ਭਗਵਾਨ ਵਾਲਮਿਕੀ ਭਵਨ ਦੇ ਵਿਕਾਸ ਲਈ 1.83 ਕਰੋੜ ਰੁਪਏ ਦਾ ਚੈਕ ਸੌਂਪਿਆ
ਸੁਖਜਿੰਦਰ ਮਾਨ
ਲੁਧਿਆਣਾ, 16 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਰਾਜ ਵਿੱਚ ਸਫਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਕਿਰਿਆ ਜਲਦ ਮੁਕੰਮਲ ਕਰੇਗੀ।ਅੱਜ ਇੱਥੇ ਭਗਵਾਨ ਵਾਲਮੀਕਿ ਭਵਨ ਦੇ ਵਿਕਾਸ ਲਈ 1.83 ਕਰੋੜ ਰੁਪਏ ਦਾ ਚੈੱਕ ਸੌਂਪਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਫਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਰਾਹਤ ਦੇਣ ਲਈ ਜਲਦੀ ਹੀ ਸਾਰੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਇਸ ਮੰਤਵ ਲਈ ਲੋੜੀਂਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕਰ ਚੁੱਕੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਗਰੀਬ ਵਰਗ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ। ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀ ਅਮੀਰ ਵਿਰਾਸਤ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹਿਲਾਂ ਹੀ ਸਥਾਪਿਤ ਭਗਵਾਨ ਵਾਲਮੀਕਿ ਜੀ ਚੇਅਰ ਲਈ 5 ਕਰੋੜ ਰੁਪਏ ਸਲਾਨਾ ਬਜਟ ਗਰਾਂਟ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਹਾਨ ਸਿੱਖ ਯੋਧੇ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਸਾਥੀ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਨਾਮ `ਤੇ ਚੇਅਰ ਸਥਾਪਿਤ ਕੀਤੀ ਗਈ ਹੈ ਜੋ ਤਤਕਾਲੀ ਮੁਗਲ ਸ਼ਾਸਨ ਦੁਆਰਾ ਢਾਹੇ ਅੱਤਿਆਚਾਰ ਦਰਮਿਆਨ ਸਾਰੀਆਂ ਔਕੜਾਂ ਨੂੰ ਪਾਰ ਕਰਦਿਆਂ ਦਿੱਲੀ ਦੇ ਚਾਂਦਨੀ ਚੌਂਕ ਤੋਂ ਆਨੰਦਪੁਰ ਸਾਹਿਬ ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਏ ਸਨ। ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਮਾਰਗ ਅਤੇ ਉੱਚ ਆਦਰਸ਼ਾਂ `ਤੇ ਚੱਲਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਭਾਵਨਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ, ਜੋ ਕਿ ਸਮੇਂ ਦੀ ਲੋੜ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ, ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਮੇਅਰ ਸ੍ਰੀ ਬਲਕਾਰ ਸਿੰਘ ਤੇ ਸੀਨੀਅਰ ਕਾਂਗਰਸੀ ਲੀਡਰ ਪਾਲ ਸਿੰਘ ਗਰੇਵਾਲ ਮੌਜੂਦ ਸਨ।
ਪੰਜਾਬ ਸਰਕਾਰ ਸਫ਼ਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਕਿਰਿਆ ਜਲਦ ਕਰੇਗੀ ਮੁਕੰਮਲ
ਰੇਤ ਮਾਫੀਆ, ਪੋਸਟ ਮੈਟ੍ਰਿਕ ਸਕਾਲਰਸਿ਼ਪ ਸਕੀਮ, ਬੇਅਦਬੀ ਅਤੇ ਸਿੰਚਾਈ ਘੁਟਾਲੇ ਦੇ ਸਾਜਿਸ਼ਘਾੜਿਆਂ ਵਿਰੁੱਧ ਸਖ਼ਤ ਕਾਰਵਾਈ ਲਈ ਸਰਕਾਰ ਪਾਬੰਦ: ਮੁੱਖ ਮੰਤਰੀ
ਕੇਜਰੀਵਾਲ ਦੇ ਢਕਵੰਜਾਂ ਦੀ ਕੀਤੀ ਨਿੰਦਾ
ਲੁਧਿਆਣਾ ਵਿੱਚ ਕਈ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
ਸੁਖਜਿੰਦਰ ਮਾਨ
ਲੁਧਿਆਣਾ, 16 ਦਸੰਬਰ: ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਅਤੇ ਸੂਬੇ ਦੇ ਲੋਕਾਂ ਵਿਰੁੱਧ ਸਾਜਿਸ਼ ਕਰਨ ਵਾਲੇ ਹਰੇਕ ਵਿਅਕਤੀ ਨੂੰ ਸਜ਼ਾ ਦਿਵਾਉਣਾ ਸਾਡੀ ਸਰਕਾਰ ਦਾ ਇਖਲਾਕੀ ਫਰਜ਼ ਹੈ।ਚੰਡੀਗੜ੍ਹ ਰੋਡ ਤੇ ਰਵਿਦਾਸ ਆਡੀਟੋਰੀਅਮ, ਈਸਟ ਐਂਡ ਕਲੱਬ, ਸਪੈਸ਼ਲ ਪਾਰਕ ਸਟੈਟਿਕ ਕੰਪੈਕਟਰ, ਵਪਾਰਕ ਅਤੇ ਪ੍ਰਦਰਸ਼ਨੀ ਕੇਂਦਰ ਅਤੇ ਹੋਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਪਿੱਛੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰੇਤ ਮਾਫੀਆ, ਬੇਅਦਬੀ, ਸਿੰਚਾਈ ਘੁਟਾਲੇ ਜਾਂ ਪੋਸਟ ਮੈਟ੍ਰਿਕ ਸਕਾਲਰਸਿ਼ਪ ਸਕੀਮ ਵਿੱਚ ਸ਼ਾਮਲ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਬਣਦੀ ਸਜ਼ਾ ਦਿੱਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਗੁਨਾਹਗਾਰਾਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਸੂਬਾ ਸਰਕਾਰ ਪੂਰੀ ਸੁਹਿਰਦਤਾ ਨਾਲ ਵਚਨਬੱਧ ਹੈ । ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਰਸੂਖ਼ਦਾਰ ਕਿਉਂ ਨਾ ਹੋਵੇ, ਅਜਿਹੇ ਅਪਰਾਧਾਂ ਲਈ ਜਵਾਬਦੇਹ ਹੋਵੇਗਾ। ਉਨ੍ਹਾਂ ਕਿਹਾ ਕਿ ਮਨੁੱਖਤਾ ਵਿਰੁੱਧ ਇਨ੍ਹਾਂ ਅਪਰਾਧਾਂ ਵਿੱਚ ਸ਼ਾਮਲ ਸਿਆਸੀ ਵਿਅਕਤੀਆਂ ਨੂੰ ਵੀ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਦੇ ਇਨ੍ਹਾਂ ਦੋਸ਼ੀਆਂ ਨੂੰ ਸੀਖਾਂ ਪਿੱਛੇ ਡੱਕਣਾ ਪੰਜਾਬ ਸਰਕਾਰ ਦਾ ਤਰਜੀਹੀ ਫਰਜ਼ ਹੈ।`ਆਪ` ਸੁਪਰੀਮੋ ਅਰਵਿੰਦ ਕੇਜਰੀਵਾਲ `ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਸੱਤਾ ਹਥਿਆਉਣ ਲਈ ਉਨ੍ਹਾਂ (ਕੇਜਰੀਵਾਲ) ਵਲੋਂ ਵਰਤੇ ਜਾ ਰਹੇ ਹਥਕੰਡਿਆਂ ਤੋਂ ਸੁਚੇਤ ਰਹਿਣ ਲਈ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਵਾਅਦੇ ਝੂਠ ਦਾ ਪੁਲੰਦਾ ਹਨ, ਜੋ ਸੂਬਾ-ਦਰ-ਸੂਬਾ ਬਦਲਦੇ ਰਹਿੰਦੇ ਹਨ। ਮੁੱਖ ਮੰਤਰੀ ਚੰਨੀ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਕੇਜਰੀਵਾਲ , ਪੰਜਾਬ ਵਿੱਚ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਭੱਤਾ ਦੇਣ ਦਾ ਵਾਅਦਾ ਕਰ ਰਹੇ ਹਨ ਪਰ ਗੋਆ ਵਿੱਚ ਉਨ੍ਹਾਂ ਵਲੋਂ ਇਹੀ ਭੱਤਾ 5000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਕੇਜਰੀਵਾਲ ਐਂਡ ਕੰਪਨੀ ਦਾ ਕਿਰਦਾਰ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਕਾਂਗਰਸ ਲੀਡਰਸਿ਼ਪ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸੂਬੇ ਦੇ ਹਰ ਆਮ ਆਦਮੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯਤਨ ਕਰ ਰਿਹਾ ਹਾਂ। ਆਪਣੀ ਸਰਕਾਰ ਵੱਲੋਂ ਵਿੱਢੀਆਂ ਕਈ ਲੋਕ -ਪੱਖੀ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ ਕੀਤੇ,ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਘਟਾ ਕੇ 3 ਰੁਪਏ ਪ੍ਰਤੀ ਯੂਨਿਟ ਕੀਤੀਆਂ, ਪੇਂਡੂ ਖੇਤਰਾਂ ਵਿੱਚ ਮੋਟਰਾਂ ਦੇ 1200 ਕਰੋੜ ਰੁਪਏ ਦੇ ਬਿੱਲ ਮੁਆਫ ਕੀਤੇ , ਪਾਣੀ ਦੇ ਖਰਚੇ ਘਟਾ ਕੇ 50 ਰੁਪਏ ਕੀੇਤੇ ਅਤੇ ਇਸਦੇ ਨਾਲ ਹੀ ਰੇਤ ਦੇ ਰੇਟ ਵੀ ਘਟਾਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਇਹ ਹੀ ਨਹੀਂ ਸਗੋਂ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਅਜਿਹੇ ਅਹਿਮ ਫੈਸਲੇ ਵੀ ਲਏ ਜਾਣਗੇ।ਇਸ ਮੌਕੇ ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।ਇਸ ਮੌਕੇ ਉਪ ਮੁੱਖ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ, ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਮੇਅਰ ਸ੍ਰੀ ਬਲਕਾਰ ਸਿੰਘ ਤੇ ਹੋਰ ਮੌਜੂਦ ਸਨ।
ਬਠਿੰਡਾ ਦੇ ਮਿਲਕ ਪਲਾਂਟ ਦੀ ਚੋਣ ’ਚ 11 ਡਾਇਰੈਕਟਰ ਨਿਰਵਿਰੋਧ ਚੁਣੇ
ਕਾਂਗਰਸੀਆਂ ਆਗੂਆਂ ਨੇ ਨਹੀਂ ਦਿਖ਼ਾਇਆ ਉਤਸ਼ਾਹ
ਫ਼ੂਲ ’ਚ ਕਾਂਗੜ ਤੇ ਮਲੂਕਾ ਸਮਰਥਕ ਦੇ ਫ਼ਸੇ ਸਿੰਗ
ਕਈ ਅਕਾਲੀ ਵੀ ਬਣੇ ਡਾਇਰੈਕਟਰ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਲੰਮੇ ਸਮੇਂ ਤੋਂ ਲੰਬਿਤ ਪਈ ਬਠਿੰਡਾ ਮਿਲਕ ਪਲਾਂਟ ਦੇ ਬੋਰਡ ਆਫ਼ ਡਾਇਰੈਕਟਰ ਦੀ ਚੱਲ ਰਹੀ ਚੋਣ ਵਿਚ ਅੱਜ 11 ਡਾਇਰੈਕਟਰ ਨਿਰਵਿਰੋਧ ਚੁਣੇ ਗਏ। ਜਦੋਂਕਿ ਫ਼ੂਲ ’ਚ ਕਾਂਗੜ੍ਹ ਤੇ ਮਲੂਕਾ ਸਮਰਥਕਾਂ ਵਿਚ ਸਿੰਗ ਫ਼ਸਣ ਕਾਰਨ ਭਲਕੇ ਚੋਣ ਕਰਵਾਈ ਜਾ ਰਹੀ ਹੈ। ਉਜ ਇਸ ਚੋਣ ਵਿਚ ਕਾਂਗਰਸੀਆਂ ਆਗੂਆਂ ਦੁਆਰਾ ਜਿਆਦਾ ਉਤਸ਼ਾਹ ਨਹੀਂ ਦਿਖਾਇਆ ਗਿਆ, ਜਿਸ ਕਾਰਨ 7 ਜੋਨਾਂ ਉਪਰ ਸਿਰਫ਼ ਇੱਕ-ਇੱਕ ਉਮੀਦਵਾਰ ਹੀ ਸਾਹਮਣੇ ਆਇਅ। ਇਸਤੋਂ ਇਲਾਵਾ ਭਗਤਾ ਭਾਈ ਜੋਨ ਵਿਚ ਯੋਗ ਉਮੀਦਵਾਰ ਹੀ ਨਹੀਂ ਮਿਲ ਸਕਿਆ। ਪਤਾ ਲੱਗਿਆ ਹੈ ਕਿ ਅੱਜ ਨਿਰਵਿਰੋਧ ਚੁਣੇ ਗਏ ਡਾਇਰੈਕਟਰਾਂ ਵਿਚੋਂ ਕਈ ਅਕਾਲੀ ਉਮੀਦਵਾਰ ਵੀ ਸਫ਼ਲ ਰਹੇ। ਇੰਨ੍ਹਾਂ ਵਿਚ ਇੱਕ ਸਾਬਕਾ ਚੇਅਰਮੈਨ ਸੁਖਪਾਲ ਸਿੰਘ ਦਾ ਨਾਮ ਵੀ ਪ੍ਰਮੁੱਖ ਤੌਰ ’ਤੇ ਸ਼ਾਮਲ ਹੈ। ਗੌਰਤਲਬ ਹੈ ਕਿ ‘ਦੀ ਬਠਿੰਡਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ ’ ਦੇ ਹਰ ਪੰਜ ਸਾਲਾਂ ਬਾਅਦ 13 ਡਾਇਰੈਕਟਰ ਚੁਣੇ ਜਾਂਦੇ ਹਨ। ਪ੍ਰੰਤੂ ਕਾਂਗਰਸੀ ਸਰਕਾਰ ਬਣਨ ਤੋਂ ਬਾਅਦ ਕਥਿਤ ਤੌਰ ’ਤੇ ਅਕਾਲੀ ਪੱਖੀ ਬੋਰਡ ਨੂੰ ਭੰਗ ਕਰਨ ਦੇ ਚੱਲਦੇ ਮਾਮਲਾ ਅਦਾਲਤ ਵਿਚ ਚਲਿਆ ਗਿਆ ਸੀ। ਜਿਸ ਕਾਰਨ ਇਹ ਚੋਣ ਕਾਫ਼ੀ ਲਮਕ ਕੇ ਹੋਈ ਹੈ। ਮਿਲਕ ਪਲਾਂਟ ਦੇ ਚੋਣ ਪ੍ਰਬੰਧਾਂ ਨਾਲ ਜੁੜੇ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ‘‘ ਇਸ ਚੋਣ ਲਈ ਕੁੱਝ ਅਕਾਲੀ ਲੀਡਰਾਂ ਦੇ ਫ਼ੋਨ ਜਰੂਰ ਆਏ ਪ੍ਰੰਤੂ ਇੱਕ ਵੀ ਕਾਂਗਰਸੀ ਨੇ ਉਤਸ਼ਾਹ ਨਹੀਂ ਦਿਖਾਇਆ, ਜਿਸ ਕਾਰਨ ਚੋਣ ਪੂਰੀ ਤਰ੍ਹਾਂ ਨਿਰਪੱਖ ਤੇ ਸਧਾਰਨ ਤਰੀਕੇ ਨਾਲ ਹੋਈ। ’’ ਸੂਚਨਾ ਮੁਤਾਬਕ ਫ਼ੂਲ ਜੋਨ ਵਿਚ ਸਹਿਮਤੀ ਨਾ ਬਣਨ ਕਾਰਨ ਭਲਕੇ ਚੋਣ ਹੋਵੇਗੀ। ਇੱਥੇ ਚਰਨਜੀਤ ਸਿੰਘ ਤੇ ਰਾਮ ਸਿੰਘ ਵਿਚਕਾਰ ਮੁਕਾਬਲਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਜੋਨ ਵਿਚ ਸਿਰਫ਼ ਪੰਜ ਹੀ ਵੋਟਾਂ ਹਨ ਤੇ ਦੋਨਾਂ ਧਿਰਾਂ ਨਾਲ ਦੋ-ਦੋ ਵੋਟਾਂ ਦਸੀਆਂ ਜਾ ਰਹੀਆਂ ਹਨ। ਇਸਤੋਂ ਇਲਾਵਾ ਰਾਮਪੁਰਾ, ਮੋੜ, ਸੰਗਤ ਵਿਚ ਸਿਰਫ਼ ਦੋ-ਦੋ ਉਮੀਦਵਾਰਾਂ ਨੇ ਨਾਮਜਦਗੀਆਂ ਦਾਖ਼ਲ ਕੀਤੀਆਂ ਸਨ, ਜਿੰਨ੍ਹਾਂ ਵਿਚੋਂ ਇੱਕ-ਇੱਕ ਨੇ ਅਪਣੇ ਕਾਗਜ਼ ਵਾਪਸ ਲੈ ਲਏ। ਇਸੇ ਤਰ੍ਹਾਂ ਸੱਤ ਜੋਨਾਂ ਵਿਚ ਸਿਰਫ਼ ਇੱਕ-ਇੱਕ ਉਮੀਦਵਾਰ ਹੀ ਸਾਹਮਣੇ ਆਇਆ। ਜਿਸਦੇ ਚੱਲਦੇ ਚੋਣ ਪ੍ਰੀਿਆ ਮੁਤਾਬਕ 11 ਜੋਨਾਂ ਵਿਚੋਂ ਡਾਇਰੈਕਟਰਾਂ ਨੂੰ ਨਿਰਵਿਰੋਧ ਜੇਤੂ ਕਰਾਰ ਦਿੱਤਾ ਗਿਆ। ਚੋਣ ਪ੍ਰੀਿਆ ਮੁਕੰਮਲ ਹੋਣ ਤੋਂ ਬਾਅਦ ਚੁਣੇ ਗਏ ਮੈਂਬਰਾਂ ਵਿਚੋਂ ਇੱਕ ਚੇਅਰਮੈਨ, ਇੱਕ ਉਪ ਚੇਅਰਮੈਨ ਤੇ ਇੱਕ ਡਾਇਰੈਕਟਰ ਸਟੇਟ ਲਈ ਚੁਣਿਆ ਜਾਂਦਾ ਹੈ। ਗੌਰਤਲਬ ਹੈ ਕਿ ਮਾਲਵਾ ਪੱਟੀ ’ਚ ਵੇਰਕਾ ਮਿਲਕ ਪਲਾਂਟ ਇੱਕ ਕਾਫ਼ੀ ਮਹੱਤਵਪੂਰਨ ਸੰਸਥਾ ਹੈ, ਜਿਸਦੇ ਉਤਪਾਦ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਵਿਚ ਵੀ ਜਾਂਦੇ ਹਨ।
ਬਠਿੰਡਾ ਪੱਟੀ ’ਚ ਮੌਸਮ ਦੀ ਪਹਿਲੀ ਸੰਘਣੀ ਧੁੰਦ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
ਕਈ ਥਾਂ ਹੋਏ ਸੜਕ ਹਾਦਸੇ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਅੱਜ ਸਰਦੀ ਮੌਸਮ ਦੀ ਪਈ ਪਹਿਲੀ ਸੰਘਣੀ ਧੁੰਦ ਨੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ। ਕਰੀਬ 11 ਵਜੇਂ ਤੱਕ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਸੜਕਾਂ ‘ਤੇ ਦੂਰ ਦਾ ਦਿਖਣਾ ਬੰਦ ਰਿਹਾ। ਇਸ ਧੁੰਦ ਕਾਰਨ ਕਈ ਥਾਂ ਸੜਕੀ ਹਾਦਸੇ ਵੀ ਵਾਪਰੇ, ਜਿਸ ਵਿਚ ਕਈ ਲੋਕ ਜਖ਼ਮੀ ਹੋਏੇ। ਇਸਤੋਂ ਇਲਾਵਾ ਧੁੰਦ ਦੇ ਕਾਰਨ ਠੰਢ ਵਿਚ ਵੀ ਵਾਧਾ ਹੋਇਆ। ਮੌਸਮ ਵਿਗਿਆਨੀਆਂ ਮੁਤਾਬਕ ਤਾਪਮਾਨ ਵਿਚ ਦੋ-ਤਿੰਨ ਸੈਲਸੀਅਸ ਗਿਰਾਵਟ ਦਰਜ਼ ਹੋਈ। ਆਉਣ ਵਾਲੇ ਦਿਨਾਂ ’ਚ ਸੀਤ ਲਹਿਰ ਚੱਲਣ ਕਾਰਨ ਮੌਸਮ ਹੋਰ ਠੰਢਾ ਹੋਣ ਤੇ ਸੰਘਣੀ ਧੂੰਦ ਪੈਣ ਦਾ ਅਨੁਮਾਨ ਹੈ। ਹਾਲਾਂਕਿ ਆਮ ਲੋਕਾਂ ਤੇ ਪਸੂ-ਪੰਛੀਆਂ ਨੂੰ ਇਸ ਠੰਢ ਦਾ ਨੁਕਸਾਨ ਹੈ ਪ੍ਰੰਤੂ ਕਣਕ ਲਈ ਇਹ ਠੰਢ ਕਾਫ਼ੀ ਲਾਹੇਵੰਦ ਹੈ। ਇਸਤੋਂ ਇਲਾਵਾ ਗਰਮ ਕੱਪੜਿਆਂ ਦੇ ਵਪਾਰੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਮੰਦੀ ਕਾਰਨ ਇਸ ਠੰਢ ਵਿਚ ਵਪਾਰ ਗਰਮ ਹੋਣ ਦੀ ਉਮੀਦ ਜਾਗੀ ਹੈ।
ਸਬ-ਡਵੀਜ਼ਨ ਪੱਧਰ ’ਤੇ ਲਗਾਏ ਕੈਂਪਾਂ ਦਾ ਆਮ ਲੋਕਾਂ ਨੇ ਲਿਆ ਲਾਹਾ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਜ਼ਿਲ੍ਹੇ ਅੰਦਰ ਸਬ-ਡਵੀਜ਼ਨ ਪੱਧਰ ’ਤੇ ਲਗਾਏ ਗਏ 2 ਰੋਜ਼ਾ ਸਪੈਸ਼ਲ ਕੈਂਪਾਂ ਵਿਚ ਅੱਜ ਪਹਿਲੇ ਦਿਨ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਲੈਕਸ, ਮੌੜ ਦੇ ਸਦਭਾਵਨਾ ਭਵਨ, ਤਲਵੰਡੀ ਸਾਬੋ ਕਮਿਊਨਿਟੀ ਹਾਲ ਅਤੇ ਰਾਮਪੁਰਾ ਫੂਲ ਦੇ ਟੀਪੀਡੀ ਮਾਲਵਾ ਕਾਲਜ ਵਿਖੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਏ.ਡੀ.ਸੀ ਵਰਿੰਦਰਪਾਲ ਬਾਜ਼ਵਾ ਨੇ ਕਿਹਾ ਕਿ ਸੂਬਾ ਸਰਕਾਰ ਆਮ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦੇਣ ਲਈ ਹਮੇਸ਼ਾ ਵਚਨਵੱਧ ਹੈ। ਉਨ੍ਹਾਂ ਇੰਨ੍ਹਾਂ ਕੈਂਪ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਐਸਡੀਐਮ ਬਠਿੰਡਾ ਕੰਵਰਜੀਤ ਸਿੰਘ ਮਾਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਬੈਂਕਾਂ ਦੇ ਨਿੱਜੀਕਰਨ ਖਿਲਾਫ ਕੇਂਦਰ ਵਿਰੁੱਧ 2 ਰੋਜਾਂ ਹੜਤਾਲ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ’ਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ ਵਲੋਂ ਦਿੱਤੇ ਦੇਸ਼ ਪੱਧਰੀ ਹੜਤਾਲ ਦੇ ਸੱਦੇ ਤਹਿਤ ਜ਼ਿਲ੍ਹੇ ਵਿਚ ਬੈਕਿੰਗ ਕਾਰੋਬਾਰ ਠੱਪ ਰਿਹਾ। ਇਸ ਦੌਰਾਨ ਸਮੂਹ ਬੈਂਕ ਕਰਮਚਾਰੀ ਹੜ੍ਹਤਾਲ ’ਤੇ ਰਹੇ ਅਤੇ ਉਨ੍ਹਾਂ ਅਪਣੀਆਂ ਬਂੈਕਾਂ ਅੱਗੇ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਸੈਕਟਰੀ ਅਮਨਦੀਪ ਸਿੰਘ ਕਾਮਰੇਡ, ਗੁਲਸ਼ਨ ਓਬਰਾਏ, ਪੰਕਜ ਕੁਮਾਰ ਆਦਿ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਪਬਲਿਕ ਸੈਕਟਰ ਦੇ ਬੈਂਕਾਂ ਦਾ ਨਿਜੀਕਰਨ ਕਰਨ ’ਤੇ ਤੁਲੀ ਹੋਈ ਹੈ ਅਤੇ ਨਿਜੀਕਰਨ ਦਾ ਬਿੱਲ ਪਾਰਲੀਮੈਂਟ ਅੰਦਰ ਵੀ ਪੇਸ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਘਾਟੇ ਪੂਰੇ ਕਰਨ ਲਈ ਵੱਡੇ ਬੈਂਕਾਂ ਨੂੰ ਵੇਚਣ ਦੀ ਗੱਲ ਕੀਤੀ ਜਾ ਰਹੀ ਹੈ , ਜਿਸਨੂੰ ਮੰਨਜੂਰ ਨਹੀਂ ਕੀਤਾ ਜਾਵੇਗਾ। ਉਧਰ ਦੇਸ਼ ਭਰ ਦੇ ਬਾਰਾਂ ਲੱਖ ਮੁਲਾਜਮ ਹੜਤਾਲ ’ਤੇ ਚਲੇ ਜਾਣ ਕਾਰਨ ਕੰਮ ਕਾਜ ਪੂਰੀ ਤਰ੍ਹਾਂ ਠੱਪ ਰਿਹਾ ਅਤੇ ਕਾਰੋਬਾਰੀਆਂ ਨੂੰ ਬੈਂਕ ਬੰਦ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸਿਹਤ ਕਾਮਿਆਂ ਨੇ ਕੱਟੇ ਹੋਏ ਭੱਤਿਆਂ ਦੇ ਰੋਸ ਕੱਢਿਆ ਅਰਥੀ ਫੂਕ ਮੁਜਾਹਰਾ
ਸੁਖਜਿੰਦਰ ਮਾਨ
ਬਠਿੰਡਾ 16 ਦਸੰਬਰ: ਸਿਹਤ ਵਿਭਾਗ ਦੀ ਤਾਲਮੇਲ ਤੇ ਪੈਰਾਮੈਡੀਕਲ ਕਰਮਚਾਰੀ ਯੂਨੀਅਨ ਵੱਲੋਂ ਅੱਜ ਪੰਜਾਬ ਸਰਕਾਰ ਵਲੋਂ ਕੱਟੇ ਹੋਏ ਭੱਤਿਆਂ ਦੇ ਰੋਸ ਵੱਜੋਂ ਸਰਕਾਰ ਵਿਰੁਧ ਰੋਸ਼ ਮਾਰਚ ਕੱਢਦਿਆਂ ਅਰਥੀ ਫੂਕੀ ਗਈ। ਇਸ ਮੌਕੇ ਕਮੇਟੀ ਦੇ ਜਿਲਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਨੇ ਐਲਾਨ ਕੀਤਾ ਕਿ ਜਦ ਤਕ ਸਰਕਾਰ ਕੱਟੇ ਹੋਏ ਪੇਂਡੂ ਭੱਤੇ ਸਮੇਤ ਹੋਰ ਭੱਤੇ ਬਹਾਲ ਨਹੀਂ ਕਰਦੀ ਤਦ ਤਕ ਮੁਲਾਜਮ ਸਰਕਾਰੀ ਨਿਯਮਾਂ ਅਨੁਸਾਰ ਹੀ ਕੰਮ ਕਰਨਗੇ। ਨਰਸਿੰਗ ਐਸੋਸੀਏਸਨ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਕਿਹਾ ਕਿ ਜਿੰਨਾ ਚਿਰ ਕੱਟਿਆ ਹੋਇਆ ਵਰਦੀ ਭੱਤਾ ਅਤੇ ਵਾਸਿੰਗ ਅਲਾਊਸ ਬਹਾਲ ਨਹੀਂ ਕੀਤਾ ਉਨੀ ਦੇਰ ਤਕ ਕੋਈ ਵੀ ਕਰਮਚਾਰੀ ਵਰਦੀ ਪਾ ਕੇ ਕੰਮ ਨਹੀ ਕਰੇਗਾ ।ਇਸ ਸਮੇਂ ਵੱਖ ਵੱਖ ਆਗੂਆਂ ਨੇ ਸਿਹਤ ਮਹਿਕਮੇ ਦੇ ਸਮੂਹ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ ।ਇਸ ਮੌਕੇ ਬੋਲਦਿਆਂ ਫਾਰਮੇਸੀ ਐਸੈਸੀਏਸਨ ਦੇ ਆਗੂ ਕੁਲਵਿੰਦਰ ਸਿੰਘ, ਐਨ ਐਚ ਐਮ ਯੂਨੀਅਨ ਦੇ ਨਰਿੰਦਰ ਕੁਮਾਰ , ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਦੇ ਭੁਪਿੰਦਰ ਕੌਰ , ਆਊਟਸੋਰਸ ਸਿਹਤ ਕਾਮੇ ਦੇ ਜਤਿੰਦਰ ਸਿੰਘ ਪ੍ਰਧਾਨ,ਪੀ ਸੀ ਐਮ ਐਸ ਐਸੋਸੀਏਸਨ ਦੇ ਪ੍ਰਧਾਨ ਡਾਕਟਰ ਜਗਰੂਪ ਸਿੰਘ,ਸੀ ਐਚ ਓ ਜਥੇਬੰਦੀ ਦੇ ਹਰਦੀਪ ਸਿੰਘ, ਹਰਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।
ਖਪਤਕਾਰ ਅਦਾਲਤ ਨੇ ਟਰੈਵਲਰ ਕੰਪਨੀ ਨੂੰ ਕੀਤਾ ਜੁਰਮਾਨਾ
ਸੁਖਜਿੰਦਰ ਮਾਨ
ਬਠਿੰਡਾ 16 ਦਸੰਬਰ: ਸਥਾਨਕ ਜ਼ਿਲ੍ਹਾ ਖਪਤਕਾਰ ਅਦਾਲਤ ਨੇ ਇੱਕ ਟੂਰ ਐਂਡ ਟਰੈਵਲਰ ਕੰਪਨੀ ਨੂੰ 10 ਹਜ਼ਾਰ ਰੁਪਏ ਜੁਰਮਾਨਾ ਲਗਾਉਂਦਿਆਂ ਪੀੜ੍ਹਤ ਵਿਅਕਤੀਆਂ ਵਲੋਂ ਦਿੱਤੇ ਪੈਸਿਆਂ ਨੂੰ 9 ਫ਼ੀਸਦੀ ਵਿਆਜ਼ ਸਹਿਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਦਿੰਦਿਆਂ ਸਿਕਾਇਤਕਰਤਾ ਘਨਸਅਿਾਮ ਦੇ ਵਕੀਲ ਵਰੁਣ ਬਾਂਸਲ ਨੇ ਦਸਿਆ ਕਿ ਉਨ੍ਹਾਂ ਦੇ ਕਲਾਇੰਟਾਂ ਵਲੋਂ 2019 ‘ਚ ਇੱਕ ਟਿ੍ਰਪ ਬੁੱਕ ਕੀਤਾ ਗਿਆ ਸੀ ਤੇ ਜਿਸਦੇ ਬਦਲੇ ਕੰਪਨੀ ਨੂੰ 1,60,000 ਰੁਪਏ ਦੀ ਰਕਮ ਐਡਵਾਂਸ ਵਿੱਚ ਵੀ ਜਮ੍ਹਾਂ ਕਰਵਾਈ ਸੀ। ਕੰਪਨੀ ਨੇ ਉਸ ਨੂੰ 10 ਦਿਨਾਂ ਦੀ ਯਾਤਰਾ ਦਾ ਹੋਟਲ ਦੇਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਕੁਝ ਦਿਨਾਂ ਬਾਅਦ ਕੰਪਨੀ ਨੇ 4 ਲੱਖ ਦੀ ਮੰਗ ਕਰਨੀ ਸੁਰੂ ਕਰ ਦਿੱਤੀ, ਜਦੋਂ ਕਿ ਉਨ੍ਹਾਂ ਨੇ ਨਾ ਤਾਂ ਹੋਟਲ ਬੁੱਕ ਕਰਵਾਏ ਸਨ, ਨਾ ਹੀ ਯਾਤਰਾ ਲਈ ਵੀਜਾ ਸੀ ਅਤੇ ਨਾ ਹੀ ਹਵਾਈ ਟਿਕਟਾਂ ਬੁੱਕ ਕਰਵਾਈਆਂ ਸਨ। ਜੋਰ ਦੇਣ ’ਤੇ ਕੰਪਨੀ ਨੇ ਜਾਅਲੀ ਟਿਕਟ ਬਣਾ ਕੇ ਦੇ ਦਿੱਤੀ ਅਤੇ ਫਿਰ ਬਾਕੀ ਪੈਸੇ ਮੰਗਣ ਲੱਗੇ। ਘਨਸਅਿਾਮ ਦੀ ਵੀਜਾ ਫਾਈਲ ਅਜੇ ਕਲੀਅਰ ਨਹੀਂ ਹੋਈ ਸੀ, ਇਸ ਲਈ ਉਸਨੂੰ ਸੱਕ ਹੋਇਆ ਅਤੇ ਉਨ੍ਹਾਂ ਨੇ ਵਰੁਣ ਬਾਂਸਲ ਵਕੀਲ ਦੁਆਰਾ ਹਵਾਈ ਜਹਾਜ ਵਿਭਾਗ ਨੂੰ ਦਿੱਤੀ ਆਰਟੀਆਈ ਅਰਜੀ ਪ੍ਰਾਪਤ ਕੀਤੀ ਅਤੇ ਜਹਾਜ ਦੀਆਂ ਟਿਕਟਾਂ ਦਾ ਸਟੇਟਸ ਪੁੱਛਿਆ।ਹੈਰਾਨੀ ਦੀ ਗੱਲ ਇਹ ਹੈ ਕਿ ਵਿਭਾਗ ਨੇ ਜਵਾਬ ਦਿੱਤਾ ਕਿ ਇਹ ਟਿਕਟਾਂ ਫਰਜੀ ਹਨ ਅਤੇ ਤੁਹਾਡੇ ਨਾਂ ‘ਤੇ ਕੋਈ ਬੁਕਿੰਗ ਨਹੀਂ ਹੋਈ ਹੈ। ਇਸ ਤੋਂ ਬਾਅਦ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ, ਉਨ੍ਹਾਂ ਨੂੰ ਪੈਸੇ ਵਾਪਸ ਕਰਨ ਦੀ ਸਲਾਹ ਦਿੱਤੀ ਗਈ, ਪਰ ਕੰਪਨੀ ਨੇ ਪੈਸੇ ਵਾਪਸ ਨਹੀਂ ਕੀਤੇ, ਜਿਸ ਕਾਰਨ ਪੀੜਤ ਨੇ ਖ਼ਪਤਕਾਰ ਅਦਾਲਤ ਵਿਚ ਕੇਸ ਦਾਈਰ ਕੀਤਾ। ਸੁਣਵਾਈ ਤੋਂ ਬਾਅਦ ਫ਼ੋਰਮ ਨੇ ਫੈਸਲਾ ਸੁਣਾਉਂਦੇ ਹੋਏ ਕੰਪਨੀ ਨੂੰ 1,60,000 ਰੁਪਏ 9% ਵਿਆਜ ਸਮੇਤ ਜਮਾਂ ਹੋਣ ਦੀ ਮਿਤੀ ਤੋਂ ਭੁਗਤਾਨ ਕਰਨ ਦੇ ਨਾਲ ਨਾਲ 10,000 ਰੁਪਏ ਜੁਰਮਾਨਾ ਅਦਾ ਕਰਨ ਲਈ ਵੀ ਕਿਹਾ ਹੈ।
ਵਿੱਤ ਮੰਤਰੀ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨਾਲ ਹੋਏ ਰੂ-ਬ-ਰੂ
ਮਹਿਲਾ ਆਗੂ ਰਮੇਸ਼ ਰਾਣੀ ਹੋਏ ਕਾਂਗਰਸ ਪਾਰਟੀ ਚ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ 16 ਦਸੰਬਰ: ਅੱਜ ਬਠਿੰਡਾ ਦੌਰੇ ’ਤੇ ਆਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਥਾਨਕ ਸੋ ਫ਼ੁੱਟੀ ’ਤੇ ਸਥਿਤ ਦਸਮੇਸ਼ ਪਬਲਿਕ ਸਕੂਲ ਵਿਖੇ ਪਹੁੰਚੇ, ਜਿੱਥੇ ਉਹ ਵਿਦਿਆਰਥੀਆਂ ਦੇ ਰੂਬਰੂ ਹੋਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਸਿੱਖਿਆ ਪ੍ਰਤੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪਿ੍ਰੰਸੀਪਲ ਡਾ ਰਵਿੰਦਰ ਸਿੰਘ ਮਾਨ ਅਤੇ ਸਮੂਹ ਸਕੂਲ ਸਟਾਫ਼ ਵਲੋਂ ਸ: ਬਾਦਲ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਲਾਈਨੋ ਪਾਰ ਇਲਾਕੇ ਦੇ ਵਾਰਡ ਨੰਬਰ 43 ਦਾ ਦੌਰਾ ਕਰਦਿਆਂ ਵਿਤ ਮੰਤਰੀ ਨੇ ਕਾਂਗਰਸੀ ਆਗੂ ਰਮੇਸ਼ ਰਾਣੀ ਦੀ ਘਰ ਵਾਪਸੀ ਕਰਵਾਈ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਰੱਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਬੱਸ ਸਫਰ ਫਰੀ ਕਰਨ ਦੇ ਨਾਲ, ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ ,ਪੈਟਰੋਲ ਡੀਜ਼ਲ ਸਸਤਾ ਕਰਨ ਦੇ ਨਾਲ, ਬੇਜ਼ਮੀਨਿਆਂ ਨੂੰ ਘਰਾਂ ਦੇ ਮਾਲਕੀ ਹੱਕ ਦੇਣ ਦੇ ਲਏ ਇਤਿਹਾਸਕ ਫੈਸਲਿਆਂ ਨੇ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਏਜੰਡਾ ਸ਼ਹਿਰ ਬਠਿੰਡਾ ਦਾ ਵਿਕਾਸ ਰਿਹਾ ਜਿਸ ਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਅਤੇ ਆਉਂਦੇ ਸਮੇਂ ਵਿਚ ਵੀ ਸ਼ਹਿਰ ਦੀ ਤਰੱਕੀ ਲਈ ਵੱਡੇ ਯਤਨ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਜੈਜੀਤ ਸਿੰਘ ਜੋਜੋ ਜੌਹਲ,ਅਰੁਣ ਵਧਾਵਨ, ਅਸ਼ੋਕ ਕੁਮਾਰ, ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ,ਕੌਂਸਲਰ ਕੁਲਵਿੰਦਰ ਕੌਰ, ਕਾਂਗਰਸੀ ਮਹਿਲਾ ਆਗੂ ਰਜਨੀ ਬਾਲਾ ,ਕਾਂਗਰਸੀ ਆਗੂ ਜਗਪਾਲ ਗੋਰਾ ਆਦਿ ਹਾਜਰ ਸਨ।
ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਆਰਥਿਕ ਕਟੌਤੀਆਂ ਵਿਰੁਧ ਅਰਥੀ ਸਾੜੀ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਲਗਾਤਾਰ ਆਰਥਿਕ ਕਟੌਤੀਆਂ ਦੇ ਵਿਰੋਧ ਵਿਚ ਅੱਜ ਸੰਯੁਕਤ ਅਧਿਆਪਕ ਫਰੰਟ ਦੀ ਅਗਵਾਈ ਹੇਠ ਸਥਾਨਕ ਮਿੰਨੀ ਸਕੱਤਰੇਤ ਅੱਗੇ ਅਧਿਆਪਕਾਂ ਨੇ ਰੋਸ ਰੈਲੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ। ਫਰੰਟ ਦੇ ਆਗੂ ਰੇਸ਼ਮ ਸਿੰਘ, ਵਿਕਾਸ ਗਰਗ ਅਤੇ ਨਵਚਰਨਪ੍ਰੀਤ ਨੇ ਦੋਸ਼ ਲਾਇਆ ਕਿ ਚੋਣ ਵਾਅਦਿਆਂ ਤੋਂ ਸਰਕਾਰ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਜਿਸਦੇ ਚੱਲਦੇ ਸਰਕਾਰ ਵੱਲੋਂ ਅਪਹਾਜ ਮੁਲਾਜਮ ਨੂੰ ਮਿਲਦੇ ਹੈਂਡੀਕੈਪ ਅਲਾਊਂਸ ਅਤੇ ਸਾਰੇ ਵਿਭਾਗਾਂ ਦੇ ਮੁਲਾਜਮਾਂ ਦਾ ਪੇਂਡੂ ਭੱਤਾ ਵੀ ਫਰੀਜ਼ ਕਰ ਦਿੱਤਾ ਹੈ । ਅਧਿਆਪਕ ਆਗੂ ਬਲਜਿੰਦਰ ਸਿੰਘ,ਅਨੰਦ ਸਿੰਘ, ਜਗਦੀਸ਼ ਕੁਮਾਰ ਜੱਗੀ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਫਿਕਸਡ ਟਰੈਵਲਿੰਗ ਅਲਾਊਂਸ ਸਮੇਤ ਕੁੱਲ 37 ਭੱਤਿਆਂ ਨੂੰ ਵੀ ਫਰੀਜ਼ ਕਰ ਕੇ ਮੁਲਾਜਮਾਂ ਦੀਆਂ ਤਨਖਾਹਾਂ ਬਹੁਤ ਘਟਾ ਦਿੱਤੀਆਂ ਹਨ । ਸਰਕਾਰ ਵੱਲੋਂ 01/07/21 ਤੋਂ ਬਾਅਦ ਮੁਲਾਜਮ ਨੂੰ ਮਿਲਦੇ ਏ.ਸੀ.ਪੀ. ਦੇ ਲਾਭ ਵੀ ਅਗਲੇ ਹੁਕਮਾਂ ਤੱਕ ਵਾਪਸ ਲੈ ਕੇ ਮੁਲਾਜਮ ਨਾਲ ਧ੍ਰੋਹ ਕਮਾਇਆ ਹੈ। ਅਧਿਆਪਕ ਆਗੂ ਮਨਪ੍ਰੀਤ ਬੰਗੀ, ਅਸ਼ਵਨੀ ਕੁਮਾਰ,ਹਰਜੀਤ ਸਿੰਘ ਅਤੇ ਜਗਸੀਰ ਸਹੋਤਾ ਨੇ ਵੀ ਸੰਬੋਧਨ ਕੀਤਾ।





