Monday, May 4, 2026
Home Blog Page 2682

ਪੰਜਾਬ ਨੂੰ ਊਰਜਾ ਸੰਭਾਲ ਦੇ ਖੇਤਰ ’ਚ ਪਹਿਲਾ ਇਨਾਮ ਮਿਲਣ ’ਤੇ ਡਾ ਵੇਰਕਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ

0

ਪੇਡਾ ਨੂੰ ਇਹ ਅਵਾਰਡ ਮਿਲਣ ਨਾਲ ਸਾਡੀਆਂ ਜ਼ਿੰਮੇਂਵਾਰੀਆਂ ’ਚ ਵਾਧਾ ਹੋਇਆ-ਕੈਬਨਿਟ ਮੰਤਰੀ
ਸੌਰ ਤੇ ਬਾਇਓਮਾਸ ਦੇ ਖੇਤਰ ’ਚ ਹਰ ਸੰਭਾਵਨਾ ਨੂੰ ਅਮਲ ’ਚ ਲਿਆਉਣ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ, 10 ਦਸੰਬਰ: ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਆਪਣੀ ਉੱਤਮ ਕਾਰਗੁਜ਼ਾਰੀ ਲਈ ਦੇਸ਼ ਭਰ ਵਿੱਚੋਂ ਪਹਿਲਾ ਇਨਾਮ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਊਰਜਾ ਵਿਕਾਸ ਮੰਤਰੀ ਡਾ. ਰਾਜ ਕੁਮਾਰ ਵੇਰਕਾ ਕਿਹਾ ਕਿ ਇਸ ਨਾਲ ਉਨਾਂ ਦੀਆਂ ਜ਼ਿੰਮੇਂਵਾਰੀਆਂ ਹੋਰ ਵੀ ਵਧ ਗਈਆਂ ਹਨ ਅਤੇ ਉਹ ਨਾ ਕੇਵਲ ਆਪਣੇ ਇਸ ਸਥਾਨ ਨੂੰ ਬਰਕਾਰ ਰੱਖਣ ਲਈ ਹਰ ਕੋਸ਼ਿਸ਼ ਕਰਨਗੇ ਸਗੋਂ ਸੌਰ ਊਰਜਾ ਅਤੇ ਬਾਇਓਮਾਸ ਵਰਗੇ ਖੇਤਰਾਂ ਵਿੱਚ ਹਰ ਸੰਭਵਾਨਾ ਨੂੰ ਅਮਲ ਵਿੱਚ ਲਿਆਉਣਗੇ ਤਾਂ ਜੋ ਸੂਬੇ ਵਿੱਚ ਊਰਜਾ ਦੀ ਕਮੀ ਨਾਲ ਨਿਪਟਿਆ ਜਾ ਸਕੇ।ਗੌਰਤਲਬ ਹੈ ਕਿ ਰਾਸ਼ਟਰੀ ਊਰਜਾ ਸੰਭਾਲ ਅਵਾਰਡ 2021 ਵਾਸਤੇ ਪੇਡਾ ਨੂੰ ਪਹਿਲੇ ਇਨਾਮ ਲਈ ਚੁਣਿਆ ਗਿਆ ਹੈ। ਇਹ ਅਵਾਰਡ 14 ਦਸੰਸਰ 2021 ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ’ਤੇ ਵਿਗਿਆਨ ਭਵਨ ਵਿਖੇ ਹੋ ਰਹੇ ਸਮਾਰੋੋਹ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਬਿਜਲੀ ਤੇ ਨਵੀਂ ਅਤੇ ਨਵਿਆਣਯੋਗ ਊਰਜਾ ਦੇ ਕੇਂਦਰੀ ਮੰਤਰੀ ਸ੍ਰੀ ਆਰ.ਕੇ. ਸਿੰਘ ਮੁੱਖ ਮਹਿਮਾਨ ਹੋਣਗੇ।ਡਾ. ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਬਿਜਲੀ ਦੀ ਵਧ ਰਹੀ ਮੰਗ ਅਤੇ ਪਾਣੀ, ਕੋਇਲਾ ਆਦਿ ਵਰਗੇ ਕੁਦਰਤੀ ਵਸੀਲਿਆ ਦੀ ਪੈਦਾ ਹੋ ਰਹੀ ਕਮੀ ਨਾਲ ਨਿਪਟਣ ਲਈ ਪੇਡਾ ਵੱਲੋਂ ਨਵਿਆਉਣਯੋਗ ਊਰਜਾ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਅਤੇ ਪਰਾਲੀ ਦੀ ਸਮੱਸਿਆ ਨਾਲ ਨਿਪਟਣ ਨਹੀ ਪੰਜਾਬ ਸਰਕਾਰ ਨੇ ਸੌਰ ਊਰਜਾ ’ਤੇ ਵੱਧ ਤੋਂ ਵੱਧ ਧਿਆਨ ਕੇਂਦਰਤ ਕਰਨ ਦੀ ਦਿਸ਼ਾ ਵੱਲ ਕਦਮ ਪੁੱਟੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਨਵਿਆਉਣਯੋਗ ਊਰਜਾ ਦੇ 1700.77 ਮੈਗਾਵਾਟ ਦੀ ਸਮਰੱਥਾ ਦੇ ਪ੍ਰੋਜੈਕਟ ਲਾਏ ਜਾ ਚੁੱਕੇ ਹਨ ਅਤੇ 184.12 ਮੈਗਾਵਾਟ ਦੇ ਸਮਰੱਥਾ ਦੇ ਹੋਰ ਪ੍ਰੋਜੈਕਟ ਲਾਏ ਜਾ ਰਹੇ ਹਨ। ਜ਼ਮੀਨ ਸਤਹ (ਗਰਾਉਡ ਮੌਂਟਡ) ’ਤੇ 815.5 ਮੈਗਾਵਾਟ, ਛੱਤ (ਰੂਫ ਸੋਲਰ) ’ਤੇ 136.1 ਮੈਗਾਵਾਟ ਅਤੇ ਨਹਿਰਾਂ ’ਤੇ (ਕੈਨਾਲ ਟੋਪ) 20 ਮੈਗਾਵਾਟ ਸਮਰੱਥਾ ਦੇ ਸੌਰ ਊਰਜਾ ਪ੍ਰੋਜੈਕਟ ਹੁਣ ਤੱਕ ਕਾਰਜਸ਼ੀਲ ਹੋ ਗਏ ਹਨ। ਇਨਾਂ ਪ੍ਰੋਜੈਕਟਾਂ ਦੀੇ ਗਿਣਤੀ ਕ੍ਰਮਵਾਰ 71, 14 ਅਤੇ 4 ਹੈ।ਡਾ. ਵੇਰਕਾ ਅਨੁਸਾਰ ਇਕੱਲੇ ਸੌਰ ਊਰਜਾ ਦੇ 729.17 ਮੈਗਾਵਾਟ ਦੇ ਪ੍ਰੋਜੈਕਟ ਸਥਾਪਿਤ ਹੋ ਚੁੱਕੇ ਹਨ ਅਤੇ 58.75 ਮੈਗਾਵਾਟ ਦੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ। ਨਵਿਆਉਣਯੋਗ ਊਰਜਾ ਦੇ ਪ੍ਰੋਜੈਕਟਾਂ ਵਿੱਚ ਬਾਇਓਮਾਸ ਕੋ-ਜਨਰੇਸ਼ਨ ਪਾਵਰ ਪ੍ਰੋਜੈਕਟ 458.07 ਮੈਗਾਵਾਟ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ 97.5 ਮੈਗਾਵਾਟ ਸ਼ਾਮਲ ਹਨ।

ਮੁੱਖ ਮੰਤਰੀ ਨੇ ਰੈਲਮਾਜਰਾ ਵਿਖੇ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ

ਇਹ ਯੂਨੀਵਰਸਿਟੀ ਉਦਯੋਗਿਕ ਖੇਤਰ ਦੇ ਨਵੀਨਤਮ ਰੁਝਾਨਾਂ ਦੇ ਅਨੁਰੂਪ ਸੂਬੇ ਦੇ ਨੌਜਵਾਨਾਂ ਦੇ ਤਕਨੀਕੀ ਹੁਨਰ ਨੂੰ ਹੋਰ ਨਿਖਾਰੇਗੀ: ਚੰਨੀ
ਸੁਖਜਿੰਦਰ ਮਾਨ
ਸ਼ਹੀਦ ਭਗਤ ਸਿੰਘ ਨਗਰ, 10 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਅਤੇ ਉਹਨਾਂ ਦੇ ਹੁਨਰ ਨੂੰ ਨਿਖਾਰਨ ਦੇ ਉਦੇਸ਼ ਨਾਲ ਅੱਜ ਰੈਲਮਾਜਰਾ ਦੇ ਰਿਆਤ ਕੈਂਪਸ ਵਿਖੇ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ, ਜੋ ਉੱਤਰੀ ਖੇਤਰ ਦੀ ਪਹਿਲੀ ਨਿੱਜੀ ਤਕਨੀਕੀ ਸਕਿੱਲ ਯੂਨੀਵਰਸਿਟੀ ਹੈ।ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਇਸ ਦਿਨ ਨੂੰ ਸੂਬੇ ਲਈ ਇਤਿਹਾਸ ਦਿਨ ਵਜੋਂ ਦਰਸਾਇਆ ਕਿਉਂਜੋ ਉਦਯੋਗਿਕ ਖੇਤਰ ਦੇ ਪ੍ਰਮੁੱਖ ਦਿੱਗਜਾਂ ਜਿਵੇਂ ਆਈਬੀਐਮ, ਟਾਟਾ ਅਤੇ ਐਨਸਿਸ ਨੇ ਪੰਜਾਬ ਵਿੱਚ ਇੱਕ ਸਕਿੱਲ ਯੂਨੀਵਰਸਿਟੀ ਸਥਾਪਤ ਕਰਨ ਲਈ ਹੱਥ ਮਿਲਾਇਆ ਹੈ ਜੋ ਸੂਬੇ ਦੇ ਉਦਯੋਗਿਕ ਖੇਤਰ ਵਿੱਚ ਹੁਨਰ ਸਿਖਲਾਈ ਅਤੇ ਨੌਕਰੀਆਂ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਵੇਗਾ। ਚੰਨੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਸਥਾਪਤ ਕਰਨ ਦਾ ਵਿਚਾਰ ਮੈਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਹਿੰਦੇ ਹੋਏ ਆਇਆ ਸੀ।ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਵਜੋਂ ਉਦਯੋਗਾਂ ਦੀਆਂ ਮੰਗਾਂ ਅਤੇ ਰੋਜ਼ਾਨਾ ਦੇ ਉਭਰ ਰਹੇ ਰੁਝਾਨਾਂ ਦੇ ਅਨੁਕੂਲ ਹੁਨਰ ਸਿੱਖਿਆ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਰੋਜ਼ਗਾਰ ਪੈਦਾ ਕਰਨ ਦੇ ਉਦੇਸ਼ ਦੀ ਪੂਰਤੀ ਕਰੇਗੀ ਅਤੇ ਤਿੰਨੋਂ ਉਦਯੋਗਿਕ ਕੰਪਨੀਆਂ ਯੂਨੀਵਰਸਿਟੀ ਤੋਂ ਪਾਸ ਹੋਏ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕਰਨਗੀਆਂ।
ਬਲਾਚੌਰ ਤੋਂ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਇਸ ਖੇਤਰ ਦੇ ਵਿਦਿਅਕ ਪੱਧਰ ਵਿੱਚ ਬੁਨਿਆਦੀ ਤੌਰ ‘ਤੇ ਬਦਲਾਅ ਲਿਆਵੇਗੀ।ਨੁਮਾਇੰਦਿਆਂ, ਜਿਹਨਾਂ ਵਿੱਚ ਆਈਬੀਐਮ ਤੋਂ ਹਰੀ ਰਾਮਾਸੁਬਰਾਮਨੀਅਨ, ਐਨਸਿਸ ਤੋਂ ਰਫੀਕ ਸੋਮਾਨੀ ਅਤੇ ਟਾਟਾ ਪੁਣੇ ਤੋਂ ਆਨੰਦ ਭਾਦੇ ਸ਼ਾਮਲ ਹਨ, ਨੇ ਕਿਹਾ ਕਿ ਹੁਣ ਤੱਕ ਪੰਜਾਬ ਨੂੰ ਦੇਸ਼ ਦੇ ਅੰਨਦਾਤਾ ਵਜੋਂ ਜਾਣਿਆ ਜਾਂਦਾ ਸੀ ਪਰ ਇਸ ਯੂਨੀਵਰਸਿਟੀ ਦੀ ਸਥਾਪਨਾ ਨਾਲ ਸੂਬਾ ਹੁਨਰ ਦੇ ਖੇਤਰ ਵਿੱਚ ਵੀ ਇੱਕ ਵਿਸ਼ੇਸ਼ ਸਥਾਨ ਬਣਾਵੇਗਾ ਜੋ ਪੰਜਾਬ ਦੇ ਨੌਜਵਾਨਾਂ ਦੇ ਤਕਨੀਕੀ ਹੁਨਰ ਤੋਂ ਇਲਾਵਾ ਗਿਆਨ ਵਿੱਚ ਵੀ ਵਾਧਾ ਕਰੇਗਾ।ਇਸ ਤੋਂ ਪਹਿਲਾਂ ‘ਮਲਵਈ ਗਿੱਧੇ’ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ੍ਹ ਕੇ ਰੱਖ ਦਿੱਤਾ ਅਤੇ ਮੁੱਖ ਮੰਤਰੀ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ।ਇਸ ਮੌਕੇ ਮੁੱਖ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਊਂਡਰ ਪਾਰਟਨਰ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਨਿਰਮਲ ਸਿੰਘ ਰਿਆਤ ਅਤੇ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਹੁਨਰ ਸਿਖਲਾਈ ਬਾਰੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਵੀ ਹਾਜ਼ਰ ਸਨ।

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਡਾ. ਰਾਜ ਕੁਮਾਰ ਵੇਰਕਾ ਨੂੰ ਡਾਕਟਰੇਟ ਡਿਗਰੀ (ਆਨਰੇਰੀ) ਦੇਣ ਦਾ ਫੈਸਲਾ

0

ਵਿਸ਼ੇਸ਼ ਕਾਨਵੋਕੇਸ਼ਨ ਵਿੱਚ 11 ਦਸੰਬਰ ਨੂੰ ਦਿੱਤੀ ਜਾਵੇਗੀ ਡਿਗਰੀ
ਸੁਖਜਿੰਦਰ ਮਾਨ
ਚੰਡੀਗੜ, 10 ਦਸੰਬਰ: ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ, ਸਮਾਜਿਕ ਨਿਆਂ ਅਤੇ ਅਧਿਕਾਰਤਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੂੰ ਡਾਕਟਰੇਟ ਡਿਗਰੀ (ਆਨਰੇਰੀ) ਦੇਣ ਦਾ ਫੈਸਲਾ ਕੀਤਾ ਹੈ।ਇਹ ਜਾਣਕਾਰੀ ਦਿੰੰਦੇ ਹੋਏ ਦੇਸ਼ ਭਗਤ ਯੂਨੀਵਰਸਿਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੀ.ਐਚ.ਡੀ. ਦੀ ਇਹ ਆਨਰੇਰੀ ਡਿਗਰੀ ਡਾ. ਵੇਰਕਾ ਨੂੰ 11 ਦਸੰਬਰ 2021 ਨੂੰ ਇੱਕ ਵਿਸ਼ੇਸ਼ ਕਾਨਵੋਕੇਸ਼ਨ ਦੌਰਾਨ ਦਿੱਤੀ ਜਾਵੇਗੀ। ਉਨਾਂ ਨੂੰ ਇਹ ਸਨਮਾਨ ਸਮਾਜ ਭਲਾਈ ਕਾਰਜਾਂ ਵਾਸਤੇ ਦਿੱਤਾ ਜਾ ਰਿਹਾ ਹੈ।ਗੌਰਤਲਬ ਹੈ ਕਿ ਡਾ. ਵੇਰਕਾ ਨੇ ਆਪਣੇ ਸਮੁੱਚੇ ਜੀਵਨ ਦੌਰਾਨ ਗਰੀਬਾਂ, ਘੱਟ-ਗਿਣਤੀਆਂ ਅਤੇ ਦੱਬੇ-ਕੁਲਚੇ ਲੋਕਾਂ ਲਈ ਅਥਾਹ ਸਮਰਪਨ, ਸੰਜੀਦਗੀ ਅਤੇ ਦਿਆਨਤਦਾਰੀ ਦੇ ਨਾਲ ਕੰਮ ਕੀਤਾ। ਨੈਸ਼ਨਲ ਅਨਸੂਚਿਤ ਜਾਤੀ ਕਮਿਸ਼ਨ ਕਮਿਸ਼ਨ ਦੇ ਵਾਈਸ ਚੇਅਰਮੈਨ ਵਜੋਂ ਉਨਾਂ ਨੇ ਲੋਕਾਂ ਨੂੰ ਉਨਾਂ ਦੇ ਅਧਿਕਾਰ ਦਿਵਾਉਣ ਅਤੇ ਉਨਾਂ ਦੀ ਰਾਖੀ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਡਾ. ਵੇਰਕਾ ਨੇ ਸਮਾਜ ਦੇ ਹਾਸ਼ੀਏ ’ਤੇ ਗਏ ਹੋਏ ਲੋਕਾਂ ਦੀ ਭਲਾਈ ਲਈ ਆਪਣਾ ਜਵੀਨ ਲਾਉਣ ਦਾ ਨਿਸ਼ਾਨਾ ਮਿੱਥਿਆ ਹੋਇਆ ਹੈ ਜਿਸ ਵਾਸਤੇ ਉਹ ਲਗਾਤਾਰ ਸਰਗਰਮ ਹਨ।

ਪੰਜਾਬ ਸਰਕਾਰ ਦਿੱਲੀ ਦੀਆਂ ਸਰਹੱਦਾਂ ਤੋਂ ਜਿੱਤ ਕੇ ਵਾਪਸ ਮੁੜਨ `ਤੇ ਕਿਸਾਨਾਂ ਦਾ ਕਰੇਗੀ ਸੁਆਗਤ: ਮੁੱਖ ਮੰਤਰੀ ਚੰਨੀ

0

ਕੇਜਰੀਵਾਲ ਦੀ ਮੁਆਫ਼ੀ ਨਾਲ ਆਪ ਦੀ ਅਕਾਲੀਆਂ ਨਾਲ ਲੁਕੀ ਸਾਂਝ ਸਾਹਮਣੇ ਆਈ
ਆਪਣੇ ਨਿੱਜੀ ਹਿੱਤਾਂ ਵਾਸਤੇ ਪੰਜਾਬ ਦੇ ਮਾਲੀਏ ਦੀ ਲੁੱਟ ਲਈ ਬਾਦਲਾਂ ਅਤੇ ਮਜੀਠੀਆ ਨੂੰ ਭੱਜਣ ਨਹੀਂ ਦਿਆਂਗੇ
ਮੁੱਖ ਮੰਤਰੀ ਵੱਲੋਂ ਭੀਖੀ ਕਸਬੇ ਨੂੰ ਸਬ ਡਵੀਜ਼ਨ ਦਾ ਦਰਜਾ ਦੇਣ ਦਾ ਐਲਾਨ
ਮੁੱਖ ਮੰਤਰੀ ਵੱਨੋਂ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਦੇ ਸਰਬਪੱਖੀ ਵਿਕਾਸ ਲਈ 15-15 ਕਰੋੜ ਰੁਪਏ ਨੂੰ ਮਨਜ਼ੂਰੀ
ਸੁਖਜਿੰਦਰ ਮਾਨ
ਮਾਨਸਾ, 10 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦਿੱਲੀ ਸਰਹੱਦਾਂ ਤੋਂ ਜਿੱਤ ਕੇ ਮੁੜਨ `ਤੇ ਕਿਸਾਨਾਂ ਦਾ ਸਵਾਗਤ ਕਰੇਗੀ। ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੀ ਬੇਮਿਸਾਲ ਏਕਤਾ ਨੇ ਮੋਦੀ ਸਰਕਾਰ ਨੂੰ ਕਾਲੇ ਬਿੱਲ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਚੰਨੀ ਨੇ ਕਿਹਾ ਕਿ ਕਰੀਬ ਇੱਕ ਸਾਲ ਤੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੇ ਬਾਵਜੂਦ ਭਾਜਪਾ ਆਗੂ ਹੁਣ ਕਿਸਾਨਾਂ ਦੀ ਜਿੱਤ ਤੋਂ ਸਿਆਸੀ ਲਾਹਾ ਲੈਣ ਦੀ ਫ਼ਿਰਾਕ ਵਿੱਚ ਹਨ ਅਤੇ ਇਸ ਨੂੰ ਪੰਜਾਬ ਵਿੱਚ ਚੋਣ ਕਾਰਡ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਆਗੂਆਂ ਨੂੰ ਇਸ ਮਹੱਤਵਪੂਰਨ ਮੁੱਦੇ `ਤੇ ਸਿਆਸਤ ਕਰਨ ਤੋਂ ਸੁਚੇਤ ਰਹਿਣ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਦੇਸ਼ ਦੇ ਕਿਸਾਨ ਅਤੇ ਲੋਕ ਇੱਕ ਸਾਲ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਲੈਣ ਵਾਲੀ ਮੋਦੀ ਸਰਕਾਰ ਅਤੇ ਇਸ ਦੇ ਆਗੂਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਹ ਕੋਈ ਆਸਾਨ ਜਿੱਤ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਮੋਦੀ ਸਰਕਾਰ ਦੇ ਹੰਕਾਰ ਦੀ ਭਾਰੀ ਕੀਮਤ ਚੁਕਾਉਣੀ ਪਈ ਕਿਉਂਕਿ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਹੈ ਜੋ ਦੇਸ਼ ਵਿੱਚ ਖੇਤੀਬਾੜੀ ਭਾਈਚਾਰੇ ਨੂੰ ਬਚਾਉਣ ਲਈ ਇਤਿਹਾਸਕ ਅਤੇ ਮਹਾਨ ਉਦੇਸ਼ ਵਾਸਤੇ ਲੜ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਅੰਦੋਲਨ ਦੌਰਾਨ ਆਪਣੀ ਜਾਨ ਗਵਾਉਣ ਵਾਲੇ 350 ਦੇ ਕਰੀਬ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਅਤੇ ਵਿੱਤੀ ਸਹਾਇਤਾ ਵੀ ਦਿੱਤੀ ਹੈ ਅਤੇ ਪੰਜਾਬ ਦੇ ਬਾਕੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਜਲਦ ਹੀ ਇਹ ਸਹੂਲਤ ਦਿੱਤੀ ਜਾਵੇਗੀ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਮੁਆਵਜ਼ੇ ਵਜੋਂ 17,000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਲਈ 10 ਫੀਸਦੀ ਵਾਧੂ ਰਾਸ਼ੀ ਮਨਜ਼ੂਰ ਕੀਤੀ ਹੈ, ਜਿਸ ਵਿੱਚੋਂ 12,000 ਰੁਪਏ ਪ੍ਰਤੀ ਏਕੜ ਪਹਿਲਾਂ ਹੀ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਜਾ ਚੁੱਕੇ ਹਨ ਅਤੇ ਬਾਕੀ 5,000 ਰੁਪਏ ਪ੍ਰਤੀ ਏਕੜ ਇੱਕ ਹਫ਼ਤੇ ਵਿੱਚ ਭੇਜ ਦਿੱਤੇ ਜਾਣਗੇ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਕਿਸਾਨਾਂ ਅਤੇ ਨਰਮਾ ਚੁਗਣ ਵਾਲੇ ਮਜ਼ਦੂਰਾਂ ਨੂੰ ਮੁਆਵਜ਼ੇ ਦੀ ਵੰਡ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।ਮੁੱਖ ਮੰਤਰੀ ਨੇ ਆਪਣਾ ਕਾਰੋਬਾਰੀ ਸਾਮਰਾਜ ਸਥਾਪਤ ਕਰਨ ਵਾਸਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਲਈ ਬਾਦਲਾਂ ਅਤੇ ਮਜੀਠੀਆ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਬਾਦਲਾਂ ਅਤੇ ਮਜੀਠੀਆ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਮ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦੇ ਕੇ ਅਜਿਹੇ ਮਾੜੇ ਕੰਮਾਂ ਵਿੱਚ ਖੁਦ ਨੂੰ ਸ਼ਾਮਲ ਕਰ ਲਿਆ ਹੈ।ਮੁੱਖ ਮੰਤਰੀ ਚੰਨੀ ਨੇ ਕਿਹਾ, “ਇਸ ਤਰ੍ਹਾਂ ਦੇ ਲੋਕ ਕਦੇ ਵੀ ਆਮ ਲੋਕਾਂ ਦੀ ਦੁਰਦਸ਼ਾ ਨੂੰ ਨਹੀਂ ਸਮਝਣਗੇ ਕਿਉਂਕਿ ਉਹ ਕੁਲੀਨ ਵਰਗ ਨਾਲ ਸਬੰਧਤ ਹਨ। ਕੁਲੀਨ ਵਰਗ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦਾ ਇੱਕੋ ਇੱਕ ਮਨੋਰਥ ਕਿਸੇ ਵੀ ਤਰੀਕੇ ਨਾਲ ਆਪਣੀਆਂ ਜੇਬਾਂ ਭਰਨਾ ਹੁੰਦਾ ਹੈ।”ਕੈਪਟਨ ਅਮਰਿੰਦਰ ਸਿੰਘ ਦੇ ਕੁਸ਼ਾਸਨ ਬਾਰੇ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਕਰਦਾਤਾਵਾਂ ਦੇ ਪੈਸੇ `ਤੇ ਆਪਣੇ ਨਾਲ ਸਲਾਹਕਾਰਾਂ ਦੀ ਇੱਕ ਟੀਮ ਰੱਖੀ ਹੋਈ ਸੀ ਅਤੇ ਲੋਕਾਂ ਨੂੰ ਬੇਲੋੜਾ ਪ੍ਰੇਸ਼ਾਨ ਕਰਨ ਲਈ ਉਨ੍ਹਾਂ ਨੂੰ ਸੈਂਕੜੇ ਪੁਲਿਸ ਮੁਲਾਜ਼ਮਾਂ ਦੀ ਸਹੂਲਤ ਵੀ ਦਿੱਤੀ ਸੀ।’ਆਪ’ ਨੂੰ ਠੱਗਾਂ ਅਤੇ ਲੁਟੇਰਿਆਂ ਦੀ ਪਾਰਟੀ ਕਰਾਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ‘ਖਾਸ ਪਾਰਟੀ’ ਦੇ ਗੈਰ-ਪੰਜਾਬੀ ਲੋਕ ਆਪਣੇ ਚੋਣ ਮਨੋਰਥ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬੀ ਇਸ ਤੋਂ ਵਾਕਫ਼ ਹਨ ਅਤੇ ਇਨ੍ਹਾਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਹਰ ਪਾਸੇ ‘ਬਾਹਰੀਆਂ’ ਦੇ ਪੋਸਟਰ ਲਗਾ ਕੇ ਪੰਜਾਬ ‘ਤੇ ਕਬਜ਼ਾ ਕਰਨ ਦਾ ਉਨ੍ਹਾਂ ਦਾ ਸੁਪਨਾ ਕਦੇ ਵੀ ਹਕੀਕਤ ਵਿੱਚ ਨਹੀਂ ਬਦਲੇਗਾ ਕਿਉਂਕਿ ਪੰਜਾਬ ਵਾਸੀ ਇਨ੍ਹਾਂ ਕਾਲੇ ਦਿਲਾਂ ਵਾਲੇ ਕਾਲੇ ਅੰਗਰੇਜ਼ਾਂ ਨੂੰ ਪੰਜਾਬ ਤੋਂ ਬਾਹਰ ਸੁੱਟ ਦੇਣਗੇ। ਉਨ੍ਹਾਂ ਕਿਹਾ ਕਿ ‘ਆਪ’ ਦੇ ਇਹ ‘ਬਾਹਰਲੇ’ ਪੰਜਾਬ ਦੇ ਕਿਸੇ ਵੀ ਆਗੂ ਨੂੰ ਆਪਣੇ ਪੋਸਟਰਾਂ ਅਤੇ ਹੋਰਡਿੰਗਾਂ ‘ਤੇ ਵੀ ਥਾਂ ਨਹੀਂ ਦੇ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਲੁਕਵੇਂ ਏਜੰਡੇ ਦੀ ਪੋਲ ਖੁੱਲ੍ਹ ਗਈ ਹੈ।ਇਸ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੂਰੀ ਖੁੱਲ੍ਹ ਦਿੱਤੀ ਸੀ ਪਰ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ।ਰਾਜਾ ਵੜਿੰਗ ਨੇ ਕਿਹਾ ਕਿ ਹੁਣ ਸਾਡਾ ਕੈਪਟਨ ਬਦਲ ਗਿਆ ਹੈ ਅਤੇ ਸਾਡੇ ਨਵੇਂ ਮੁੱਖ ਮੰਤਰੀ ਚੰਨੀ ਨੇ ਕੁਝ ਮਹੀਨਿਆਂ ਦੇ ਅੰਦਰ-ਅੰਦਰ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਹਨ। ਕਈ ਵਾਅਦੇ ਜਿਵੇਂ ਕਿ ਬਿਜਲੀ ਦੀਆਂ ਸਸਤੀਆਂ ਦਰਾਂ, ਪਾਣੀ ਅਤੇ ਬਿਜਲੀ ਦੇ ਬਿੱਲਾਂ ਨੂੰ ਮੁਆਫ ਕਰਨਾ ਅਤੇ ਰੇਤਾ-ਬੱਜਰੀ ਦੇ ਰੇਟਾਂ ਨੂੰ ਘਟਾਉਣਾ ਸਿਰਫ 70 ਦਿਨਾਂ ਵਿੱਚ ਪੂਰਾ ਕਰ ਦਿੱਤਾ ਗਿਆ ਹੈ।ਪ੍ਰਸਿੱਧ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਮੁੱਖ ਮੰਤਰੀ ਚੰਨੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮਾਨਸਾ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਲੋੜੀਂਦੀਆਂ ਗਰਾਂਟਾਂ ਮਨਜ਼ੂਰ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਜੈਤੋ ਤੋਂ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਨਾਭਾ ਤੋਂ ਅਕਾਲੀ ਆਗੂ ਮੱਖਣ ਸਿੰਘ ਲਾਲਕਾ ਦਾ ਵੀ ਪਾਰਟੀ ਵਿੱਚ ਸਵਾਗਤ ਕੀਤਾ। ਮੁੱਖ ਮੰਤਰੀ ਨੇ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਦੇ ਸਨਦ ਵੀ ਵੰਡੇ।ਮਾਨਸਾ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਮਾਨਸਾ ਦੇ ਹਰੇਕ ਹਲਕੇ ਲਈ 15 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਮੁੱਖ ਮੰਤਰੀ ਚੰਨੀ ਨੇ ਭਿੱਖੀ ਕਸਬੇ ਨੂੰ ਸਬ-ਡਿਵੀਜ਼ਨ ਦਾ ਦਰਜਾ ਦੇਣ ਅਤੇ ਸਿਵਲ ਹਸਪਤਾਲ ਮਾਨਸਾ ਨੂੰ ਅਪਗ੍ਰੇਡ ਕਰਨ, ਸੀਵਰੇਜ ਪ੍ਰੋਜੈਕਟ ਅਤੇ ਸਥਾਨਕ ਸਰਕਾਰੀ ਕਾਲਜ ਵਿੱਚ ਪੋਸਟ ਗ੍ਰੈਜੂਏਟ ਕੋਰਸ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।ਇਸ ਮੌਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਪ੍ਰਧਾਨ ਮੰਜੂ ਬਾਂਸਲ, ਇੰਚਾਰਜ ਬੁਢਲਾਡਾ ਮੰਜੂ ਭੱਟੀ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਿਕਰਮ ਮੋਫਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਰਸ਼ਦੀਪ ਗੱਗੋਵਾਲ, ਯੂਥ ਆਗੂ ਗੁਰਪ੍ਰੀਤ ਵਿੱਕੀ, ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨਚੁਸਪਿੰਦਰ ਚਾਹਲ ਮੌਜੂਦ ਸਨ।

ਸਰਕਾਰ ਦੇ ਵਤੀਰੇ ਤੋਂ ਦੁਖੀ ਨਰਸਾਂ ਨੇ ਸ਼ਹਿਰ ’ਚ ਕੱਢਿਆ ਮਾਰਚ

0

ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਿਵਲ ਸਰਜ਼ਨ ਦਫ਼ਤਰ ਅੱਗੇ ਧਰਨਾ ਲਗਾ ਰਹੀਆਂ ਨਰਸਾਂ ਨੇ ਅੱਜ ਸਰਕਾਰ ਦੇ ਰੁੱਖੇ ਵਤੀਰੇ ਤੋਂ ਦੁੱਖੀ ਹੋ ਕੇ ਸ਼ਹਿਰ ਵਿਚ ਰੋਸ਼ ਮਾਰਚ ਕੱਢਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਗੌਰਤਲਬ ਹੈ ਕਿ ਇਹ ਨਰਸਾਂ ਅਣਮਿਥੇ ਸਮੇਂ ਲਈ ਹੜਤਾਲ ’ਤੇ ਚੱਲ ਰਹੀਆਂ ਹਨ। ਉਧਰ ਹਸਪਤਾਲ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ਤੱਕ ਪੁੱਜੇ ਇਸ ਮਾਰਚ ਦੌਰਾਨ ਰਾਸਤੇ ਵਿਚ ਰਜਿੰਦਰਾ ਕਾਲਜ਼ ਅੱਗੇ ਗੈਸਟ ਫੈਕਲਟੀ ਟੀਚਰਾਂ ਦੇ ਲੱਗੇ ਧਰਨੇ ਨਾਲ ਵੀ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਨਰਸਿੰਗ ਸਟਾਫ਼ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਧਰ ਨਰਸਾਂ ਦੀ ਹੜਤਾਲ ਕਾਰਨ ਇਕੱਲਾ ਸਿਵਲ ਹਸਪਤਾਲ ਹੀ ਨਹੀਂ, ਬਲਕਿ ਐਮਰਜੈਂਸੀ ਵਾਰਡ, ਜੱਚਾ ਬੱਚਾ ਵਾਰਡ ਤੇ ਹੋਰਨਾਂ ਥਾਵਾਂ ’ਤੇ ਵੀ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਹਸਪਤਾਲ ਦੇ ਅਧਿਕਾਰੀ ਬਦਲਵਾਂ ਪ੍ਰਬੰਧ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਘੇ ਲੋਕ ਗਾਇਕ ਬਲਕਾਰ ਸਿੱਧੂ ਹੋਣਗੇ ਰਾਮਪੁਰਾ ਫ਼ੂਲ ਤੋਂ ਆਪ ਦੇ ਉਮੀਦਵਾਰ

0

ਦੋ ਸਾਬਕਾ ਮੰਤਰੀਆਂ ਨਾਲ ਕਰਨਗੇ ਮੁਕਾਬਲ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਉਘੇ ਪੰਜਾਬੀ ਲੋਕ ਗਾਇਕ ਬਲਕਾਰ ਸਿੱਧੂ ਨੂੰ ਆਮ ਆਦਮੀ ਪਾਰਟੀ ਨੇ ਹਲਕਾ ਰਾਮਪੁਰਾ ਫੂਲ ਤੋਂ ਅਪਣਾ ਉਮੀਦਵਾਰ ਐਲਾਨਿਆ ਹੈ। ਲੰਘੀ ਜੁਲਾਈ ਦੇ ਅਖ਼ੀਰ ਵਿਚ ਸਿੱਧੂ ਨੂੰ ਹਲਕਾ ਇੰਚਾਰਜ਼ ਐਲਾਨਣ ਤੋਂ ਬਾਅਦ ਹੀ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦੀਆਂ ਸੰਭਾਵਨਾਵਾਂ ਬਣ ਗਈਆਂ ਸਨ। ਸਿੱਧੂ ਹੁਣ ਇਸ ਹਲਕੇ ਤੋਂ ਦੋ ਸਾਬਕਾ ਕੈਬਨਿਟ ਮੰਤਰੀਆਂ ਨਾਲ ਮੁਕਾਬਲਾ ਕਰੇਗਾ। ਇੰਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਵਲੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਅਪਣਾ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਜਦੋਂਕਿ ਕਾਂਗਰਸ ਪਾਰਟੀ ਵਲੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਅਗਲਾ ਉਮੀਦਵਾਰ ਹੋਣ ਬਾਰੇ ਕੋਈ ਸ਼ੱਕ ਸੁਭਾ ਨਹੀਂ ਹੈ। ਗੌਰਤਲਬ ਹੈ ਕਿ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਨੇੜਲੇ ਸਾਥੀ ਬਲਕਾਰ ਸਿੱਧੂ ਨੇ ਪਾਰਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਅਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ਤੇ ਹਲਕਾ ਤਲਵੰਡੀ ਸਾਬੋ ਵਿਚ ਅਪਣਾ ਚੰਗਾ ਅਧਾਰ ਬਣਾਇਆ ਸੀ। ਜਿਸਦੇ ਚੱਲਦੇ ਪਾਰਟੀ ਨੇ 2014 ਵਿਚ ਇਸ ਹਲਕੇ ’ਤੇ ਹੋਈ ਉਪ ਚੋਣ ਵਿਚ ਸਿੱਧੂ ਨੂੰ ਅਪਣਾ ਉਮੀਦਵਾਰ ਐਲਾਨਿਆ ਸੀ ਪ੍ਰੰਤੂ ਤਤਕਾਲੀ ਇੱਕ ਐਮ.ਪੀ ਦੇ ਪ੍ਰਭਾਵ ਨਾਲ ਉਨ੍ਹਾਂ ਦੀ ਟਿਕਟ ਕੱਟ ਕੇ ਬਲਜਿੰਦਰ ਕੌਰ ਨੂੰ ਦਿੱਤੀ ਗਈ ਸੀ। ਜਿਸਦੇ ਚੱਲਦੇ ਉਨ੍ਹਾਂ ਤਲਵੰਡੀ ਸਾਬੋ ਹਲਕੇ ਤੋਂ ਅਜਾਦ ਚੋਣ ਲੜਕੇ ਚੰਗੀਆਂ ਵੋਟਾਂ ਹਾਸਲ ਕੀਤੀਆਂ ਸਨ। ਇਸਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਉਪਰ ਡੋਰੇ ਪਾ ਕੇ ਐਸ.ਐਸ.ਬੋਰਡ ਦਾ ਮੈਂਬਰ ਬਣਾ ਦਿੱਤਾ ਸੀ ਪ੍ਰੰਤੂ ਬਲਕਾਰ ਸਿੱਧੂ ਮੁੜ ਆਪ ’ਚ ਸ਼ਾਮਲ ਹੋ ਗਏ ਸਨ। ਸਿੱਧੂ ਦੀ ਜੱਦੀ ਰਿਹਾਇਸ਼ ਵੀ ਹਲਕਾ ਰਾਮਪੁਰਾ ਫ਼ੂਲ ਦੇ ਨਾਲ ਲੱਗਦੇ ਪਿੰਡ ਪੂਹਲਾ ਵਿਚ ਹੈ ਤੇ ਉਹ ਸਥਾਨਕ ਰਜਿੰਦਰਾ ਕਾਲਜ਼ ਵਿਚ ਪੜ੍ਹੇ ਹਨ। ਸਿੱਧੂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਵੱਡੀ ਜਿੱਤ ਹਾਸਲ ਕਰਕੇ ਇਹ ਸੀਟ ਪਾਰਟੀ ਦੀ ਝੋਲੀ ਪਾਉਣਗੇ।

ਬਠਿੰਡਾ ’ਚ ‘‘ਯੂਥ ਵਿਦ ਸਰੂਪ, ਕਰੇਗਾ ਫਤਿਹ ਬੂਥ ’’ ਮੁਹਿੰਮ ਦਾ ਆਗਾਜ਼

0

ਸਾਬਕਾ ਵਿਧਾਇਕ ਨੇ ਝੰਡੀ ਦੇ ਕੇ ਕੀਤੇ ਕਾਫਲੇ ਰਵਾਨਾ
ਚੋਣਾਂ ਵਿੱਚ ਨੌਜਵਾਨ ਵਰਗ ਦੀ ਰਹੇਗੀ ਅਹਿਮ ਭੂਮਿਕਾ: ਸਰੂਪ ਸਿੰਗਲਾ
‘‘ਯੂਥ ਹੋਵੇਗਾ ਮਜਬੂਤ, ਜਿੱਤੇਗਾ ਸਰੂਪ’’ ਦੇ ਨਾਅਰੇ ਨੂੰ ਕਰਾਂਗੇ ਮਜਬੂਤ : ਦੀਨਵ/ਢਿੱਲੋਂ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਅੱਜ “ਯੂਥ ਵਿੱਦ ਸਰੂਪ, ਫਤਿਹ ਕਰੇਗਾ ਬੂਥ’’ ਮੁਹਿੰਮ ਦਾ ਆਗਾਜ ਕੀਤਾ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਦੇ ਕਾਫਲੇ ਰਵਾਨਾ ਕੀਤੇ ਗਏ । ਇਹ ਕਾਫ਼ਲੇ ਸ਼ਹਿਰ ਦੇ ਵੱਖ ਵੱਖ ਜ਼ੋਨਾਂ ਵਿਚ “ਬੂਥ ਹੋਵੇਗਾ ਮਜਬੂਤ, ਜਿੱਤੇਗਾ ਸਰੂਪ“ ਦੇ ਨਾਅਰੇ ਲਾਉਂਦੇ ਹੋਏ ਲੋਕਾਂ ਨੂੰ ਲਾਮਬੰਦ ਕਰਨਗੇ। ਇਸ ਦੌਰਾਨ ਸਭ ਤੋਂ ਪਹਿਲਾਂ ਯੂਥ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਵਿਖੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ ,ਇਸ ਉਪਰੰਤ ਮਾਤਾ ਚਿੰਤਪੁਰਨੀ ਮੰਦਰ ਵਿਖੇ ਵੀ ਮੱਥਾ ਟੇਕਿਆ । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪ੍ਰਭਾਵਸ਼ਾਲੀ ਇਕੱਠ ਦੌਰਾਨ ਕਿਹਾ ਕਿ ਪੰਜਾਬ ਦਾ ਨੌਜਵਾਨ ਮੌਜੂਦਾ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਘਰ ਘਰ ਨੌਕਰੀ ਦੇਣ, ਬੇਰੁਜਗਾਰੀ ਭੱਤਾ ਦੇਣ, ਸਮਾਰਟ ਫੋਨ ਦੇਣ ਸਮੇਤ ਵੱਡੇ ਵਾਅਦੇ ਪੂਰੇ ਨਾ ਕਰਨ ਕਰਕੇ ਨਰਾਜ਼ ਹੈ ਤੇ ਦਿੱਤੇ ਗਏ ਧੋਖੇ ਦਾ ਜਵਾਬ ਮੰਗਦਾ ਹੈ। ਇਸੇ ਲੜੀ ਤਹਿਤ ਇਹ ਨੌਜਵਾਨ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ । ਉਨ੍ਹਾਂ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਨੌਜਵਾਨਾਂ ਦਾ ਵੱਖਰਾ ਬੋਰਡ ਬਣਾ ਕੇ ਸਮੱਸਿਆਵਾਂ ਦੇ ਨਿਪਟਾਰੇ ਕੀਤੇ ਜਾਣ। ਇਸ ਮੌਕੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਦੀਨਵ ਸਿੰਗਲਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਢਿੱਲੋਂ ਨੇ ਕਿਹਾ ਕਿ ਪਾਰਟੀ ਦੀ ਜਿੱਤ ਲਈ ਬੂਥ ਨੂੰ ਮਜਬੂਤ ਕਰਨਾ ਪ੍ਰਾਥਮਿਕਤਾ ਹੈ ,ਇਸੇ ਲੜੀ ਤਹਿਤ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ, ਜਦੋਂ ਬੂਥ ਮਜਬੂਤ ਹੋਵੇਗਾ ਤਾਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਪਾਰਟੀ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਮੁੱਖ ਮਕਸਦ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਜਾਣੂ ਕਰਵਾਉਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਹਿੱਤ ਵਿਚ ਸਰਕਾਰ ਬਣਨ ਤੇ ਉਲੀਕੇ 13 ਨੁਕਾਤੀ ਪ੍ਰੋਗਰਾਮਾਂ ਨੂੰ ਜਾਣਕਾਰੀ ਦੇਣਾ ਹੈ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਲਾਮਬੰਦ ਕੀਤਾ ਜਾ ਸਕੇ । ਇਸ ਮੌਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਤੇ ਨੌਜਵਾਨ ਵੱਡੀ ਗਿਣਤੀ ਵਿਚ ਹਾਜਰ ਸਨ ।

ਸਿੰਗਲਾ ਦੀ ਅਗਵਾਈ ਹੇਠ ਅਕਾਲੀ ਦਲ ਨੇ ਦਿੱਤੀ ਸੀਡੀਐਸ ਰਾਵਤ ਸਮੇਤ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

0

ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਜਹਾਜ ਕ੍ਰੈਸ਼ ਹੋਣ ਕਰਕੇ ਸਹੀਦ ਹੋਏ ਦੇਸ਼ ਦੇ ਪਹਿਲੇ ਚੀਫ਼ ਡਿਫੈਂਸ ਆਫ਼ ਸਟਾਂਫ਼ ਬਿਪਨ ਰਾਵਤ ਸਮੇਤ 14 ਹੋਰਨਾਂ ਅਧਿਕਾਰੀਆਂ ਤੇ ਜਵਾਨਾਂ ਦੀ ਸ਼ਹਾਦਤ ’ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ, ਵਰਕਰ ਤੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਹਾਜ਼ਰ ਰਹੇ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਇਹ ਹਾਦਸਾ ਦਰਦਨਾਕ ਹੈ, ਜਿਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਅਤੇ ਇਸ ਹਾਦਸੇ ਵਿਚ ਦੇਸ਼ ਦੇ ਹੋਏ ਨੁਕਸਾਨ ਦੀ ਪੂਰਤੀ ਵੀ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਕਿਹਾ ਕਿ ਫੌਜ ਮੁਖੀ ਬਿਪਨ ਰਾਵਤ ਇਕ ਸਨਮਾਨਤ ਸ਼ਖਸੀਅਤ ਸਨ, ਜਿਨ੍ਹਾਂ ਨੇ ਦੇਸ਼ ਲਈ ਵੱਡੇ ਕਦਮ ਉਠਾਏ। ਇਸ ਘਟਨਾ ਵਿਚ ਪੰਜਾਬ ਦੇ ਵੀ ਦੋ ਅਧਿਕਾਰੀ ਤੇ ਜਵਾਨ ਸ਼ਹੀਦ ਹੋਏ। ਅਕਾਲੀ ਦਲ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਦੁੱਖ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਲਈ ਮੁਅਵਜੇ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਢਿੱਲੋਂਆਦਿ ਹਾਜ਼ਰ ਸਨ।

ਖੇਤੀਬਾੜੀ ਪ੍ਰੋਫੈਸਰਾਂ ਦਾ ਧਰਨਾ ਤੇ ਲੜੀਵਾਰ ਭੁੱਖ ਹੜਤਾਲ ਜਾਰੀ

0

ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਯੂ.ਜੀ.ਸੀ ਕਮਿਸ਼ਨ ਦੀ ਰੀਪੋਰਟ ਮੁਤਾਬਕ ਤਨਖ਼ਾਹਾਂ ਦੇਣ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਖੋਜ ਕੇਂਦਰ, ਫ਼ਾਰਮ ਸਲਾਹਕਾਰ ਸੇਵਾ ਕੇਂਦਰ ਤੇ ਿਸ਼ੀ ਵਿਦਿਆਰਨ ਕੇਂਦਰ ਦੇ ਪ੍ਰੋਫੈਸਰਾਂ ਦਾ ਧਰਨਾ ਤੇ ਭੁੱਖ ਹੜਤਾਲ ਅੱਜ ਵੀ ਜਾਰੀ ਰਹੀ। ਲੜੀਵਾਰ ਭੁੱਖ ਹੜਤਾਲ ’ਤੇ ਅੱਜ ਡਾ. ਅਨੁਰਾਗ ਮਲਿਕ, ਡਾ. ਸੁਖਵਿੰਦਰ ਸਿੰਘ ਅਤੇ ਡਾ. ਰੁਪੇਸ਼ ਅਰੋੜਾ ਬੈਠੇ। ਧਰਨੇ ਨੂੰ ਸੰਬੋਧਨ ਕਰਦਿਆਂ ਡਾ ਜੀ.ਐਸ.ਰੋਮਾਣਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਦੇਸ ਦੇ ਨਿਰਮਾਤਾਵਾਂ ਨਾਲ ਵਿਤਕਰਾ ਕਰ ਰਹੀ ਹੈ ਕਿਉਂਕਿ ਪੂਰੇ ਦੇਸ ਦੇ ਹੋਰਨਾਂ ਸੂਬਿਆਂ ਨੇ ਕਾਲਜ਼ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਲਈ ਯੂ.ਜੀ.ਸੀ ਕਮਿਸ਼ਨ ਦੀ ਤਨਖ਼ਾਹ ਰੀਪੋਰਟ ਨੂੰ ਲਾਗੂ ਕਰ ਦਿੱਤਾ ਹੈ ਪ੍ਰੰਤੂ ਪੰਜਾਬ ਸਰਕਾਰ ਨੇ ਇਸਨੂੰ ਵੱਖ ਕਰ ਦਿੱਤਾ ਹੈ। ਇਹੀਂ ਨਹੀਂ ਹਾਲੇ ਤੱਕ ਛੇਵੇਂ ਪੇ ਕਮਿਸ਼ਨ ਦੀ ਰੀਪੋਰਟ ਨੂੰ ਲਾਗੂ ਵੀ ਨਹੀਂ ਕੀਤਾ। ਇਸ ਮੌਕੇ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਵੀੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਉਨਾਂ੍ਹ ਦੀਆਂ ਹੱਕੀ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਅਵਤਾਰ ਸਿੰਘ ਤੇ ਡਾ. ਕਰਮਜੀਤ ਸਿੰਘ ਸੇਖੋਂ ਨੇ ਮੰਗ ਕੀਤੀ ਕਿ ਯੂਜੀਸੀ ਸਕੇਲ ਡੀਲਿੰਕ ਕਰਨ ਦੇ ਫੈਸਲੇ ਨੂੰ ਪੰਜਾਬ ਸਰਕਾਰ ਤੁਰੰਤ ਵਾਪਸ ਲੈ ਕੇ ਸੱਤਵਾਂ ਯੂਜੀਸੀ ਪੇਅ ਸਕੇਲ ਲਾਗੂ ਕਰੇ। ਇਸਤੋਂ ਇਲਾਵਾ ਨਵੇਂ ਭਰਤੀ ਖੇਤੀ ਵਿਗਿਆਨੀਆਂ ਨੂੰ ਬਰਾਬਰ ਤਨਖ਼ਾਹ ਜਾਰੀ ਕੀਤੀ ਜਾਵੇ। ਇਸ ਮੌਕੇ ਡਾ. ਅਨੁਰਾਗ, ਡਾ. ਅਨੁਰੀਤ, ਡਾ. ਚੇਤਕ, ਡਾ. ਗੁਲਾਬ ਪਾਂਡਵ ਆਦਿ ਵੀ ਹਾਜ਼ਰ ਸਨ।

ਕਿਸਾਨ ਅੰਦੋਲਨ ਜਿੱਤ ਕੇ ਵਾਪਸ ਆਉਣ ਵਾਲੇ ਕਿਸਾਨਾਂ ਦਾ ਹੋਵੇਗਾ ਸਨਮਾਨ

0

ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਕੇ ਭਲਕੇ ਵਾਪਸ ਆ ਰਹੇ ਕਿਸਾਨਾਂ, ਮਜਦੂਰਾਂ ,ਔਰਤਾਂ ਤੇ ਨੌਜਵਾਨਾਂ ਦੇ ਜੇਤੂ ਕਾਫਲਿਆਂ ਦਾ ਡੱਬਵਾਲੀ ਵਿਖੇ ਸਾਨਦਾਰ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਡੱਬਵਾਲੀ ਬਾਰਡਰ ’ਤੇ ਪਹੁੰਚਣ ਵਾਲੇ ਜੇਤੂ ਕਾਫਲੇ ਦੀ ਅਗਵਾਈ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਔਰਤ ਵਿੰਗ ਦੀ ਆਗੂ ਹਰਿੰਦਰ ਬਿੰਦੂ ਕਰਨਗੇ। ਉਹਨਾਂ ਦੱਸਿਆ ਕਿ ਇਸ ਸਨਮਾਨ ਤੇ ਜੇਤੂ ਜਸਨਾਂ ਮੌਕੇ ਇਸ ਖੇਤਰ ਚ ਕੰਮ ਕਰਦੀਆਂ ਭਰਾਤਰੀ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੀ ਹਾਜਰ ਹੋਣਗੇ। ਉਹਨਾਂ ਇਸ ਖੇਤਰ ਦੇ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਤੇ ਹੋਰ ਵਰਗਾਂ ਦੇ ਲੋਕਾਂ ਨੂੰ ਇਸ ਸਨਮਾਨ ਸਮਾਗਮ ਚ ਸਾਮਲ ਹੋਣ ਦਾ ਸੱਦਾ ਦਿੱਤਾ। ਇੱਕ ਵੱਖਰੇ ਬਿਆਨ ਰਾਹੀਂ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਪਾਲ ਸਿੰਘ ਕਿੱਲਿਆਂਵਾਲੀ ਨੇ ਦੱਸਿਆ ਕਿ ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਸਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਜਾਵੇਗਾ ਅਤੇ ਕਾਫਲਿਆਂ ਦਾ ਸਾਨਦਾਰ ਸਵਾਗਤ ਕੀਤਾ ਜਾਵੇਗਾ।

Our Visitor

1894572