Monday, May 4, 2026
Home Blog Page 2673

ਸਿਲਵਰ ਓਕਸ ਸਕੂਲ ’ਚ ਤਿੰਨ ਰੋਜਾ ਯੋਗਾ ਵਰਕਸਾਪ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਸਥਾਨਕ ਸਿਲਵਰ ਓਕਸ ਸਕੂਲ (ਸੁਸਾਂਤ ਸਿਟੀ-2) ਵੱਲੋਂ ਕਰੋਨਾ ਤੋਂ ਬਚਾਅ ਅਤੇ ਸਰੀਰਕ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਤਿੰਨ ਰੋਜਾ ਯੋਗਾ ਵਰਕਸਾਪ ਦਾ ਆਯੋਜਿਨ ਕੀਤਾ ਗਿਆ। ਇਸ ਤਿੰਨ ਰੋਜਾ ਵਰਕਸਾਪ ਵਿਚ ਫੇਫੜਿਆਂ ਵਿੱਚ ਹੋ ਰਹੀ ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ । ਯੋਗ ਆਸਨਾਂ ਦੁਆਰਾ ਫੇਫੜਿਆਂ ਨੂੰ ਮਜਬੂਤ ਕਰਨ ਅਤੇ ਮੈਡੀਟੇਸਨ ਦੁਆਰਾ ਮਾਨਸਿਕ ਤਣਾਅ ਨੂੰ ਘੱਟ ਕਰਨ ਬਾਰੇ ਜਾਣੂੰ ਕਰਵਾਇਆ ਗਿਆ। ਵਿਦਿਆਰਥੀਆਂ ਅਤੇ ੇਅਧਿਆਪਕਾਵਾਂ ਨੇ ਇਸ ਵਰਕਸਾਪ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਘਬਰਾਉਣ ਦੀ ਲੋੜ ਨਹੀਂ ਸਗੋਂ ਮਨ ਨੂੰ ਸ਼ਾਂਤ ਰੱਖ ਕੇ ਅਤੇ ਸਰੀਰ ਨੂੰ ਮਜਬੂਤ ਬਣਾ ਕੇ ਇਸ ਬਿਮਾਰੀ ਨਾਲ ਲੜਿਆ ਜਾ ਸਕਦਾ ਹੈ।

ਜਲੰਧਰ ’ਚ ‘ਆਪ’ ਦੇ ਉਮੀਦਵਾਰਾਂ ਨਾਲ ਕੇਜਰੀਵਾਲ ਨੇ ਕੀਤੀ ਬੈਠਕ

0

ਵਿਕਾਸ ਦੇ ਏਜੰਡੇ ’ਤੇ ਚੋਣਾ ਜਿੱਤੇਗੀ ਆਮ ਆਦਮੀ ਪਾਰਟੀ: ਅਰਵਿੰਦ ਕੇਜਰੀਵਾਲ 

ਸੁਖਜਿੰਦਰ ਮਾਨ

ਜਲੰਧਰ, 15 ਦਸੰਬਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ’ਆਪ’ 2022 ਦੀਆਂ ਚੋਣਾ ਵਿਕਾਸ ਦੇ ਏਜੰਡੇ ’ਤੇ ਲੜੇਗੀ ਅਤੇ ਭਾਰੀ ਜਿੱਤ ਪ੍ਰਾਪਤ ਕਰੇਗੀ, ਕਿਉਂਕਿ ਪੰਜਾਬ ਸਮੇਤ ਦੇਸ਼ ਭਰ ’ਚ ਦਿੱਲੀ ਸਰਕਾਰ ਦੀ ‘ਕੰਮ ਦੀ ਰਾਜਨੀਤੀ’ ਨੇ ਇੱਕ ਨਵੀਂ ਉਮੀਦ ਜਗਾਈ ਹੈ। ਬੁੱਧਵਾਰ ਨੂੰ ਆਪਣੀ ਦੋ ਰੋਜ਼ਾ ਪੰਜਾਬ ਫੇਰੀ ਦੇ ਪਹਿਲੇ ਦਿਨ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਬੈਠਕ ਕਰ ਰਹੇ ਸਨ। ਬੈਠਕ ’ਚ ਸੂਬਾ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਵੀ ਉਚੇਚੇ ਤੌਰ ’ਤੇ ਮੌਜ਼ੂਦ ਸਨ।
ਕੇਜਰੀਵਾਲ ਨੇ ਪਾਰਟੀ ਉਮੀਦਵਾਰਾਂ ਤੋਂ ਉਨ੍ਹਾਂ ਦੇ ਹਲਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਸਲ ਕੀਤੀ ਅਤੇ ਚੋਣ ਲੜਨ ਲਈ ਲੋੜੀਂਦੇ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ। ਪਾਰਟੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ‘ਆਪ’ ਦਾ ਮਿਸ਼ਨ 2022 ਸਕਾਰਾਤਮਕ ਅਤੇ ਪੰਜਾਬ ਦੇ ਬਹੁਪੱਖੀ ਵਿਕਾਸ ਦੇ ਏਜੰਡੇ ’ਤੇ ਕੇਂਦਰਿਤ ਰਹੇਗਾ। ਕੇਜਰੀਵਾਲ ਨੇ ਦੱਸਿਆ ਕਿ ਅੱਜ ਸੂਬੇ ਦੇ ਲੋਕ ਅਤੇ ਸੂਬੇ ਦੀ ਵਿੱਤੀ ਸਥਿਤੀ ਗੰਭੀਰ ਚੁਣੌਤੀਆਂ ਅਤੇ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ।
ਕੇਜਰੀਵਾਲ ਨੇ ਦੱਸਿਆ ਕਿ ਜੇਕਰ ਸੂਬੇ ਨੂੰ ਵਿਕਾਸ ਦੀ ਪਟੜੀ ’ਤੇ ਚੜਾਉਣਾ ਹੈ ਤਾਂ ਇਸ ਲਈ ਸਾਫ਼ ਸਪੱਸ਼ਟ ਨੀਅਤ, ਨੀਤੀ ਅਤੇ ਇਮਾਨਦਾਰੀ ਦੇ ਨਾਲ ਨਾਲ ਦ੍ਰਿੜ ਸਿਆਸੀ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ, ਪ੍ਰੰਤੂ ਇਹ ਪੰਜਾਬ ਅਤੇ ਪੰਜਾਬੀਆਂ ਦੀ ਬਦਕਿਸਮਤੀ ਰਹੀ ਹੈ ਕਿ ਜਿੰਨਾਂ (ਕਾਂਗਰਸ, ਬਾਦਲ, ਭਾਜਪਾ) ਨੂੰ ਸੱਤਾ  ਸੌਂਪੀ ਉਹ ਇੱਕ ਦੂਜੇ ਤੋਂ ਵਧ ਕੇ ਬੇਈਮਾਨ ਨਿਕਲੇ। ਉਨ੍ਹਾਂ ਆਪਣਾ ਤਾਂ ਸੱਤ ਪੁਸ਼ਤਾਂ ਤੱਕ ਦਾ ਵਿਕਾਸ ਕਰ ਲਿਆ, ਪ੍ਰੰਤੂ ਲੋਕਾਂ ਅਤੇ ਸੂਬੇ ਨੂੰ ਗੰਭੀਰ ਸੰਕਟਾਂ ਦੀ ਦਲਦਲ ’ਚ ਫਸਾ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਕੰਮ ਦੀ ਰਾਜਨੀਤੀ’  ਵਿੱਚ ਵਿਸ਼ਵਾਸ਼ ਕਰਦੀ ਹੈ ਅਤੇ ਦਿੱਲੀ ਦਾ ਵਿਕਾਸ ਮਾਡਲ ਅੱਜ ਸਭ ਦੇ ਸਾਹਮਣੇ ਹੈ। ਇਸ ਲਈ ਵਿਕਾਸ ਦੇ ਏਜੰਡੇ ’ਤੇ ਕੇਂਦਰਿਤ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਵੀ ਦਿੱਲੀ ਵਾਂਗ ਸਿਹਤ , ਸਿੱਖਿਆ, ਭ੍ਰਿਸ਼ਟਾਚਾਰ ਮੁੱਕਤ, ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਲਾ ਸਾਫ਼ ਸੁੱਥਰਾ ਸ਼ਾਸਨ ਦੇਵੇਗੀ। ਇਸ ਲਈ ਹਰੇਕ ਉਮੀਦਵਾਰ ਆਪਣੇ ਚੋਣ ਪ੍ਰਚਾਰ ਦੌਰਾਨ ਵਿਕਾਸ ਦੇ ਏਜੰਡੇ ’ਤੇ ਜ਼ੋਰ ਦੇਵੇ।
ਇਸ ਮੌਕੇ ‘ਆਪ’ ਦੀ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਸਮੇਤ ਲਾਲ ਚੰਦ ਕਟਾਰੂਚੱਕ, ਰਾਜਵਿੰਦਰ ਕੌਰ, ਸੁਰਿੰਦਰ ਸਿੰਘ ਸੋਢੀ, ਪ੍ਰੇਮ ਕੁਮਾਰ, ਨੀਲ ਗਰਗ ਅਤੇ ਹੋਰ ਉਮੀਦਵਾਰ ਹਾਜ਼ਰ ਸਨ।

ਪੰਜਾਬ ਵਿਧਾਨ ਸਭਾ ਚੋਣਾਂ 2022: ਚੋਣ ਕਮਿਸ਼ਨ ਦੀ ਟੀਮ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਵਿੱਚ ਦੋ ਦਿਨਾਂ ਦੌਰੇ `ਤੇ ਪਹੁੰਚੀ

0
ਸੁਖਜਿੰਦਰ ਮਾਨ
ਚੰਡੀਗੜ੍ਹ, 15 ਦਸੰਬਰ:ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸੂਬੇ ਦੀਆਂ ਚੋਣ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੀ ਟੀਮ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਸ਼੍ਰੀ ਸੁਸ਼ੀਲ ਚੰਦਰਾ ਦੀ ਅਗਵਾਈ ਵਿੱਚ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ ਦੇ ਨਾਲ ਅੱਜ ਇੱਥੇ ਦੋ ਦਿਨਾਂ ਦੌਰੇ `ਤੇ ਪਹੁੰਚੀ। ਕਮਿਸ਼ਨ ਦੀ ਟੀਮ ਵਿੱਚ ਤਿੰਨ ਡਿਪਟੀ ਚੋਣ ਕਮਿਸ਼ਨਰ, ਸ਼੍ਰੀ ਚੰਦਰ ਭੂਸ਼ਣ ਕੁਮਾਰ, ਸ਼੍ਰੀ ਨਿਤੇਸ਼ ਵਿਆਸ ਅਤੇ ਸ਼੍ਰੀ ਟੀ ਸ਼੍ਰੀਕਾਂਤ ਅਤੇ ਡਾਇਰੈਕਟਰ ਜਨਰਲ ਸ਼੍ਰੀਮਤੀ ਸ਼ੇਫਾਲੀ ਬੀ ਸ਼ਰਨ ਸ਼ਾਮਲ ਹਨ।ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਮੋਹਾਲੀ ਹਵਾਈ ਅੱਡੇ `ਤੇ ਕਮਿਸ਼ਨ ਦੀ ਟੀਮ ਦਾ ਸੁਆਗਤ ਕਰਨ ਪਹੁੰਚੇ। ਪਹਿਲੇ ਦਿਨ ਸੀਈਸੀ ਸ੍ਰੀ ਚੰਦਰਾ ਦੀ ਅਗਵਾਈ ਵਾਲੀ ਟੀਮ ਨੇ ਰਾਸ਼ਟਰੀ ਅਤੇ ਰਾਜ ਪੱਧਰੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਲੜੀਵਾਰ ਮੀਟਿੰਗ ਕੀਤੀ। ਮੀਟਿੰਗ ਵਿੱਚ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਰਾਸ਼ਟਰਵਾਦੀ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀਆਂ ਚਿੰਤਾਵਾਂ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਵਿਚਾਰਿਆ ਅਤੇ ਘੋਖਿਆ ਜਾਵੇਗਾ।ਇਸ ਤੋਂ ਬਾਅਦ ਕਮਿਸ਼ਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੀਈਓ ਪੰਜਾਬ, ਰਾਜ ਪੁਲਿਸ ਨੋਡਲ ਅਫ਼ਸਰ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਨਾਲ ਮੀਟਿੰਗ ਕੀਤੀ। ਕਮਿਸ਼ਨ ਨੇ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਵੱਖ-ਵੱਖ ਇਨਫੋਰਸਮੈਂਟ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ।

ਅੰਮ੍ਰਿਤਸਰ ਵਿੱਚੋਂ ਬਿਨਾਂ ਹੋਲੋਗ੍ਰਾਮ ਵਾਲੀ ਬਰਾਂਡਿਡ ਸ਼ਰਾਬ ਦੇ 2150 ਡੱਬੇ ਬਰਾਮਦ

0
ਸੁਖਜਿੰਦਰ ਮਾਨ
ਅੰਮਿ੍ਤਸਰ, 15 ਦਸੰਬਰ:ਪੰਜਾਬ ਦੇ ਆਬਕਾਰੀ ਵਿਭਾਗ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਿਨਾਂ ਹੋਲੋਗ੍ਰਾਮ ਤੋਂ ਤਸਕਰੀ ਵਾਲੀ ਇੰਪੋਰਟੇਡ ਸਕਾਚ ਵੇਚਣ ਵਾਲੇ ਇੱਕ ਸੰਗਠਿਤ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ 2150 ਡੱਬੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਕਮਿਸ਼ਨਰ, ਪੰਜਾਬ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਬਿਨ੍ਹਾ ਡਿਊਟੀ ਭੁਗਤਾਨ ਵਾਲੀ ਸ਼ਰਾਬ ਦੀ ਤਸਕਰੀ ਕਰਨ ਅਤੇ ਵੇਚਣ ਵਾਲੇ ਵਿਅਕਤੀਆਂ ‘ਤੇ ਸ਼ਿਕੰਜਾ ਕੱਸਿਆ ਹੈ। ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਆਬਕਾਰੀ ਡਿਊਟੀ ਅਤੇ ਟੈਕਸ ਦੀ ਉਲੰਘਣਾ ਕਰਦੇ ਹੋਏ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਸਕਰੀ ਅਤੇ ਬਿਨਾਂ ਡਿਊਟੀ ਭੁਗਤਾਨ ਵਾਲੀ ਮਹਿੰਗੀ ਇੰਪੋਰਟੇਡ ਬ੍ਰਾਂਡ ਦੀ ਸਕਾਚ ਅਤੇ ਇੰਪੋਰਟਡ ਬੀਅਰ ਵੇਚਣ ਦਾ ਧੰਦਾ ਕਰਦੇ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ।
ਸੂਚਨਾ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਟੀਮ ਹਰਕਤ ‘ਚ ਆਈ ਅਤੇ ਇਸ ਕਾਰੋਬਾਰ ‘ਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਰੇਕੀ ਕੀਤੀ। ਇਹ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਅੰਮ੍ਰਿਤਸਰ ਵਿੱਚ ਦੋ ਗੈਰ-ਕਾਨੂੰਨੀ ਗੋਦਾਮ ਬਣਾਏ ਹੋਏ ਹਨ, ਜਿੱਥੇ ਵੱਡੀ ਮਾਤਰਾ ਵਿੱਚ ਮਹਿੰਗੀ ਇੰਪੋਰਟੇਡ ਸ਼ਰਾਬ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਜਾਂਦੀ ਹੈ ਅਤੇ ਮੁਲਜ਼ਮ ਅੰਮ੍ਰਿਤਸਰ ਵਿੱਚ ਕੁਝ ਗਰੁੱਪਾਂ ਵਿੱਚ ਸ਼ਰਾਬ ਦਾ ਕਾਰੋਬਾਰ ਕਰਦੇ ਹਨ।
9/10 ਦਸੰਬਰ, 2021 ਦੀ ਵਿਚਕਾਰਲੀ ਰਾਤ ਨੂੰ ਟੀਮਾਂ ਨੇ ਦੋ ਗੈਰ-ਕਾਨੂੰਨੀ ਗੋਦਾਮਾਂ ਦੇ ਟਿਕਾਣੇ ਦੀ ਪਛਾਣ ਕੀਤੀ ਜਿਨ੍ਹਾਂ ‘ਤੇ ਛਾਪੇਮਾਰੀ ਕੀਤੀ ਗਈ।
1. ਦਾਣਾ ਮੰਡੀ ਰੋਡ, ਭਗਤਾਂਵਾਲਾ ਵਿਖੇ ਸਥਿਤ ਗੋਦਾਮ ‘ਤੇ ਛਾਪਾ ਮਾਰਿਆ ਗਿਆ ਅਤੇ ਲਗਭਗ 1397 ਡੱਬੇ ਆਈਐਮਐਫਐਲ, ਸਕਾਚਸ ਅਤੇ ਇੰਪੋਰਟੇਡ ਬੀਅਰ ਬਰਾਮਦ ਕੀਤੀ ਗਈ।
2. ਬੀ.ਬੀ. ਐਨਕਲੇਵ ਨੇੜੇ ਖੈਰਾਬਾਦ ਰੋਡ ‘ਤੇ ਸਥਿਤ ਗੋਦਾਮ ‘ਤੇ ਛਾਪਾ ਮਾਰਿਆ ਗਿਆ ਅਤੇ 760 ਡੱਬੇ ਆਈਐਮਐਫਐਲ, ਸਕਾਚਸ ਅਤੇ ਇੰਪੋਰਟਡ ਬੀਅਰ ਬਰਾਮਦ ਕੀਤੀ ਗਈ।
ਛਾਪੇਮਾਰੀ ਦੌਰਾਨ ਬਿਨਾਂ ਹੋਲੋਗ੍ਰਾਮ ਤੋਂ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਹੋਈ। ਇਹਨਾਂ ਗੋਦਾਮਾਂ ਤੋਂ ਚੰਡੀਗੜ੍ਹ ਦੇ ਹੋਲੋਗ੍ਰਾਮ ਵਾਲੀ ਚੰਡੀਗੜ੍ਹ ਤੋਂ ਤਸਕਰ ਕੀਤੀ ਸ਼ਰਾਬ ਵੀ ਬਰਾਮਦ ਹੋਈ ਹੈ। ਕੁਝ ਮਾਮਲਿਆਂ ਵਿੱਚ ਚੰਡੀਗੜ੍ਹ ਦੇ ਹੋਲੋਗ੍ਰਾਮ ਉੱਤੇ ਪੰਜਾਬ ਰਾਜ ਦੇ ਹੋਲੋਗ੍ਰਾਮ ਚਿਪਕਾਏ ਹੋਏ ਪਾਏ ਗਏ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਚੰਡੀਗੜ੍ਹ ਤੋਂ ਸ਼ਰਾਬ ਦੀ ਤਸਕਰੀ ਵੀ ਕਰਦੇ ਸਨ ਅਤੇ ਪੰਜਾਬ ਰਾਜ ਦੀ ਡਿਊਟੀ ਅਦਾ ਕੀਤੀ ਸ਼ਰਾਬ ਵਰਗਾ ਦਿਖਣ ਲਈ ਇਸ ਉੱਤੇ ਪੰਜਾਬ ਦਾ ਹੋਲੋਗ੍ਰਾਮ ਚਿਪਕਾਉਣ ਦੀ ਕੋਸ਼ਿਸ਼ ਕਰਦੇ ਸਨ। ਇਹ ਸ਼ਰਾਬ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਨੈੱਟਵਰਕ ਰਾਹੀਂ ਜਾਂ ਮੈਰਿਜ ਪੈਲੇਸਾਂ ਅਤੇ ਬਾਰਾਂ ਨੂੰ ਵੇਚੀ ਜਾ ਰਹੀ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੁੰਦਾ ਸੀ। ਗੋਦਾਮਾਂ ਦਾ ਜਾਇਜ਼ਾ ਲੈਣ ਲਈ ਹੋਰਨਾਂ ਜ਼ਿਲ੍ਹਿਆਂ ਤੋਂ ਕਈ ਟੀਮਾਂ ਬੁਲਾਈਆਂ ਗਈਆਂ ਅਤੇ ਟੀਮਾਂ ਵੱਲੋਂ ਬਰਾਮਦ ਸਟਾਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਦੋਵਾਂ ਗੋਦਾਮਾਂ ‘ਤੇ ਦਿਨ ਭਰ ਦੀ ਚੈਕਿੰਗ ਅਤੇ ਸਟਾਕ ਦੀ ਪੜਤਾਲ ਤੋਂ ਬਾਅਦ ਐਫ.ਆਈ.ਆਰ. 284 ਮਿਤੀ 11/12/21 ਨੂੰ ਥਾਣਾ ਗੇਟ ਹਕੀਮਾ, ਪੁਲਿਸ ਕਮਿਸ਼ਨਰੇਟ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਅਤੇ ਇੱਕ ਹੋਰ ਐਫ.ਆਈ.ਆਰ ਨੰਬਰ 267 ਮਿਤੀ 11/12/21 ਨੂੰ ਥਾਣਾ ਕੰਬੋਜ, ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ।
10 ਦਸੰਬਰ, 2021 ਨੂੰ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਗੈਰ-ਕਾਨੂੰਨੀ ਗੋਦਾਮਾਂ ਦੇ ਨੇੜਲੇ ਖੇਤਰਾਂ ਵਿੱਚ ਬਾਰਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਤਿੰਨ ਬਾਰਾਂ ਦੇ ਨਾਂ ਕਲੱਬ ਹਾਊਸ ਐਲ4, ਐਲ5 ਏਅਰਪੋਰਟ ਰੋਡ ਅੰਮ੍ਰਿਤਸਰ, ਐਲਗਿਨ ਕੈਫੇ ਐਲ4, ਐਲ5 ਏਅਰਪੋਰਟ ਰੋਡ ਅੰਮ੍ਰਿਤਸਰ ਅਤੇ ਬੋਨ ਅੱਡਾ ਐਲ4, ਐਲ5 ਏਅਰਪੋਰਟ ਰੋਡ ਅੰਮ੍ਰਿਤਸਰ ਹਨ।
ਇਹਨਾਂ ਬਾਰਾਂ ਵਿੱਚੋਂ ਇੰਪੋਰਟਡ ਸ਼ਰਾਬ ਦਾ ਸਟਾਕ ਬਰਾਮਦ ਕੀਤਾ ਗਿਆ। ਬਾਰਾਂ ਵਿਚ ਕੁਝ ਸਟਾਕ ਹੋਲੋਗ੍ਰਾਮ ਤੋਂ ਬਿਨਾਂ ਸੀ ਅਤੇ ਇਕ ਬਾਰ ਵਿਚ ਚੰਡੀਗੜ੍ਹ ਤੋਂ ਤਸਕਰੀ ਕੀਤੀ ਸ਼ਰਾਬ ਦਾ ਕੁਝ ਸਟਾਕ ਵੀ ਮਿਲਿਆ।ਇਹਨਾਂ ਤਿੰਨੋਂ ਬਾਰਾਂ ਖ਼ਿਲਾਫ਼ ਥਾਣਾ ਏਅਰਪੋਰਟ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਨੰ: 43, 44, 45 ਮਿਤੀ 11/12/21 ਤਹਿਤ ਪੰਜਾਬ ਆਬਕਾਰੀ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਸ੍ਰੀ ਅਗਰਵਾਲ ਨੇ ਕਿਹਾ ਕਿ ਆਬਕਾਰੀ ਵਿਭਾਗ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੇ ਸਬੰਧ ਵਿੱਚ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਜਾਰੀ ਰੱਖੇਗਾ। ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਤਸਕਰੀ ਕੀਤੀ ਸ਼ਰਾਬ ਦੇ ਮੁੱਖ ਸਪਲਾਇਰਾਂ ਅਤੇ ਪ੍ਰਾਪਤਕਰਤਾ ਦਾ ਪਤਾ ਲਗਾਉਣ ਲਈ ਸੰਪਰਕਾਂ ਦੀ ਪੂਰੀ ਲੜੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਅੱਗੇ ਕਿਹਾ ਕਿ ਆਬਕਾਰੀ ਵਿਭਾਗ ਆਪਰੇਸ਼ਨ ਰੈੱਡ ਰੋਜ਼ ਤਹਿਤ ਪੁਲਿਸ ਨਾਲ ਨੇੜਿਓਂ ਤਾਲਮੇਲ ਕਰਕੇ ਕੰਮ ਕਰ ਰਿਹਾ ਹੈ। ਆਪ੍ਰੇਸ਼ਨ ਰੈੱਡ ਰੋਜ਼ ਤਹਿਤ 17.5.2020 ਤੋਂ 11.12.2021 ਤੱਕ 19784 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ 19689 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 332693 ਲੀਟਰ ਨਜਾਇਜ਼ ਸ਼ਰਾਬ, 868517 ਲੀਟਰ ਨਜਾਇਜ਼ ਸ਼ਰਾਬ, 2170883 ਕਿੱਲੋ ਲਾਹਣ ਬਰਾਮਦ ਕੀਤਾ ਗਿਆ ਅਤੇ 900 ਚਾਲੂ ਭੱਠੀਆਂ ਦਾ ਪਤਾ ਲਗਾਇਆ ਗਿਆ। ਆਬਕਾਰੀ ਅਤੇ ਕਰ ਵਿਭਾਗ ਵੱਲੋਂ ਪਹਿਲਾਂ ਹੀ ਜਾਗਰੂਕ ਨਾਗਰਿਕਾਂ ਤੋਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਟੋਲ ਫਰੀ ਨੰ. +91 98759 61126 ਸ਼ੁਰੂ ਕੀਤਾ ਗਿਆ ਹੈ। ਵਿਭਾਗ ਸੂਬੇ ਵਿੱਚੋਂ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਨਾਗਰਿਕਾਂ ਦੇ ਸਹਿਯੋਗ ਦੀ ਮੰਗ ਕਰਦਾ ਹੈ।

ਪੰਦਰਵਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ: ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਵਿਸ਼ੇਸਤਾ ਉੱਪਰ ਪੰਦਰਵਾੜੇ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕਰਵਾਇਆ ਗਿਆ। ਇਸ ਲੈਕਚਰ ਵਿੱਚ ਪ੍ਰੋ: ਜਸਪਾਲ ਕੌਰ ਕਾਂਗ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ। ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਹਿਤਕ ਵਿਸ਼ੇਸ਼ਤਾ ਬਾਰੇ ਵਿਦਿਆਰਥੀਆਂ ਨੂੰ ਰੂ੍ਬ੍ਬੂ ਕਰਵਾਇਆ। ਇਸ ਤੋਂ ਇਲਾਵਾ ਉਹਨਾਂ ਨੇ ਗੁਰਮਤਿ ਦੇ ਅਧਿਆਤਮਕ, ਤੱਥਾਂ ਦੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਵਿਭਾਗ ਦੇ ਮੁਖੀ ਡਾ ਼ਬਲਵਿੰਦਰ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕਿਸਮ ਦੇ ਗਿਆਨ ਭਰਪੂਰ ਲੈਕਚਰ ਵਿਦਿਆਰਥੀਆਂ ਦੀ ਚੇਤਨਾ ਦਾ ਵਿਕਾਸ ਵੀ ਕਰਦੇ ਹਨ ਅਤੇ ਉਹਨਾਂ ਨੂੰ ਧਰਮ ਅਤੇ ਸਾਹਿਤ ਪ੍ਰਤੀ ਸੰਵੇਦਨਸ਼ੀਲ ਵੀ ਬਣਾਉੱਦੇ ਹਨ। ਲੈਕਚਰ ਵਿੱਚ ਐਮ ਼ਏ (ਅੰਗਰੇਜੀ, ਪੰਜਾਬੀ, ਅਰਥਸ਼ਾਸ਼ਤਰ) ਅਤੇ ਐਮ ਬੀ ਏ ਦੇ ਵਿਦਿਆਰਥੀ ਹਾਜ਼ਰ ਸਨ। ਇਸ ਤੋਂ ਇਲਾਵਾ ਵਿਭਾਗ ਦੇ ਪ੍ਰੋ: ਬੂਟਾ ਸਿੰਘ ਬਰਾੜ (ਰਿਟਾਇਰਡ), ਡਾ ਼ਰਜਿੰਦਰ ਸਿੰਘ, ਡਾ ਼ਨਵਦੀਪ ਕੌਰ, ਡਾ ਼ਕੁਲਦੀਪ ਸਿੰਘ, ਡਾ ਼ਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ। ਅੰਤ ਵਿੱਚ ਡਾ ਼ਰਵਿੰਦਰ ਸਿੰਘ ਸੰਧੂ ਨੇ ਬੁਲਾਰਿਆ ਦਾ ਧੰਨਵਾਦ ਕੀਤਾ।

ਕੇਜਰੀਵਾਲ ਦੀਆਂ ਗਰੰਟੀਆਂ ਤੋਂ ਅਕਾਲੀ-ਕਾਂਗਰਸ ਪਾਰਟੀਆਂ ਘਬਰਾਈਆਂ – ਅਗਰਵਾਲ

0

ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ: ਜਿਲਾ ਕਾਰਜਕਾਰੀ ਪ੍ਧਾਨ ਸ਼ਹਿਰੀ ਆਮ ਆਦਮੀ ਪਾਰਟੀ ਅਮਿ੍ਤ ਲਾਲ ਅਗਰਵਾਲ ਨੇ ਦੱਸਿਆ ਕਿ ਕੇਜਰੀਵਾਲ ਨੇ ਪੰਜਾਬ ਵਿਚ ਸਭ ਤੋਂ ਪਹਿਲੀ ਗਰੰਟੀ ਬਿਜਲੀ ਦੀ ਦਿੱਤੀ 300 ਯੂਨਿਟ ਬਿਜਲੀ ਹਰ ਵਰਗ ਦੀ ਮੁਆਫ,ਬਕਾਇਆ ਬਿਲ ਮੁਆਫ, ਕੱਟੇ ਬਿਜਲੀ ਕੁਨੈਕਸ਼ਨ ਜੋੜੇ ਜਾਣਗੇ, 24ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ। ਕੇਜਰੀਵਾਲ ਨੇ ਦੂਜੀ ਗਰੰਟੀ ਸੇਹਤ ਸਹੂਲਤਾਂ ਬਾਰੇ ਦਿੱਤੀ ਹਰ ਇਕ ਨੂੰ ਮੁਫ਼ਤ ਤੇ ਵਧੀਆ ਇਲਾਜ, 15000 ਮੁੱਹਲਾ ਕਲੀਨਿਕ ਖੋਲੇ ਜਾਣਗੇ। ਵਧੀਆ ਹਸਪਤਾਲ ਵਿਦੇਸ਼ਾਂ ਦੀ ਤਰਜ ਤੇ ਬਣਾਏ ਜਾਣਗੇ । ਜੋ ਅੈਕਸੀਡੈਂਟ ਸਮੇਂ ਆਦਮੀ ਨੂੰ ਚੁੱਕਕੇ ਲਿਆਵੇਗਾ ਉਸ ਨੂੰ 2000ਰੁ: ਦਿੱਤੇ ਜਾਣਗੇ। ਕੇਜਰੀਵਾਲ ਵਲੋਂ ਤੀਜੀ ਗਰੰਟੀ 18 ਸਾਲ ਤੋਂ ਉਪਰ ਉਮਰ ਦੀਆਂ ਮਹਿਲਾਵਾਂ ਨੂੰ 1000ਰੁ: ਮਹੀਨਾ ਦਿੱਤੇ ਜਾਣਗੇ। ਜਿਸ ਦਾ ਲਗਭਗ ਇੱਕ ਕਰੋੜ ਮਹਿਲਾਂਵਾਂ ਨੂੰ ਲਾਭ ਹੋਵੇਗਾ। ਜਿੰਨਾਂ ਮਹਿਲਾਵਾਂ ਨੂੰ ਬੁਢਾਪਾ ਪੈਨਸ਼ਨ ਜਾਂ ਹੋਰ ਪੈਨਸ਼ਨ ਮਿਲਦੀ ਹੈ ਇਹ ਉਸ ਤੋਂ ਵਖਰਾ ਮਿਲੇਗਾ। ਚੌਥੀ ਗਰੰਟੀ ਹਰ ਬੱਚੇ ਨੂੰ ਸ਼ਾਨਦਾਰ ਤੇ ਮੁਫ਼ਤ ਸਿਖਿਆ ਦਿੱਤੀ ਜਾਵੇਗੀ ਸਕੂਲਾਂ ਦੀਆਂ ਪੁਰਾਣੀਆਂ ਬਿਲਡਿੰਗਾਂ ਨੂੰ ਤੋੜ ਕੇ ਨਵੀਆਂ ਬਿਲਡਿੰਗਾਂ ਬਣਾਈਆਂ ਜਾਣਗੀਆਂ। ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ ਹੋਰ ਮਸਲੇ ਮਸਲੇ ਵੀ ਹਲ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਸਾਡੀਆਂ ਗਰੰਟੀਆਂ ਨੇ ਅਸੀਂ ਚੰਨੀ ਵਾਂਗੂ ਫੋਕੇ ਐਲਾਨ ਨਹੀਂ ਕਰਦੇ। ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੀਆਂ ਇਹਨਾਂ ਗਰੰਟੀਆਂ ਨੂੰ ਬਹੁਤ ਪਸੰਦ ਕੀਤਾ ਹੈ। ਅਗਰਵਾਲ ਨੇ ਦੱਸਿਆ ਕਿ ਖਾਸ ਕਰਕੇੇ ਪੰਜਾਬ ਦੀਆਂ ਮਹਿਲਾਵਾਂ ਕੇਜਰੀਵਾਲ ਦੀਆਂ ਗਰੰਟੀਆਂ ਤੋਂ ਬਹੁਤ ਖੁਸ਼ ਹਨ। ਪਰ ਵਿਰੋਧੀ ਪਾਰਟੀਆਂ ਅਕਾਲੀ ,ਕਾਂਗਰਸ ਇੰਨਾਂ ਗਰੰਟੀਆਂ ਤੋਂ ਘਬਰਾਈਆਂ ਹੋਈਆਂ ਹਨ। ਇਸ ਵਾਰ ਪੰਜਾਬ ਦੇ ਲੋਕ ਇੰਨਾਂ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੀਆਂ ਹਨ ਤੇ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ।

ਵੱਡੀ ਗਿਣਤੀ ਵਿੱਚ ਸਕੂਲਾਂ ਅੱਗੇ ਅਧਿਆਪਕਾਂ ਨੇ ਮੁਲਾਜ਼ਮ ਮਾਰੂ ਪੱਤਰ ਸਾੜੇ

0

ਤਨਖਾਹ ਕਮਿਸ਼ਨ ਦੇ ਲਾਭਾਂ ‘ਤੇ ਡਾਕੇ ਵਿਰੁੱਧ ਅਧਿਆਪਕਾਂ ਵਿੱਚ ਰੋਸ
ਸੁਖਜਿੰਦਰ ਮਾਨ
ਬਠਿੰਡਾ 15 ਦਸੰਬਰ,: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਪ੍ਰਤੀ ਦੋ ਵੱਡੇ ਮਾਰੂ ਫ਼ੈਸਲਿਆਂ ਪੇਂਡੂ ਖੇਤਰਾਂ ਵਿੱਚ ਸੇਵਾਵਾਂ ਨਿਭਾ ਰਹੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਨੂੰ ਮਿਲਦਾ ਪੇਂਡੂ ਖੇਤਰ ਭੱਤਾ ਰੋਕਣ ਅਤੇ 31 ਦਸੰਬਰ 2015 ਤੋਂ ਬਾਅਦ ਸਿੱਧੀ ਭਰਤੀ ਮੁਲਾਜ਼ਮਾਂ ਨੂੰ ਪਰਖ ਸਮੇਂ ਦੌਰਾਨ ਮਿਲਣਯੋਗ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਸਾਰੇ ਲਾਭ ਖੋਹਣ ਖਿਲਾਫ ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ‘ਤੇ ਅਧਿਆਪਕਾਂ ਅਤੇ ਸਕੂਲਾਂ ਦੇ ਹੋਰ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਸਕੂਲਾਂ ਅੱਗੇ ਮੁਲਾਜ਼ਮ ਮਾਰੂ ਪੱਤਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ 19 ਦਸੰਬਰ ਦੀ ਸਾਂਝੇ ਫਰੰਟ ਦੀ ਰੈਲੀ ਦਾ ਹਿੱਸਾ ਬਣ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ।ਬਠਿੰਡਾ ਜ਼ਿਲ੍ਹੇ ਦੇ ਸੈਂਕੜੇ ਸਰਕਾਰੀ ਸਕੂਲਾਂ ਵਿੱਚ ਜਗਪਾਲ ਬੰਗੀ, ਜਗਤਾਰ ਸਿੰਘ ਬਾਠ,ਗੁਰਵਿੰਦਰ ਸਿੰਘ ਸਿੱਧੂ , ਰਾਜਵੀਰ ਸਿੰਘ ਮਾਨ, ਪ੍ਰਿਤਪਾਲ ਸਿੰਘ,ਗੁਰਮੇਲ ਸਿੰਘ ਮਲਕਾਣਾ,ਮਨਜੀਤ ਸਿੰਘ ਬਾਜਕ , ਬੇਅੰਤ ਸਿੰਘ ਫੂਲੇਵਾਲਾ, ਦੀ ਅਗਵਾਈ ਵਿੱਚ ਪੱਤਰ ਸਾੜਨ ਵਾਲੇ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਮੁਲਾਜ਼ਮਾਂ ਨੂੰ ਤਨਖ਼ਾਹ ਕਮਿਸ਼ਨ ਦੇ ਪੂਰਾ ਲਾਭ ਦੇਣ ਦੇ ਇਸ਼ਤਿਹਾਰੀ ਦਾਅਵੇ ਫੋਕੇ ਸਾਬਤ ਹੋ ਰਹੇ ਹਨ। ਸਗੋਂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਖੇਤਰਾਂ ਪ੍ਰਤੀ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰਦਿਆਂ, ਇਨ੍ਹਾਂ ਖੇਤਰਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਅਨੁਸਾਰ ਮਿਲਣਯੋਗ ਪੰਜ ਫ਼ੀਸਦੀ ਪੇਂਡੂ ਖੇਤਰ ਭੱਤੇ ਨੂੰ ਸਤੰਬਰ ਮਹੀਨੇ ਦੇ ਪੁਰਾਣੇ ਫ਼ੈਸਲੇ ਦੇ ਹਵਾਲੇ ਨਾਲ ਅਚਾਨਕ ਰੋਕਣ ਅਤੇ ਇਸ ਭੱਤੇ ਤੋਂ ਬਿਨਾਂ ਹੀ ਤਨਖਾਹਾਂ ਬਣਾਉਣ ਦੀਆਂ ਹਦਾਇਤਾਂ ਖ਼ਜ਼ਾਨਾ ਦਫ਼ਤਰਾਂ ਰਾਹੀਂ ਜਾਰੀ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਇਕ ਹੋਰ ਅਤਿ ਮਾਰੂ ਫ਼ੈਸਲਾ ਕਰਦਿਆਂ, 16 ਜੁਲਾਈ 2020 ਤੋਂ ਪਹਿਲਾਂ ਮੁੱਢਲੀਆਂ ਤਨਖਾਹਾਂ ‘ਤੇ ਸਿੱਧੀ ਭਰਤੀ ਨਵ ਨਿਯੁਕਤ ਮੁਲਾਜ਼ਮਾਂ ਨੂੰ ਪਰਖ ਸਮੇਂ ਦੌਰਾਨ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਤਹਿਤ ਤਨਖਾਹ ਫਿਕਸੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਲਾਭ ਨਾ ਦੇਣ ਅਤੇ ਪਰਖ ਸਮੇਂ ਦਾ ਕੋਈ ਵੀ ਬਕਾਇਆ ਨਾ ਜਾਰੀ ਕਰਨ ਦਾ ਇਕਪਾਸੜ ਅਤੇ ਧੱਕੇਸ਼ਾਹੀ ਭਰਿਆ ਹੁੁਕਮ ਸੁਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਰਖ ਸਮਾਂ ਐਕਟ-2015 ਤਹਿਤ ਪਰਖ ਸਮੇਂ ਦੌਰਾਨ ਪੂਰੇ ਤਨਖਾਹ ਸਕੇਲ ਅਤੇ ਭੱਤੇ ਦੇਣ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖ਼ਾਹ ਸਕੇਲਾਂ ਦੇਣ, ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਏ ਸੀ ਪੀ (4-9-14 ਸਾਲਾ) ਤਹਿਤ ਸਾਰੇ ਮੁਲਾਜ਼ਮਾਂ ਨੂੰ ਅਗਲਾ ਉਚੇਰਾ ਤਨਖਾਹ ਗਰੇਡ ਦੇਣ, ਸਰਹੱਦੀ ਏਰੀਆ ਭੱਤਾ, ਹੈਂਡੀਕੈਪ ਸਫਰੀ ਭੱਤਾ, ਸਪੈਸ਼ਲ ਟੀਚਰ ਭੱਤਾ, ਪ੍ਰਯੋਗੀ ਭੱਤੇ ਸਮੇਤ 37 ਕਿਸਮ ਦੇ ਭੱਤਿਆਂ ਨੂੰ ਜਾਰੀ ਕਰਨ ਵਰਗੇ ਫੈਸਲੇ ਕਰਨ ਤੋਂ ਪੰਜਾਬ ਦੀ ਚੰਨੀ ਸਰਕਾਰ ਲਗਾਤਾਰ ਇਨਕਾਰੀ ਹੈ। ਪੰਜਾਬ ਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਅਤੇ ਬੇਰੁਜ਼ਗਾਰਾਂ ਨੂੰ ਪੱਕਾ ਰੁਜਗਾਰ ਦੇਣ ਦੀ ਥਾਂ, ਹੱਕ ਮੰਗਣ ‘ਤੇ ਪੁਲਸੀਆ ਤਸ਼ੱਦਦ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਅਧਿਆਪਕ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਸਖਤ ਵਿਰੋਧ ਕਰਦੇ ਹਨ ਅਤੇ ਸਾਂਝੇ ਫਰੰਟ ਦੀ 19 ਦਸੰਬਰ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਨਿਸਾਨੇਬਾਜ ਮਹਿਕ ਜਟਾਣਾ ਨੇ ਜਿੱਤੇ ਤਗਮੇ

0

ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਵਿਦਿਆਰਥਣ ਮਹਿਕ ਜਟਾਣਾ ਨੇ ਭੋਪਾਲ (ਮੱਧ ਪ੍ਰਦੇਸ) ਵਿੱਚ ਹਾਲ ਹੀ ਵਿਚ ਆਯੋਜਿਤ 64ਵੀਂ ਨੈਸਨਲ ਸੂਟਿੰਗ ਚੈਂਪੀਅਨਸਪਿ (ਰਾਈਫਲ ਮੁਕਾਬਲਿਆਂ) ਵਿੱਚ 2 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਂ ਰੋਸਨ ਕੀਤਾ ਹੈ। ਉਸਨੇ 50 ਮੀਟਰ ਜੂਨੀਅਰ ਸਿਵਲੀਅਨ ਵਰਗ ਅਤੇ ਸੀਨੀਅਰ ਸਿਵਲੀਅਨ ਵਰਗ ਵਿੱਚ ਤੀਜਾ ਸਥਾਨ ਹਾਸਲ ਕਰਕੇ ਦੋ ਚਾਂਦੀ ਦੇ ਤਗਮੇ ਜਿੱਤੇ। ਇਸੇ ਤਰ੍ਹਾਂ 50 ਮੀਟਰ ਪ੍ਰੋਨ ਸੀਨੀਅਰ ਵਰਗ ਅਤੇ ਜੂਨੀਅਰ ਵਰਗ ਵਿੱਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ।ਮਹਿਕ ਜਟਾਣਾ ਗਿਆਨੀ ਜੈਲ ਸਿੰਘ ਕੈਂਪਸ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ (ਸੀ.ਐਸ.ਈ.-2018 ਬੈਚ) ਦੀ ਅੰਤਿਮ ਸਾਲ ਦੀ ਵਿਦਿਆਰਥਣ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ, ਕੈਂਪਸ ਡਾਇਰੈਕਟਰ ਡਾ: ਅਸੋਕ ਗੋਇਲ, ਡਾਇਰੈਕਟਰ ਸਪੋਰਟਸ ਐਂਡ ਯੁਵਕ ਭਲਾਈ ਡਾ: ਭੁਪਿੰਦਰ ਪਾਲ ਸਿੰਘ ਢੋਟ ਆਦਿ ਨੇ ਮਹਿਕ ਜਟਾਣਾ ਨੂੰ ਸਾਨਦਾਰ ਪ੍ਰਦਰਸਨ ਲਈ ਵਧਾਈ ਦਿੱਤੀ ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੈਮੀਨਾਰ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸੈਮੀਨਾਰ ਆਰ ਪੀ ਸੀ ਡਿਗਰੀ ਕਾਲਜ ਬਹਿਮਣ ਦੀਵਾਨਾ ਵਿਖੇ ਕਰਵਾਇਆ ਗਿਆ, ਜਿਸ ਵਿੱਚ 100 ਦੇ ਕਰੀਬ ਵਿਦਿਆਰਥਣਾ ਨੇ ਭਾਗ ਲਿਆ। ਸੈਮੀਨਾਰ ਵਿੱਚ ਡਾ. ਗੁੁਰਜਿੰਦਰ ਸਿੰਘ ਰੋਮਾਣਾ ਨੇ ਉਚੇਚੇ ਤੌਰ ’ਤੇ ਨੌਵੇਂ ਪਾਤਸ਼ਾਹ ਦੀ ਬਾਣੀ ਅਤੇ ਸਲੋਕਾਂ ਦੁਆਰਾ ਮਨੁੱਖਤਾ ਦੇ ਭਲੇ ਲਈ ਦਿੱਤੀਆਂ ਗਈਆਂ ਸੇਧਾਂ ਨੂੰ ਵਿਦਿਆਰਥੀਆਂ ਦੇ ਨਾਲ ਵਿਚਾਰਿਆ ਗਿਆ । ਗੁਰੂ ਸਾਹਿਬ ਦੀ ਜੀਵਨੀ ਤੇ ਉਨ੍ਹਾਂ ਵੱਲੋਂ ਸਰਬੱਤ ਦੇ ਭਲੇ ਦੀ ਖਾਤਰ ਦਿੱਤੀ ਗਈ ਲਾਸਾਨੀ ਸਹਾਦਤ ਦੇ ਸਾਕੇ ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ।ਵਿਦਿਆਰਥੀਆਂ ਨੂੰ ਸੱਚੀ ਸੁੱਚੀ ਮਿਹਨਤ ਕਰਨ ਦੇ ਨਾਲ ਲੋੜਵੰਦਾਂ ਦੀ ਮੱਦਦ ਲਈ ਪ੍ਰੇਰਿਆ। ਸੈਮੀਨਾਰ ਨੂੰ ਕਾਲਜ ਦੇ ਪਿ੍ਰੰਸੀਪਲ ਮੈਡਮ ਡਾ.ਬੇਅੰਤ ਕੌਰ ਅਤੇ ਪ੍ਰੋ ਬਲਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

ਸਿੱਖਿਆ ਖੇਤਰ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਬਣੇਂਗਾ ਮੋਹਰੀ : ਜਟਾਣਾ

0

ਹਲਕੇ ਦੇ 7 ਸਕੂਲ ਕੀਤੇ ਅਪਗ੍ਰੇਡ
ਸੁਖਜਿੰਦਰ ਮਾਨ
ਬਠਿੰਡਾ, 15 ਦਸੰਬਰ: ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਸਰਕਾਰੀ ਸਕੂਲਾਂ ਨੂੰ ਅੱਪਗਰੇਡ ਕਰਨ ਦੇ ਲਏ ਗਏ ਫੈਸਲੇ ਤਹਿਤ ਹਲਕਾ ਤਲਵੰਡੀ ਸਾਬੋ ਦੇ 7 ਸਕੂਲ ਪਿੰਡ ਬੰਗੀ ਰੁੱਘੂ, ਪੱਕਾ ਖੁਰਦ, ਮੱਲਵਾਲਾ, ਬਾਘਾ ,ਮਲਕਾਣਾ, ਲਾਲੇਆਣਾ ਅਤੇ ਸ਼ੇਰਗਡ੍ਹ ਨੂੰ ਵੀ ਅਪਗ੍ਰੇਡ ਕਰਨ ਦਾ ਐਲਾਨ ਕੀਤਾ ਹੈ । ਇਸ ਫੈਸਲੇ ’ਤੇ ਖ਼ੁਸੀ ਜਤਾਉਂਦਿਆਂ ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਅਪਗ੍ਰੇਡ ਹੋਣ ਨਾਲ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਸਿੱਖਿਆ ਖੇਤਰ ਵਿਚ ਮੋਹਰੀ ਹਲਕਾ ਬਣੇਗਾ ,ਜਿਸ ਲਈ ਉਨ੍ਹਾਂ ਦੇ ਯਤਨਾਂ ਨੂੰ ਵੱਡੀ ਤਾਕਤ ਮਿਲੀ ਹੈ । ਜ਼ਿਕਰਯੋਗ ਹੈ ਕਿ ਜਟਾਣਾ ਵੱਲੋਂ ਹਲਕੇ ਦੇ ਸਕੂਲਾਂ ਨੂੰ ਅਪਗਰੇਡ ਕਰਾਉਣ ਲਈ ਸਰਕਾਰ ਤੱਕ ਲਗਾਤਾਰ ਰਾਬਤਾ ਕਾਇਮ ਕੀਤਾ ਗਿਆ, ਜਿਸ ਕਰਕੇ ਅੱਜ 7 ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ ਹੋਇਆ ਹੈ । ਜਟਾਣਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਨੂੰ ਹਰ ਖੇਤਰ ਵਿਚ ਨੰਬਰ-1 ਹਲਕਾ ਬਣਾਉਣਾ ਹੈ ਜਿਸ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ।

Our Visitor

1894950