ਸੁਖਜਿੰਦਰ ਮਾਨ
ਚੰਡੀਗੜ੍ਹ, 14 ਦਸੰਬਰ: ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀਆਂ, ਵਿਧਾਇਕਾਂ ਦੀ ਹਾਜ਼ਰੀ ਵਿੱਚ ਮਿਲਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ।ਉਪ ਮੁੱਖ ਮੰਤਰੀ ਸ. ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਕਿਹਾ ਕਿ ਮਿਲਕਫੈਡ ਸਿੱਧੇ ਤੌਰ ਉੱਤੇ ਆਮ ਲੋਕਾਂ ਖਾਸ ਕਰਕੇ ਦੁੱਧ ਉਤਪਾਦਕ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਸ੍ਰੀ ਪਾਹੜਾ ਜ਼ਮੀਨ ਨਾਲ ਜੁੜੇ ਨੇਤਾ ਹਨ ਜਿਨ੍ਹਾਂ ਦੀ ਅਗਵਾਈ ਵਿੱਚ ਮਿਲਕਫੈਡ ਆਪਣੇ ਟੀਚੇ ਪੂਰੇ ਕਰਨ ਵਿੱਚ ਸਫਲ ਰਹੇਗਾ।ਉਨ੍ਹਾਂ ਕਿਹਾ ਕਿ ਨੌਜਵਾਨ ਆਗੂ ਸ੍ਰੀ ਪਾਹੜਾ ਮਿਲਕਫੈਡ ਨੂੰ ਹੋਰ ਵੀ ਬੁਲੰਦੀਆਂ ਉੱਤੇ ਲੈ ਕੇ ਜਾਣਗੇ।ਨਵ-ਨਿਯੁਕਤ ਚੇਅਰਮੈਨ ਸ੍ਰੀ ਪਾਹੜਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਸੁਖਬਿੰਦਰ ਸਿੰਘ ਸਰਕਾਰੀਆ ਤੇ ਗੁਰਕੀਰਤ ਸਿੰਘ ਕੋਟਲੀ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਮਾਰਕਫੈਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਕੁਲਬੀਰ ਸਿੰਘ ਜ਼ੀਰਾ, ਹਰਪ੍ਰਤਾਪ ਸਿੰਘ ਅਜਨਾਲਾ, ਪ੍ਰੀਤਮ ਸਿੰਘ ਕੋਟਭਾਈ ਤੇ ਦਵਿੰਦਰ ਸਿੰਘ ਘੁਬਾਇਆ, ਚੇਅਰਮੈਨ ਜੋਗਿੰਦਰ ਸਿੰਘ ਮਾਨ, ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਅਸ਼ੋਕ ਚੌਧਰੀ, ਵਧੀਕ ਮੁੱਖ ਸਕੱਤਰ ਸਹਿਕਾਰਤਾ ਅਨੁਰਾਗ ਅੱਗਰਵਾਲ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ, ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ, ਸ੍ਰੀ ਪਾਹੜਾ ਦੇ ਪਰਿਵਾਰਕ ਮੈਂਬਰ, ਮਿਲਕਫੈਡ ਦੇ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਬਲਜੀਤ ਸਿੰਘ ਪਾਹੜਾ, ਹਰਮਿੰਦਰ ਸਿੰਘ, ਅਮਨਦੀਪ ਸਿੰਘ, ਤਜਿੰਦਰ ਸਿੰਘ, ਰਣਜੀਤ ਸਿੰਘ ਤੇ ਗੁਰਭੇਜ ਟਿੱਬੀ ਵੀ ਹਾਜ਼ਰ ਸਨ।
ਬਰਿੰਦਰਮੀਤ ਸਿੰਘ ਪਾਹੜਾ ਨੇ ਉਪ ਮੁੱਖ ਮੰਤਰੀ ਰੰਧਾਵਾ ਤੇ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿੱਚ ਮਿਲਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਕਾਂਸਟੇਬਲਾਂ ਦੀ ਭਰਤੀ ਲਈ ਫ਼ਿਜੀਕਲ ਟਰਾਇਲ ਸ਼ੁੱਕਰਵਾਰ ਨੂੰ ਹੋਣਗੇ ਸਮਾਪਤ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਦਸੰਬਰ: ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਦੀ ਭਰਤੀ ਲਈ ਫ਼ਿਜੀਕਲ ਟਰਾਇਲ 3 ਦਸੰਬਰ, 2021 ਤੋਂ ਪੀਏਪੀ ਕੈਂਪਸ, ਜਲੰਧਰ ਵਿਖੇ ਕਰਵਾਏ ਜਾ ਰਹੇ ਹਨ ਅਤੇ ਇਹ ਟਰਾਇਲ 17 ਦਸੰਬਰ, 2021 ਨੂੰ ਸਮਾਪਤ ਹੋਣਗੇ। ਇਹ ਸਾਰੀ ਪ੍ਰਕਿਰਿਆ ਏਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ-ਕਮ-ਚੇਅਰਪਰਸਨ, ਕਾਂਸਟੇਬਲਾਂ (ਜ਼ਿਲ੍ਹਾ ਅਤੇ ਆਰਮਡ ਕਾਡਰ) ਪੁਰਸ਼ ਅਤੇ ਮਹਿਲਾਵਾਂ ਦੀ ਭਰਤੀ ਲਈ ਕੇਂਦਰੀ ਭਰਤੀ ਬੋਰਡ ਦੀ ਸਿੱਧੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ ਜੋ ਨਿੱਜੀ ਤੌਰ ‘ਤੇ ਇਹਨਾਂ ਟਰਾਇਲਾਂ ਦੀ ਨਿਗਰਾਨੀ ਕਰ ਰਹੇ ਹਨ। ਟਰਾਇਲ ਦੌਰਾਨ ਮਾਪ ਦੀ ਸਟੀਕਤਾ ਨੂੰ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਭਰਤੀ ਪ੍ਰਕਿਰਿਆ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।ਫ਼ਿਜੀਕਲ ਟਰਾਇਲ ਵਿੱਚ ਦੌੜ, ਲੰਬੀ ਛਾਲ ਅਤੇ ਉੱਚੀ ਛਾਲ ਸਮੇਤ ਕੱਦ ਦਾ ਮਾਪ ਸ਼ਾਮਲ ਹੁੰਦਾ ਹੈ। ਮਨੁੱਖੀ ਦਖਲ ਤੋਂ ਬਿਨਾਂ ਉਮੀਦਵਾਰ ਦੇ ਕੱਦ ਨੂੰ ਸਹੀ ਢੰਗ ਨਾਲ ਮਾਪਣ ਲਈ ਉਚਾਈ ਮਾਪਣ ਵਾਲੀ ਡਿਜੀਟਲ ਪ੍ਰਣਾਲੀ ਲਗਾਈ ਗਈ ਹੈ। ਇਸ ਦੇ ਨਾਲ ਹੀ, ਉਮੀਦਵਾਰ ਵੱਲੋਂ ਦੌੜ ਨੂੰ ਪੂਰਾ ਕਰਨ ਲਈ ਲਏ ਗਏ ਸਮੇਂ ਨੂੰ ਸਹੀ ਢੰਗ ਨਾਲ ਮਾਪਣ ਲਈ ਆਰਐਫਆਈਡੀ ਟਾਈਮਿੰਗ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਦੌੜ, ਲੰਬੀ ਛਾਲ ਅਤੇ ਉੱਚੀ ਛਾਲ ਸਮੇਤ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਰਿਕਾਰਡ ਕਰਨ ਲਈ ਹਾਈ-ਡੈਫੀਨੇਸ਼ਨ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਮੀਦਵਾਰ ਆਪਣੀਆਂ ਸ਼ਿਕਾਇਤਾਂ ਅਤੇ ਅਪੀਲਾਂ ਦਾ ਮੌਕੇ ‘ਤੇ ਨਿਪਟਾਰਾ ਕਰਨ ਲਈ ਸਿੱਧੇ ਤੌਰ ‘ਤੇ ਕੇਂਦਰੀ ਭਰਤੀ ਬੋਰਡ ਦੇ ਚੇਅਰਪਰਸਨ ਅਤੇ ਮੈਂਬਰਾਂ ਨੂੰ ਮਿਲ ਸਕਦੇ ਹਨ।ਪ੍ਰਕਿਰਿਆ ਵਿੱਚ ਇਕਸਾਰਤਾ ਬਣਾਈ ਰੱਖਣ ਅਤੇ ਨਕਲ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ, ਤਸਵੀਰਾਂ ਅਤੇ ਦਸਤਖਤਾਂ ਨੂੰ ਮਿਲਾਉਣ ਵਰਗੇ ਰਵਾਇਤੀ ਉਪਾਵਾਂ ਤੋਂ ਇਲਾਵਾ ਇੱਕ ਬਾਇਓਮੀਟ੍ਰਿਕ ਵੈਰੀਫੀਕੇਸ਼ ਸਿਸਟਮ ਵੀ ਸ਼ਾਮਲ ਕੀਤਾ ਗਿਆ ਹੈ।ਹੁਣ ਤੱਕ ਤਕਨਾਲੋਜੀ ਦੀ ਮਦਦ ਨਾਲ 10 ਉਮੀਦਵਾਰ ਅਜਿਹੇ ਪਾਏ ਗਏ ਹਨ ਜਿਨ੍ਹਾਂ ਦੇ ਫਿਜ਼ੀਕਲ ਟਰਾਇਲ ਦੌਰਾਨ ਲਏ ਗਏ ਫਿੰਗਰਪ੍ਰਿੰਟ, ਫੋਟੋ ਅਤੇ ਦਸਤਖਤ ਲਿਖਤੀ ਪ੍ਰੀਖਿਆ ਦੇ ਸਮੇਂ ਲਏ ਗਏ ਉਮੀਦਵਾਰਾਂ ਨਾਲ ਮੇਲ ਨਹੀਂ ਖਾਂਦੇ। ਸਿੱਟੇ ਵਜੋਂ ਇਨ੍ਹਾਂ ਉਮੀਦਵਾਰਾਂ ਨੂੰ ਐਸਐਚਓ, ਨਵੀਂ ਬਾਰਾਦਰੀ ਥਾਣਾ ਜਲੰਧਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਹੁਣ ਤੱਕ 10 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ।ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ (ਜ਼ਿਲ੍ਹਾ ਅਤੇ ਆਰਮਡ ਕਾਡਰ) ਦੀਆਂ 4,358 ਅਸਾਮੀਆਂ ਲਈ ਲਗਭਗ 25,500 ਉਮੀਦਵਾਰਾਂ ਨੂੰ ਉਨ੍ਹਾਂ ਦੀ ਸਬੰਧਤ ਸ਼੍ਰੇਣੀ ਵਿੱਚ ਮੈਰਿਟ ਅਨੁਸਾਰ ਸ਼ਾਰਟਲਿਸਟ ਕੀਤਾ ਗਿਆ ਸੀ। ਪਿਛਲੇ 12 ਦਿਨਾਂ ਦੌਰਾਨ 16,500 ਤੋਂ ਵੱਧ ਉਮੀਦਵਾਰ ਫ਼ਿਜੀਕਲ ਟਰਾਇਲ ਲਈ ਹਾਜ਼ਰ ਹੋਏ। ਜੇਕਰ ਕੋਈ ਸ਼ਾਰਟਲਿਸਟ ਉਮੀਦਵਾਰ ਆਪਣੇ ਟਰਾਇਲ ਤੋਂ ਖੁੰਝ ਗਿਆ ਹੈ ਜਾਂ ਆਪਣੇ ਐਡਮਿਟ ਕਾਰਡ ਅਨੁਸਾਰ ਨਿਰਧਾਰਤ ਮਿਤੀ ‘ਤੇ ਹਾਜ਼ਰ ਹੋਣ ਵਿੱਚ ਅਸਮਰੱਥ ਹੈ, ਤਾਂ ਉਹ ਫ਼ਿਜੀਕਲ ਟਰਾਇਲਾਂ ਲਈ ਨਿਰਧਾਰਤ ਆਖਰੀ ਦਿਨ ਭਾਵ 17 ਦਸੰਬਰ, 2021 ਨੂੰ ਟਰਾਇਲ ਲਈ ਆ ਸਕਦਾ ਹੈ।
ਮੰਤਰੀ ਮੰਡਲ ਵੱਲੋਂ ਸਿਹਤ ਸਟਾਫ ਦੀਆਂ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਦਸੰਬਰ: ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ ਤੱਕ ਮੁਹੱਈਆ ਕਰਵਾਉਣ ਦੇ ਉਦੇਸ਼ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ 28 ਸਿਹਤ ਸੰਸਥਾਵਾਂ (ਪ੍ਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਹੈਲਥ ਸੈਂਟਰ ਅਤੇ ਸਬ ਡਵੀਜ਼ਨਲ ਹਸਪਤਾਲ ਆਦਿ) ਨੂੰ ਅਪਗ੍ਰੇਡ ਕਰਕੇ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਸਟਾਫ਼ ਨਰਸ, ਫਾਰਮਾਸਿਸਟ, ਲੈਬਾਰਟਰੀ ਟੈਕਨੀਸ਼ੀਅਨ ਆਦਿ ਸਮੇਤ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਰਗਰਮ ਵਿਚਾਰ ਅਧੀਨ ਹੈ। ਮੰਤਰੀ ਮੰਡਲ ਨੇ ਕਮਿਊਨਿਟੀ ਹੈਲਥ ਸੈਂਟਰ ਮੋਰਿੰਡਾ ਵਿਖੇ ਨਵਾਂ ਟਰੌਮਾ ਸੈਂਟਰ ਖੋਲ੍ਹਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਇਨ੍ਹਾਂ ਸੰਸਥਾਵਾਂ ਦੇ ਅਪਗ੍ਰੇਡ ਹੋਣ ਤੋਂ ਬਾਅਦ ਵਾਧੂ ਸਟਾਫ਼ ਦੀ ਲੋੜ ਪਵੇਗੀ ਅਤੇ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਦੇ ਨਿਯਮਾਂ ਅਨੁਸਾਰ ਵੱਖ-ਵੱਖ ਕਾਡਰਾਂ ਦੀਆਂ 706 ਨਵੀਆਂ ਅਸਾਮੀਆਂ ਸਿਰਜੀਆਂ ਜਾਣਗੀਆਂ। ਇਸੇ ਤਰ੍ਹਾਂ ਹਾਦਸੇ ਵਾਲੀਆਂ ਘਟਨਾਵਾਂ ਵਿੱਚ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਮੰਤਰੀ ਮੰਡਲ ਨੇ ਪਠਾਨਕੋਟ ਅਤੇ ਜਲੰਧਰ ਵਿਖੇ ਟਰੌਮਾ ਸੈਂਟਰਾਂ ਲਈ ਵੱਖ-ਵੱਖ ਕਾਡਰ ਦੀਆਂ 69 ਨਵੀਆਂ ਅਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੰਤਰੀ ਮੰਡਲ ਨੇ ਇਨ੍ਹਾਂ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਕਰਕੇ ਵਿਭਾਗ ਦੇ ਨਿਯਮਾਂ ਅਨੁਸਾਰ 50 ਅਸਾਮੀਆਂ ਨੂੰ ਖਤਮ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।ਕੇਂਦਰੀ ਜੇਲ੍ਹ, ਸ੍ਰੀ ਗੋਇੰਦਵਾਲ ਸਾਹਿਬ ਲਈ 513 ਅਸਾਮੀਆਂ ਸਿਰਜਣ ਤੇ ਭਰਨ ਦੀ ਮਨਜ਼ੂਰੀ
ਮੰਤਰੀ ਮੰਡਲ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵੀਂ ਬਣੀ ਕੇਂਦਰੀ ਜੇਲ੍ਹ ਨੂੰ ਕਾਰਜਸ਼ੀਲ ਕਰਨ ਲਈ 513 ਨਵੀਆਂ ਅਸਾਮੀਆਂ ਸਿਰਜਣ ਅਤੇ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਜੇਲ੍ਹ ਪ੍ਰਸ਼ਾਸਨ ਦੇ ਕੰਮਕਾਜ ਵਿੱਚ ਕੁਸ਼ਲਤਾ ਲਿਆਉਣ ਦੇ ਨਾਲ-ਨਾਲ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਅਤੇ ਸੂਬੇ ਦੀਆਂ ਜੇਲ੍ਹਾਂ ਵਿੱਚ ਭੀੜ-ਭੜੱਕੇ ਦੀ ਸਮੱਸਿਆ ਨੂੰ ਘੱਟ ਕਰੇਗਾ। ਜੇਲ ਵਿਭਾਗ ਸਬੰਧਤ ਵਿਭਾਗਾਂ ਤੋਂ ਭਰਤੀ ਅਤੇ ਡੈਪੂਟੇਸ਼ਨ ‘ਤੇ ਵਰਦੀਧਾਰੀ ਸਟਾਫ, ਮਨਿਸਟਰੀਅਲ ਸਟਾਫ, ਮੈਡੀਕਲ ਸਟਾਫ ਅਤੇ ਟੈਕਨੀਕਲ ਅਤੇ ਟੀਚਿੰਗ ਸਟਾਫ ਦੀਆਂ ਇਹ ਅਸਾਮੀਆਂ ਸਿਰਜੇਗਾ ਅਤੇ ਭਰੇਗਾ।ਪੰਜਾਬ ਜਲ ਸਪਲਾਈ ਤੇ ਸੈਨੀਟੇਸ਼ਨ ਗਰੁੱਪ ‘ਡੀ’ (ਫੀਲਡ ਵਰਕਰਜ਼) ਸੇਵਾ ਨਿਯਮ-2021 ਬਣਾਉਣ ਨੂੰ ਹਰੀ ਝੰਡੀ
ਮੰਤਰੀ ਮੰਡਲ ਨੇ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਗਰੁੱਪ ‘ਡੀ’ (ਫੀਲਡ ਵਰਕਰਜ਼) ਸਰਵਿਸ ਰੂਲਜ਼, 2021 ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ 3 ਸਤੰਬਰ, 2019 ਨੂੰ ਪੁਨਰਗਠਨ ਤੋਂ ਬਾਅਦ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਵਰਕਚਾਰਜ (ਗਰੁੱਪ-ਡੀ) ਦੀਆਂ ਪਹਿਲਾਂ ਦੀਆਂ 3503 ਆਰਜ਼ੀ ਅਸਾਮੀਆਂ ਦੀ ਥਾਂ ‘ਤੇ ਗਰੁੱਪ-ਡੀ ਵਰਕਚਾਰਜ (ਹੈਲਪਰ ਟੈਕਨੀਕਲ) ਦੀਆਂ 3503 ਰੈਗੂਲਰ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਕਿਉਂਕਿ ਫੀਲਡ ਵਰਕਰ ਦੀਆਂ ਹੈਲਪਰ (ਤਕਨੀਕੀ) (ਗਰੁੱਪ-ਡੀ) ਦੀਆਂ ਅਸਾਮੀਆਂ ਲਈ ਕੋਈ ਮੌਜੂਦਾ ਨਿਯਮ ਨਹੀਂ ਸਨ, ਇਸ ਲਈ ਵਿਭਾਗ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਰੋਕਤ ਨਿਯਮ ਪਹਿਲੀ ਵਾਰ ਬਣਾਏ ਗਏ ਹਨ। ਇਸ ਤੋਂ ਇਲਾਵਾ ਹੈਲਪਰ (ਤਕਨੀਕੀ) ਦੀਆਂ 100 ਫੀਸਦੀ ਅਸਾਮੀਆਂ ਹੁਣ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ।
ਕੈਬਨਿਟ ਨੇ ਸ਼ਹਿਰੀ ਵਿਕਾਸ ਅਥਾਰਟੀਆਂ ਵੱਲੋਂ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਉਸਾਰੇ ਜਾਣ ਵਾਲੇ 25000 ਘਰਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਮੰਗਣ ਦੀ ਮਨਜ਼ੂਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 14 ਦਸੰਬਰ: ਸੂਬੇ ਭਰ ਵਿੱਚ ਸਮਾਜ ਦੇ ਆਰਥਿਕ ਤੌਰ `ਤੇ ਕਮਜ਼ੋਰ ਵਰਗਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਅੱਜ ਵੱਖ-ਵੱਖ ਸ਼ਹਿਰੀ ਵਿਕਾਸ ਅਥਾਰਟੀਆਂ ਦੁਆਰਾ ਬਣਾਏ ਜਾਣ ਵਾਲੇ 25,000 (ਈ.ਡਬਲਿਊ.ਐਸ.) ਘਰਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਮੰਗਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਪ੍ਰਵਾਨਿਤ ਨੀਤੀ ਦੇ ਅਨੁਸਾਰ ਯੋਗ ਬਿਨੈਕਾਰਾਂ ਤੋਂ ਲੋੜੀਂਦੇ ਦਸਤਾਵੇਜ਼ਾਂ ਸਮੇਤ ਇਨ੍ਹਾਂ ਘਰਾਂ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ। ਰਿਹਾਇਸ਼ੀ ਇਕਾਈਆਂ ਦਾ ਖੇਤਰ ਲਗਭਗ 30 ਵਰਗ ਮੀਟਰ ਹੋਵੇਗਾ।ਇਹ ਗਰੀਬ ਪੱਖੀ ਸਕੀਮ ਰਾਜ ਦੇ ਲਗਭਗ 25000 ਪਰਿਵਾਰਾਂ, ਜਿਨ੍ਹਾਂ ਕੋਲ ਕੋਈ ਰਿਹਾਇਸ਼ੀ ਥਾਂ ਨਹੀਂ ਹੈ, ਨੂੰ ਲਾਭ ਪਹੁੰਚਾਉਣ ਵਿੱਚ ਮਦਦਗਾਰ ਹੋਵੇਗੀ। ਉਨ੍ਹਾਂ ਪਰਿਵਾਰਾਂ ਨੂੰ ਸੁਚੱਜੀ ਅਤੇ ਸੁਰੱਖਿਅਤ ਜੀਵਨ ਸ਼ੈਲੀ ਲਈ ਇਨ੍ਹਾਂ ਮਕਾਨਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ।ਇਸ ਸਬੰਧੀ ਫੈਸਲਾ ਅੱਜ ਸ਼ਾਮ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਇਸ ਸਮੇਂ ਸਾਰੀਆਂ ਵਿਕਾਸ ਅਥਾਰਟੀਆਂ ਜਿਵੇਂ ਗਮਾਡਾ (233.588 ਏਕੜ), ਗਲਾਡਾ (73.29 ਏਕੜ), ਪੀਡੀਏ (16.52 ਏਕੜ), ਬੀਡੀਏ (13.48 ਏਕੜ), ਜੇਡੀਏ (11.25 ਏਕੜ) ਅਤੇ ਏਡੀਏ (48.92 ਏਕੜ) ਵਿੱਚ ਈ.ਡਬਲਿਊ.ਐਸ. ਹਾਊਸਿੰਗ ਲਈ 397.048 ਏਕੜ ਜ਼ਮੀਨ ਉਪਲਬਧ ਹੈ। ਮੈਸਰਜ਼ ਵੈਪਕੋਸ ਲਿਮਟਿਡ, ਭਾਰਤ ਸਰਕਾਰ ਦੇ ਇੱਕ ਜਨਤਕ ਖੇਤਰ ਦੇ ਅੰਡਰਟੇਕਿੰਗ ਨੂੰ ਹਾਲ ਹੀ ਵਿੱਚ ਇਸ ਪ੍ਰੋਜੈਕਟ ਲਈ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ (ਪੀ.ਐਮ.ਸੀ.) ਦੇ ਤੌਰ `ਤੇ ਖੁੱਲੀ ਚੋਣ ਪ੍ਰਕਿਰਿਆ ਦੁਆਰਾ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਂਦਾ ਜਾ ਸਕੇ। ਇਸ ਦੇ ਬੁਨਿਆਦੀ ਕਦਮ ਕਦਮਾਂ ਵਿੱਚ ਅਰਜ਼ੀਆਂ ਮੰਗਣ ਲਈ ਵੈੱਬ ਪੋਰਟਲ ਤਿਆਰ ਕਰਨਾ; ਮਾਰਕੀਟ ਦੀ ਮੰਗ ਦਾ ਵਿਸ਼ਲੇਸ਼ਣ; ਡੀਪੀਆਰ ਦੀ ਤਿਆਰੀ; ਸਾਰੀਆਂ ਉਸਾਰੀ ਗਤੀਵਿਧੀਆਂ ਦੀ ਨਿਗਰਾਨੀ; ਇਸ ਦੀ ਗੁਣਵੱਤਾ ਨੂੰ ਯਕੀਨੀ ਬਣਾਉਣਾ ਅਤੇ ਇਸ ਨੂੰ ਸਬੰਧਤ ਆਰ.ਡਬਲਿਊ.ਏ. ਨੂੰ ਸੌਂਪਣ ਤੱਕ ਸਖ਼ਤ ਨਿਗਰਾਨੀ ਰੱਖਣਾ।ਹਰੇਕ ਈ.ਡਬਲਿਊ.ਐਸ. ਲਈ 85 ਯੂਨਿਟ ਪ੍ਰਤੀ ਏਕੜ ਦੇ ਹਿਸਾਬ ਨਾਲ 80 ਫੀਸਦੀ ਖੇਤਰ ਮਕਾਨਾਂ ਲਈ ਹੋਵੇਗਾ ਜਦੋਂ ਕਿ 20 ਫੀਸਦੀ ਖੇਤਰ ਸਕੂਲ, ਡਿਸਪੈਂਸਰੀ, ਖੇਡ ਦੇ ਮੈਦਾਨ ਅਤੇ ਕਮਿਊਨਿਟੀ ਸੈਂਟਰ ਲਈ ਛੱਡਿਆ ਜਾਵੇਗਾ।ਜ਼ਿਕਰਯੋਗ ਹੈ ਕਿ ਪੰਜਾਬ ਈ.ਡਬਲਿਊ.ਐਸ. ਹਾਊਸਿੰਗ ਨੀਤੀ ਨੂੰ 9 ਮਾਰਚ, 2021 ਨੂੰ ਕੈਬਨਿਟ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਕਿਉਂਕਿ ਅਜਿਹੇ 25,000 ਈ.ਡਬਲਿਊ.ਐਸ. ਘਰ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਵਿਸ਼ੇਸ਼ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀਆਂ ਦੁਆਰਾ ਬਣਾਏ ਜਾਣਗੇ।ਸ਼ਹਿਰੀ ਵਿਕਾਸ ਅਥਾਰਟੀਆਂ ਵਿੱਚ ਡਿਵੈਲਪਰਾਂ ਦੇ ਖੜ੍ਹੇ ਬਕਾਏ `ਤੇ 10 ਫੀਸਦ ਸਾਧਾਰਨ ਵਿਆਜ ਜਮ੍ਹਾਂ 3 ਫੀਸਦ ਦੰਡ ਵਿਆਜ ਦੀ ਕਟੌਤੀ ਨੂੰ ਮਨਜ਼ੂਰੀ ਡਿਵੈਲਪਰਾਂ ਨੂੰ ਰਾਹਤ ਦੇਣ ਅਤੇ ਰਾਜ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਮੰਤਰੀ ਮੰਡਲ ਨੇ ਡਿਵੈਲਪਰਾਂ ਦੇ ਖੜ੍ਹੇ ਬਕਾਏ ਜਿਵੇਂ ਕਿ ਈਡੀਸੀ `ਤੇ 10 ਫੀਸਦ ਸਾਧਾਰਨ ਵਿਆਜ ਜਮ੍ਹਾਂ 3 ਫੀਸਦ ਜੁਰਮਾਨਾ ਵਿਆਜ ਘਟਾ ਕੇ ਸ਼ਹਿਰੀ ਵਿਕਾਸ ਅਥਾਰਟੀਆਂ ਵਿੱਚ 8.5 ਫੀਸਦ ਸਾਲਾਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਨਵੇਂ ਅਤੇ ਚੱਲ ਰਹੇ ਪ੍ਰੋਜੈਕਟਾਂ ਲਈ ਵਿਆਜ ਦੀਆਂ ਸਾਧਾਰਨ ਤੇ ਜੁਰਮਾਨਾ ਦਰਾਂ ਨੂੰ ਘਟਾ ਕੇ 7.5 ਫੀਸਦ ਸਾਲਾਨਾ ਅਤੇ 10 ਫੀਸਦ ਸਾਲਾਨਾ ਕਰਨ ਦਾ ਫੈਸਲਾ ਕੀਤਾ ਹੈ।ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ, 2022 ਅਤੇ ਪੰਜਾਬ ਫੂਡ ਗ੍ਰੇਨ ਟਰਾਂਸਪੋਰਟੇਸ਼ਨ, 2022 ਦੀਆਂ ਨੀਤੀਆਂ ਨੂੰ ਮਨਜ਼ੂਰੀ
1 ਅਪ੍ਰੈਲ, 2022 ਤੋਂ ਸ਼ੁਰੂ ਹੋਣ ਵਾਲੇ ਸਾਲ 2022-23 ਦੇ ਆਗਾਮੀ ਖਰੀਦ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰੀ ਮੰਡਲ ਨੇ ਲੇਬਰ ਤੇ ਢੋਆ-ਢੋਆਈ ਅਤੇ ਅਨਾਜ ਦੀ ਮੰਡੀਆਂ ਤੋਂ ਇਸ ਦੇ ਭੰਡਾਰਨ ਸਥਾਨਾਂ ਤੱਕ ਲਿਜਾਣ ਵਾਸਤੇ ਸਾਲ 2022 ਲਈ ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਨੀਤੀ ਅਤੇ ਪੰਜਾਬ ਫੂਡ ਗ੍ਰੇਨ ਟਰਾਂਸਪੋਰਟੇਸ਼ਨ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਮੰਤਰੀ ਮੰਡਲ ਵੱਲੋਂ ਪ੍ਰਵਾਨ ਕੀਤੀਆਂ ਦੋਵੇਂ ਨੀਤੀਆਂ ਤਹਿਤ ਅਨਾਜ ਦੀ ਢੋਆ-ਢੁਆਈ ਤੋਂ ਇਲਾਵਾ ਲੇਬਰ ਅਤੇ ਕਾਰਟੇਜ ਦਾ ਕੰਮ ਪਾਰਦਰਸ਼ੀ ਆਨਲਾਈਨ ਟੈਂਡਰ ਪ੍ਰਣਾਲੀ ਰਾਹੀਂ ਅਲਾਟ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਆਪਣੀਆਂ ਖਰੀਦ ਏਜੰਸੀਆਂ ਅਤੇ ਭਾਰਤੀ ਖੁਰਾਕ ਨਿਗਮ ਦੁਆਰਾ, ਵੱਖ-ਵੱਖ ਮਨੋਨੀਤ ਕੇਂਦਰਾਂ/ਮੰਡੀਆਂ ਤੋਂ ਅਨਾਜ ਦੀ ਖਰੀਦ ਕਰਦਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਧਾਰਮਿਕ ਸੰਸਥਾਵਾਂ ਦੇ ਵਾਹਨਾਂ ਅਤੇ ਬੱਸਾਂ ਨੂੰ ਮੋਟਰ ਵਾਹਨ ਟੈਕਸ ਤੋਂ ਛੋਟ ਕੋਵਿਡ-19 ਦੇ ਦੂਜੀ ਲਹਿਰ ਦੌਰਾਨ ਲੌਕਡਾਊਨ ਕਾਰਨ ਟਰਾਂਸਪੋਰਟ ਸੈਕਟਰ ਨੂੰ ਹੋਏ ਵੱਡੇ ਵਿੱਤੀ ਨੁਕਸਾਨ ਤੋਂ ਰਾਹਤ ਦੇਣ ਲਈ ਮੰਤਰੀ ਮੰਡਲ ਨੇ ਠੇਕੇ ‘ਤੇ ਚੱਲਣ ਵਾਲੇ ਵਾਹਨਾਂ (16 ਸੀਟਾਂ ਤੱਕ), ਧਾਰਮਿਕ ਸੰਸਥਾਵਾਂ ਦੀਆਂ ਬੱਸਾਂ ਅਤੇ ਸਟੇਜ ਕੈਰੀਏਜ਼ ਬੱਸਾਂ (35 ਸੀਟਾਂ ਤੱਕ) ਨੂੰ ਮੋਟਰ ਵਹੀਕਲ ਟੈਕਸ ਤੋਂ ਛੋਟ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਫੈਸਲਿਆਂ ਨਾਲ ਸਾਰੀਆਂ ਕਿਸਮਾਂ ਦੀਆਂ ਸਟੇਜ ਕੈਰੀਏਜ਼ ਬੱਸਾਂ (35 ਸੀਟਾਂ ਤੱਕ, ਪ੍ਰਾਈਵੇਟ/ਐਸਟੀਯੂ) ਲਈ ਮੌਜੂਦਾ ਦਰਾਂ 30,000 ਰੁਪਏ ਤੋਂ ਘੱਟ ਕੇ 20,000 ਰੁਪਏ ਪ੍ਰਤੀ ਬੱਸ ਪ੍ਰਤੀ ਸਾਲ ਹੋ ਜਾਣਗੀਆਂ ਅਤੇ ਮੋਟਰ ਵਹੀਕਲ ਟੈਕਸ ਦੀ ਦਰ ਵਿੱਚ 5 ਫ਼ੀਸਦੀ ਸਾਲਾਨਾ ਵਾਧਾ ਖ਼ਤਮ ਹੋ ਜਾਵੇਗਾ। ਇਸ ਤੋਂ ਇਲਾਵਾ 20 ਮਈ, 2020 ਤੋਂ 31 ਦਸੰਬਰ, 2020 ਤੱਕ 16 ਸੀਟਾਂ ਵਾਲੇ ਠੇਕੇ ‘ਤੇ ਚੱਲਣ ਵਾਲੇ ਵਾਹਨਾਂ ਨੂੰ ਅਤੇ 23 ਮਾਰਚ, 2020 ਤੋਂ 31 ਦਸੰਬਰ, 2020 ਤੱਕ ਧਾਰਮਿਕ ਸੰਸਥਾਵਾਂ ਦੀਆਂ ਬੱਸਾਂ ਨੂੰ ਮੋਟਰ ਵਹੀਕਲ ਟੈਕਸ ਤੋਂ ਛੋਟ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਸੈਕਟਰ ਸੀ ਜੋ ਕੋਵਿਡ-19 ਮਹਾਂਮਾਰੀ ਦੌਰਾਨ ਪ੍ਰਭਾਵਿਤ ਨਾ ਹੋਇਆ ਹੋਵੇ ਜਿਸ ਦੇ ਨਤੀਜੇ ਵਜੋਂ ਬਹੁਤ ਘੱਟ ਸਵਾਰੀਆਂ ਇਨ੍ਹਾਂ ਬੱਸਾਂ ਵਿੱਚ ਸਫ਼ਰ ਕਰ ਸਕਦੀਆਂ ਸਨ ਕਿਉਂਕਿ ਲੋਕਾਂ ਨੇ ਮਹਾਂਮਾਰੀ ਦੇ ਡਰ ਕਾਰਨ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਬਜਾਏ ਆਪਣੇ ਨਿੱਜੀ ਵਾਹਨਾਂ ਵਿੱਚ ਸਫ਼ਰ ਕਰਨ ਨੂੰ ਤਰਜੀਹ ਦਿੱਤੀ। ਵੱਖ-ਵੱਖ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਕਈ ਪੇਸ਼ਕਾਰੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਇਹ ਮੁੱਦਾ ਉਜਾਗਰ ਕੀਤਾ ਕਿ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ ਕਿਉਂਕਿ ਬੱਸਾਂ ਤੋਂ ਹੋਣ ਵਾਲੀ ਸਾਰੀ ਆਮਦਨ ਡੀਜ਼ਲ ਅਤੇ ਰੱਖ-ਰਖਾਅ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਹੀ ਖਰਚ ਹੋ ਜਾਂਦੀ ਹੈ।
ਰਾਜਪਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਮਾਈਸਰਖਾਨੇ ਵਿਖੇ ਹੋਏ ਨਤਮਸਤਕ
ਲੋਕ ਹਿੱਤ ਸਕੀਮਾਂ ਜ਼ਮੀਨੀ ਪੱਧਰ ਉੱਤੇ ਪਹੁੰਚਾਉਣ ਦੇ ਵੱਧ ਤੋਂ ਵੱਧ ਕੀਤੇ ਜਾਣ ਉਪਰਾਲੇ : ਸ੍ਰੀ ਪ੍ਰੋਹਿਤ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਅੱਜ ਬਠਿੰਡਾ ਜ਼ਿਲ੍ਹੇ ਦੇ ਦੌਰੇ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਮਾਈਸਰਖਾਨੇ ਵਿਖੇ ਨਤਮਸਤਕ ਹੋਏ । ਇਸ ਮੌਕੇ ਉਨਾਂ ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਸ.ਅਰਵਿੰਦਪਾਲ ਸਿੰਘ ਸੰਧੂ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਅਜੈ ਮਲੂਜਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਦੌਰੇ ਦੌਰਾਨ ਰਾਜਪਾਲ ਸ੍ਰੀ ਪੁਰੋਹਿਤ ਨੂੰ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਕਮੇਟੀ ਮਾਈਸਰਖਾਨਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ ਤੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਵੱਲੋਂ ਵਿਸੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ।ਇਸ ਮੌਕੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਜ਼ਿਲੇ ’ਚ ਚੱਲ ਰਹੇ ਵਿਕਾਸ ਕੰਮਾਂ ਉੱਤੇ ਤਸੱਲੀ ਪ੍ਰਗਟ ਕਰਦਿਆਂ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰੇ ਅਫ਼ਸਰਾਂ ਨੂੰ ਆਪਣਾ ਕੰਮ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਨਾਲ ਸਬੰਧਿਤ ਸਕੀਮਾਂ ਦੀ ਖਾਸ ਮੋਨੀਟਰਿੰਗ ਹੋਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਵਰਗ ਨੂੰ ਉਸ ਦਾ ਬਣਦਾ ਅਧਿਕਾਰ ਦਿੱਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ.ਅਰਵਿੰਦਪਾਲ ਸਿੰਘ ਸੰਧੂ ਨੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਜੀ ਆਇਆ ਕਹਿੰਦਿਆਂ ਬਠਿੰਡਾ ਜ਼ਿਲੇ ਦੇ ਇਤਿਹਾਸ ਅਤੇ ਧਾਰਮਿਕ ਪੱਖਾਂ ਬਾਰੇ ਜਾਣੂ ਕਰਵਾਇਆ ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜਲ੍ਹਿੇ ਅੰਦਰ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਚਰੰਜੀ ਲਾਲ ਗਰਗ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਰਾਜਨ ਗਰਗ, ਉੱਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਸ੍ਰੀ ਆਕਾਸ਼ ਬਾਂਸਲ, ਉੱਪ ਮੰਡਲ ਮੈਜਿਸਟਰੇਟ ਮੌੜ ਮੈਡਮ ਵੀਰਪਾਲ ਕੌਰ, ਐਸ ਪੀ ਸ੍ਰੀ ਮੇਜਰ ਸਿੰਘ ਆਦਿ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ
ਵਿਧਾਇਕ ਪ੍ਰੀਤਮ ਕੋਟਭਾਈ ਨੇ ਇਤਿਹਾਸਕ ਸੜਕ ਦਾ ਨੀਂਹ ਪੱਥਰ ਰੱਖਿਆ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਹਲਕਾ ਭੁੱਚੋਂ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਅੱਜ ਅਪਣੇ ਹਲਕੇ ਵਿਚ ਨਥਾਣਾ ਤੋਂ ਕਲਿਆਣ ਤੱਕ ਵਾਇਆ ਨਾਥਪੁਰਾ ਤੱਕ ਪੈਂਦੀ ਇਤਿਹਾਸਕ ਰਾਸਤੇ ਦਾ ਨੀਂਹ ਪੱਥਰ ਰੱਖਿਆ। ਮੁਗਲ ਕਾਲ ’ਚ ਬਣੀ ਇਸ ਸੜਕ ਦੀ ਦੀ ਹਾਲਾਤ ਕਾਫ਼ੀ ਖ਼ਸਤਾ ਸੀ। ਇਸ ਸੜਕ ਨੂੰ ਗੁਰੁੂ ਨਾਨਕ ਦੇਵ ਮਾਰਗ ਦਾ ਨਾਂ ਵੀ ਦਿੱਤਾ ਹੋਇਆ ਹੈ। ਵਿਧਾਇਕ ਕੋਟਭਾਈ ਨੇ ਦਸਿਆ ਕਿ ਕਰੀਬ 11 ਕਿਲੋਮੀਟਰ ਲੰਮੀ ਇਸ ਸੜਕ ਉਪਰ ਸਵਾ ਤਿੰਨ ਕਰੋੜ ਆਵੇਗਾ ਤੇ ਇਸ ਸੜਕ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਕਾਗਰਸੀ ਆਗੂ ਹਾਜ਼ਰ ਸਨ।
ਮੰਗਤ ਰਾਏ ਬਾਂਸਲ ਬਣੇ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ, ਮੰਜੂ ਬਾਂਸਲ ਨੂੰ ਮੋੜ ਤੋਂ ਉਮੀਦਵਾਰ ਬਣਾਉਣ ਦੀ ਤਿਆਰੀ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਅਗਰਵਾਲ ਭਾਈਚਾਰੇ ਨਾਲ ਸਬੰਧਤ ਕਾਂਗਰਸ ਦੇ ਸੀਨੀਅਰ ਆਗੂ ਮੰਗਤ ਰਾਏ ਬਾਂਸਲ ਨੂੰ ਮੁੜ ਜ਼ਿਲ੍ਹਾ ਪ੍ਰਧਾਨਗੀ ਸੌਂਪ ਕੇ ਹਾਈਕਮਾਂਡ ਨੇ ਮੁੜ ਬਾਂਸਲ ਪ੍ਰਵਾਰ ’ਤੇ ਵਿਸ਼ਵਾਸ ਪ੍ਰਗਟਾਇਆ ਹੈ। ਇਸਤੋਂ ਪਹਿਲਾਂ ਸ਼੍ਰੀ ਬਾਂਸਲ ਦੀ ਪਤਨੀ ਡਾ ਮੰਜੂ ਬਾਂਸਲ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸਨ, ਜਿੰਨ੍ਹਾਂ ਨੂੰ ਹੁਣ ਮੋੜ ਹਲਕੇ ਤੋਂ ਚੋਣ ਲੜਾਉਣ ਦੀ ਤਿਆਰੀ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਮੰਜੂ ਬਾਂਸਲ ਦੀ ਉਮੀਦਵਾਰੀ ਲਗਭਗ ਤੈਅ ਹੋ ਚੁੱਕੀ ਹੈ ਤੇ ਇਸ ਸਬੰਧ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰੀ ਝੰਡੀ ਦਿੱਤੀ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਲੋਕ ਸਭਾ ਸੀਟ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਕਾਂਗਰਸ ਪਾਰਟੀ ਵਲੋਂ ਮੌਜੂਦਾ ਸਮੇਂ ਸਿਰਫ਼ ਮੋੜ ਹਲਕੇ ਵਿਚ ਹੀ ਹਿੰਦੂ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ, ਕਿਉਂਕਿ ਬਠਿੰਡਾ ਸ਼ਹਿਰੀ ਸੀਟ ਉਪਰ ਮੌਜੂਦਾ ਵਿਧਾਂਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਸੰਭਾਵੀ ਉਮੀਦਵਾਰ ਹਨ ਜਦੋਂਕਿ ਮਾਨਸਾ ਸੀਟ ਤੋਂ ਕਾਂਗਰਸ ਨੇ ਉਘੇ ਗਾਇਕ ਸਿੱਧੂ ਮੂਸੇਵਾਲਾ ਨੂੰ ਚੋਣ ਲੜਾਉਣ ਦੀ ਤਿਆਰੀ ਕਰ ਲਈ ਹੈ। ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਬਠਿੰਡਾ ਪੱਟੀ ’ਚ ਵੱਡੀ ਪੱਧਰ ’ਤੇ ਅਗਵਾ ਭਾਈਚਾਰੇ ਵੋਟ ਹੈ ਤੇ ਅਜਿਹੇ ਹਾਲਾਤ ’ਚ ਇਸ ਭਾਈਚਾਰੇ ਨੂੰ ਨਰਾਜ਼ ਕਰਨਾ ਕਾਫ਼ੀ ਮਹਿੰਗਾ ਹੋ ਸਕਦਾ ਹੈ। ਅਜਿਹੇ ਹਾਲਾਤ ਵਿਚ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਤਿੰਨ ਵਿਧਾਨ ਸਭਾ ਹਲਕਿਆਂ ਮੋੜ, ਮਾਨਸਾ ਤੇ ਬੁਲਢਾਡਾ ਵਿਚ ਪ੍ਰਭਾਵ ਰੱਖਣ ਵਾਲੇ ਬਾਂਸਲ ਪ੍ਰਵਾਰ ਨੂੰ ਜ਼ਿਲ੍ਹਾ ਪ੍ਰਧਾਨਗੀ ਨਾਲ ਨਿਵਾਜ਼ਿਆ ਗਿਆ ਹੈ। ਗੌਰਤਲਬ ਹੈ ਕਿ ਸਾਲ 2012 ਵਿਚ ਸਿਰਫ਼ ਇੱਕ ਹਜ਼ਾਰ ਵੋਟਾਂ ਦੇ ਅੰਤਰ ਨਾਲ ਮੋੜ ਹਲਕੇ ਤੋਂ ਮਾਤ ਖ਼ਾਣ ਵਾਲੇ ਮੰਗਤ ਰਾਏ ਬਾਂਸਲ ਬੁਢਲਾਡਾ ਤੋਂ ਇਲਾਵਾ ਮਾਨਸਾ ਤੋਂ ਵੀ ਵਿਧਾਇਕ ਰਹਿ ਚੁੱਕੇ ਹਨ ਜਦੋਂਕਿ ਉਨ੍ਹਾਂ ਦੀ ਪਤਨੀ 2017 ਵਿਚ ਮਾਨਸਾ ਹਲਕੇ ਤੋਂ ਚੋਣ ਲੜ ਚੁੱਕੀ ਹੈ। ਉਧਰ ਮੰਗਤ ਰਾਏ ਬਾਂਸਲ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਦਾਅਵਾ ਕੀਤਾ ਕਿ ਉਹ ਇਸ ਇਲਾਕੇ ’ਚ ਕਾਂਗਰਸ ਪਾਰਟੀ ਨੂੰ ਜਤਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ ਤੇ 2022 ਵਿਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।
ਛੱਪੜ ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਬਠਿੰਡਾ-ਗੋਨਿਆਣਾ ਰੋਡ ’ਤੇ ਪੈਂਦੇ ਪਿੰਡ ਭੋਖੜਾ ਦੇ ਛੱਪੜ ’ਚ ਬੀਤੀ ਸ਼ਾਮ ਇਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਣ ’ਤੇ ਪਿੰਡ ਦੇ ਲੋਕਾਂ ਦੀ ਮੱਦਦ ਨਾਲ ਨੌਜਵਾਨ ਵੈੱਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰਾਂ ਨੇ ਨੌਜਵਾਨ ਦੀ ਲਾਸ਼ ਨੂੰ ਛੱਪੜ ਚੋਂ ਬਾਹਰ ਕੱਢਿਆ। ਪਿੰਡ ਦੇ ਲੋਕਾਂ ਮੁਤਾਬਕ ਨੌਜਵਾਨ ਪੈਰ ਫਿਸਲਣ ਕਾਰਨ ਛੱਪੜ ਚ ਜਾ ਡਿੱਗਿਆ ਸੀ। ਮਿ੍ਰਤਕ ਨੌਜਵਾਨ ਦੀ ਪਹਿਚਾਣ ਮਲਕੀਤ ਸਿੰਘ (28) ਪੁੱਤਰ ਪ੍ਰੀਤਮ ਸਿੰਘ ਵਜੋਂ ਹੋਈ ਹੈ। ਥਾਣਾ ਨਹਿੀਆਵਾਲਾ ਦੀ ਪੁਲਿਸ ਨੇ ਦਸਿਆ ਕਿ ਧਾਰਾ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਮੁਲਾਜਮ ਵਿਰੋਧੀ ਪੱਤਰ ਜਾਰੀ ਕਰਨ ਦੀ ਨਿਖੇਧੀ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕਥਿਤ ਮੁਲਾਜਮ ਵਿਰੋਧੀ ਪੱਤਰ ਜਾਰੀ ਕਰਨ ਦੀ ਨਿਖੇਧੀ ਕੀਤੀ ਗਈ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਇਸ ਪੱਤਰ ਰਾਹੀਂ ਸਿੱਧੇ ਭਰਤੀ ਕੀਤੇ ਗਏ ਮੁਲਾਜਮਾਂ ਨੂੰ ਪਰਖ ਕਾਲ ਦੇ ਸਮੇਂ ਦੌਰਾਨ ਪੇ ਰਵੀਜਨ ਦਾ ਕੋਈ ਵੀ ਬਕਾਇਆ ਨਾ ਦੇਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਸ ਮੀਟਿੰਗ ਵਿੱਚ ਇਹ ਪੱਤਰ ਪੰਜਾਬ ਸਕਰਾਰ ਵੱਲੋਂ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਹ ਮੁਲਾਜਮ ਮਾਰੂ ਪੱਤਰ ਵਾਪਸ ਨਾ ਲਿਆ ਗਿਆ ਤਾਂ ਸਮੁੱਚਾ ਕਲੈਰੀਕਲ ਮੁਲਾਜਮ ਸੜਕਾਂ ਤੇ ਆ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਜਨਰਲ ਸਕੱਤਰ, ਗੁਰਸੇਵਕ ਸਿੰਘ ਕੈਸ਼ੀਅਰ, ਬਲਦੇਵ ਸਿੰਘ ਪ੍ਰਧਾਨ, ਪਰਮਜੀਤ ਸਿੰਘ ਪ੍ਰਧਾਨ, ਅਨੂਪ ਗਰਗ, ਸ਼੍ਰੀ ਲਖਵਿੰਦਰ ਸਿੰਘ, ਸਤਿੰਦਰ ਸਿੰਘ ਅਤੇ ਦਿਲਬਾਗ ਸਿੰਘ , ਸਾਹਿਲ ਬਾਂਸਲ, ਸੁਮਿਤ ਨਾਗਪਾਲ, ਨਿਸ਼ੂ ਗਰਗ , ਦੀਪਕ ਕੁਮਾਰ ਅਤੇ ਮਿਸ ਰਿਚਾ ਅਤੇ ਯੂਨੀਅਨ ਦੇ ਹੋਰ ਨੁਮਾਇੰਦਿਆਂ ਨੇ ਇਸ ਇਸ ਮੀਟਿੰਗ ਵਿੱਚ ਭਾਗ ਲਿਆ।
ਕਾਂਗਰਸ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਪਾਰਟੀ ਹਾਈਕਮਾਂਡ ਨੇ ਸੀਨੀਅਰਤਾ ਨੂੰ ਅੱਖੋਂ-ਪਰੋਖੇ ਕਰਕੇ ਭਾਈ-ਭਤੀਜਾਵਾਦ ਨੂੰ ਉਤਸ਼ਾਹਤ ਕੀਤਾ: ਗੋਨਿਆਣਾ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ’ਚ ਮੁੜ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਬੀਤੇ ਕੱਲ ਜ਼ਿਲ੍ਹਾ ਪ੍ਰਧਾਨਾਂ ਦੀ ਜਾਰੀ ਸੂਚੀ ਵਿਚ ਬਠਿੰਡਾ ਜ਼ਿਲੇ ਦੇ ਨਿਯੁਕਤ ਕੀਤੇ ਗਏ ਕਾਰਜ਼ਕਾਰੀ ਪ੍ਰਧਾਨ ਅਵਤਾਰ ਸਿੰਘ ਗੋਨਿਆਣਾ ਨੇ ਅੱਜ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ। ਸਥਾਨਕ ਸਰਕਟ ਹਾਊਸ ਵਿਚ ਅਪਣੇ ਸੈਕੜੇ ਸਾਥੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੇ ਸੀਨੀਅਰਤਾ ਸੂਚੀ ਨੂੰ ਅੱਖੋ-ਪਰੋਖੇ ਕਰਕੇ ਭਾਈ-ਭਤੀਜਾਵਾਦ ਨੂੰ ਉਤਸ਼ਾਹਤ ਕੀਤਾ ਹੈ, ਜਿਸਦੇ ਚੱਲਦੇ ਉਸਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਹਾਲਾਂਕਿ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਗੋਨਿਆਣਾ ਨੇ ਦਾਅਵਾ ਕੀਤਾ ਕਿ ਉਹ ਬਤੌਰ ਕਾਂਗਰਸੀ ਵਰਕਰ ਪਹਿਲਾਂ ਦੀ ਤਰ੍ਹਾਂ ਪਾਰਟੀ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਪਾਰਟੀ ਲਈ ਨਿਰਸਵਾਰਥ ਕੰਮ ਕਰ ਰਹੇ ਹਨ ਅਤੇ ਇਸਤੋਂ ਪਹਿਲਾਂ 2014 ਵਿਚ ਵੀ ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਵਜੋਂ ਕੰਮ ਕਰ ਚੁੱਕੇ ਹਨ ਪ੍ਰੰਤੂੁ ਹੁਣ ਪਾਰਟੀ ਨੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਦੀ ਜਿੰਮੇਵਾਰੀ ਇੱਕ ਅਜਿਹੇ ਵਿਅਕਤੀ ਨੂੰ ਸੋਂਪੀ ਹੈ, ਜਿਸਦਾ ਕਾਂਗਰਸ ਨਾਲ ਵਾਹ-ਵਾਸਤਾ ਨਹੀਂ ਤੇ ਨਾ ਹੀ ਜ਼ਿਲ੍ਹੇ ਦੇ ਕਾਂਗਰਸੀ ਉਸਨੂੰ ਬਤੌਰ ਕਾਂਗਰਸੀ ਮਾਨਤਾ ਦਿੰਦੇ ਹਨ, ਜਿਸ ਕਾਰਨ ਉਹ ਅਜਿਹੇ ਪ੍ਰਧਾਨ ਦੇ ਨਾਲ ਕੰਮ ਨਹੀਂ ਕਰ ਸਕਦੇ ਹਨ। ਗੌਰਤਲਬ ਹੈ ਕਿ ਪਾਰਟੀ ਹਾਈਕਮਾਂਡ ਵਲੋਂ ਜਾਰੀ ਸੂਚੀ ਵਿਚ ਕੁਲਵਿੰਦਰ ਸਿੰਘ ਨਰੂਆਣਾ ਨੂੰ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ ਹੈ, ਜਿਹੜੇ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਦੇ ਮਾਮੇ ਦੇ ਪੁੱਤਰ ਹਨ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਕੱਲ ਹੀ ਨਵਜੋਤ ਸਿੰਘ ਸਿੱਧੂ ਲਾਡੀ ਦੇ ਹੱਕ ਵਿਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਕੇ ਗਏ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਗੋਨਿਆਣਾ ਨੇ ਕਿਹਾ ਕਿ ਉਹ ਬਾਦਲਾਂ ਦੇ ਗੜ੍ਹ ‘ਚ ਅਕਾਲੀਆਂ ਦੇ ਦਸ ਸਾਲਾ ਸ਼ਾਸਨ ਦੌਰਾਨ ਬਤੌਰ ਬਲਾਕ ਕਾਂਗਰਸ ਪ੍ਰਧਾਨ ਗੋਨਿਆਣਾ ਤੋਂ ਇਲਾਵਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ, ਆਬਜਰਬਰ, ਬੀਆਰਓ,ਹਲਕਾ ਕੰਪੇਨ ਕੋਆਰਡੀਨੇਟਰ ਆਦਿ ਅਹੁਦਿਆਂ ‘ਤੇ ਰਹਿ ਕੇ ਕੰਮ ਕਰਦੇ ਹਨ। ਇਸਤੋਂ ਇਲਾਵਾ ਉਨ੍ਹਾਂ ਵਿਰੁਧ 2015 ‘ਚ ਪਾਰਟੀ ਦੇ ਰੇਲ ਰੋਕੂ ਅੰਦੋਲਨ ਵਿਚ ਪਰਚੇ ਵੀ ਦਰਜ਼ ਕੀਤੇ ਗਏ। ਇਸ ਮੌਕੇ ਅਵਤਾਰ ਸਿੰਘ ਗੋਨਿਆਣਾ ਦੀ ਹਿਮਾਇਤ ਵਿਚ ਆਏ ਬਲਾਕ ਜ਼ਿਲਾ ਪਰਿਸ਼ਦ ਦੀ ਚੇਅਰਪਰਸਨ ਮਨਜੀਤ ਕੌਰ ਦੇ ਪਤੀ ਤੇ ਬਲਾਕ ਕਾਂਗਰਸ ਭੁੱਚੋਂ ਦੇ ਪ੍ਰਧਾਨ ਤੇਜਾ ਸਿੰਘ ਦੰਦੀਵਾਲ, ਵਾਈਸ ਚੇਅਰਮੈਨ ਜ਼ਿਲਾ ਪ੍ਰੀਸ਼ਦ ਗੁਰਇਕਬਾਲ ਸਿੰਘ, ਮੈਬਰ ਜ਼ਿਲਾ ਪ੍ਰੀਸ਼ਦ ਗੁਰਦੀਪ ਸਿੰਘ, ਰਾਜਾ ਸਿੰਘ ਨਾਸੀਬਪੁਰਾ, ਤੇਜ ਸਿੰਘ ਰਾਏਕੇ ਕਲਾਂ, ਮਨਪ੍ਰੀਤ ਕੌਰ ਬਾਹੋ ਸਿਵੀਆ, ਮਾਰਕਿਟ ਕਮੇਟੀ ਗੋਨਿਆਣਾ ਮੰਡੀ ਦੇ ਚੇਅਰਮੈਨ ਕੁਲਵੰਤ ਸਿੰਘ, ਡਾ ਮਨਜੀਤ ਸਿੰਘ ਜ਼ਿਲਾ ਪ੍ਰਧਾਨ ਕਿਸਾਨ ਸੈੱਲ, ਬਲਾਕ ਸੰਮਤੀ ਮੈਬਰ ਪਰਵਿੰਦਰ ਸਿੰਘ ਸ਼ਰਨੀ, ਜਰਨੈਲ ਸਿੰਘ ਬੁਰਜ ਮਹਿਮਾ, ਗੁਰਲਾਲ ਸਿੰਘ ਨਰੂਆਣਾ, ਬਲਾਕ ਕਾਂਗਰਸ ਦੇ ਪ੍ਰਧਾਨ ਗੁਰਜੰਟ ਸਿੰਘ ਕੋਟਸ਼ਮੀਰ, ਸੰਦੀਪ ਸਿੰਘ ਗੋਨਿਆਣਾ, ਸੁਰਜੀਤ ਸਿੰਘ ਰਾਮਪੁਰਾ ਸਹਿਤ ਸਰਪੰਚ ਗੁਰਮੀਤ ਸਿੰਘ ਦਿਉਣ, ਕਾਕਾ ਸਿੰਘ ਫੂਸ ਮੰਡੀ, ਜਗਸੀਰ ਸਿੰਘ ਨਰੂਆਣਾ, ਸੁਖਮੰਦਰ ਸਿੰਘ ਚੁਘੈ ਖੁਰਦ, ਜਲੰਧਰ ਸਿੰਘ ਕੋਟਗੁਰੂ, ਨੱਛਤਰ ਸਿੰਘ ਗਿੱਲ ਪੱਤੀ, ਸੰਦੀਪ ਸਿੰਘ ਬਲਾੜ ਵਿੰਝੂ, ਗੁਰਸੇਵਕ ਸਿੰਘ ਹਰਰਾਇਪੁਰ ਤੇ ਬਾਬੂ ਸਿੰਘ ਜੈਸਿੰਘਵਾਲਾ ਆਦਿ ਨੇ ਐਲਾਨ ਕੀਤਾ ਕਿ ਜੇਕਰ ਪਾਰਟੀ ਹਾਈਕਮਾਂਡ ਨੇ ਕੁਲਵਿੰਦਰ ਸਿੰਘ ਨਰੂਆਣਾ ਦੀ ਥਾਂ ਕੋਈ ਹੋਰ ਯੋਗ ਆਗੂ ਜ਼ਿਲ੍ਹਾ ਪ੍ਰਧਾਨ ਨਾ ਬਣਾਇਆ ਤਾਂ ਉਹ ਪ੍ਰਧਾਨ ਤੇ ਮੁੱਖ ਮੰਤਰੀ ਨੂੰ ਮਿਲਣਗੇ।







