੱਚ 6 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਦੀ ਪਸੰਦ ਦੱਸੇ ਜਾ ਰਹੇ ਨਵੇਂ ਡੀਜੀਪੀ ਪਿਛਲੀ ਕੈਪਟਨ ਸਰਕਾਰ ਦੌਰਾਨ (2002 2007) ਬਾਦਲ ਪ੍ਰਵਾਰ ਵਿਰੁੱਧ ਜਾਂਚ ਕੀਤੀ ਸੀ। ਜਿਸ ਦੇ ਚਲਦੇ ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਕ ਹਫਤੇ ਦੇ ਅੰਦਰ ਸਰਕਾਰ ਬਾਦਲ ਅਤੇ ਮਜੀਠੀਆ ਵੱਡੀ ਕਾਰਵਾਈ ਕਰ ਸਕਦੀ ਹੈ।
ਬਾਬਾ ਫ਼ਰੀਦ ਕਾਲਜ ਨੇ ਵੈੱਬਸਾਈਟ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਹੁਨਰ ਵਿਕਾਸ ਸੈੱਲ ਦੇ ਸਹਿਯੋਗ ਨਾਲ ‘ਵੈੱਬਸਾਈਟ ਡਿਜ਼ਾਈਨਿੰਗ’ ਮੁਕਾਬਲੇ ਦਾ ਆਯੋਜਨ ਕੀਤਾ। ਡਿਜੀਟਲ ਇੰਡੀਆ, ਵਾਤਾਵਰਨ, ਸਿੱਖਿਆ ਦੇ ਖੇਤਰ ਵਿੱਚ ਈ-ਸਰੋਤ ਅਤੇ ਕਾਲਜ/ਸਕੂਲ ਦੀ ਵੈੱਬਸਾਈਟ ਇਸ ਮੁਕਾਬਲੇ ਦੇ ਵਿਸ਼ੇ ਸਨ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵੈੱਬ ਡਿਜ਼ਾਈਨਿੰਗ ਅਤੇ ਵਿਕਾਸ ਦੇ ਹੁਨਰ ਨੂੰ ਵਿਕਸਤ ਕਰਨਾ ਅਤੇ ਉਨ੍ਹਾਂ ਨੂੰ ਵੈੱਬ ਪੇਜ ਦੀ ਡਿਜ਼ਾਈਨਿੰਗ ਵਿੱਚ ਸ਼ਾਮਲ ਕਰਨਾ ਅਤੇ ਵਿਕਾਸਸ਼ੀਲ ਵੈੱਬ ਐਪਲੀਕੇਸ਼ਨਾਂ ਦੇ ਹੁਨਰਾਂ ਨੂੰ ਬਿਹਤਰ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਸੀ। ਵਿਦਿਆਰਥੀਆਂ ਨੇ ਐਚ.ਟੀ.ਐਮ.ਐਲ., ਡੀ.ਐਚ.ਟੀ.ਐਮ.ਐਲ. ਅਤੇ ਸੀ.ਐਸ.ਐਸ ਦੀ ਵਰਤੋਂ ਨਾਲ ਆਪਣੇ ਵੈੱਬ ਵਿਕਾਸ ਦੇ ਹੁਨਰ ਨੂੰ ਪੇਸ਼ ਕੀਤਾ। ਇਸ ਗਤੀਵਿਧੀ ਨੇ ਉਨ੍ਹਾਂ ਨੂੰ ਕਲਾਤਮਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਸੋਚਣ ਅਤੇ ਰਚਨਾਤਮਕ ਤੌਰ ‘ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਹ ਮੁਕਾਬਲਾ ਵਿਦਿਆਰਥੀਆਂ ਲਈ ਆਪਣੇ ਗਿਆਨ ਨੂੰ ਆਪਣੀ ਰਚਨਾਤਮਕ ਸੋਚ ਨਾਲ ਜੋੜਨ ਦਾ ਇੱਕ ਚੰਗਾ ਮੌਕਾ ਸੀ। ਇਸ ਮੁਕਾਬਲੇ ਦੇ ਨਤੀਜੇ ਦਾ ਨਿਰਣਾ ਡਾ. ਤੇਜਿੰਦਰ ਸਿੰਘ (ਮੁਖੀ, ਕੰਪਿਊਟਰ ਸਾਇੰਸ ਵਿਭਾਗ) ਅਤੇ ਸਹਾਇਕ ਪ੍ਰੋਫੈਸਰ ਸ੍ਰੀ ਮੁਕੇਸ਼ ਕੁਮਾਰ ਨੇ ਕੀਤਾ। ਇਸ ਮੁਕਾਬਲੇ ਵਿੱਚ ਬੀ.ਸੀ.ਏ. ਪੰਜਵਾਂ ਸਮੈਸਟਰ ਦੀ ਵਿਦਿਆਰਥਣ ਜਸਮੀਨ ਕੌਰ ਨੇ ਪਹਿਲਾ ਸਥਾਨ ਅਤੇ ਲਵਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋਂ ਕਿ ਬੀ.ਸੀ.ਏ. ਪੰਜਵਾਂ ਸਮੈਸਟਰ ਦੇ ਤਰਨ ਕੁਮਾਰ ਤੇ ਕੋਮਲਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ । ਕੁੱਲ ਮਿਲਾ ਕੇ, ਵੈੱਬ ਡਿਜ਼ਾਈਨਿੰਗ ਮੁਕਾਬਲਾ ਡਿਵੈਲਪਰਾਂ ਲਈ ਮੁਕਾਬਲਾ ਕਰਨ ਅਤੇ ਉਨ੍ਹਾਂ ਦੇ ਵੈੱਬ ਵਿਕਾਸ ਹੁਨਰ ਨੂੰ ਉਜਾਗਰ ਕਰਨ ਲਈ ਇੱਕ ਵਿਹਾਰਕ ਵਿਕਲਪ ਸਾਬਤ ਹੋਇਆ। ਇਸ ਮੁਕਾਬਲੇ ਨੇ ਭਾਗੀਦਾਰਾਂ ਨੂੰ ਪ੍ਰੇਰਨਾ, ਜੋਸ਼ ਅਤੇ ਆਤਮਵਿਸ਼ਵਾਸ ਨਾਲ ਭਰ ਦਿੱਤਾ। ਇਸ ਮੁਕਾਬਲੇ ਦੀ ਕੋਆਰਡੀਨੇਟਰ ਡਾ. ਸਾਲੂ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਸ਼ਲਾਘਾ ਕੀਤੀ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਕੰਪਿਊਟਰ ਸਾਇੰਸ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ- ਭਾਜਪਾ ਨੂੰ ਅਜ਼ਮਾਇਆ, ਹੁਣ ਇੱਕ ਮੌਕਾ ‘ਆਪ’ ਨੂੰ ਦੇਵੇ ਪੰਜਾਬ: ਅਰਵਿੰਦ ਕੇਜਰੀਵਾਲ
ਪੰਜਾਬ ਖੁਦ ਤੈਅ ਕਰੇ, ਗੁੱਲੀ ਡੰਡਾ ਖੇਡਣ ਵਾਲੀ ਜਾਂ ਸਕੂਲ- ਹਸਪਤਾਲ ਬਣਾਉਣ ਸਰਕਾਰ ਚਾਹੀਦੀ ਹੈ: ਅਰਵਿੰਦ ਕੇਜਰੀਵਾਲ
ਤੰਜ ਕਸਦਿਆਂ ਬੋਲੇ ਕੇਜਰੀਵਾਲ: ‘ਚੰਨੀ ਨੇ ਸਰਕਾਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ’
ਖ਼ਜ਼ਾਨਾ ਲੁੱਟਣ ਵਾਲਿਆਂ ਦੀ ਜੇਬਾਂ ਤੋਂ ਸਰਕਾਰੀ ਪੈਸਾ ਵਸੂਲ ਕਰੇਗੀ ‘ਆਪ’ ਦੀ ਸਰਕਾਰ: ਅਰਵਿੰਦ ਕੇਜਰੀਵਾਲ
80 ਦਿਨਾਂ ਦਾ ਹਿਸਾਬ ਦੇ ਕੇ ਕਿਹੜੇ ਮੂੰਹ ਅਗਲੇ 5 ਸਾਲ ਮੰਗ ਰਹੇ ਹਨ ਕਾਂਗਰਸੀ: ਭਗਵੰਤ ਮਾਨ
ਬਾਦਲਾਂ ਦੇ ਗੜ੍ਹ ਲੰਬੀ ’ਚ ਜਾ ਕੇ ਗਰਜੇ ਕੇਜਰੀਵਾਲ ਅਤੇ ਭਗਵੰਤ ਮਾਨ
ਸੁਖਜਿੰਦਰ ਮਾਨ
ਮੁਕਤਸਰ ਸਾਹਿਬ, 16 ਦਸੰਬਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੌਜੂਦਾ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਅਤੇ ਡਰਾਮੇਬਾਜ਼ੀ ਸਰਕਾਰ ਕਰਾਰ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਸ ਵਾਰ ਦੀਆਂ ਚੋਣਾ ’ਚ ਪੰਜਾਬ ਖ਼ੁਦ ਤਹਿ ਕਰੇ ਕਿ ਇੱਥੇ ਗੁੱਲੀ-ਡੰਡਾ ਖੇਡਣ ਜਾਂ ਧਾਰਾਂ ਚੋਣ ਵਾਲੀ ਡਰਾਮੇਬਾਜ ਸਰਕਾਰ ਚਾਹੀਦੀ ਹੈ ਜਾਂ ਸਕੂਲ ਹਸਪਤਾਲ ਬਣਾਉਣ ਵਾਲੀ ਲੋਕ ਪੱਖੀ ਸਰਕਾਰ ਚਾਹੀਦੀ ਹੈ। ਕੇਜਰੀਵਾਲ ਨੇ ਅਪੀਲ ਕਰਦਿਆਂ ਕਿਹਾ, ‘‘ਤੁਸੀਂ 25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ ਭਾਜਪਾ ਨੂੰ ਮੌਕੇ ਦਿੱਤੇ ਅਤੇ ਵਾਰ ਵਾਰ ਅਜ਼ਮਾ ਕੇ ਦੇਖਿਆ ਹੈ। ਹੁਣ 2022 ’ਚ ਇੱਕ ਮੌਕਾ ਸਾਨੂੰ (ਆਮ ਆਦਮੀ ਪਾਰਟੀ) ਨੂੰ ਵੀ ਦੇ ਕੇ ਦੇਖੋ।’’
‘ਆਪ’ ਸੁਪਰੀਮੋ ਵੀਰਵਾਰ ਨੂੰ ਬਾਦਲ ਪਰਿਵਾਰ ਦੇ ਗੜ੍ਹ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਖੁੱਡੀਆਂ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਇੱਕ ਵੱਡੀ ਜਨ ਸਭਾ ਕਰਕੇ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮੰਚ ’ਤੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਅ ਦੇ ਸਹਿ ਇੰਚਾਰਜ ਰਾਘਵ ਚੱਢਾ, ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਲੰਬੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਹੋਰ ਪ੍ਰਮੁੱਖ ਆਗੂ ਮੌਜੂਦ ਸਨ। ਲੰਬੀ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ 1966 ਤੋਂ ਬਾਅਦ ਮੁੜ ਪੰਜਾਬ ਸੂਬਾ ਬਣਨ ’ਤੇ ਕਰੀਬ 25 ਸਾਲ ਕਾਂਗਰਸ ਪਾਰਟੀ ਨੇ ਅਤੇ ਕਰੀਬ 19 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜ ਕੀਤਾ। ਆਪਣੇ 25 ਸਾਲਾਂ ਦੇ ਰਾਜ ’ਚ ਨਾ ਕਾਂਗਰਸ ਸਰਕਾਰ ਨੇ ਪੰਜਾਬ ਲਈ ਕੁੱਝ ਕੀਤਾ ਅਤੇ ਨਾ ਹੀ 20 ਸਾਲਾਂ ਵਿੱਚ ਬਾਦਲਾਂ ਭਾਜਪਾ ਨੇ ਪੰਜਾਬ ਲਈ ਕੁੱਝ ਕੀਤਾ। ਇਨ੍ਹਾਂ ਨੂੰ ਵਾਰ ਵਾਰ ਅਜ਼ਮਾ ਕੇ ਦੇਖਿਆ, ਪਰ ਬਰਬਾਦੀ ਭਰਿਆ ਨਤੀਜਾ ਸਭ ਦੇ ਸਾਹਮਣੇ ਹੈ। ਪਰ ਹੁਣ ਇੱਕ ਮੌਕਾ ਕੇਜਰੀਵਾਲ ਨੂੰ ਵੀ ਦੇ ਕੇ ਦੇਖੋ, ਬਾਕੀ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਵੋਗੇ।’’ ਕੇਜਰੀਵਾਲ ਨੇ ਕਾਂਗਰਸ ’ਚ ਚੱਲ ਰਹੀ ਖ਼ਾਨਾ-ਜੰਗੀ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਮੁੱਖ ਮੰਤਰੀ ਚੰਨੀ ਨਾਲ ਨਵਜੋਤ ਸਿੱਧੂ ਲੜ ਰਹੇ ਹਨ, ਨਵਜੋਤ ਸਿੱਧੂ ਨਾਲ ਸੁਨੀਲ ਜਾਖੜ ਲੜ ਰਹੇ ਹਨ, ਜਾਖੜ ਨਾਲ ਪ੍ਰਤਾਪ ਸਿੰਘ ਬਾਜਵਾ ਲੜ ਰਹੇ ਹਨ। ਦਰਅਸਲ ਇਹ ਸਭ ਪੰਜਾਬ ਨੂੰ ਲੁੱਟਣ ਲਈ ਲੜ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਸਰਕਾਰ ਜਾ ਰਹੀ ਹੈ। ਸਾਰੇ ਕਾਂਗਰਸੀ ਲੁੱਟਣ ਲੱਗੇ ਹੋਏ ਹਨ।‘ਆਪ’ ਸੁਪਰੀਮੋ ਕੇਜਰੀਵਾਲ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਅਤੇ ਡਰਾਮੇਬਾਜ਼ ਸਰਕਾਰ ਹੈ, ਜੋ ਐਲਾਨ ਕਰਨ ਦੇ ਡਰਾਮੇ ਕਰਦੀ ਹੈ। ਚੰਨੀ ਕਹਿੰਦਾ ਰੇਤ 5 ਰੁਪਏ ਫੁੱਟ ਕਰ ਦਿੱਤਾ ਹੈ,ਬਿਜਲੀ ਸਸਤੀ ਕੀਤੀ ਹੈ ਅਤੇ ਕੇਬਲ ਦਾ ਰੇਟ ਘਟਾ ਦਿੱਤਾ ਹੈ। ਪਰ ਲੋਕਾਂ ਨੂੰ ਸਸਤਾ ਕੁੱਝ ਵੀ ਨਹੀਂ ਮਿਲ ਰਿਹਾ। ਕੇਜਰੀਵਾਲ ਨੇ ਕਿਹਾ, ‘‘ਮੁੱਖ ਮੰਤਰੀ ਚੰਨੀ ਹਰ ਥਾਂ ਕਹਿੰਦੇ ਫਿਰਦੇ ਹਨ ਹਨ ਕਿ ਉਹ ਐਸ.ਸੀ. ਭਾਈਚਾਰੇ ਵਿੱਚੋਂ ਹਨ। ਪਰ ਕੇਜਰੀਵਾਲ ਐਸ.ਸੀ ਭਾਈਚਾਰੇ ਦੇ ਹਰ ਪਰਿਵਾਰ ਦਾ ਮੈਂਬਰ ਹੈ। ਜੋ (ਕੇਜਰੀਵਾਲ) ਐਸ.ਸੀ ਭਾਈਚਾਰੇ ਦੇ ਹਰ ਬੱਚੇ ਚੰਗੀ ਸਿੱਖਿਆ, ਚੰਗਾ ਇਲਾਜ ਅਤੇ ਅਫ਼ਸਰ ਬਣਨ ਲਈ ਮੁਫ਼ਤ ਸਿਖਲਾਈ ਪ੍ਰਦਾਨ ਕਰਦਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਨੂੰ ਇੱਕ ਇੱਕ ਹਜ਼ਾਰ ਮਹੀਨਾ ਦੇਣ ਦੀ ਗਰੰਟੀ ਦਿੱਤੀ ਹੈ, ਉਦੋਂ ਹੀ ਵਿਰੋਧੀ ਪਾਰਟੀਆਂ ਦੇ ਆਗੂ ਉਸ ਨੂੰ ਗਾਲ਼ਾਂ ਕੱਢ ਰਹੇ ਹਨ। ਸਵਾਲ ਕਰਦੇ ਹਨ ਇਸ ਲਈ ਪੈਸਾ ਕਿੱਥੋਂ ਆਵੇਗਾ? ਉਨ੍ਹਾਂ ਕਿਹਾ ਕਿ ਇੱਕ ਇੱਕ ਹਜ਼ਾਰ ਮਹੀਨਾ ਦੇਣ ਲਈ ਕੁੱਲ 10 ਹਜ਼ਾਰ ਕਰੋੜ ਰੁਪਏ ਲੱਗੇਗਾ। ਇਸੇ ਤਰ੍ਹਾਂ ਮੁਫ਼ਤ ਬਿਜਲੀ ਦੇਣ ’ਤੇ 2 ਹਜ਼ਾਰ ਕਰੋੜ ਰੁਪਏ ਖ਼ਰਚ ਹੋਣਗੇ। ਇਹ ਸਾਰਾ ਪੈਸਾ ਮਾਫ਼ੀਆ ਰਾਜ ਬੰਦ ਕਰਕੇ ਇਕੱਠਾ ਕੀਤਾ ਜਾਵੇਗਾ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਸੱਤਾਧਾਰੀ ਆਗੂਆਂ ਨੇ ਖ਼ਜ਼ਾਨਾ ਲੁੱਟ ਲੁੱਟ ਕੇ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਚਾੜ ਦਿੱਤਾ ਹੈ। ਪੰਜਾਬ ਦੇ ਖ਼ਜ਼ਾਨੇ ’ਚੋਂ ਕਰੀਬ 34 ਹਜ਼ਾਰ ਕਰੋੜ ਰੁਪਏ ਘੁਟਾਲਿਆਂ ਰਾਹੀਂ ਇਨ੍ਹਾਂ ਆਗੂਆਂ ਦੀਆਂ ਜੇਬਾਂ ਵਿੱਚ ਜਾਂਦਾ ਹੈ। ਇਸ ਲੁੱਟ ਨੂੰ ਰੋਕਿਆ ਜਾਵੇਗਾ ਅਤੇ ‘ਆਪ’ ਦੀ ਸਰਕਾਰ ਬਣਨ ਖ਼ਜ਼ਾਨਾ ਨੂੰ ਲੁੱਟਣ ਵਾਲਿਆਂ ਦੀਆਂ ਜੇਬਾਂ ਵਿਚੋਂ ਸਰਕਾਰੀ ਪੈਸਾ ਵਸੂਲ ਕਰੇਗੀ। ਪੰਜਾਬ ਦੇ ਸਕੂਲ , ਹਸਪਤਾਲ ਤੇ ਇਲਾਜ ਦਿੱਲੀ ਦੀ ਤਰ੍ਹਾਂ ਚੰਗੇ ਅਤੇ ਮੁਫ਼ਤ ਕੀਤੇ ਜਾਣਗੇ। ਅਧਿਆਪਕਾਂ, ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ। ਪੰਜਾਬ ਵਾਸੀਆਂ ਨੂੰ ਹਰ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦੇ ਹੋਏ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉੱਤੇ ਨਿਸ਼ਾਨਾ ਲਾਉਂਦੇ ਕਿਹਾ, ‘‘ਉਨ੍ਹਾਂ ਕੋਲ ਟਰਾਂਸਪੋਰਟ ਹੈ, ਬੱਸਾਂ ਹਨ , ਜਹਾਜ਼ ਹਨ, ਹੋਟਲ ਹਨ ਅਤੇ ਹੋਰ ਕਈ ਵੱਡੇ ਕਾਰੋਬਾਰ ਹਨ। ਹੁਣ ਉਹ ਲੋਕਾਂ ਨੂੰ ਮੂਰਖ ਬਣਾਉਣ ਲਈ ਕਿਸਾਨ ਬਣਨ ਦਾ ਡਰਾਮਾ ਕਰ ਰਹੇ ਹਨ।’’ ਕਾਂਗਰਸ ਨੂੰ ਝੂਠ ਦਾ ਪੁਲੰਦਾ ਪਾਰਟੀ ਕਰਾਰ ਦਿੰਦਿਆਂ ਮਾਨ ਨੇ ਕਿਹਾ ਕਾਂਗਰਸ ਸਿਰਫ਼ 80 ਦਿਨ ਦਾ ਹਿਸਾਬ ਦੇ ਕੇ ਕਿਸ ਮੂੰਹ ਨਾਲ ਫਿਰ ਤੋਂ 5 ਸਾਲ ਮੰਗ ਰਹੀ ਹੈ, ਪਰੰਤੂ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਢੇ ਚਾਰ ਸਾਲ ਦੇ ਕੈਪਟਨ ਸ਼ਾਸਨ ਦਾ ਹਿਸਾਬ ਕੌਣ ਦੇਵੇਗਾ ਜਿਸ ਵਿੱਚ ਵਰਤਮਾਨ ਮੁੱਖ ਮੰਤਰੀ ਚੰਨੀ ਅਤੇ ਬਾਕੀ ਵੀ ਮੰਤਰੀ ਰਹੇ ਹਨ? ਮਾਨ ਨੇ ਕਿਹਾ ਕਿ ਘਰ ਘਰ ਨੌਕਰੀ, ਸੰਪੂਰਨ ਕਰਜ਼ਾ ਮੁਆਫ਼ੀ, 2500 ਬੁਢਾਪਾ ਪੈਨਸ਼ਨ ਸਮੇਤ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਸ ਦਾ ਲੋਕਾਂ ਨੂੰ ਹਿਸਾਬ ਦੇਣਾ ਪੈਣਾ ਹੈ। ਚੰਨੀ ਸਰਕਾਰ ਦੇ ਝੂਠ ਦੀ ਪੋਲ ਖੋਲ੍ਹਦੇ ਹੋਏ ਮਾਨ ਨੇ ਕਿਹਾ, ‘‘ਮੁੱਖ ਮੰਤਰੀ ਚੰਨੀ ਨੇ ਪੂਰੇ ਪੰਜਾਬ ਵਿੱਚ ਝੂਠੇ ਬੋਰਡ ਲਵਾਏ ਹੋਏ ਹਨ ਕਿ ਉਨ੍ਹਾਂ ਨੇ 36000 ਮੁਲਾਜ਼ਮ ਪੱਕੇ ਕੀਤੇ ਹਨ, ਪਰੰਤੂ ਉਨ੍ਹਾਂ ਕੋਲ ਗਿਣਾਉਣ ਨੂੰ ਅਜਿਹੇ 36 ਮੁਲਾਜ਼ਮ ਵੀ ਨਹੀਂ ਹਨ। ਚੰਨੀ ਨੂੰ ਸਿਰਫ਼ ਝੂਠੇ ਐਲਾਨ ਕਰਨੇ ਆਉਂਦੇ ਹਨ।’’ ਉਨ੍ਹਾਂ ਨੇ ਕਿਹਾ ਕਿ ਜਿਵੇਂ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਉਸੇ ਤਰ੍ਹਾਂ ਅਕਾਲੀ- ਕਾਂਗਰਸ ਦਾ ਝੂਠ ਇਸ ਵਾਰ ਬਿਲਕੁਲ ਵੀ ਨਹੀਂ ਚੱਲੇਗਾ । ਮਾਨ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਪੰਜਾ ਅਤੇ ਤੱਕੜੀ ਦੇ ਘਾਤਕ ਚੱਕਰਵਿਊ ਤੋਂ ਬਾਹਰ ਨਿਕਲ ਕੇ ਝਾੜੂ ਨੂੰ ਮੌਕਾ ਦਿਓ । ਲੰਬੀ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਇਮਾਨਦਾਰ ਰਾਜਨੀਤੀ ਦਾ ਪੱਲਾ ਫੜਿਆ ਹੈ ਅਤੇ ਉਹ ਖ਼ੁਦ ਉਨ੍ਹਾਂ ਦੇ ਰਸਤੇ ’ਤੇ ਚੱਲ ਰਹੇ ਹਨ। ਜਿਸ ਕਰਕੇ ਇਲਾਕੇ ਦੇ ਲੋਕ ਉਨ੍ਹਾਂ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ 25 ਸਾਲ ਪੰਜਾਬ ’ਤੇ ਰਾਜ ਕਰਨ ਵਾਲੇ ਬਾਦਲ ਪਰਿਵਾਰ ਅਤੇ ਕੈਪਟਨ ਪਰਿਵਾਰ ਨੇ ਸੂਬੇ ਨੂੰ ਤਿੰਨ ਲੱਖ ਕਰੋੜ ਦੇ ਕਰਜ਼ੇ ’ਚ ਡੋਬ ਦਿੱਤਾ, ਜਿਸ ਕਾਰਨ ਹਰ ਜੰਮਣ ਵਾਲਾ ਬੱਚਾ ਕਰਜ਼ਾਈ ਹੈ। ਕੈਪਟਨ ਅਤੇ ਚੰਨੀ ਨੇ 9700 ਕਰੋੜ ਰੁਪਏ ਜਹਾਜ਼ਾਂ ਦੇ ਝੂਟਿਆਂ ’ਤੇ ਉਡਾ ਦਿੱਤੇ, ਪਰ ਆਮ ਲੋਕਾਂ ਲਈ ਖ਼ਜ਼ਾਨਾ ਖ਼ਾਲੀ ਹੈ। ਖੁੱਡੀਆਂ ਨੇ ਅਪੀਲ ਕਰਦਿਆਂ ਕਿਹਾ ਕਿ ਵੋਟ ਦੀ ਚੋਟ ਨਾਲ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਰਾਜਭਾਗ ਤੋਂ ਦੂਰ ਕੀਤਾ ਜਾ ਸਕਦਾ ਹੈ। ਇਸ ਮੌਕੇ ਭੁੱਚੋ ਤੋਂ ਮਾਸਟਰ ਜਗਸੀਰ ਸਿੰਘ, ਬਠਿੰਡਾ ਤੋਂ ਜਗਰੂਪ ਗਿੱਲ, ਮੌੜ ਮੰਡੀ ਤੋਂ ਸੁਖਬੀਰ ਸਿੰਘ ਮਾਇਸਰਖਾਨਾ, ਫ਼ਾਜ਼ਿਲਕਾ ਤੋਂ ਸਮਰਬੀਰ ਸਿੰਘ ਸਿੱਧੂ, ਜਲਾਲਾਬਾਦ ਤੋਂ ਜਗਦੀਪ ਗੋਲਡੀ ਕੰਬੋਜ, ਬੱਲੂਆਣਾ ਤੋਂ ਗੋਲਡੀ ਮੁਸਾਫ਼ਰ, ਸ੍ਰੀ ਮੁਕਤਸਰ ਸਾਹਿਬ ਤੋਂ ਜਗਦੀਪ ਸਿੰਘ ਕਾਕਾ ਬਰਾੜ ਸਮੇਤ ਨੀਲ ਗਰਗ, ਰਾਕੇਸ਼ ਪੁਰੀ, ਜਗਦੇਵ ਸਿੰਘ ਬਾਮ, ਜਸ਼ਨ ਬਰਾੜ ਅਤੇ ਹੋਰ ਆਗੂ ਵੀ ਪਹੁੰਚੇ ਹੋਏ ਸਨ।
ਮੁੱਖ ਮੰਤਰੀ ਚੰਨੀ ਨੇ ਸਾਰਿਆਂ ਲਈ ਸਸਤੇ ਮਕਾਨਾਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ “ਅਟੱਲ ਅਪਾਰਟਮੈਂਟਸ” ਦਾ ਰੱਖਿਆ ਨੀਂਹ ਪੱਥਰ
ਲੁਧਿਆਣਾ ਇੰਪਰੂਵਮੈਂਟ ਟਰੱਸਟ 336 ਐਚ ਆਈ ਜੀ ਅਤੇ 240 ਐਮ ਆਈ ਜੀ ਮਲਟੀ ਸਟੋਰੀ ਰਿਹਾਇਸ਼ੀ ਫਲੈਟ ਬਣਾਏਗਾ
“100 ਫ਼ੀਸਦੀ ਸੈਲਫ ਫਾਇਨਾਂਸਿੰਗ ਸਕੀਮ” ਤਹਿਤ ਐਲ.ਆਈ.ਟੀ. ਵੱਲੋਂ ਕੀਤਾ ਜਾਵੇਗਾ ਨਿਰਮਾਣ
ਸੁਖਜਿੰਦਰ ਮਾਨ
ਲੁਧਿਆਣਾ, 16 ਦਸੰਬਰ: ਸਾਰਿਆਂ ਲਈ ਸਸਤੇ ਮਕਾਨਾਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਵੱਲ ਇਕ ਹੋਰ ਕਦਮ ਵਧਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਪੱਖੋਵਾਲ ਰੋਡ ’ਤੇ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ਵਿੱਚ ਅਟੱਲ ਅਪਾਰਟਮੈਂਟਸ ਦਾ ਨੀਂਹ ਪੱਥਰ ਰੱਖਿਆ।ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਵੱਲੋਂ “100 ਫ਼ੀਸਦੀ ਸੈਲਫ ਫਾਇਨਾਂਸਿੰਗ ਸਕੀਮ” ਤਹਿਤ ਬਣਾਇਆ ਜਾ ਰਿਹਾ ਹੈ ਅਤੇ ਇਸ ਵਿੱਚ 12 ਮੰਜ਼ਿਲਾ 336 ਐਚ ਆਈ ਜੀ ਅਤੇ 240 ਐਮ ਆਈ ਜੀ ਫਲੈਟ ਹੋਣਗੇ। ਉਨ੍ਹਾਂ ਕਿਹਾ ਕਿ ਇੱਥੋਂ ਦੇ ਵਸਨੀਕਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣਾ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਐਲ.ਆਈ.ਟੀ. ਵੱਲੋਂ ਸ਼ਹੀਦ ਕਰਨੈਲ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ ਨੇੜੇ 8.80 ਏਕੜ ਵਿੱਚ ਇਹਨਾਂ ਫਲੈਟਾਂ ਦੀ ਉਸਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਅੱਗੇ ਦੱਸਿਆ ਕਿ ਪ੍ਰਸਤਾਵਿਤ ਫਲੈਟਾਂ ਲਈ ਲੋੜੀਂਦੀ ਜ਼ਮੀਨ ਲੁਧਿਆਣਾ ਇੰਪਰੂਵਮੈਂਟ ਟਰੱਸਟ ਕੋਲ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਇਸ ਸਕੀਮ ਲਈ 18 ਦਸੰਬਰ, 2021 ਤੱਕ ਅਪਲਾਈ ਕਰ ਸਕਦੇ ਹਨ ਅਤੇ 24 ਦਸੰਬਰ, 2021 ਨੂੰ ਅਲਾਟਮੈਂਟ ਸਬੰਧੀ ਡਰਾਅ ਕੱਢਿਆ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਫਲੈਟਾਂ ਵਿੱਚ ਭੂਚਾਲ ਰੋਧਕ ਢਾਂਚਾ, ਐਚ ਆਈ ਜੀ ਤੇ ਐਮ ਆਈ ਜੀ ਅਤੇ ਕਲੱਬ ਲਈ ਵੱਖਰਾ ਗਰੀਨ ਪਾਰਕ, ਇਨਡੋਰ ਸਵੀਮਿੰਗ ਪੂਲ ਸਮੇਤ ਵੱਖਰਾ ਕਲੱਬ, ਮਲਟੀਪਰਪਜ਼ ਹਾਲ, ਜਿਮਨੇਜ਼ੀਅਮ, ਟੇਬਲ ਟੈਨਿਸ ਰੂਮ, ਵੱਖਰੀ ਸਮਰਪਿਤ ਟਾਵਰ ਪਾਰਕਿੰਗ, ਹਰੇਕ ਫਲੈਟ ਵਿੱਚ ਵੀਡੀਓ ਡੋਰ ਫੋਨ ਅਤੇ 24 ਘੰਟੇ ਸੁਰੱਖਿਆ ਲਈ ਮੁੱਖ ਪ੍ਰਵੇਸ਼ ਦੁਆਰ ‘ਤੇ ਸੀ ਸੀ ਟੀ ਵੀ ਕੈਮਰੇ, 24 ਘੰਟੇ ਬੈਕਅਪ ਦੇ ਨਾਲ ਹਰੇਕ ਬਲਾਕ ਵਿੱਚ 13 ਵਿਅਕਤੀਆਂ ਦੀ ਸਮਰੱਥਾ ਵਾਲੀਆਂ 2 ਲਿਫਟਾਂ, ਬਾਹਰੀ ਐਲੀਵੇਸ਼ਨ ‘ਤੇ ਲਾਲ ਟਾਈਲਾਂ ਨਾਲ ਵਾਸ਼ਡ ਗਰਿੱਟ ਫਿਨਿਸ਼, ਸਾਰੇ ਕਮਰਿਆਂ ਵਿੱਚ ਵੱਡੀ ਬਾਲਕੋਨੀ, ਡਰਾਇੰਗ ਰੂਮ ਅਤੇ ਰਸੋਈ, ਨਵੀਨਤਮ ਤਕਨੀਕਾਂ ਨਾਲ ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਯਾਰਡ ਹਾਈਡ੍ਰੈਂਟ ਅਤੇ ਵੈਟ ਰਾਈਜ਼ਰ ਦੇ ਨਾਲ ਸੈਂਟਰਲਾਈਜ਼ਡ ਫਾਇਰ ਹਾਈਡ੍ਰੈਂਟ ਸਿਸਟਮ, ਲਿਫਟਾਂ ਲਈ 24 ਘੰਟੇ ਪਾਵਰ ਬੈਕਅਪ ਦੇ ਪ੍ਰਬੰਧਨ ਤੋਂ ਇਲਾਵਾ ਕਈ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਐਲਆਈਟੀ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਪੀਐਸਆਈਡੀਸੀ ਚੇਅਰਮੈਨ ਕੇ.ਕੇ. ਬਾਵਾ, ਨਰੇਸ਼ ਧੀਂਗਾਨ, ਨਗਰ ਨਿਗਮ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਹਾਜ਼ਰ ਸਨ।
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਸਿੰਘ ਨੇ 22 ਸਹਾਇਕ ਪ੍ਰੋਫੈਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਸੁਖਜਿੰਦਰ ਮਾਨ
ਚੰਡੀਗੜ੍ਹ, 16 ਦਸੰਬਰ: ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਸਿੰਘ ਨੇ 22 ਸਹਾਇਕ ਪ੍ਰੋਫੈਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸ. ਪਰਗਟ ਸਿੰਘ ਨੇ ਦੱਸਿਆ ਕਿ ਇਹ ਨਿਯੁਕਤੀ ਪੱਤਰ ਜਾਰੀ ਕਰਨ ਨਾਲ ਅਦਾਲਤੀ ਕੇਸ ਘਟਣਗੇ। ਉਨ੍ਹਾਂ ਦੱਸਿਆ ਕਿ ਰਵੀ ਸਿੱਧੂ ਕੇਸ ਮੌਕੇ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵੀ ਰੱਦ ਕਰ ਦਿੱਤੀ ਗਈ ਸੀ ਪ੍ਰੰਤੂ ਬਾਅਦ ਅਦਾਲਤ ਵੱਲੋਂ ਇਨ੍ਹਾਂ ਦੀ ਭਰਤੀ ਨੂੰ ਸਹੀ ਠਹਿਰਾਇਆ ਗਿਆ ਸੀ ਜਿਸ ਕਾਰਨ ਇਨ੍ਹਾਂ ਦੀ ਭਰਤੀ ਨਾਲ ਸਬੰਧਤ ਕਈ ਕੋਰਟ ਕੇਸ ਚੱਲ ਰਹੇ ਸਨ।ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਅੱਜ ਨਿਯੁਕਤੀ ਪੱਤਰ ਜਾਰੀ ਹੋਣ ਨਾਲ ਇਨ੍ਹਾਂ ਸਹਾਇਕ ਪ੍ਰੋਫੈਸਰਾਂ ਨੂੰ ਇਨਸਾਫ ਮਿਲਿਆ ਹੈ। ਉਨ੍ਹਾਂ ਕਿਹਾ ਕਿ ਚੁਣੇ ਹੋਏ ਸਹਾਇਕ ਪ੍ਰੋਫੈਸਰਾਂ ਨੂੰ ਨਿਯਮਾਂ ਅਨੁਸਾਰ ਜਲਦ ਸਟੇਸ਼ਨ ਅਲਾਟ ਕੀਤੇ ਜਾਣਗੇ। ਇਸ ਮੌਕੇ ਸਕੱਤਰ ਉਚੇਰੀ ਸਿੱਖਿਆ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।
ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ ‘ਤੇ ਅਤਿ ਆਧੁਨਿਕ ਟਰੌਮਾ ਸੈਂਟਰ ਬਣਾਉਣ ਦਾ ਐਲਾਨ
ਵੱਕਾਰੀ ਅੰਬੇਡਕਰ ਭਵਨ ਵਿਖੇ ਚੱਲ ਰਹੇ ਕਾਰਜਾਂ ਨੂੰ ਪੂਰਾ ਕਰਨ ਲਈ 4.14 ਕਰੋੜ ਰੁਪਏ ਦਾ ਚੈੱਕ ਸੌਂਪਿਆ
ਲੁਧਿਆਣਾ ਉੱਤਰੀ ਵਿਧਾਨ ਸਭਾ ਹਲਕੇ ਵਿੱਚ 35 ਕਰੋੜ ਰੁਪਏ ਤੋਂ ਵੱਧ ਦੀਆਂ ਵਿਕਾਸ ਗ੍ਰਾਂਟਾਂ ਦਾ ਐਲਾਨ
ਸੁਖਜਿੰਦਰ ਮਾਨ
ਲੁਧਿਆਣਾ, 16 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲੁਧਿਆਣਾ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ.ਅੰਬੇਦਕਰ ਦੇ ਨਾਂ ‘ਤੇ ਅਤਿ ਆਧੁਨਿਕ ਟਰੌਮਾ ਸੈਂਟਰ ਬਣਾਉਣ ਦਾ ਐਲਾਨ ਕੀਤਾ ਹੈ।ਅੱਜ ਇੱਥੇ ਅੰਬੇਡਕਰ ਭਵਨ ਲੋਕਾਂ ਨੂੰ ਸਮਰਪਿਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਵੱਕਾਰੀ ਅੰਬੇਡਕਰ ਭਵਨ ਵਿਖੇ ਚੱਲ ਰਹੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਨਗਰ ਨਿਗਮ ਲੁਧਿਆਣਾ ਨੂੰ 4.14 ਕਰੋੜ ਰੁਪਏ ਦਾ ਚੈੱਕ ਸੌਂਪਿਆ।ਮੁੱਖ ਮੰਤਰੀ ਨੇ ਕਿਹਾ ਕਿ ਇਹ ਟਰੌਮਾ ਸੈਂਟਰ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ ਅਤੇ ਇਹ ਸੈਂਟਰ 10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਬੇਡਕਰ ਭਵਨ ‘ਤੇ ਹੁਣ ਤੱਕ 10 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਜਿਸ ਵਿੱਚੋਂ 4 ਕਰੋੜ ਰੁਪਏ ਗਲਾਡਾ ਵੱਲੋਂ, 1.65 ਕਰੋੜ ਰੁਪਏ ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ ਅਤੇ ਬਾਕੀ ਨਗਰ ਨਿਗਮ ਲੁਧਿਆਣਾ ਵੱਲੋਂ ਖਰਚ ਕੀਤੇ ਗਏ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਵਾਹਨਾਂ ਲਈ ਬੇਸਮੈਂਟ ਪਾਰਕਿੰਗ ਸਮੇਤ 500 ਲੋਕਾਂ ਦੀ ਸਮਰੱਥਾ ਵਾਲਾ ਗਰਾਊਂਡ ਫਲੋਰ ਹਾਲ ਪਹਿਲਾਂ ਹੀ ਮੁਕੰਮਲ ਕੀਤਾ ਜਾ ਚੁੱਕਾ ਹੈ। ਉਹਨਾਂ ਅੱਗੇ ਕਿਹਾ ਕਿ ਇਨਡੋਰ ਦੀ ਪਹਿਲੀ ਮੰਜ਼ਿਲ ਦੀ ਉਸਾਰੀ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ ਅਤੇ ਇਹ ਅਤਿ ਆਧੁਨਿਕ ਹਾਲ ਪੂਰੀ ਤਰ੍ਹਾਂ ਸਾਊਂਡ ਪਰੂਫ ਹੋਵੇਗਾ।
ਇਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਵੱਲੋਂ ਦਰਸਾਏ ਸਮਾਨਤਾ ਅਤੇ ਆਜ਼ਾਦੀ ਦੇ ਸਿਧਾਂਤਾਂ ਦੀ ਪਾਲਣਾ ਕਰਕੇ ਇੱਕ ਆਦਰਸ਼ ਸਮਾਜ ਸਿਰਜਣ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਡਾ. ਅੰਬੇਡਕਰ ਨੂੰ ਇੱਕ ਮਹਾਨ ਵਿਦਵਾਨ, ਨਿਆਂ ਸ਼ਾਸਤਰੀ, ਅਰਥ ਸ਼ਾਸਤਰੀ, ਸਮਾਜ ਸੁਧਾਰਕ ਅਤੇ ਇੱਕ ਰਾਜਨੇਤਾ ਦੱਸਦਿਆਂ ਉਹਨਾਂ ਕਿਹਾ ਕਿ ਡਾ. ਅੰਬੇਡਕਰ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਉੱਚੀਆਂ ਸ਼ਖ਼ਸੀਅਤਾਂ ਵਿੱਚੋਂ ਇੱਕ ਸਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਵੇਂ ਡਾ. ਅੰਬੇਡਕਰ ਇੱਕ ਨਿਮਾਣੇ ਪਰਿਵਾਰ ਨਾਲ ਸਬੰਧਤ ਸਨ ਪਰ ਸਮਾਜ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਉਨ੍ਹਾਂ ਨੂੰ ਵਿਸ਼ਵ ਆਗੂਆ ਦੀ ਲੀਗ ਵਿੱਚ ਖੜ੍ਹਾ ਕਰ ਦਿੱਤਾ ਹੈ।ਰੇਹੜੀ/ਫੜੀ ਵਾਲਿਆਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਮਿਹਨਤਕਸ਼ਾਂ ਨੂੰ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਬੇਲੋੜਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਰੇਹੜੀ-ਫੜ੍ਹੀ ਵਾਲਿਆਂ ਨੂੰ ਨਿਡਰ ਹੋ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਤੋਂ ਮੁੱਖ ਮੰਤਰੀ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹਨ। ਮੁੱਖ ਮੰਤਰੀ ਚੰਨੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਅੱਜ ਨਗਰ ਨਿਗਮ ਲੁਧਿਆਣਾ ਵੱਲੋਂ 2480 ਸਫ਼ਾਈ ਕਰਮਚਾਰੀਆਂ/ਸੀਵਰੇਜ ਮੈਨਾਂ ਅਤੇ ਹੋਰ ਸਟਾਫ਼ ਦੀਆਂ ਸੇਵਾਵਾਂ ਨੂੰ ਸਥਾਨਕ ਇਕਾਈਆਂ ਵਿੱਚ ਰੈਗੂਲਰ ਕਰਨ ਲਈ ਪੱਤਰ ਸੌਂਪਿਆ ਜਾਵੇਗਾ।ਮੁੱਖ ਮੰਤਰੀ ਵੱਲੋਂ ਚੰਦ ਸਿਨੇਮਾ ਰੋਡ ‘ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਅਤੇ ਜੱਸੀਆਂ ਰੋਡ ‘ਤੇ 6 ਕਰੋੜ ਰੁਪਏ ਦੀ ਲਾਗਤ ਨਾਲ ਅੰਡਰ ਬ੍ਰਿਜ ਬਣਾਉਣ ਤੋਂ ਇਲਾਵਾ 7 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਉੱਤਰੀ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਵਿਧਾਇਕ ਸ੍ਰੀ ਰਾਕੇਸ਼ ਪਾਂਡੇ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ, ਵਿਧਾਇਕ ਸ੍ਰੀ ਸੁਰਿੰਦਰ ਡਾਵਰ ਅਤੇ ਮੇਅਰ ਸ੍ਰੀ ਬਲਕਾਰ ਸਿੰਘ, ਸਰਪੰਚ ਗੁਰਦੀਪ ਸਿੰਘ ਚੱਕ ਸਰਵਣ ਨਾਥ ਮੌਜੂਦ ਸਨ।





