Monday, May 4, 2026
Home Blog Page 2674

ਸੀਨੀ ਕਾਂਗਰਸੀ ਆਗੂ ਜਸਵੀਰ ਸਿੰਘ ਮਹਿਰਾਜ ‘ਭਾਜਪਾ’ ‘ਚ ਸ਼ਾਮਲ

0

ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜਾਉਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਦਲ-ਬਦਲੀਆਂ ਦੇ ਚੱਲ ਰਹੇ ਇਸ ਮਾਹੌਲ ਦੌਰਾਨ ਭਾਜਪਾ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਮਹਿਰਾਜ ਨੂੰ ਅਪਣੇ ਪਾਲੇ ਵਿਚ ਕੀਤਾ ਹੈ। ਚਰਚਾ ਮੁਤਾਬਕ ਪਾਰਟੀ ਇਸ ਆਗੂ ਨੂੰ ਬਠਿੰਡਾ ਦਿਹਾਤੀ ਤੋਂ ਚੋਣ ਲੜਾ ਸਕਦੀ ਹੈ। ਬੀਤੇ ਕੱਲ ਲੁਧਿਆਣਾ ਵਿਖੇ ਭਾਜਪਾ ਦੇ ਸਮਾਗਮ ਦੌਰਾਨ ਸਮੂਲੀਅਤ ਕਰਨ ਵਾਲੇ ਜਸਵੀਰ ਸਿਘ ਮਹਿਰਾਜ਼ ਨੇ ਦੱਸਿਆ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆ ਦੇ ਪਿੰਡ ਮਹਿਰਾਜ ਦੇ ਜੰਮਪਲ ਹਨ ਤੇ ਪਿਛਲੇ ਲਗਭਗ 22 ਸਾਲਾਂ ਤੋਂ ਕਾਂਗਰਸ ਪਾਰਟੀ ‘ਚ ਕੰਮ ਕਰ ਰਹੇ ਹਨ। ਇਸ ਦੌਰਾਨ ਉਹ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਸੇਵਾਦਲ ਦੇ ਜਥੇਬੰਧਕ ਸਕੱਤਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਸਨ ਪ੍ਰੰਤੂ ਕਾਂਗਰਸ ਨੇ ਉਨਾਂ ਦੀ ਕਦਰ ਨਹੀਂ ਪਾਈ, ਜਿਸ ਕਾਰਨ ਭਾਜਪਾ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਜਿੱਥੇ ਵੀ ਉਨ੍ਹਾਂ ਦੀ ਸੇਵਾ ਲਗਾਏਗੀ ਉਹ ਡੱਟਕੇ ਕੰਮ ਕਰਨਗੇ।

ਪਰਮਿਟ ਜਾਰੀ ਕਰਨ ਦੇ ਫੈਸਲੇ ’ਤੇ ਟ੍ਰਾਂਸਪੋਟਰਾਂ ਨੇ ਵੰਡੇ ਲੱਡੂ

0

ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ: ਪੰਜਾਬ ਸਰਕਾਰ ਵੱਲੋਂ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਲਈ 425 ਰੂਟਾਂ ’ਤੇ 1406 ਪਰਮਿਟ ਜਾਰੀ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਅੱਜ ਬਠਿੰਡਾ ਦੀ ਮਿੰਨੀ ਬੱਸ ਅਪਰੇਟਰਜ ਯੂਨੀਅਨ ਵਲਂੋ ਲੱਡੂ ਵੰਡੇ ਗਏ। ਯੂਨੀਅਨ ਦੇ ਚੇਅਰਮੈਨ ਬਲਤੇਜ ਸਿੰਘ ਵਾਂਦਰ ਅਤੇ ਹੋਰਨਾਂ ਅਹੁਦੇਦਾਰਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ‘‘ ਪਿਛਲੇ ਕਈ ਦਹਾਕਿਆਂ ਤੋਂ ਟਰਾਂਸਪੋਰਟ ਦੇ ਕਾਰੋਬਾਰ ਉੱਤੇ ਕੁਝ ਪਰਿਵਾਰਾਂ ਦਾ ਹੀ ਰਾਜ ਚੱਲ ਰਿਹਾ ਸੀ ਅਤੇ ਇਨ੍ਹਾਂ ਪਰਿਵਾਰਾਂ ਦੀ ਮਨੋਪਲੀ ਅੱਗੇ ਹਰ ਛੋਟਾ ਆਪ੍ਰੇਟਰ ਬੇਵੱਸ ਸੀ ਪ੍ਰੰਤੂ ਅੱਜ ਪੰਜਾਬ ਸਰਕਾਰ ਨੇ ਇਹ ਸਿੱਧ ਕਰ ਦਿੱਤਾ ਕਿ ਉਹ ਛੋਟੇ ਅਪਰੇਟਰਾਂ ਦੇ ਨਾਲ ਖੜ੍ਹੀ ਹੈ। ’’ ਇਸਤੋਂ ਇਲਾਵਾ ਟ੍ਰਾਂਸਪੋਟਰਾਂ ਨੇ ਰਾਜਾ ਵੜਿੰਗ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਮਿੰਨੀ ਬੱਸਾਂ ਦਾ ਟੈਕਸ 30.000 ਹਜ਼ਾਰ ਰੁਪਏ ਸਾਲਾਨਾ ਤੋਂ ਘਟਾ ਕੇ 20.000 ਰੁਪਏ ਕਰ ਦਿੱਤਾ ਹੈ ਅਤੇ ਜੋ ਹਰ ਸਾਲ 5% ਦਾ ਵਾਧਾ ਹੁੰਦਾ ਸੀ ਉਹ ਵੀ ਖਤਮ ਕਰ ਦਿੱਤਾ। ਇਸ ਮੌਕੇ ਖੁਸ਼ਕਰਨ ਸਿੰਘ, ਗੁਰਦੀਪ ਸਿੰਘ, ਅਜੀਤਪਾਲ ਸ਼ਰਮਾ, ਪੱਪੂ ਰਮਾਣਾ ,ਗੁਰਾ ਸਿੰਘ ਰੋਮਾਣਾ ਆਦਿ ਹਾਜ਼ਰ ਸਨ ।

ਕੈਪਟਨ ਅਮਰਿੰਦਰ ਨੇ ਚੰਨੀ ਨੂੰ ਪੁੱਛਿਆ ਸਵਾਲ, ਪੁਲਿਸ ਦੀਆਂ ਨਿਯੁਕਤੀਆਂ ਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ

0

ਸੁਖਜਿੰਦਰ ਮਾਨ
ਚੰਡੀਗੜ੍ਹ, 15 ਦਸੰਬਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਗ਼ਲਤ ਪ੍ਰਾਥਮਿਕਤਾਵਾਂ ਉੱਪਰ ਵਰ੍ਹਦਿਆਂ ਹੋਇਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸਵਾਲ ਕੀਤਾ ਹੈ ਕਿ ਕਿਉਂ ਉਨ੍ਹਾਂ ਨੇ ਇਕ ਪੁਲੀਸ ਅਫ਼ਸਰ ਵੱਲੋਂ ਡੀਜੀਪੀ ਨੂੰ ਲਿਖੀ ਚਿੱਠੀ ਦੇ ਵੇਰਵੇ ਲੀਕ ਹੋਣ ਦੇ ਮਾਮਲੇ ਵਿੱਚ ਦਿੱਤੀ ਜਾਂਚ ਦੇ ਆਦੇਸ਼ਾਂ ਦੇ ਤਰਜ਼ ਤੇ ਪੰਜਾਬ ਪੁਲੀਸ ਦੇ ਸੀਨੀਅਰ ਸੁਪਰਡੈਂਟਾਂ ਅਤੇ ਡਿਪਟੀ ਸੁਪਰਡੈਂਟਾਂ ਦੀਆਂ ਨਿਯੁਕਤੀਆਂ ਵਿੱਚ ਹੋਏ ਭ੍ਰਿਸ਼ਟਾਚਾਰ ਸਬੰਧੀ ਦੋਸ਼ਾਂ ਦੀ ਜਾਂਚ ਦੇ ਆਦੇਸ਼ ਨਹੀਂ ਦਿੱਤੇ ਹਨ, ਜਿਹੜੇ ਦੋਸ਼ ਉਨ੍ਹਾਂ ਦੀ ਹੀ ਕੈਬਨਿਟ ਦੇ ਇਕ ਸਾਥੀ ਵੱਲੋਂ ਲਗਾਏ ਗਏ ਸਨ।ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੀ ਚੌਕਸੀ ਅਤੇ ਤਤਕਾਲਤਾ ਉੱਪਰ ਚੁਟਕੀ ਲੈਂਦਿਆਂ ਕਿਹਾ ਕਿ ਤੁਸੀਂ ਇਕ ਸੀਨੀਅਰ ਪੁਲੀਸ ਅਫ਼ਸਰ ਵੱਲੋਂ ਡਾਇਰੈਕਟਰ ਜਨਰਲ ਆਫ ਪੁਲੀਸ ਨੂੰ ਲਿਖੀ ਚਿੱਠੀ ਦੇ ਕੁਝ ਪੰਨਿਆਂ ਦੇ ਲੀਕ ਹੋਣ ਦੇ ਮਾਮਲੇ ਵਿੱਚ ਤਾਂ ਜਾਂਚ ਦੇ ਆਦੇਸ਼ ਦੇ ਦਿੱਤੇ, ਪਰ ਕਿਉਂ ਤੁਸੀਂ ਉਹੀ ਤਤਕਾਲਤਾ ਉਦੋਂ ਨਹੀਂ ਦਿਖਾਈ ਜਦੋਂ ਤੁਹਾਡੇ ਮੰਤਰੀ ਮੰਡਲ ਦੇ ਇੱਕ ਸਾਥੀ ਨੇ ਹਾਲ ਹੀ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਸ਼ਰ੍ਹੇਆਮ ਐਸ.ਐਸ.ਪੀ ਅਤੇ ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੀ ਨਿਯੁਕਤੀ ਵਿੱਚ ਭ੍ਰਿਸ਼ਟਾਚਾਰ ਹੋਣ ਸਬੰਧੀ ਗੰਭੀਰ ਦੋਸ਼ ਲਗਾਏ ਸਨ।ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਝੂਠੇ ਵਾਅਦਿਆਂ ਅਤੇ ਐਲਾਨਾਂ ਕਾਰਨ ਤੁਹਾਡੀ ਸਰਕਾਰ ਦੇ ਆਏ ਦਿਨ ਖੁੱਲ੍ਹ ਰਹੇ ਭੇਦਾਂ ਕਾਰਨ ਤੁਹਾਡੀ ਪਰੇਸ਼ਾਨੀ ਨੂੰ ਸਮਝ ਸਕਦੇ ਹਨ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਕੈਪਟਨ ਅਮਰਿੰਦਰ ਨੇ ਯਾਦ ਲੈ ਕੇ ਤੁਸੀਂ ਹਮੇਸ਼ਾ ਹਰ ਕਿਸੇ ਨੂੰ ਸਲਾਖਾਂ ਪਿੱਛੇ ਭੇਜਣ ਲਈ ਦੋ ਦਿਨਾਂ ਲਈ ਅਧਿਕਾਰ ਮੰਗਦੇ ਸੀ। ਪਰ ਹੁਣ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਇਕ ਵੀ ਵਿਅਕਤੀ ਹਾਲੇ ਤਕ ਗ੍ਰਿਫ਼ਤਾਰ ਨਹੀਂ ਹੋਇਆ, ਹੁਣ ਕੀ ਹੋ ਗਿਆ ਹੈ।

 

ਗੁਰਕੀਰਤ ਕੋਟਲੀ ਨੇ ਚਮੜਾ ਉਦਯੋਗ ‘ਤੇ ਲੱਗਣ ਵਾਲੇ ਦੋਹਰੇ ਟੈਕਸ ਨੂੰ ਮੁਆਫ ਕਰਨ ਦਾ ਕੀਤਾ ਐਲਾਨ

0

ਹੋਰ ਅਸਲ ਅਤੇ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਦਿੱਤੀ ਸਹਿਮਤੀ
ਚੰਡੀਗੜ੍ਹ ਵਿਖੇ ਲੈਦਰ ਫੈਡਰੇਸ਼ਨ ਜਲੰਧਰ ਦੇ ਵਫ਼ਦ ਨਾਲ ਕੀਤੀ ਮੁਲਾਕਾਤ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਦਸੰਬਰ:ਜਲੰਧਰ ਦੇ ਚਮੜਾ ਉਦਯੋਗ ਦੇ ਹਾਲਤ ਸੁਧਾਰਨ ਦੇ ਉਦੇਸ਼ ਨਾਲ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇਹਨਾਂ ‘ਤੇ ਲੱਗਣ ਵਾਲੇ ਦੋਹਰੇ ਟੈਕਸ ਅਤੇ ਗਿੱਲੇ ਪਲਾਟਾਂ ਤੋਂ ਨਾਨ-ਕੰਸਟ੍ਰਕਸ਼ਨ ਚਾਰਜਿਜ਼ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ।ਜਲੰਧਰ ਦੇ ਉੱਘੇ ਉਦਯੋਗਪਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਦੀਆਂ ਵੱਖ-ਵੱਖ ਜਾਇਜ਼ ਮੰਗਾਂ ਨੂੰ ਮੰਨਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਜਲੰਧਰ ਦੀਆਂ ਪੁਰਾਣੇ ਚਮੜਾ ਕਾਰਖਾਨਿਆਂ ਨੂੰ ਅਪਗ੍ਰੇਡ ਕਰਨ ਲਈ 15 ਫੀਸਦੀ ਹਿੱਸਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਸਨਅਤੀ ਖੇਤਰਾਂ ਵਿੱਚੋਂ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਵੱਖ-ਵੱਖ ਉਦਯੋਗਿਕ ਪੱਖੀ ਨੀਤੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ 2030 ਤੱਕ ਗਲੋਬਲ ਐਮੀਸ਼ਨ ਨਿਯਮਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਾਂ ਕਿਉਂਕਿ ਪ੍ਰਧਾਨ ਮੰਤਰੀ ਨੇ ਵੀ ਗ੍ਰੀਨਹਾਊਸ ਗੈਸਾਂ ਨੂੰ ਕੰਟਰੋਲ ਕਰਨ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਸੀ। ਉਨ੍ਹਾਂ ਨੇ ਸਮੂਹ ਉਦਯੋਗਪਤੀਆਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।ਸ੍ਰੀ ਕੋਟਲੀ ਨੇ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਉਦਯੋਗ ਵਿਭਾਗ ਦੇ ਡਾਇਰੈਕਟਰ ਸਿਬਿਨ ਸੀ. ਨਾਲ ਮਿਲ ਕੇ ਵਫ਼ਦ ਨੂੰ ਚਮੜਾ ਉਦਯੋਗ ਦੀ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਚਮੜਾ ਉਦਯੋਗ ਦੀ ਰਹਿੰਦ-ਖੂੰਹਦ ਨੂੰ ਕੁਦਰਤੀ ਜਲ ਸਰੋਤਾਂ ਵਿੱਚ ਸੁੱਟਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਕੀਤਾ ਜਾਵੇਗਾ।
ਵਫ਼ਦ ਨੇ ਉਦਯੋਗ ਮੰਤਰੀ ਵੱਲੋਂ ਜਲੰਧਰ ਸਥਿਤ ਲੈਦਰ ਫੈਡਰੇਸ਼ਨ ਦੀਆਂ ਇਕਾਈਆਂ ਦੀਆਂ ਅਸਲ ਸਮੱਸਿਆਵਾਂ ਨੂੰ ਸੁਣਨ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ।ਮੀਟਿੰਗ ਦੌਰਾਨ ਲੈਦਰ ਫੈਡਰੇਸ਼ਨ ਜਲੰਧਰ ਦੇ ਵਫ਼ਦ ਵਿੱਚ ਰੀਜਨਲ ਡਾਇਰੈਕਟਰ ਕੌਂਸਲ ਫਾਰ ਲੈਦਰ ਐਕਸਪੋਰਟ (ਨਵੀਂ ਦਿੱਲੀ) ਅਤੁਲ ਕੁਮਾਰ ਮਿਸ਼ਰਾ, ਪ੍ਰਧਾਨ ਪੰਜਾਬ ਲੈਦਰ ਫੈਡਰੇਸ਼ਨ ਹੀਰਾ ਲਾਲ ਵਰਮਾ, ਸੀਨੀਅਰ ਮੀਤ ਪ੍ਰਧਾਨ ਦੀਪਕ ਚਾਵਲਾ, ਸਕੱਤਰ ਸੰਜੈ ਵਰਮਾ ਅਤੇ ਮੁੱਖ ਸਲਾਹਕਾਰ ਸਟੀਵਨ ਕਲੇਰ ਹਾਜ਼ਰ ਸਨ।

ਮੁੱਖ ਮੰਤਰੀ ਵੱਲੋਂ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਦੀਆਂ ਜਾਇਜ਼ ਸ਼ਿਕਾਇਤਾਂ ਦੇ ਤੇਜ਼ੀ ਨਾਲ ਨਿਪਟਾਰੇ ਦਾ ਭਰੋਸਾ

0

ਸੁਖਜਿੰਦਰ ਮਾਨ
ਚੰਡੀਗੜ੍ਹ, 15 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਲਈ ਸੁਖਾਵਾਂ ਮਾਹੌਲ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਅੱਜ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ `ਤੇ ਤੇਜ਼ੀ ਨਾਲ ਹੱਲ ਕੀਤਾ ਜਾਵੇਗਾ।ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਹਾਜ਼ਰੀ ਵਿੱਚ ਅੱਜ ਇੱਥੇ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਨ ਵਾਲੇ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਿਵੇਸ਼ਕ ਸੰਮੇਲਨ ਦੌਰਾਨ ਉਨ੍ਹਾਂ ਵੱਲੋਂ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਦੀਆਂ ਬਹੁਤੀਆਂ ਮੰਗਾਂ ਪਹਿਲਾਂ ਹੀ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਮੰਗਾਂ ਨੂੰ ਵੀ ਚੰਗੀ ਤਰ੍ਹਾਂ ਘੋਖ ਕੇ ਜਲਦੀ ਹੀ ਸੁਖਾਵੇਂ ਢੰਗ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਉਂਕਿ ਇਸ ਪਲੇਟਫਾਰਮ `ਤੇ ਉਦਯੋਗ ਦੇ ਨੁਮਾਇੰਦਿਆਂ ਦੁਆਰਾ ਉਠਾਏ ਗਏ ਮੁੱਦੇ ਵੱਖ ਵੱਖ ਤਰ੍ਹਾਂ ਜਿਵੇਂ ਜੀ.ਐੱਸ.ਟੀ., ਪ੍ਰਦੂਸ਼ਣ ਅਤੇ ਬਿਜਲੀ ਨਾਲ ਸਬੰਧਤ ਹਨ, ਇਸ ਲਈ ਇਨ੍ਹਾਂ ਮੁੱਦਿਆਂ ਨਾਲ ਸਬੰਧਤ ਪ੍ਰਸ਼ਾਸਕੀ ਸਕੱਤਰਾਂ ਦੀ ਰਾਇ ਲੈ ਕੇ ਸੁਚੱਜੇ ਢੰਗ ਨਾਲ ਨਜਿੱਠਿਆ ਜਾਵੇਗਾ।ਮੰਡੀ ਗੋਬਿੰਦਗੜ੍ਹ ਦੀ ਸਟੀਲ ਮਾਰਕੀਟ ਵਿੱਚ ਚੱਲ ਰਹੇ ਐਸ.ਐਮ.ਐਸ. ਰੈਕੇਟ ਦਾ ਤੁਰੰਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਫਤਹਿਗੜ੍ਹ ਸਾਹਿਬ ਦੇ ਐਸਐਸਪੀ ਨੂੰ ਅਜਿਹੀਆਂ ਗਲਤ ਵਪਾਰਕ ਕਾਰਵਾਈਆਂ ਵਿੱਚ ਸ਼ਾਮਲ ਮਾੜੇ ਅਨਸਰਾਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਦੋ ਮਹੀਨਿਆਂ ਯਾਨੀ ਅਪ੍ਰੈਲ ਅਤੇ ਮਈ 2020 ਦੇ ਸਥਿਰ ਬਿਜਲੀ ਖਰਚਿਆਂ ਨੂੰ ਮੁਆਫ ਕਰਨ ਸਬੰਧੀ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੀ ਮੰਗ `ਤੇ ਗੌਰ ਕਰਨ ਵਾਸਤੇ ਵੀ ਕਿਹਾ ਕਿਉਂਕਿ ਉਦਯੋਗ ਕੋਵਿਡ-19 ਮਹਾਂਮਾਰੀ ਦੌਰਾਨ ਬੰਦ ਹੋ ਗਏ ਸਨ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਲਈ ਸਾਰੇ ਭਾਈਵਾਲਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਦੇ ਇੱਕੋ ਇੱਕ ਉਦੇਸ਼ ਨਾਲ ਕਾਰੋਬਾਰ ਲਈ ਸਾਰਥਕ ਮਾਹੌਲ ਸਿਰਜਿਆ ਗਿਆ ਹੈ ਅਤੇ ਸੂਬਾ ਹੁਣ ਤੇਜ਼ੀ ਨਾਲ ਦੇਸ਼ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਰਣਦੀਪ ਸਿੰਘ ਨਾਭਾ, ਜਲ ਸਰੋਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੋਂ ਇਲਾਵਾ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਤੇਜਵੀਰ ਸਿੰਘ ਅਤੇ ਸੀ.ਈ.ਓ. ਇਨਵੈਸਟ ਪੰਜਾਬ ਰਜਤ ਅਗਰਵਾਲ ਮੌਜੂਦ ਸਨ।ਮੀਟਿੰਗ ਵਿੱਚ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

ਖੇਡ ਮੰਤਰੀ ਪਰਗਟ ਸਿੰਘ ਨੇ ਖਿਡਾਰੀਆਂ ਤੇ ਕੋਚਾਂ ਨੂੰ 11.80 ਕਰੋੜ ਰੁਪਏ ਦੀ ਰਾਸ਼ੀ ਵੰਡੀ

0

ਬਜਟ ਦਾ 10 ਤੋਂ 15 ਫੀਸਦੀ ਨੌਜਵਾਨਾਂ ਤੇ ਖਿਡਾਰੀਆਂ ਉਤੇ ਖਰਚਣ ਉਪਰ ਦਿੱਤਾ ਜ਼ੋਰ
ਚੀਨ ਦੇ ਹਵਾਲੇ ਦੇ ਕੇ ਰਾਸ਼ਟਰ ਪੱਧਰ ਉਪਰ ਖੇਡ ਨੀਤੀ ਬਣਾਉਣ ਦੀ ਕੀਤੀ ਨਿਸ਼ਾਨਦੇਹੀ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਦਸੰਬਰ: ਕੌਮੀ ਬਜਟ ਦਾ 10 ਤੋਂ 15 ਫੀਸਦੀ ਨੌਜਵਾਨਾਂ ਖ਼ਾਸ ਤੌਰ ਉਤੇ ਖਿਡਾਰੀਆਂ ਉਪਰ ਖਰਚਣ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਮਨੁੱਖੀ ਸਰੋਤਾਂ ਉਤੇ ਪੈਸਾ ਖਰਚਣ ਨਾਲ ਤੁਹਾਨੂੰ ਸਿਹਤ ਸੇਵਾਵਾਂ ਉਤੇ ਜ਼ਿਆਦਾ ਪੈਸਾ ਖਰਚਣ ਦੀ ਲੋੜ ਨਹੀਂ ਪੈਂਦੀ।ਇੱਥੇ ਮੈਗਸੀਪਾ ਵਿਖੇ ਪੰਜਾਬ ਦੇ 3309 ਖਿਡਾਰੀਆਂ ਤੇ 10 ਕੋਚਾਂ ਨੂੰ ਕੁੱਲ 11.80 ਕਰੋੜ ਰੁਪਏ ਦੀ ਰਾਸ਼ੀ ਸੌਂਪਣ ਮੌਕੇ ਸੰਬੋਧਨ ਕਰਦਿਆਂ ਸ. ਪਰਗਟ ਸਿੰਘ ਨੇ ਕਿਹਾ ਕਿ ਚੀਨ ਨੇ ਮਨੁੱਖੀ ਸਰੋਤਾਂ ਦੇ ਵਿਕਾਸ ਉਤੇ ਖਰਚ ਕੀਤਾ ਜਿਸ ਕਾਰਨ ਉਥੋਂ ਦੇ ਲੋਕਾਂ ਦੀ ਪਿਛਲੇ ਦਹਾਕਿਆਂ ਦੌਰਾਨ ਔਸਤਨ ਲੰਬਾਈ 2.5 ਇੰਚ ਵਧੀ ਹੈ।ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ ਲਈ ਉਤਸ਼ਾਹਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਲੋੜ ਮੁਤਾਬਕ ਤਬਦੀਲੀਆਂ ਕਰਨ ਦੀ ਗੱਲ ਆਖਦਿਆਂ ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਸਮੇਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਸਰੀਰਿਕ ਸਿੱਖਿਆ ਅਧਿਆਪਕਾਂ ਨੂੰ ਦੱਖਣੀ ਅਫ਼ਰੀਕਾ ਦੇ ਕੋਚਾਂ ਤੋਂ ਸਿਖਲਾਈ ਦਿਵਾਉਣ ਦੀ ਗੱਲ ਆਖਦਿਆਂ ਸ.ਪਰਗਟ ਸਿੰਘ ਨੇ ਆਖਿਆ ਕਿ ਵਿਦੇਸ਼ੀ ਕੋਚਾਂ ਦੀ ਮੁਹਾਰਤ ਦਾ ਲਾਹਾ ਲੈਣ ਦੀ ਲੋੜ ਹੈ। ਸਿੱਖਿਆ ਵਿਭਾਗ ਤੇ ਖੇਡ ਵਿਭਾਗ ਮਿਲ ਕੇ ਖੇਡ ਪਨੀਰੀ ਤਿਆਰ ਕਰਨਗੇ।ਆਪਣੇ ਖੇਡ ਪਿਛੋਕੜ ਦਾ ਜ਼ਿਕਰ ਕਰਦਿਆਂ ਪਰਗਟ ਸਿੰਘ ਨੇ ਖਿਡਾਰੀਆਂ ਨੂੰ ਵੀ ਸਮਾਜ ਲਈ ਰੋਲ ਮਾਡਲ ਬਣਨ ਲਈ ਪ੍ਰੇਰਦਿਆਂ ਖੇਡ ਮੈਦਾਨ ਦੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਟੀਮ ਭਾਵਨਾ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵੱਖ ਵੱਖ ਵਿਭਾਗਾਂ ਵਿੱਚ 3 ਫੀਸਦੀ ਖੇਡ ਕੋਟੇ ਤਹਿਤ ਹੁੰਦੀ ਭਰਤੀ ਦੀ ਥਾਂ ਇਸ ਸਾਰੇ ਖੇਡ ਕੋਟੇ ਨੂੰ ਖੇਡ ਵਿਭਾਗ ਅਧੀਨ ਹੀ ਲਿਆਂਦਾ ਜਾਵੇ ਤਾਂ ਜੋ ਇਹ ਖਿਡਾਰੀ ਅੱਗੇ ਹੋਰ ਖਿਡਾਰੀ ਤਿਆਰ ਕਰ ਕੇ ਭਾਰਤ ਨੂੰ ਦੁਨੀਆ ਦੇ ਖੇਡ ਨਕਸ਼ੇ ਦਾ ਧੁਰਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ।
ਇਸ ਤੋਂ ਪਹਿਲਾਂ ਸਵਾਗਤੀ ਸ਼ਬਦ ਬੋਲਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਕੁੱਲ 11.80 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 3309 ਖਿਡਾਰੀਆਂ ਨੂੰ 9.37 ਕਰੋੜ ਰੁਪਏ ਅਤੇ 10 ਕੋਚਾਂ ਨੂੰ 2.43 ਕਰੋੜ ਰੁਪਏ ਦਿੱਤੇ ਗਏ। ਇਨ੍ਹਾਂ ਵਿੱਚ 1298 ਖਿਡਾਰੀਆਂ ਨੂੰ ਸਾਲ 2018-19 ਲਈ 4.84 ਕਰੋੜ (4,84,30,000) ਰੁਪਏ ਅਤੇ 2011 ਖਿਡਾਰੀਆਂ ਨੂੰ 4.49 ਕਰੋੜ (4,49,96,000) ਰੁਪਏ ਦਿੱਤੇ ਗਏ।ਅੱਜ ਦੇ ਸਮਾਗਮ ਵਿੱਚ ਖੇਡ ਮੰਤਰੀ ਪਰਗਟ ਸਿੰਘ ਨੇ ਸੰਕੇਤਕ ਤੌਰ ਉਤੇ 10 ਕੋਚਾਂ ਅਤੇ 14 ਖਿਡਾਰੀਆਂ ਨੂੰ ਚੈੱਕ ਸੌਂਪੇ ਜਦੋਂ ਕਿ ਬਾਕੀ ਸਾਰੇ ਖਿਡਾਰੀਆਂ ਦੇ ਖਾਤਿਆਂ ਵਿੱਚ ਡੀ.ਬੀ.ਟੀ. ਰਾਹੀਂ ਰਾਸ਼ੀ ਪਾ ਦਿੱਤੀ ਗਈ। 10 ਕੋਚਾਂ ਵਿੱਚੋਂ ਦਰੋਣਾਚਾਰੀਆ ਐਵਾਰਡੀ ਮਹਿੰਦਰ ਸਿੰਘ ਢਿੱਲੋਂ ਤੇ ਦਰੋਣਾਚਾਰੀਆ ਐਵਾਰਡੀ ਸੁਖਦੇਵ ਸਿੰਘ ਪੰਨੂੰ ਨੂੰ 40-40 ਲੱਖ ਰੁਪਏ, ਬੈਡਮਿੰਟਨ ਕੋਚ ਵਿਜੈਦੀਪ ਸਿੰਘ ਨੂੰ 30 ਲੱਖ ਰੁਪਏ, ਓਲੰਪੀਅਨ ਵੇਟ ਲਿਫਟਿੰਗ ਕੋਚ ਸੰਦੀਪ ਕੁਮਾਰ ਨੂੰ 28 ਲੱਖ ਰੁਪਏ, ਬੈਡਮਿੰਟਨ ਕੋਚ ਸੁਰੇਸ਼ ਕੁਮਾਰ ਤੇ ਅਥਲੈਟਿਕਸ ਕੋਚ ਹਰਮਿੰਦਰ ਪਾਲ ਸਿੰਘ ਨੂੰ 20-20 ਲੱਖ ਰਪਏ, ਹਾਕੀ ਕੋਚ ਅਵਤਾਰ ਸਿੰਘ, ਗੁਰਦੇਵ ਸਿੰਘ ਤੇ ਯੁਧਵਿੰਦਰ ਸਿੰਘ ਨੂੰ 16.66-16.66 ਲੱਖ ਰੁਪਏ ਅਤੇ ਅਥਲੈਟਿਕਸ ਕੋਚ ਜਸਪਾਲ ਸਿੰਘ ਨੂੰ 16 ਲੱਖ ਰੁਪਏ ਦਿੱਤੇ ਗਏ।14 ਖਿਡਾਰੀਆਂ ਵਿੱਚੋਂ ਓਲੰਪੀਅਨ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਨੂੰ 1.12 ਕਰੋੜ ਰੁਪਏ, ਅਰਜੁਨਾ ਐਵਾਰਡੀ ਨਿਸ਼ਾਨੇਬਾਜ਼ ਗੁਰਪ੍ਰੀਤ ਸਿੰਘ ਨੂੰ 61 ਲੱਖ ਰੁਪਏ, ਬੈਡਮਿੰਟਨ ਖਿਡਾਰੀ ਧਰੁਵ ਕਪੀਲਾ ਨੇ 15 ਲੱਖ ਰੁਪਏ, ਤਲਵਾਰਬਾਜ਼ੀ ਦੀ ਖਿਡਾਰਨ ਜਗਮੀਤ ਕੌਰ ਨੂੰ 7 ਲੱਖ ਰੁਪਏ, ਈਨਾ ਅਰੋੜਾ ਨੂੰ 6.57 ਲੱਖ ਰੁਪਏ, ਵਰਿੰਦਰ ਸਿੰਘ ਨੂੰ 5.30 ਲੱਖ ਰੁਪਏ, ਕੋਮਲਪ੍ਰੀਤ ਸ਼ੁਕਲਾ, ਅਨੁਸ਼ਕਾ, ਅਥਲੀਟ ਨਵਜੀਤ ਕੌਰ ਢਿੱਲੋਂ, ਅਥਲੀਟ ਕ੍ਰਿਪਾਲ ਸਿੰਘ, ਜੂਡੋਕਾ ਜਸਲੀਨ ਸਿੰਘ ਸੈਣੀ, ਕਬੱਡੀ ਖਿਡਾਰਨ ਹਰਵਿੰਦਰ ਕੌਰ ਤੇ ਵਾਲੀਬਾਲ ਖਿਡਾਰੀ ਰਣਜੀਤ ਸਿੰਘ ਨੂੰ 5-5 ਲੱਖ ਰੁਪਏ ਦਿੱਤੇ ਗਏ।ਇਸ ਤੋਂ ਪਹਿਲਾਂ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ.ਐਸ.ਸਿੱਧੂ ਨੇ ਕਿਹਾ ਕਿ ਖਿਡਾਰੀ ਸਖਤ ਮਿਹਨਤ ਕਰ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਪ੍ਰੰਤੂ ਕਈ ਵਾਰ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਦਾ ਪਰ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਜਿਸ ਨੇ ਅੱਜ ਵੱਡੀ ਗਿਣਤੀ ਵਿੱਚ ਖਿਡਾਰੀਆਂ ਤੇ ਕੋਚਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਤ ਕੀਤਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਿਆ ਜਾਵੇਗਾ।ਇਸ ਮੌਕੇ ਖਿਡਾਰੀਆਂ ਤਰਫੋਂ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਦਾ ਤਮਗਾ ਜੇਤੂ ਨਵਜੀਤ ਕੌਰ ਢਿੱਲੋਂ ਅਤੇ ਮੈਰਾਥਨ ਵਿੱਚ ਸੈਫ ਖੇਡਾਂ ਦੇ ਸੋਨ ਤਮਗਾ ਜੇਤੂ ਰਛਪਾਲ ਸਿੰਘ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਸੂਬਾ ਸਰਕਾਰ ਦਾ ਇਸ ਉਦਮ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਉਤਸ਼ਾਹ ਨਾਲ ਉਨ੍ਹਾਂ ਨੂੰ ਅੱਗੇ ਆਉਣ ਵਾਲੇ ਮੁਕਾਬਲਿਆਂ ਵਿੱਚ ਹੋਰ ਵੀ ਪ੍ਰਾਪਤੀਆਂ ਕਰਨ ਲਈ ਪ੍ਰੇਰਨਾ ਮਿਲੇਗੀ।
ਅੰਤ ਵਿੱਚ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕ੍ਰਿਪਾਲ ਵੀਰ ਸਿੰਘ ਨੇ ਮੁੱਖ ਮਹਿਮਾਨ ਅਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਖਿਡਾਰੀ ਦਾ ਨਗਦ ਇਨਾਮ ਕਿਸੇ ਦਸਤਾਵੇਜ਼ ਦੀ ਕਮੀ ਕਾਰਨ ਰਹਿ ਗਿਆ ਹੋਵੇ ਤਾਂ ਉਹ ਲੋੜੀਂਦੇ ਕਾਗਜ਼ਾਂ ਵਿਭਾਗ ਨੂੰ ਜਮ੍ਹਾਂ ਕਰਵਾ ਸਕਦਾ ਹੈ।ਇਸ ਮੌਕੇ ਹਾਕੀ ਓਲੰਪੀਅਨ ਸਰਦਾਰ ਸਿੰਘ, ਕੌਮਾਂਤਰੀ ਹਾਕੀ ਖਿਡਾਰੀ ਤੇ ਓਲੰਪੀਅਨ ਕੋਚ ਸੁਖਬੀਰ ਸਿੰਘ ਗਰੇਵਾਲ, ਅਰਜੁਨਾ ਐਵਾਰਡੀ ਅਥਲੀਟ ਮਾਧੁਰੀ ਸਕਸੈਨਾ ਵੀ ਹਾਜ਼ਰ ਸਨ

‘ਆਪ’ ਦੀ ਸਰਕਾਰ ਬਣਨ ’ਤੇ ਜਲੰਧਰ ’ਚ ਬਣਾਵਾਂਗੇ ਦੇਸ਼ ਦੀ ਸਭ ਤੋਂ ਵੱਡੀ ‘ਸਪੋਰਟਸ ਯੂਨੀਵਰਸਿਟੀ’ ਅਤੇ ‘ਅੰਤਰ ਰਾਸ਼ਟਰੀ ਹਵਾਈ ਅੱਡਾ’ : ਅਰਵਿੰਦ ਕੇਜਰੀਵਾਲ

0

-ਕੇਜਰੀਵਾਲ ਦੀ ਅਗਵਾਈ ਵਿੱਚ ਤਿਰੰਗੇ ਦੇ ਰੰਗ ’ਚ ਰੰਗਿਆ ਗਿਆ ਜਲੰਧਰ
-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੁਫਨਿਆਂ ਦਾ ਭਾਰਤ ਬਣਾਉਣ ਲਈ ਅਸੀਂ ‘ਸਿੱਖਿਆ’ ਨੂੰ ਸਭ ਤੋਂ ਜ਼ਿਆਦਾ ਤਵੱਜੋ ਦਿੱਤੀ: ਅਰਵਿੰਦ ਕੇਜਰੀਵਾਲ
-ਅਸੀਂ ਪੰਜਾਬ ਵਿੱਚ ਭਾਈਚਾਰਾ ਅਤੇ ਅਮਨ ਸ਼ਾਂਤੀ ਕਾਇਮ ਕਰ ਕੇ ਰਾਜ ਨੂੰ ਖ਼ੁਸ਼ਹਾਲ ਬਣਾਵਾਂਗੇ: ਅਰਵਿੰਦ ਕੇਜਰੀਵਾਲ
-ਆਮ ਆਦਮੀ ਪਾਰਟੀ ਦਾ ਝਾੜੂ ਪੂਰੇ ਹਿੰਦੁਸਤਾਨ ਦੀ ਰਾਜਨੀਤਿਕ ਗੰਦਗੀ ਨੂੰ ਸਾਫ਼ ਕਰੇਗਾ: ਭਗਵੰਤ ਮਾਨ
ਸੁਖਜਿੰਦਰ ਮਾਨ
ਜਲੰਧਰ, 15 ਦਸੰਬਰ: ਹੱਥ ਵਿੱਚ ਤਿਰੰਗਾ, ਦਿਲ ਵਿੱਚ ਦੇਸ਼ ਭਗਤੀ ਅਤੇ ਜ਼ੁਬਾਨ ’ਤੇ ਭਾਰਤ ਮਾਤਾ ਦੀ ਜੈ ਨਾਲ ਹਜ਼ਾਰਾਂ ਲੋਕਾਂ ਦੀ ਉਤਸ਼ਾਹਿਤ ਭੀੜ ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਬਣਾ ਰਹੀ ਸੀ। ਬੁੱਧਵਾਰ ਨੂੰ ਪੂਰਾ ਜਲੰਧਰ ਸ਼ਹਿਰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆਂ ਗਿਆ। ਦਿਨ ਭਰ ਪੂਰੇ ਸ਼ਹਿਰ ’ਚ ਦੇਸ਼ ਭਗਤੀ ਦੇ ਗੀਤ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਗੂੰਜਦੇ ਰਹੇ। ਇਹ ਨਜ਼ਾਰਾ ਜਲੰਧਰ ਵਿੱਚ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕੀਤੀ ਤਿਰੰਗਾ ਯਾਤਰਾ ਦਾ ਸੀ, ਜਿਸ ਦੀ ਅਗਵਾਈ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰ ਰਹੇ ਸਨ। ਬੁੱਧਵਾਰ ਨੂੰ ਦੋ ਦਿਨਾਂ ਪੰਜਾਬ ਦੌਰੇ ’ਤੇ ਆਏ ਕੇਜਰੀਵਾਲ ਨੇ ਜਲੰਧਰ ਵਿੱਚ ਪਾਰਟੀ ਵੱਲੋਂ ਕੀਤੀ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ ਅਤੇ ਹੱਥ ਵਿੱਚ ਤਿਰੰਗਾ ਫੜੇ ਹਜ਼ਾਰਾਂ ਉਤਸ਼ਾਹਿਤ ਕਾਰਜਕਰਤਾਵਾਂ ਅਤੇ ਲੋਕਾਂ ਦੀ ਭੀੜ ਦੇ ਨਾਲ ਪੂਰੇ ਸ਼ਹਿਰ ’ਚ ਮਾਰਚ ਕੀਤਾ।ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, ‘‘ਇਹ ਬਹੁਤ ਸ਼ਾਨਦਾਰ ਤਿਰੰਗਾ ਯਾਤਰਾ ਹੈ। ਜਲੰਧਰ ਦੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਅਤੇ ਅਸ਼ੀਰਵਾਦ ਦਿੱਤਾ। ਅਸੀਂ ਪੰਜਾਬ ਨੂੰ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹਾਂ। ਅਸੀਂ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰ ਕੇ ਰਾਜ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ।’’ ਕੇਜਰੀਵਾਲ ਨੇ ਜਲੰਧਰ ਵਾਸੀਆਂ ਨਾਲ ਵਾਅਦਾ ਕਰਦਿਆਂ ਕਿਹਾ, ‘‘ 2022 ਵਿੱਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਜਲੰਧਰ ਵਿੱਚ ਦੇਸ਼ ਦੀ ਸਭ ਤੋਂ ਵੱਡੀ ‘ਸਪੋਰਟਸ ਯੂਨੀਵਰਸਿਟੀ’ ਬਣਾਵਾਂਗੇ।ਸਪੋਰਟਸ ਯੂਨੀਵਰਸਿਟੀ ਦੇ ਐਲਾਨ ਨਾਲ ਹੀ ਕੇਜਰੀਵਾਲ ਨੇ ਇੱਕ ਹੋਰ ਐਲਾਨ ਕਰਦਿਆਂ ਕਿਹਾ, ‘‘ਦੋਆਬਾ ਅਪ੍ਰਵਾਸੀ ਭਾਰਤੀਆਂ ਦਾ ਗੜ ਹੈ। ਇੱਥੋਂ ਦੇ ਲੋਕਾਂ ਨੂੰ ਫਲਾਈਟ ਫੜਨ ਲਈ ਦਿੱਲੀ, ਚੰਡੀਗੜ੍ਹ ਅਤੇ ਅੰਮਿ੍ਰਤਸਰ ਜਾਣਾ ਪੈਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਜਲੰਧਰ ਦੇ ਲੋਕਾਂ ਨੂੰ ਫਲਾਈਟ ਲੈਣ ਲਈ ਦੂਰ ਨਹੀਂ ਜਾਣਾ ਪਵੇਗਾ। ’’ ਉਨ੍ਹਾਂ ਵਾਅਦਾ ਕੀਤਾ ਕਿ ‘ਆਪ’ ਦੀ ਸਰਕਾਰ ਜਲੰਧਰ ਦੇ ਲੋਕਾਂ ਦੀ ਸਹੂਲਤ ਲਈ ਜਲੰਧਰ ’ਚ ਕੌਮਾਂਤਰੀ ਹਵਾਈ ਅੱਡਾ’ ਬਣਾਏਗੀ।ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਗ਼ਰੀਬ ਐਸ.ਸੀ ਵਰਗ ਦੇ ਪਰਿਵਾਰ ’ਚ ਪੈਦਾ ਹੋਣ ਦੇ ਬਾਵਜੂਦ ਬਾਬਾ ਸਾਹਿਬ ਕੋਲ ਕਈ ਵੱਡੀ ਡਿਗਰੀਆਂ ਸਨ, ਜਿਨ੍ਹਾਂ ’ਚ ਕਈ ਵਿਦੇਸ਼ੀ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਵੀ ਸ਼ਾਮਲ ਸਨ। ਬਾਬਾ ਸਾਹਿਬ ਦੀ ਇੱਛਾ ਸੀ ਕਿ ਪੂਰਾ ਦੇਸ਼ ਸਿੱਖਿਅਤ ਬਣੇ। ਅਮੀਰ ਜਾਂ ਗ਼ਰੀਬ, ਉੱਚੀ ਜਾਤੀ ਦੇ ਹੋਣ ਜਾਂ ਨੀਚੀ ਜਾਤੀ ਦੇ ਸਾਰਿਆਂ ਨੂੰ ਇੱਕ ਸਮਾਨ ਸਿੱਖਿਆ ਮਿਲੇ। ਸਾਡੀ ਦਿੱਲੀ ਸਰਕਾਰ ਨੇ ਬਾਬਾ ਸਾਹਿਬ ਦੇ ਸੁਫਨਿਆਂ ਦਾ ਭਾਰਤ ਬਣਾਉਣ ਲਈ ਸਿੱਖਿਆ ਨੂੰ ਸਭ ਤੋਂ ਜ਼ਿਆਦਾ ਤਵੱਜੋ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚ ਵੀ ਸਰਕਾਰੀ ਸਿੱਖਿਆ ਵਿਵਸਥਾ ਨੂੰ ਵਿਸ਼ਵ ਪੱਧਰੀ ਰੁਤਬਾ ਪ੍ਰਦਾਨ ਕੀਤਾ ਜਾਵੇਗਾ। ਜਿਸ ਦਾ ਸਭ ਤੋਂ ਜ਼ਿਆਦਾ ਲਾਭ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਿਲੇਗਾ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਵਿੱਚ ਗ਼ਰੀਬੀ ਦਾ ਹਨੇਰਾ ਸਿਰਫ਼ ਸਿੱਖਿਆ ਦੀ ਰੌਸ਼ਨੀ ਨਾਲ ਹੀ ਹਟਾਇਆ ਜਾ ਸਕਦਾ ਹੈ ਅਤੇ ਅਸੀਂ ਇਸ ਮਿਸ਼ਨ ’ਤੇ ਕੰਮ ਕਰ ਰਹੇ ਹਾਂ। ਤਿਰੰਗਾ ਯਾਤਰਾ ਵਿੱਚ ਆਏ ਦੋ ਬੱਚਿਆਂ ਨੇ ਕੇਜਰੀਵਾਲ ਨੂੰ ਆਪ ਦੇ ਗੋਲਕ (ਪਿੱਗੀ) ਬੈਂਕ ਦੇ ਪੈਸੇ ਦਿੱਤੇ ਅਤੇ 2022 ਦੀਆਂ ਚੋਣਾ ਦੀ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਕੇਜਰੀਵਾਲ ਨੇ ਉਨ੍ਹਾਂ ਦੋਵੇਂ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ, ‘‘ਅਸੀਂ ਇਸ ਪੈਸੇ ਨਾਲ ਪੰਜਾਬ ਚੋਣਾ ਜਿੱਤਾਂਗੇ।’’ ਤਿਰੰਗਾ ਯਾਤਰਾ ਵਿੱਚ ਕੇਜਰੀਵਾਲ ਦੇ ਨਾਲ ਮੌਜੂਦ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਮੌਕਾ ਦੇ ਦੇ ਕੇ ਸਾਡੇ ਮੌਕੇ ਖ਼ਤਮ ਹੋ ਗਏ, ਪਰ ਇਨ੍ਹਾਂ ਪਾਰਟੀਆਂ ਦੀ ਮੌਕਾ ਮੰਗਣ ਦੀ ਬੇਸ਼ਰਮੀ ਖ਼ਤਮ ਨਹੀਂ ਹੋਈ। 2022 ’ਚ ਪੰਜਾਬ ਦੇ ਲੋਕ ਆਪਣੇ ਆਪ ਨੂੰ ਮੌਕਾ ਦੇਣਗੇ ਅਤੇ ਇਮਾਨਦਾਰ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਪੂਰੇ ਦੇਸ਼ ਦੀ ਰਾਜਨੀਤਿਕ ਗੰਦਗੀ ਨੂੰ ਸਾਫ਼ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ, ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਪਿ੍ਰੰਸੀਪਲ ਬੁੱਧਰਾਮ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਸਮੇਤ ਲਾਲ ਚੰਦ ਕਟਾਰੂਚੱਕ, ਰਾਜਵਿੰਦਰ ਕੌਰ, ਸੁਰਿੰਦਰ ਸਿੰਘ ਸੋਢੀ, ਪ੍ਰੇਮ ਕੁਮਾਰ, ਨੀਲ ਗਰਗ ਅਤੇ ਹੋਰ ਸਥਾਨਕ ਆਗੂ ਹਾਜ਼ਰ ਸਨ।

ਆਂਗਣਵਾੜੀ ਵਰਕਰ ਅੱਜ ਫੂਕਣਗੀਆਂ ਪੰਜਾਬ ਸਰਕਾਰ ਦੇ ਪੁੱਤਲੇ

0

ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 16 ਦਸੰਬਰ ਤੋਂ 25 ਦਸੰਬਰ ਤੱਕ ਪਿੰਡ ਪਿੰਡ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ ਜਾਣਗੇ । ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਦੋਸ ਲਗਾਇਆ ਕਿ ਪਿਛਲੇਂ ਪੰਜ ਸਾਲਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ । ਜਿਸ ਕਰਕੇ ਜਥੇਬੰਦੀ ਨੂੰ ਸੰਘਰਸ ਦੇ ਰਾਹ ਤੁਰਨਾ ਪੈ ਰਿਹਾ ਹੈ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ਅਤੇ ਬਾਕੀ ਮੰਗਾਂ ਮੰਨੀਆਂ ਜਾਣ

ਅਧਿਆਪਕਾਂ ’ਤੇ ਲਾਠੀਚਾਰਜ਼ ਦਾ ਮਾਮਲਾ, ਮੈਜਿਸਟਰੇਟੀ ਜਾਂਚ ਸ਼ੁਰੂ

0

ਸੁਖਜਿੰਦਰ ਮਾਨ
ਮਾਨਸਾ, 15 ਦਸੰਬਰ: ਲੰਘੀ 10 ਦਸੰਬਰ ਨੂੰ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਗਾਇਕ ਸਿੱਧੂ ਮੂਸੇਵਾਲਾ ਦੇ ਹੱਕ ਵਿਚ ਹੋਈ ਚੋਣ ਰੈਲੀ ਦੌਰਾਨ ਹੱਕ ਮੰਗਦੇ ਬੇਰੁਜਗਾਰ ਅਧਿਆਪਕਾਂ ’ਤੇ ਹੋਏ ਲਾਠੀਚਾਰਜ਼ ਦੇ ਮਾਮਲੇ ਦੀ ਅੱਜ ਜਾਂਚ ਸ਼ੁਰੂ ਹੋ ਗਈ। ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਮੈਜਿਸਟਰੇਟ ਅਨਮੋਲ ਸਿੰਘ ਧਾਲੀਵਾਲ ਅੱਜ ਇੱਥੇ ਪੁੱਜੇ ਤੇ ਪੀੜਤਾਂ ਤੋਂ ਇਲਾਵਾ ਵਖ ਵਖ ਜਥੇਬੰਦੀਆਂ ਦੇ ਬਿਆਨ ਦਰਜ਼ ਕੀਤੇ। ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਅਪਣੀ ਰੀਪੋਰਟ ਸਰਕਾਰ ਨੂੰ ਸੋਂਪ ਦੇਣਗੇ। ਉਧਰ ਬਿਆਨ ਦੇਣ ਆਏ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਅਪਣੇ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਤੈਨਾਤ ਡੀਐਸਪੀ ਗੁਰਮੀਤ ਸਿੰਘ ਵਲੋਂ ਕੀਤੇ ਹਮਲੇ ਬਾਰੇ ਜਾਣਕਾਰੀ ਦਿੱਤੀ। ਇਸਘਟਨਾ ਵਿਚ ਇੱਕ ਆਗੂ ਦਾ ਅੰਗੂਠਾ ਟੁੱਟ ਗਿਆ ਜਦੋਂਕਿ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ। ਇਸ ਮੌਕੇ ਇੰਨ੍ਹਾਂ ਅਧਿਆਪਕਾਂ ਦੀ ਹਿਮਾਇਤ ਵਿਚ ਪੁੱਜੀਆਂ ਵਖ ਵਖ ਜਥੈਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਉਕਤ ਪੁਲਿਸ ਅਧਿਕਾਰੀ ਵਿਰੁਧ ਮਿਸਾਲੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੰਜਾਬ ਪੱਧਰ ’ਤੇ ਸੰਘਰਸ਼ ਵਿੱਢਣਗੀਆਂ।

ਅਪਣੇ ਰੁਜਗਾਰ ਦੀ ਰਾਖ਼ੀ ਲਈ ਇਕਜੁਟ ਹੋਏ ਮਾਰਕਫ਼ੈਡ ਦੇ ਚੌਕੀਦਾਰ

0

ਜ਼ਿਲ੍ਹਾ ਮੈਨੇਜ਼ਰ ਨਾਲ ਕੀਤੀ ਮੁਲਾਕਾਤ
ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ :-ਪਿਛਲੇ ਕਈ ਕਈ ਸਾਲਾਂ ਤੋਂ ਅਨਾਜ਼ ਦੇ ਸੀਜ਼ਨ ’ਚ ਮਾਰਕਫ਼ੈਡ ਦੇ ਗੋਦਾਮਾਂ ਦੀ ਰਾਖ਼ੀ ਕਰ ਰਹੇ ਚੌਕੀਦਾਰ ਹੁਣ ਇੱਕਜੁਟ ਹੋਣੇ ਸ਼ੁਰੂ ਹੋ ਗਏ ਹਨ। ਪਿਛਲੇ ਕੁੱਝ ਦਿਨਾਂ ਤੋਂ ਬਾਹਰੀ ਜਥੇਬੰਦੀਆਂ ਦੀ ਸਰਗਰਮੀਆਂ ਵਧਣ ਤੇ ਪੁਰਾਣੇ ਬੰਦਿਆਂ ਦੀ ਥਾਂ ਨਵੇਂ ਬੰਦ ਰੱਖਣ ਦੀਆਂ ਚੱਲ ਰਹੀਆਂ ਚਰਚਾਵਾਂ ਦੌਰਾਨ ਇੰਨ੍ਹਾਂ ਚੌਕੀਦਾਰਾਂ ਵਲੋਂ ਮਾਰਕਫ਼ੈਡ ਦੇ ਜ਼ਿਲ੍ਹਾ ਮੈਨੇਜ਼ਰ ਨਾਲ ਵੀ ਮੁਲਾਕਾਤ ਕੀਤੀ ਗਈ। ਇਕੱਠੇ ਹੋਏ ਇੰਨ੍ਹਾਂ ਚੌਕੀਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਉਨ੍ਹਾਂ ਆਪਸ ’ਚ ਜਾਂ ਫ਼ਿਰ ਮਾਰਕਫ਼ੈਡ ਦੇ ਅਧਿਕਾਰੀਆਂ ਨਾਲ ਕੋਈ ਝਗੜਾ ਨਹੀਂ, ਪ੍ਰੰਤੂ ਕੁੱਝ ਬਾਹਰੀ ਲੋਕ ਉਨ੍ਹਾਂ ਦੇ ਨਾਂ ਹੇਠ ਮਾਹੌਲ ਖ਼ਰਾਬ ਕਰ ਰਹੇ ਹਨ, ਜਿਸਦਾ ਉਹ ਵਿਰੋਧ ਕਰਦੇ ਹਨ। ’’ ਬਠਿੰਡਾ ਯਾਰਡ ਦੇ ਚੌਕੀਦਾਰ ਰਾਜਪਾਲ ਸਿੰਘ ਨੇ ਦਸਿਆ ਕਿ ਉਹ ਪਿਛਲੇ ਦਸ ਸਾਲਾਂ ਤੋਂ ਮਾਰਕਫ਼ੈਡ ਦੇ ਗੋਦਾਮਾਂ ਵਿਚ ਕੰਮ ਕਰ ਰਿਹਾ ਹੈ ਪੰ੍ਰਤੂ ਹੁਣ ਪਤਾ ਚੱਲਿਆ ਹੈ ਕਿ ਕੁੱਝ ਵਿਅਕਤੀਆਂ ਵਲੋਂ ਦਬਾਅ ਪਾ ਕੇ ਪੁਰਾਣੇ ਬੰਦਿਆਂ ਦੀ ਥਾਂ ਨਵੇਂ ਬੰਦੇ ਰੱਖਣ ਲਈ ਦਬਾਅ ਪਾਇਆ ਜਾ ਰਿਹਾ। ਰਾਮਪੁਰਾ ਯਾਰਡ ਦੇ ਸੁਰੱਖਿਆ ਇੰਚਾਰਜ਼ ਸੂਬੇਦਾਰ ਨਛੱਤਰ ਸਿੰਘ ਨੇ ਕਿਹਾ ਕਿ ਨਿਯਮਾਂ ਤਹਿਤ ਜਦ ਪੁਲੰਥ ਖ਼ਾਲੀ ਹੋ ਜਾਂਦੇ ਹਨ ਤਾਂ ਚੌਕੀਦਾਰਾਂ ਦਾ ਕੰਮ ਖ਼ਤਮ ਹੋ ਜਾਂਦਾ ਹੈ ਤੇ ਖ਼ਾਲੀ ਹੋਏ ਪੁਲੰਥ ਦੇ ਚੌਕੀਦਾਰ ਹਟਾ ਦਿੱਤੇ ਜਾਂਦੇ ਹਨ ਪ੍ਰੰਤੂ ਹੁਣ ਪਤਾ ਚੱਲਿਆ ਹੈ ਕਿ ਮਾਰਕਫ਼ੈਡ ਦੇ ਅਧਿਕਾਰੀਆਂ ਉਪਰ ਖ਼ਾਲੀ ਹੋਏ ਪੁਲੰਥਾਂ ਦੇ ਬੰਦਿਆਂ ਨੂੰ ਅਨਾਜ਼ ਨਾਲ ਭਰੇ ਪੁਲੰਥਾਂ ਵਿਚ ਅਡਜਸਟ ਕਰਨ ਦਾ ਦਬਾਅ ਪਾ ਕੇ ਉਥੋਂ ਦੇ ਬੰਦਿਆਂ ਨੂੰ ਹਟਾਉਣ ਲਈ ਕਿਹਾ ਜਾ ਰਿਹਾ ਹੈ ਜੋਕਿ ਸਰਾਸਰ ਗਲਤ ਹੈ। ਰਾਮਾ ਤੋਂ ਆਏ ਬਲਜੀਤ ਸਿੰਘ ਨੇ ਕਿਹਾ ਕਿ ਉਹ ਪੰਜ-ਛੇ ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਕਦੇ ਕੋਈ ਸਮੱਸਿਆ ਨਹੀਂ ਆਈ। ਇਸੇ ਤਰ੍ਹਾਂ ਭੁੱਚੋਂ ਤੋਂ ਅਮਰਜੀਤ ਸਿੰਘ ਤੇ ਮੋੜ ਤੋਂ ਸੁਖਵਿੰਦਰ ਸਿੰਘ ਨੇ ਵੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਬਾਹਰੀਂ ਜਥੇਬੰਦੀਆਂ ਦੇ ਦਬਾਅ ਵਿਚ ਆਉਣ ਦੀ ਬਜਾਏ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਪੁਰਾਣੇ ਚੌਕੀਦਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ। ਉਧਰ ਸੰਪਰਕ ਕਰਨ ’ਤੇ ਮਾਰਕਫ਼ੈਡ ਦੇ ਜ਼ਿਲ੍ਹਾ ਮੈਨੇਜ਼ਰ ਐਚ.ਐਸ.ਧਾਲੀਵਾਲ ਨੇ ਦਸਿਆ ਕਿ ‘‘ ਨਿਯਮਾਂ ਤਹਿਤ ਖ਼ਾਲੀ ਹੋਏ ਪੁਲੰਥ ਵਿਚੋਂ ਚੌਕੀਦਾਰ ਹਟਾ ਦਿੱਤੇ ਜਾਂਦੇ ਹਨ ਤੇ ਚੰਗਾ ਕੰਮ ਕਰਨ ਵਾਲੇ ਪੁਰਾਣੇ ਚੌਕੀਦਾਰਾਂ ਨੂੰ ਸੀਜ਼ਨ ਵਿਚ ਮੁੜ ਰੱਖ ਲਿਆ ਜਾਂਦਾ ਹੈ ਪ੍ਰੰਤੂ ਹੁਣ ਕੁੱਝ ਵਿਅਕਤੀਆਂ ਵਲੋਂ ਪੁਰਾਣਿਆਂ ਦੀ ਥਾਂ ਨਵੇਂ ਵਿਅਕਤੀਆਂ ਨੂੰ ਰੱਖਣ ਲਈ ਕਿਹਾ ਜਾ ਰਿਹਾ ਸੀ ਪਰ ਉਹ ਪਰਖੇ ਹੋਏ ਪੁਰਾਣੇ ਚੌਕੀਦਾਰਾਂ ਦੇ ਹੱਕ ਵਿਚ ਖੜੇ ਹਨ। ’’

Our Visitor

1894888