Monday, May 4, 2026
Home Blog Page 2687

13 ਨੂੰ ਬਾਦਲਾਂ ਦੇ ਗੜ੍ਹ ’ਚ ‘ਗੱਜੇਗਾ’ ਨਵਜੋਤ ਸਿੱਧੂ

0

ਸੁਖਜਿੰਦਰ ਮਾਨ
ਬਠਿੰਡਾ, 8 ਦਸੰਬਰ: ਕਰੀਬ ਢਾਈ ਸਾਲਾਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੜ ਬਠਿੰਡਾ ’ਚ ਬਾਦਲਾਂ ਦੇ ਗੜ੍ਹ ’ਚ ਲਲਕਾਰ ਮਾਰਨ ਪੁੱਜ ਰਹੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 13 ਦਸੰਬਰ ਨੂੰ ਬਠਿੰਡਾ ’ਚ ਕੀਤੀ ਜਾ ਰਹੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਰਹੇ ਸ: ਸਿੱਧੂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਆਖਰੀ ਵਾਰ 17 ਮਈ 2019 ਨੂੰ ਰਾਜਾ ਵੜਿੰਗ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਕੇ ਗਏ ਸਨ, ਜਿੱਥੇ ਉਨ੍ਹਾਂ ਪਹਿਲੀ ਵਾਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਦੇ ਵਿਰੁਧ ਬਗਾਵਤ ਦਾ ਝੰਡਾ ਚੁੱਕਦਿਆਂ 75-25 ਦਾ ਮੁੱਦਾ ਚੁੱਕਿਆ ਸੀ। ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਸ਼੍ਰੀ ਸਿੱਧੂ ਨੇ ਹੁਣ ਕਾਂਗਰਸ ਪਾਰਟੀ ਦੇ ਹੱਕ ਵਿਚ ਲਹਿਰ ਖੜੀ ਕਰਨ ਲਈ ਮੈਦਾਨ ਵਿਚ ਨਿੱਤਰਣ ਦਾ ਫੈਸਲਾ ਲਿਆ ਹੈ, ਜਿਸਦੇ ਤਹਿਤ ਇਸਤੋਂ ਪਹਿਲਾਂ ਵੀ ਉਹ ਕਈ ਵਿਧਾਨ ਸਭਾ ਹਲਕਿਆਂ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ। ਉਜ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦਾ ਬਠਿੰਡਾ ’ਚ ਇਹ ਪਹਿਲਾ ਦੌਰਾ ਹੋਵੇਗਾ। ਸੂਚਨਾ ਮੁਤਾਬਕ ਉਕਤ ਦਿਨ ਸ: ਸਿੱਧੂ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਵੱਲੋਂ ਰੱਖੀ ਰੈਲੀ ਨੂੰ ਸੰਬੋਧਨ ਕਰਨਗੇ। ਸ: ਲਾਡੀ ਬਠਿੰਡਾ ਦਿਹਾਤੀ ਹਲਕੇ ਦੇ ਪਾਰਟੀ ਵਲੋਂ ਮੁੱਖ ਸੇਵਾਦਾਰ ਹਨ। ਇਸ ਚੋਣ ਰੈਲੀ ਦੀ ਮਹੱਤਤਾ ਇਸ ਕਰਕੇ ਵੀ ਹੋਰ ਵਧ ਜਾਂਦੀ ਹੈ, ਕਿਉਂਕਿ ਪੰਜਾਬ ਕਾਂਗਰਸ ਵਿਚ ਲਾਡੀ ਪਹਿਲੇ ਅਜਿਹੇ ਆਗੂ ਹਨ, ਜਿੰਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਖੁੱਲ ਕੇ ਬੋਲਿਆ ਹੈ। ਅਜਿਹੇ ਹਾਲਾਤ ’ਚ ਨਵਜੋਤ ਸਿੱਧੂ ਦਾ ਉਕਤ ਆਗੂ ਦੀ ਖੁੱਲੀ ਹਿਮਾਇਤ ’ਤੇ ਆਉਣਾ ਸਪੱਸ਼ਟ ਤੌਰ ’ਤੇ ਪੰਜਾਬ ਕਾਂਗਰਸ ਵਿਚ ਨਵੇਂ ਪੈਦਾ ਹੋ ਰਹੇ ਸਿਆਸੀ ਸਮੀਕਰਨਾਂ ਵੱਲ ਇਸ਼ਾਰੇ ਕਰਦਾ ਹੈ। ਸੂਤਰਾਂ ਮੁਤਾਬਕ ਉਕਤ ਰੈਲੀ ਵਿਚ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆ ਸਕਦੇ ਹਨ। ਇਸਦੀ ਰੈਲੀ ਦੀ ਪੁਸ਼ਟੀ ਕਰਦਿਆਂ ਹਰਵਿੰਦਰ ਸਿੰਘ ਲਾਡੀ ਨੇ ਦਸਿਆ ਕਿ ‘‘ ਨਵਜੋਤ ਸਿੰਘ ਸਿੱਧੂ ਵਲੋਂ ਸਮਾਂ ਦੇਣ ਤੋਂ ਬਾਅਦ ਇਹ ਰੈਲੀ ਨਰੂਆਣਾ ਦੀ ਅਨਾਜ਼ ਮੰਡੀ ਵਿਚ ਆਯੋਜਿਤ ਕੀਤੀ ਜਾ ਰਹੀ ਹੈ, ਜਿਸਦੇ ਲਈ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ’’ ਦਸਣਾ ਬਣਦਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਰਵਿੰਦਰ ਸਿੰਘ ਲਾਡੀ ਕਾਂਗਰਸ ਪਾਰਟੀ ਦੀ ਤਰਫ਼ੋਂ ਉਮੀਦਵਾਰ ਸਨ ਪ੍ਰੰਤੂ ਉਹ ਆਪ ਦੀ ਉਮੀਦਵਾਰ ਹੱਥੋਂ ਮਾਤ ਖ਼ਾ ਗਏ ਸਨ।

ਮੁੱਖ ਮੰਤਰੀ ਚੰਨੀ ਵੱਲੋਂ ਤਲਵੰਡੀ ਸਾਬੋ ਲਈ ਹੈਰੀਟੇਜ ਸਟ੍ਰੀਟ ਦਾ ਐਲਾਨ

0

ਜਟਾਣਾ ਦੀ ਮੰਗ ’ਤੇ ਹਲਕੇ ’ਚ ਸਕੂਲ, ਹਸਪਤਾਲ ਤੇ ਸੜਕਾਂ ਲਈ 5 ਕਰੋੜ ਰੁਪਏ ਦੇਣ ਦਾ ਐਲਾਨ
ਸੁਖਜਿੰਦਰ ਮਾਨ
ਰਾਮਾਂ ਮੰਡੀ (ਬਠਿੰਡਾ) 8 ਦਸੰਬਰ: ਸ੍ਰੋਮਣੀ ਅਕਾਲੀ ਦਲ ਅਤੇ ‘ਆਪ’ ਵੱਲੋਂ ਪਵਿੱਤਰ ਨਗਰੀ ਤਲਵੰਡੀ ਸਾਬੋ ਦੇ ਵਿਕਾਸ ਲਈ ਕੁਝ ਨਾ ਕਰਨ ਦਾ ਦੋਸ ਲਾਉਂਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਤਲਵੰਡੀ ਸਾਬੋ ਵਿੱਚ ਵੀ ਅੰਮਿ੍ਰਤਸਰ ਅਤੇ ਸ੍ਰੀ ਚਮਕੌਰ ਸਾਹਿਬ ਵਿੱਚ ਪਹਿਲਾਂ ਤੋਂ ਮੌਜੂਦ ਹੈਰੀਟੇਜ ਸਟਰੀਟ ਦੀ ਤਰਜ ’ਤੇ ਹੈਰੀਟੇਜ ਸਟਰੀਟ ਬਣਾਉਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਅਨਾਜ ਮੰਡੀ ਵਿਖੇ ਹਲਕਾ ਇੰਚਰਾਜ ਖੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਹੋਈ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਿੱਥੇ ਬਾਦਲਾਂ ਨੇ ਆਪਣਾ ਸਾਰਾ ਧਿਆਨ ਆਪਣੀ ਦੌਲਤ ਵਧਾਉਣ ‘ਤੇ ਕੇਂਦਰਿਤ ਕੀਤਾ ਹੈ, ਉਥੇ ਉਨ੍ਹਾਂ ਨੇ ਇਸ ਧਾਰਮਿਕ ਨਗਰੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਨਗਰੀ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾਣਗੇ। ਸ: ਜਟਾਣਾ ਵਲੋਂ ਹਲਕੇ ਦੇ ਵਿਕਾਸ ਲਈ ਰੱਖੀਆ ਮੰਗਾਂ ਨੂੰ ਮੰਨਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਰਾਮਾ ਮੰਡੀ ਖਰੜ ਵਿੱਚ ਬਣੇ ਸਕੂਲ ਦੀ ਤਰ੍ਹਾਂ ਇੱਕ ਮਾਡਲ ਸਕੂਲ ਬਣਾੳਣ, 50 ਬਿਸਤਰਅਿਾਂ ਵਾਲਾ ਹਸਪਤਾਲ ਅਤੇ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਰਾਮਾ ਮੰਡੀ ਵਿੱਚ ਫਲਾਈਓਵਰ ਬਣਾਉਣ ਦਾ ਐਲਾਨ ਵੀ ਕੀਤਾ। ਅਪਣੇ ਭਾਸ਼ਣ ਵਿਚ ਸ: ਚੰਨੀ ਨੇ ਦਾਅਵਾ ਕੀਤਾ ਕਿ ਬਾਦਲਾਂ ਵੱਲੋਂ ਸੁਰੂ ਕੀਤਾ ਰੇਤ, ਟਰਾਂਸਪੋਰਟ ਅਤੇ ਕੇਬਲ ਮਾਫ਼ੀਆ ਰਾਜ ਖ਼ਤਮ ਕਰ ਦਿੱਤਾ ਹੈ ,ਇਸ ਦੇ ਨਾਲ ਲੋਕ ਹਿੱਤਾਂ ਵਿੱਚ ਇਤਿਹਾਸਕ ਫੈਸਲੇ ਲੈਂਦਿਆਂ ਤਿੰਨ ਰੁਪਏ ਬਿਜਲੀ ਸਸਤੀ, ਔਰਤਾਂ ਦੀ ਸਰਕਾਰੀ ਬੱਸਾਂ ਦਾ ਸਫ਼ਰ ਮੁਫਤ, ਪੈਟਰੋਲ ਡੀਜ਼ਲ ਸਸਤਾ, ਮਕਾਨਾਂ ਦੇ ਮਾਲਕੀ ਹੱਕ ਆਦਿ ਨਾਲ ਆਮ ਵਰਗ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੇ ਇਕੱਠ ਲਈ ਹਲਕਾ ਇੰਚਾਰਜ਼ ਖੁਸ਼ਬਾਜ਼ ਸਿੰਘ ਜਟਾਣਾ ਨੂੰ ਵਧਾਈ ਦਿੰਦਿਆਂ ਹਲਕੇ ਦੇ ਲੋਕਾਂ ਨੂੰ ਸ: ਜਟਾਣਾ ਦੀ ਜਿੱਤ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਚੰਨੀ ਨੇ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਚੰਨੀ ਨਾਲ ਟੱਕਰ ਦਿੱਲੀ ਵਾਲਿਆਂ ਲਈ ਔਖੀ ਸਾਬਤ ਹੋਵੇਗੀ,ਕਿਉਂਕਿ ਪੰਜਾਬ ਪੰਜਾਬੀਆਂ ਦਾ ਹੈ ,ਇਸ ਤੇ ਬਾਹਰੀ ਲੋਕਾਂ ਨੂੰ ਰਾਜ ਨਹੀਂ ਕਰਨ ਦੇਵਾਂਗੇ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੀਤੇ ਐਲਾਨਾਂ ਨੂੰ ਕੇਜ਼ਰੀਵਾਲ ਪਹਿਲਾਂ ਦਿੱਲੀ ਵਿਚ ਲਾਗੂ ਕਰਨ। ਉਨ੍ਹਾਂ ਕਿਹਾ ਕਿ ਗੁਲਾਬੀ ਕੀੜੇ ਤੋਂ ਪ੍ਰਭਾਵਿਤ ਕਿਸਾਨਾਂ ਨੂੰ 17 ਹਜਾਰ ਰੁਪਏ ਦਾ ਮੁਆਵਜਾ ਅਗਲੇ ਇੱਕ ਹਫਤੇ ਵਿੱਚ ਮਿਲ ਜਾਵੇਗਾ। ਇਸਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਸ: ਚੰਨੀ ਦੀ ਸਲਾਘਾ ਕਰਦਿਆਂ ਕਿਹਾ ਕਿ ‘‘ ਜਿਹੜੇ ਕੰਮ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲਾਂ ਵਿਚ ਨਹੀਂ ਕੀਤੇ, ਉਹ ਚੰਨੀ ਸਾਹਿਬ ਨੇ 60 ਦਿਨਾਂ ਵਿਚ ਕਰਕੇ ਵਿਖਾ ਦਿੱਤੇ ਹਨ। ’’ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਾਬਕਾ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਕਹਿਣ ’ਤੇ ਹੀ ਉਸਨੂੰ ਮੰਤਰੀ ਨਹੀਂ ਬਣਾਇਆ। ਇਸਤੋਂ ਇਲਾਵਾ ਉਨ੍ਹਾਂ ਮੁੱਖ ਮੰਤਰੀ ਕੋਲ ਇੱਕ ਵਾਰ ਮੁੜ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਰੋਡਵੇਜ ਅਤੇ ਪਨਬੱਸ ਵੱਲੋਂ ਸਰਕਾਰੀ ਖਜਾਨੇ ਵਿੱਚ ਰੋਜਾਨਾ 1.28 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਡਿਫਾਲਟਰ ਬਾਦਲ ਬੱਸਾਂ ਤੋਂ 14 ਕਰੋੜ ਰੁਪਏ ਦਾ ਟੈਕਸ ਵੀ ਵਸੂਲਿਆ ਜਾਂਦਾ ਹੈ।ਇਸ ਮੌਕੇ ਕਾਂਗਰਸ ਤਲਵੰਡੀ ਸਾਬੋ ਹਲਕਾ ਇੰਚਾਰਜ ਖੁਸਬਾਜ ਜਟਾਣਾ ਨੇ ਵੀ ਸੰਬੋਧਨ ਕਰਦਿਆਂ ਇਲਾਕੇ ਦੀ ਦੁਰਦਸਾ ਬਾਰੇ ਚਾਨਣਾ ਪਾਇਆ ਅਤੇ ਮੁੱਖ ਮੰਤਰੀ ਤੋਂ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਉਨ੍ਹਾਂ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਆਪ ਵਿਧਾਇਕਾ ਬਲਜਿੰਦਰ ਕੌਰ ’ਤੇ ਸਿਆਸੀ ਹਮਲੇ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਜਿੱਤਣ ਦੇ ਬਾਵਜੂਦ ਹਲਕੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹਲਕਾ ਇੰਚਾਰਜ ਖੁਸਬਾਜ ਸਿੰਘ ਜਟਾਣਾ ਦੀ ਮੌਜੂਦਗੀ ਵਿੱਚ ਰਾਮਾ ਮੰਡੀ ਵਿਖੇ ਨਵੀਂ ਸਬਜੀ ਮੰਡੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੱਖ ਮੰਤਰੀ ਸ: ਚੰਨੀ ਤੇ ਰਾਜਾ ਵੜਿੰਗ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸਨਰ ਅਰਵਿੰਦਪਾਲ ਸਿੰਘ ਸੰਧੂ,
ਆਈਜੀ ਜਸਕਰਨ ਸਿੰਘ, ਐਸਐਸਪੀ ਅਜੈ ਮਲੂਜਾ, ਸੀਨੀਅਰ ਆਗੂ ਰਣਜੀਤ ਸਿੰਘ ਸੰਧੂ, ਜ਼ਿਲ੍ਹਾ ਯੂਥ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਨਗਰ ਕੋਂਸਲ ਪ੍ਰਧਾਨ ਕਿ੍ਰਸ਼ਨ ਕੁਮਾਰ ਕਾਲਾ, ਚੇਅਰਮੈਨ ਸੁਖਜੀਤ ਬੰਟੀ, ਪ੍ਰਧਾਨ ਗੁਰਤਿੰਦਰ ਰਿੰਪੀ, ਅਜੀਜ ਖਾਨ ਵਾਈਸ ਪ੍ਰਧਾਨ, ਪਿੰਦਰ ਚਹਿਲ ਹਲਕਾ ਪ੍ਰਧਾਨ ਯੂਥ, ਗੋਰਾ ਘੋੜੀਵਾਲਾ, ਕਿ੍ਸਨ ਭਾਗੀਵਾਦਰ ਆਦਿ ਹਾਜ਼ਰ ਸਨ।

ਮੁੱਖ ਮੰਤਰੀ ਚੰਨੀ ਵੱਲੋਂ ਝੰਡਾ ਦਿਵਸ ਮੌਕੇ ਸ਼ਹੀਦ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਸੇਵਾਵਾਂ ਨਿਭਾ ਰਹੇ ਸੈਨਿਕਾਂ ਦੀ ਸੂਰਮਗਤੀ ਨੂੰ ਸਲਾਮ

0

ਸੁਖਜਿੰਦਰ ਮਾਨ

ਚੰਡੀਗੜ੍ਹ, 7 ਦਸੰਬਰ: ਹਥਿਆਰਬੰਦ ਸੈਨਾਵਾਂ ਝੰਡਾ ਦਿਵਸ-2021 ਮੌਕੇ ਰੱਖਿਆ ਸੈਨਾਵਾਂ ਭਲਾਈ, ਪੰਜਾਬ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾ-ਮੁਕਤ) ਸਤਿੰਦਰ ਸਿੰਘ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਥਿਆਰਬੰਦ ਸੈਨਾਵਾਂ ਦਾ ਝੰਡਾ ਲਾਇਆ।ਝੰਡਾ ਦਿਵਸ ਮੌਕੇ ਮੁਲਕ ਦੇ ਸ਼ਹੀਦ ਅਤੇ ਬਹਾਦਰ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਸਾਨੂੰ ਹਥਿਆਰਬੰਦ ਸੈਨਿਕਾਂ ਨਾਲ ਇਕਜੁਟਤਾ ਪ੍ਰਗਟਾਉਣ ਅਤੇ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਬਾਰੇ ਮੁੜ ਦ੍ਰਿੜ ਕਰਵਾਉਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੰਦਿਆਂ ਆਖਿਆ ਕਿ ਸ਼ਹੀਦ ਸੈਨਿਕਾਂ ਨੂੰ ਉਨ੍ਹਾਂ ਦੀ ਲਾਮਿਸਾਲ ਕੁਰਬਾਨੀ ਅਤੇ ਜਜ਼ਬੇ ਨੂੰ ਸਲਾਮ ਕਰੀਏੇ ਅਤੇ ਝੰਡਾ ਦਿਵਸ ਫੰਡ ਵਿੱਚ ਵੀ ਸਵੈ-ਇੱਛਕ ਅਤੇ ਫਰਾਖ਼ਦਿਲੀ ਨਾਲ ਯੋਗਦਾਨ ਪਾਈਏ ਕਿਉਂ ਜੋ ਇਹ ਫੰਡ ਸੈਨਿਕਾਂ, ਸਾਬਕਾ ਸੈਨਿਕਾਂ, ਅਪਾਹਜ ਸੈਨਿਕਾਂ ਅਤੇ ਜੰਗੀ ਵਿਧਵਾਵਾਂ ਦੇ ਮੁੜ ਵਸੇਬੇ ਦੇ ਨੇਕ ਕਾਰਜ ਲਈ ਖਰਚਿਆ ਜਾਂਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਇਹ ਨਿਮਾਣਾ ਜਿਹਾ ਯੋਗਦਾਨ ਸਾਡੇ ਮਨਾਂ ਵਿੱਚ ਉਨ੍ਹਾਂ ਮਹਾਨ ਸੈਨਿਕਾਂ ਪ੍ਰਤੀ ਸਤਿਕਾਰ ਨੂੰ ਹੋਰ ਵਧਾਉਂਦਾ ਹੈ ਜੋ ਹਰ ਪਲ ਸਰਹੱਦ ’ਤੇ ਸਾਡੀ ਸੁਰੱਖਿਆ ਲਈ ਪਹਿਰਾ ਦਿੰਦੇ ਹਨ। ਇਸ ਮੌਕੇ ਅੱਜ ਦੇ ਇਸ ਇਤਿਹਾਸਕ ਦਿਨ ’ਤੇ ਮੁੱਖ ਮੰਤਰੀ ਨੇ ਰੱਖਿਆ ਸੇਵਾਵਾਂ ਭਲਾਈ ਫੰਡ ਵਿੱਚ ਆਪਣਾ ਯੋਗਦਾਨ ਪਾਇਆ।

ਬਾਦਲਾਂ ਨੇ ਪੰਜਾਬ ਵਿਚ ਮਾਫੀਆ ਰਾਜ ਪੈਦਾ ਕੀਤਾਅ ਤੇ ਕੈਪਟਨ ਨਾਲ ਮਿਲੀਭੁਗਤ ਨਾਲ ਜਾਰੀ ਰੱਖਿਆ-ਚਰਨਜੀਤ ਸਿੰਘ ਚੰਨੀ

0

ਮੁੱਖ ਮੰਤਰੀ ਨੇ ਫਾਜਿ਼ਲਕਾ ਵਿਖੇ ਮੈਡੀਕਲ ਕਾਲਜ ਬਣਾਉਣ ਦਾ ਐਲਾਨ

ਫਾਜਿ਼ਲਕਾ ਦੇ ਸਿਵਲ ਹਸਪਤਾਲ ਅਤੇ ਨਵੇਂ ਬੱਸ ਅੱਡੇ ਦਾ ਕੀਤਾ ਉਦਘਾਟਨ

ਬਾਹਰੋਂ ਆ ਕੇ ਪੰਜਾਬੀਆਂ ਨੂੰ ਝੂਠੇ ਸਬਜਬਾਗ ਵਿਖਾਉਣ ਵਾਲੇ ਅਸਲ ਵਿਚ ਦਿਲ ਦੇ ਕਾਲੇ ਬਹਿਰੁਪੀਏ

ਸੁਖਜਿੰਦਰ ਮਾਨ

ਫਾਜਿ਼ਲਕਾ, 7 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਆਖਿਆ ਹੈ ਕਿ ਬਾਦਲ ਪਰਿਵਾਰ ਨੇ ਰਾਜ ਵਿਚ ਮਾਫੀਆਂ ਰਾਜ ਪੈਦਾ ਕੀਤਾ ਸੀ ਜਿਸ ਨੇ ਹਰ ਹਰਬਾ ਵਰਤ ਕੇ ਲੋਕਾਂ ਤੇ ਸਰਕਾਰੀ ਸੌਮਿਆਂ ਨੂੰ ਲੁੱਟਿਆ ਅਤੇ ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਵੀ ਬਾਦਲ ਪਰਿਵਾਰ ਦੀ ਇਹ ਮਿਲੀਭੁਗਤ ਜਾਰੀ ਰਹੀ, ਪਰ ਹੁਣ ਲੋਕਾਂ ਦੀ ਸਰਕਾਰ ਕਾਇਮ ਹੋਈ ਹੈ ਅਤੇ ਹਰ ਪ੍ਰਕਾਰ ਦੇ ਮਾਫੀਏ ਦਾ ਖਾਤਮਾ ਕੀਤਾ ਜਾ ਰਿਹਾ ਹੈ।ਇਸਦੇ ਨਾਲ ਹੀ ਕੇਜਰੀਵਾਲ ਅਤੇ ਬਾਹਰਲੇ ਸੂਬਿਆਂ ਤੋਂ ਆਈ ਉਨ੍ਹਾਂ ਦੀ ਟੋਲੀ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇੰਨ੍ਹਾਂ ਵੱਲੋਂ ਦਿੱਲੀ ਵਿਚ ਤਾਂ ਲੋਕਾਂ ਦੀ ਭਲਾਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਪਰ ਦਿਲ ਦੇ ਕਾਲੇ ਕੇਜਰੀਵਾਲ ਵੱਲੋਂ ਇੱਥੇ ਆ ਕੇ ਲੋਕਾਂ ਨੂੰ ਝੂਠੇ ਸਬਜਬਾਗ ਵਿਖਾ ਕੇ ਗੁੰਮਰਾਹ ਕਰਨ ਦੀ ਕੋਸਿ਼ਸ ਕੀਤੀ ਜਾ ਰਹੀ ਹੈ।ਪਰ ਪੰਜਾਬ ਦੇ ਸੂਝਵਾਨ ਲੋਕਾਂ ਇੰਨ੍ਹਾਂ ਦਾ ਭਰਮਾਊ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਹੋਣਗੇ ਅਤੇ ਪੰਜਾਬ ਦੀ ਵਾਗਡੋਰ ਪੰਜਾਬ ਦੇ ਲੋਕਾਂ ਦੇ ਹੱਥ ਵਿਚ ਹੀ ਰੱਖਣਗੇ।ਅੱਜ ਇੱਥੇ ਬਹੁਮੰਤਵੀ ਖੇਡ ਸਟੇਡੀਅਮ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਸਰਹੱਦੀ ਜਿ਼ਲ੍ਹੇ ਫਾਜਿ਼ਲਕਾ ਵਿਚ ਸਿਹਤ ਸਹੁਲਤਾਂ ਅਤੇ ਮੈਡੀਕਲ ਪੜਾਈ ਦੀ ਸੁਵਿਧਾ ਰਾਜ ਦੇ ਦੂਰ ਦਰਾਜ ਦੇ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਮੈਡੀਕਲ ਕਾਲਜ ਖੋਲਣ ਦਾ ਐਲਾਨ ਕੀਤਾ।ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਹੈ ਕਿ ਗਰੀਬ ਤੇ ਮੱਧਵਰਗੀ ਲੋਕਾਂ ਨੂੰ ਵੀ ਸਿਹਤ ਅਤੇ ਸਿੱਖਿਆ ਵਰਗੀਆਂ ਬਰਾਬਰ ਦੀਆਂ ਸਹੁਲਤਾਂ ਮੁਹਈਆ ਕਰਵਾਈਆਂ ਜਾਣ। ਇਸ ਲਈ ਉਨ੍ਹਾਂ ਨੇ ਫਾਜਿ਼ਲਕਾ ਵਿਚ ਮੈਡੀਕਲ ਕਾਲਜ ਬਣਾਉਣ ਦੇ ਨਾਲ ਨਾਲ ਇੱਥੋਂ ਦੇ ਸਰਕਾਰੀ ਕਾਲਜ ਵਿਚ ਪੋਸਟ ਗ੍ਰੈਜ਼ੁਏਟ ਪੱਧਰ ਦੇ ਨਵੇਂ ਕਿੱਤਾਮੁੱਖੀ ਕੋਰਸ ਸ਼ੁਰੂ ਕਰਨ ਦਾ ਐਲਾਣ ਵੀ ਕੀਤਾ।ਇਸ ਮੌਕੇ ਮੁੱਖ ਮੰਤਰੀ ਨੇ ਫਾਜਿ਼ਲਕਾ ਦੀਆਂ ਤਿੰਨ ਇਤਿਹਾਸਕ ਥਾਂਵਾਂ ਦੀ ਪੂਰਾਤੱਤਵ ਵਿਭਾਗ ਰਾਹੀਂ ਸੰਭਾਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੰਬੰੰਧਤ ਵਿਭਾਗ ਦੀ ਕਮੇਟੀ ਇੰਨ੍ਹਾਂ ਇਤਿਹਾਸਕ ਥਾਂਵਾਂ ਦਾ ਦੌਰਾ ਕਰਕੇ ਇੰਨ੍ਹਾਂ ਨੂੰ ਸੰਭਾਲ ਲਈ ਨੀਤੀ ਤਿਆਰ ਕਰੇਗੀ।ਮੁੱਖ ਮੰਤਰੀ ਨੇ ਸਰਹੱਦੀ ਕਿਸਾਨਾਂ ਦੇ ਜਮੀਨਾਂ ਦੇ ਮਾਲਕੀ ਹੱਕ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇੰਨ੍ਹਾਂ ਕਿਸਾਨਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਜਮੀਨ ਦੇ ਮਾਲਕੀ ਹੱਕ ਦੇਵੇਗੀ ਜਿੰਨ੍ਹਾਂ ਨੇ ਜਮੀਨ ਦੀ ਕੀਮਤ ਅਦਾ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਤਾਰ ਪਾਰਲੇ ਕਿਸਾਨਾਂ ਨੂੰ ਮੁਆਵਜੇ ਦਾ ਮੁੱਦਾ ਵੀ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ ਅਤੇ ਕੁਦਰਤੀ ਆਫ਼਼ਤਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਵੀ ਜਲਦ ਅਦਾ ਕਰ ਦਿੱਤਾ ਜਾਵੇਗਾ।ਇਸ ਤੋਂ ਪਹਿਲਾਂ ਉਨ੍ਹਾਂ ਫਾਜਿ਼ਲਕਾ ਵਿਖੇ 20.72 ਕਰੋੜ ਰੁਪਏ ਦੀ ਲਾਗਤ ਨਾਲ ਬਣੇ 100 ਬੈਡ ਦੇ ਜਿ਼ਲ੍ਹਾ ਹਸਪਤਾਲ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸ਼ਹੀਦ ਊਧਮ ਸਿੰਘ ਬੱਸ ਟਰਮੀਨਲ ਦਾ ਉਦਘਾਟਨ ਕੀਤਾ।ਇਸ ਤੋਂ ਪਹਿਲਾਂ ਹਲਕਾ ਵਿਧਾਇਕ  ਦਵਿੰਦਰ ਸਿੰਘ ਘੁਬਾਇਆ ਅਤੇ ਸਾਬਕਾ ਸਾਂਸਦ  ਸ਼ੇਰ ਸਿੰਘ ਘੁਬਾਇਆ ਨੇ ਬੋਲਦਿਆਂ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਇਲਾਕੇ ਦੀਆਂ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆ।ਇਸ ਮੌਕੇ ਸਾਬਕਾਂ ਸਾਂਸਦ ਮੋਹਨ ਸਿੰਘ ਫਲੀਆਂਵਾਲਾ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਸੁਰਿੰਦਰ ਸਚਦੇਵਾ, ਗੁਰਜੰਟ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ, ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਮਲਾ, ਸੰਦੀਪ ਜਾਖੜ, ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ, ਐਸਐਸਪੀ ਹਰਮਨਬੀਰ ਸਿੰਘ ਗਿੱਲ ਵੀ ਹਾਜਰ ਸਨ।

ਮੁੱਖ ਮੰਤਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਢ ਦਾ ਅਚਨਚੇਤ ਦੌਰਾ

0

ਸਕੂਲ ਦੇ ਵਧੀਆ ਪ੍ਬੰਧਨ ਲਈ ਕੀਤੀ ਅਧਿਆਪਕਾਂ ਦੀ ਸਰਾਹਨਾ

ਸੁਖਜਿੰਦਰ ਮਾਨ

 ਅੰਮ੍ਰਿਤਸਰ, 7 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਸਵੇਰੇ  ਅਚਨਚੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਭਿੱਟੇਵੱਡ ਦਾ ਦੌਰਾ ਕੀਤਾ। ਸਾਰੇ ਸਕੂਲ ਦਾ ਜਾਇਜ਼ਾ ਲੈਣ ਅਤੇ ਬੱਚਿਆਂ ਨੂੰ ਮਿਲਣ ਉਪਰੰਤ ਉਨ੍ਹਾਂ ਪ੍ਰਿੰਸੀਪਲ ਦੀ ਅਗਵਾਈ ਸਾਰੇ ਅਧਿਆਪਕਾਂ ਅਤੇ ਹੋਰ ਅਮਲੇ ਵੱਲੋਂ ਸਕੂਲ  ਦੀ ਸਹੀ ਸਾਂਭ-ਸੰਭਾਲ, ਸਫਾਈ ਅਤੇ ਵਿੱਦਿਅਕ ਮਿਆਰ ਨੂੰ ਯਕੀਨੀ ਬਣਾਉਣ ਲਈ ਸ਼ਲਾਘਾ ਕੀਤੀ। ਮੁੱਖ ਮੰਤਰੀ ਜਮਾਤਾਂ ਵਿੱਚ ਵੀ ਗਏ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕਈ ਵਿਸ਼ਿਆਂ ਸਬੰਧੀ ਬੱਚਿਆਂ ਤੋਂ ਸਵਾਲ ਪੁੱਛੇ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਤਸੱਲੀਬਖਸ਼ ਜਵਾਬ ਦਿੱਤੇ। ਜਿਸ ਤੋਂ ਮੁੱਖ ਮੰਤਰੀ ਨੇ ਖੁਸ਼ ਹੋ ਕੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।ਮੁੱਖ ਮੰਤਰੀ ਨੇ ਮਿਡ ਮੀਲ ਦੀ ਤਿਆਰੀ, ਰਸੋਈ ਅਤੇ ਬਰਤਨਾਂ ਦੀ ਸਾਫ ਸਫਾਈ ਵੀ ਵੇਖੀ । ਉਨ੍ਹਾਂ ਭੋਜਨ ਤਿਆਰ ਕਰਨ ਸਮੇਂ ਅਪਣਾਏ ਜਾ ਰਹੇ ਮਾਪਦੰਡਾਂ ‘ਤੇ ਵੀ ਵੇਖੇ ਅਤੇ ਤਸੱਲੀ ਪ੍ਰਗਟਾਈ। ਉਨ੍ਹਾਂ ਸਟਾਫ਼ ਦੀ ਹਾਜ਼ਰੀ ਵੀ ਚੈਕ ਕੀਤੀ ਅਤੇ ਸਮੂਹ ਸਟਾਫ਼ ਹਾਜ਼ਰ ਪਾਇਆ ਗਿਆ।ਇਸ ਮੌਕੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਰਾਸ਼ਟਰੀ ਗੀਤ ਦੇ ਗਾਇਨ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ।

ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 275 ਨਵੇਂ ਕਮਰਿਆਂ ਦੀ ਉਸਾਰੀ ਲਈ 8.25 ਕਰੋੜ ਰੁਪਏ ਜਾਰੀ

0

ਸਿੱਖਿਆ ਖੇਤਰ ਨੂੰ ਤਰਜੀਹ ਦੇਣ ਲਈ ਸੂਬਾ ਸਰਕਾਰ ਵਚਨਬੱਧ- ਪਰਗਟ ਸਿੰਘ

ਸੁਖਜਿੰਦਰ ਮਾਨ

ਚੰਡੀਗੜ੍ਹ, 7 ਦਸੰਬਰ: ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਅੱਜ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 275 ਨਵੇਂ ਕਮਰਿਆਂ ਦੀ ਉਸਾਰੀ ਲਈ 8.25 ਕਰੋੜ ਰੁਪਏ ਜਾਰੀ ਕੀਤੇ ਗਏ।ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਨਾਬਾਰਡ ਦੇ 27 ਬੀ ਪ੍ਰਾਜੈਕਟ ਤਹਿਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ 274 ਸਰਕਾਰੀ ਸਕੂਲਾਂ ਵਿੱਚ 275 ਨਵੇਂ ਕਮਰਿਆਂ ਦੀ ਉਸਾਰੀ ਲਈ ਕੁੱਲ 8.25 ਕਰੋੜ ਰੁਪਏ ਦੀ ਰਾਸ਼ੀ ਸਬੰਧਤ ਜ਼ਿਲਾ ਸਿੱਖਿਆ ਦਫਤਰਾਂ ਦੇ ਖਾਤਿਆਂ ਵਿੱਚ ਸਿੱਧੀ ਭੇਜ ਦਿੱਤੀ ਗਈ ਹੈ। ਉਨ੍ਹਾਂ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਮਿਆਰ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਕੰਮ ਸਹੀ ਤਰੀਕੇ ਨਾਲ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ।ਸ. ਪਰਗਟ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਖੇਤਰ ਨੂੰ ਵਿਸ਼ੇਸ਼ ਤਰਜੀਹ ਦੇਣ ਲਈ ਵਚਨਬੱਧ ਹੈ। ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਗੁਣਾਤਮਕ ਸਿੱਖਿਆ ਉਤੇ ਜ਼ੋਰ ਦਿੱਤਾ ਗਿਆ। ਸਮਾਰਟ ਕਲਾਸ ਰੂਮ ਬਣਾਉਣ ਦੇ ਨਾਲ ਅਧਿਆਪਕਾਂ ਦੀ ਭਰਤੀ ਵੀ ਕੀਤੀ ਗਈ ਜਿਸ ਦੇ ਚੱਲਦਿਆਂ ਪੰਜਾਬ ਪੀ.ਜੀ.ਆਈ. ਸਕੋਰ ਵਿੱਚ ਭਾਰਤ ਦਾ ਨੰਬਰ ਇਕ ਸੂਬਾ ਬਣਿਆ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪੁਲਾਂਘਾ ਪੁੱਟੇਗਾ।

ਪੰਜਾਬ ਵਿਧਾਨ ਸਭਾ ਚੋਣਾਂ 2022: ਪੰਜਾਬ ਦੇ ਸਾਰੇ 24689 ਪੋਲਿੰਗ ਸਟੇਸ਼ਨਾਂ ‘ਤੇ ਕੀਤੀ ਜਾਵੇਗੀ ਵੈਬਕਾਸਟਿੰਗ

0

ਪੰਜਾਬ ਦੇ ਸੀਈਓ ਡਾ. ਕਰੁਣਾ ਰਾਜੂ ਨੇ ਸਿਆਸੀ ਪਾਰਟੀਆਂ ਨੂੰ ਕਿਸੇ ਵੀ ਵਿਅਕਤੀ ਵੱਲੋਂ ਸ਼ਰਾਬ ਜਾਂ ਪੈਸੇ ਨਾਲ ਵੋਟਰਾਂ ਨੂੰ ਭਰਮਾਉਣ ਦੀ ਕਥਿਤ ਕੋਸ਼ਿਸ਼ ਦੇ ਮਾਮਲੇ ਵਿੱਚ ਤੁਰੰਤ ਸੂਚਿਤ ਕਰਨ ਲਈ ਕਿਹਾ

ਨਵੇਂ ਵੋਟਰ ਵੋਟਰ ਹੈਲਪਲਾਈਨ ਮੋਬਾਈਲ ਐਪ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਕਰ ਸਕਦੇ ਹਨ ਰਜਿਸਟਰ: ਡਾ. ਰਾਜੂ

ਸਿਆਸੀ ਪਾਰਟੀਆਂ ਨੇ ਮੀਟਿੰਗ ਦੌਰਾਨ ਸੀਈਓ ਨਾਲ ਆਪਣੀਆਂ ਚਿੰਤਾਵਾਂ ਬਾਰੇ ਕੀਤੀ ਚਰਚਾ

ਸੁਖਜਿੰਦਰ ਮਾਨ

ਚੰਡੀਗੜ੍ਹ, 7 ਦਸੰਬਰ: ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਕਿਸੇ ਵੀ ਕਿਸਮ ਦੀ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨੂੰ ਰੋਕਣ ਲਈ, ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬੇ ਦੇ ਸਾਰੇ 24689 ਪੋਲਿੰਗ ਸਟੇਸ਼ਨਾਂ ‘ਤੇ ਵੈਬਕਾਸਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਅੱਜ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ 100 ਫ਼ੀਸਦੀ ਵੈਬਕਾਸਟਿੰਗ ਕੀਤੀ ਜਾਵੇਗੀ।ਸੀ.ਈ.ਓ. ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਚਿੰਤਾਵਾਂ, ਵਿਸ਼ੇਸ਼ ਸੋਧ ਅਤੇ ਚੋਣ ਤਿਆਰੀਆਂ ਬਾਰੇ ਜਾਣਨ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ 2022 ਲਈ ਚੋਣ ਤਿਆਰੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਉਹਨਾਂ ਨਾਲ ਵਧੀਕ ਸੀ.ਈ.ਓ. ਅਮਨਦੀਪ ਕੌਰ ਵੀ ਮੌਜੂਦ ਸਨ।ਚੋਣਾਂ ਦੌਰਾਨ ਸੁਰੱਖਿਆ ਬਾਰੇ ਸਿਆਸੀ ਪਾਰਟੀ ਦੇ ਨੁਮਾਇੰਦੇ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਡਾ. ਰਾਜੂ ਨੇ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਨ ਲਈ ਸੁਰੱਖਿਆ ਪਹਿਲੂਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਕੇਂਦਰੀ ਪੈਰਾ ਮਿਲਟਰੀ ਫੋਰਸਿਜ਼ ਦੀ ਮੰਗ ਲਈ ਅੰਤਿਮ ਮੁਲਾਂਕਣ 10 ਦਸੰਬਰ, 2021 ਤੱਕ ਈਸੀਆਈ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਵਾਧੂ ਫੋਰਸਿਜ਼ ਨਾਜ਼ੁਕ ਪੋਲਿੰਗ ਬੂਥਾਂ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਕੀਤੀਆਂ ਜਾਣਗੀਆਂ।ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਵੀ ਕਿਹਾ ਕਿ ਜੇਕਰ ਕੋਈ ਸ਼ਰਾਬ ਜਾਂ ਪੈਸੇ ਨਾਲ ਵੋਟਰਾਂ ਨੂੰ ਭਰਮਾਉਣ ਦੀ ਕਥਿਤ ਕੋਸ਼ਿਸ਼ ਕਰਦਾ ਹੈ ਜਾਂ ਵੋਟ ਪ੍ਰਕਿਰਿਆ ਵਿੱਚ ਵਿਘਨ ਪਾਉਣ ਜਾਂ ਕੋਈ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਉਨ੍ਹਾਂ ਦੇ ਧਿਆਨ ਵਿੱਚ ਆਉਂਦੀਆਂ ਹਨ ਤਾਂ ਉਹ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਦਫਤਰ ਨੂੰ ਤੁਰੰਤ ਸੂਚਿਤ ਕਰਨ।ਡਾ. ਰਾਜੂ ਨੇ ਕਿਹਾ ਕਿ ਉਹ ਗੈਰ-ਜ਼ਮਾਨਤੀ ਵਾਰੰਟ ਕੇਸਾਂ, ਪੈਰੋਲ ਜੰਪਰ, ਸ਼ਰਾਤਰੀ ਅਨਸਰਾਂ ਅਤੇ ਸ਼ੱਕੀ ਨਸ਼ਾ ਤਸਕਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਡੀਸੀ, ਸੀਪੀਜ਼/ਐਸਐਸਪੀਜ਼ ਅਤੇ ਈਆਰਓਜ਼ ਨਾਲ ਹਫਤਾਵਾਰੀ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਲਾਇਸੰਸਸ਼ੁਦਾ ਹਥਿਆਰ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹ ਇਹ ਯਕੀਨੀ ਬਣਾਉਣਗੇ ਕਿ ਘੱਟੋ-ਘੱਟ 95 ਤੋਂ 98 ਫ਼ੀਸਦੀ ਹਥਿਆਰ ਪੁਲਿਸ ਥਾਣਿਆਂ ਜਾਂ ਗੰਨ ਹਾਊਸਾਂ ਵਿੱਚ ਜਮ੍ਹਾਂ ਕਰਵਾਏ ਜਾਣ।ਡਾ. ਰਾਜੂ ਨੇ ਦੱਸਿਆ ਕਿ ਇਹ ਚੋਣਾਂ ਕਰਵਾਉਣ ਲਈ ਸੂਬੇ ਵਿੱਚ 2.5 ਲੱਖ ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਇਹਨਾਂ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਨਵਾਂ ਵੋਟਰ ਬੂਥ ਲੈਵਲ ਅਫ਼ਸਰ ਨਾਲ ਸੰਪਰਕ ਕਰਕੇ ਜਾਂ ਵੋਟਰ ਹੈਲਪਲਾਈਨ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣੀ ਵੋਟਰ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।ਸਿਆਸੀ ਪਾਰਟੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ‘ਤੇ ਤਸੱਲੀ ਪ੍ਰਗਟਾਈ ਅਤੇ ਉਨ੍ਹਾਂ ਨੇ ਆਪਣੀਆਂ ਚਿੰਤਾਵਾਂ ਨੂੰ ਸੀ.ਈ.ਓ. ਨਾਲ ਸਾਂਝਾ ਕਰਨ ਦਾ ਭਰੋਸਾ ਦਿੱਤਾ।ਇਸ ਦੌਰਾਨ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਸਵੀਪ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਚੰਨੀ ਵੱਲੋਂ ਲੋਕਾਂ ਨੂੰ ਓਮੀਕਰੋਨ ਦੇ ਮੱਦੇਨਜ਼ਰ ਬਚਾਅ ਲਈ ਛੇਤੀ ਤੋਂ ਛੇਤੀ ਟੀਕਾਕਰਨ ਕਰਵਾਉਣ ਦੀ ਅਪੀਲ

0

ਮੁੱਖ ਮੰਤਰੀ ਨੇ ਕੋਵਿਡ ਵੈਕਸੀਨ ਦੀ ਦੂਜੀ ਖੁਰਾਕ ਲਈ ਹੁਣ ਤੱਕ ਸੂਬੇ ਦੀ 80 ਫ਼ੀਸਦੀ ਆਬਾਦੀ ਨੂੰ ਪਹਿਲੀ ਖੁਰਾਕ ਅਤੇ 38 ਫ਼ੀਸਦੀ ਨੂੰ ਦੂਜੀ ਖੁਰਾਕ ਲੱਗੀ

ਸੁਖਜਿੰਦਰ ਮਾਨ

ਚੰਡੀਗੜ੍ਹ, 7 ਦਸੰਬਰ: ਕੋਵਿਡ ਵੈਕਸੀਨ ਦੀ ਦੂਸਰੀ ਖੁਰਾਕ ਲੈਣ ਉਪਰੰਤ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕਾਂ ਨੂੰ ਕੋਵਿਡ ਦੇ ਨਵੇਂ ਰੂਪ ਓਮੀਕਰੋਨ ਤੋਂ ਹੋਣ ਵਾਲੇ ਸੰਭਾਵੀ ਇਨਫੈਕਸ਼ਨ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਵੀ ਕਿਸਮ ਦੀ ਢਿੱਲ-ਮੱਠ ਦਿਖਾਏ ਬਿਨਾਂ ਜਲਦ ਤੋਂ ਜਲਦ ਆਪਣਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।ਅੱਜ ਇੱਥੇ ਪੰਜਾਬ ਭਵਨ ਵਿਖੇ ਓਮੀਕਰੋਨ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਖੋਜ ਵਿਭਾਗਾਂ ਨੂੰ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੂਬਾ ਭਰ ਵਿੱਚ ਸਾਰੇ ਯੋਗ ਵਿਅਕਤੀਆਂ ਦਾ ਜਲਦ ਤੋਂ ਜਲਦ ਟੀਕਾਕਰਨ ਕੀਤਾ ਜਾ ਸਕੇ। ਮੁੱਖ ਮੰਤਰੀ ਨੂੰ ਸੂਬੇ ਵਿੱਚ ਕੋਵਿਡ ਟੀਕਾਕਰਨ ਦੀ ਹੁਣ ਤੱਕ ਦੀ ਸਥਿਤੀ ਬਾਰੇ ਜਾਣੂੰ ਕਰਵਾਉਂਦਿਆਂ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਕਾਸ ਗਰਗ ਨੇ ਦੱਸਿਆ ਕਿ ਕੁੱਲ 2.46 ਕਰੋੜ ਯੋਗ ਆਬਾਦੀ ਵਿੱਚੋਂ 1.66 ਕਰੋੜ (80 ਫ਼ੀਸਦੀ) ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਲਗਭਗ 38 ਫ਼ੀਸਦੀ ਭਾਵ 79.87 ਲੱਖ ਆਬਾਦੀ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਕੋਲ ਮੌਜੂਦਾ ਸਮੇਂ 46 ਲੱਖ ਖੁਰਾਕਾਂ ਦਾ ਸਟਾਕ ਉਪਲਬਧ ਹੈ ਅਤੇ ਮੈਡੀਕਲ/ਪੈਰਾ ਮੈਡੀਕਲ ਟੀਮਾਂ ਬਾਕੀ ਰਹਿੰਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਨ ਦੀ ਮੁਹਿੰਮ ਵਿੱਚ ਸਰਗਰਮੀ ਨਾਲ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਰੋਨਾ ਕੇਸਾਂ ਦਾ ਪਤਾ ਲਗਾਉਣ ਲਈ ਰੋਜ਼ਾਨਾ 30,000 ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ।ਹੋਰ ਜਾਣਕਾਰੀ ਦਿੰਦਿਆਂ ਸਿਹਤ ਸਕੱਤਰ ਨੇ ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਿ ਵਿਭਾਗ ਨਵੇਂ ਰੂਪ ਦੇ ਫੈਲਣ ਦੀ ਕਿਸੇ ਵੀ ਸੰਭਾਵਨਾ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਭਾਗ ਵੱਲੋਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਸਾਜ਼ੋ-ਸਾਮਾਨ ਖਰੀਦਿਆ ਗਿਆ ਹੈ ਜਿਸ ਵਿੱਚ 12 ਲੱਖ ਰੈਪਿਡ ਐਂਟੀਜੇਨ ਕਿੱਟਾਂ, 17 ਲੱਖ ਵੀਟੀਐਮ ਟੈਸਟ ਕਿੱਟਾਂ, 20 ਜ਼ਿਲ੍ਹਿਆਂ ਲਈ ਆਰਟੀਪੀਸੀਆਰ ਲੈਬਾਂ, ਪੈਡੀਐਟ੍ਰਿਕ ਐਲ2 (790) ਅਤੇ ਐਲ 3 (324) ਬੈੱਡਾਂ ਤੋਂ ਇਲਾਵਾ ਬਾਲਗ ਐਲ 2 (3500) ਅਤੇ ਐਲ 3 (142) ਬੈੱਡ ਅਤੇ ਕੋਵਿਡ ਮਰੀਜ਼ਾਂ ਲਈ ਦਵਾਈਆਂ ਦਾ ਢੁਕਵਾਂ ਸਟਾਕ ਸ਼ਾਮਲ ਹੈ।ਨਵੇਂ ਰੂਪ ਕਾਰਨ ਪੈਦਾ ਹੋਣ ਵਾਲੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ ਹੁਣ ਤੱਕ ਕੀਤੇ ਗਏ ਪ੍ਰਬੰਧਾਂ ‘ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਭਾਵੇਂ ਸੂਬੇ ਵਿੱਚ ਓਮੀਕਰੋਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ, ਇਸ ਲਈ ਅਸੀਂ ਇਸ ਸਬੰਧੀ ਕਿਸੇ ਵੀ ਢਿੱਲ ਨੂੰ ਸਹਿਣ ਨਹੀਂ ਕਰ ਸਕਦੇ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਓ.ਪੀ. ਸੋਨੀ, ਜਿਨ੍ਹਾਂ ਕੋਲ ਸਿਹਤ ਮਹਿਕਮਾ ਵੀ ਹੈ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਅਤੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਸ਼ਾਮਲ ਸਨ।

ਧਨਜੀਤ ਸਿੰਘ ਵਿਰਕ ਨੇ ਡਾ. ਵੇਰਕਾ ਦੀ ਹਾਜ਼ਰੀ ਵਿੱਚ ਪੰਜਾਬ ਜੈਨਕੋ ਲਿਮਟਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

0

ਸੁਖਜਿੰਦਰ ਮਾਨ

ਚੰਡੀਗੜ, 7 ਦਸੰਬਰ: ਸ੍ਰੀ ਧਨਜੀਤ ਸਿੰਘ ਵਿਰਕ ਨੇ ਅੱਜ ਇੱਥੇ ਪੰਜਾਬ ਜੈਨਕੋ ਲਿਮਟਡ ਦੇ ਚੇਅਰਮੈਨ ਵਜੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਿਆ।ਪੰਜਾਬ ਜੈਨਕੋ ਲਿਮਿਟਡ , ਪੰਜਾਬ ਊਰਜਾ ਵਿਕਾਸ ਏਜੰਸੀ ਦੀ 100 ਫੀਸਦ ਸਹਾਇਕ ਕੰਪਨੀ ਹੈ। ਜੁਆਇਨਿੰਗ ਸਮਾਗਮ ਦੌਰਾਨ ਪੰਜਾਬ ਜੈਨਕੋ ਲਿਮਟਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਡਾਇਰੈਕਟਰ ਐਮ.ਪੀ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।ਸ. ਨਵਜੋਤ ਪਾਲ ਸਿੰਘ ਰੰਧਾਵਾ, ਐਮ.ਡੀ./ਸੀ.ਈ.ਓ. ਪੇਡਾ ਨੇ ਡਾ: ਵੇਰਕਾ ਨੂੰ ਪੇਡਾ/ਪੀ.ਜੀ.ਐਲ ਦੁਆਰਾ ਚਲਾਏ ਜਾ ਰਹੇ ਆਰ.ਈ ਪ੍ਰੋਜੈਕਟਾਂ/ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਵੇਰਕਾ  ਨੇ ਪੰਜਾਬ  ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਅਤੇ ਇਸ ਨੂੰ ਪ੍ਰਦੂਸ਼ਨ ਮੁਕਤ ਬਣਾਉਣ ਲਈ ਕਾਰਬਨ ਤੱਤਾਂ ਨੂੰ ਘਟਾਉਣ ਅਤੇ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਤਾਵਰਣ ਪੱਖੀ ਊਰਜਾ ਖੇਤਰ ਵਿੱਚ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਇੱਛਾ ਪ੍ਰਗਟਾਈ ਹੈ।   ਪੀਜੀਐਲ ਦੇ ਐਮਡੀ ਨੇ ਡਾ. ਵੇਰਕਾ ਦੀ ਯੋਗ ਅਗਵਾਈ ਹੇਠ ਪੰਜਾਬ ਰਾਜ ਵਿੱਚ ਹੋਰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ ਸੰਭਾਵਨਾਵਾਂ ਤਲਾਸ਼ਣ ਅਤੇ ਇਸ ਸੈਕਟਰ ਨੂੰ ਅੱਗੇ ਵਧਾਉਣ ਨੂੰ ਯਕੀਨੀ ਬਣਾਇਆ।

ਡਾ.ਵੇਰਕਾ ਵਲੋਂ ਮੌਜੂਦਾ ਬਿਜਲੀ ਖਰੀਦ ਸਮਝੌਤਿਆਂ ਦੀਆਂ ਦਰਾਂ ਵਿੱਚ ਕਟੌਤੀ ਸਬੰਧੀ ਸੰਭਾਵਨਾਵਾਂ ਦੀ ਤਲਾਸ਼

0

ਸੁਖਜਿੰਦਰ ਮਾਨ

ਚੰਡੀਗੜ, 7 ਦਸੰਬਰ: ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ.ਰਾਜ ਕੁਮਾਰ ਵੇਰਕਾ ਨੇ ਸੂਬੇ ਵਿੱਚ ਸੋਲਰ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਆਪਸੀ ਸਮਝੌਤੇ ਰਾਹੀਂ ਮੌਜੂਦਾ ਬਿਜਲੀ ਖਰੀਦ ਸਮਝੌਤਿਆਂ ਦੀਆਂ ਦਰਾਂ ਵਿੱਚ ਕਟੌਤੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਹੈ।ਅੱਜ ਪੰਜਾਬ ਭਵਨ ਵਿਖੇ ਸੋਲਰ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਕਿ ਵਿਆਜ ਦਰਾਂ ਅਤੇ ਕਾਰਪੋਰੇਟ ਟੈਕਸ ਘਟਾਟਿਆ ਜਾ ਚੁੱਕਾ ਹੈ, ਇਸ ਲਈ ਪ੍ਰੋਜੈਕਟ ਡਿਵੈਲਪਰਾਂ ਨੂੰ ਟੈਰਿਫ ਘਟਾਉਣ ਦੇ ਤਰੀਕੇ ਲੱਭਣ ਵੱਲ ਧਿਆਨ ਦੇਣਾ ਚਾਹੀਦਾ ਹੈ, ਇਹ ਸਰਕਾਰ ਅਤੇ ਪੀ.ਐੱਸ.ਪੀ.ਸੀ.ਐੱਲ. ਲਈ ਲਾਭਕਾਰੀ  ਹੋਵੇਗਾ ਜਿਸ ਨਾਲ ਪੰਜਾਬ  ਦੇ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇਗੀ। ਡਾ: ਵੇਰਕਾ ਨੇ ਕਿਹਾ ਕਿ ਉਹ ਦੋਸਤਾਨਾ ਅਤੇ ਮਜ਼ਬੂਤ ਸਬੰਧਾਂ ਦੀ ਆਸ ਕਰਦੇ ਹਨ ਅਤੇ ਡਿਵੈਲਪਰਾਂ ਨੂੰ ਰਾਜ ਵਿੱਚ ਹੋਰ ਨਿਵੇਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ । ਉਨਾਂ ਕਿਹਾ ਕਿ  ਡਿਵੈਲਪਰਾਂ ਨੂੰ ਆਪਣੇ ਸੁਝਾਅ ਅਤੇ ਦਰਪੇਸ਼ ਸਮੱਸਿਆਵਾਂ (ਜੇਕਰ ਹੋਣ ) ਵੀ ਸਾਹਮਣੇ ਲਿਆਉਣੀਆਂ ਚਾਹੀਦੀਆਂ ਹਨ ਅਤੇ ਵਿਭਾਗ ਉਨਾਂ ਦੇ ਸੁਝਾਵਾਂ ਨੂੰ ਘੋਖਣ ਤੋਂ ਬਾਅਦ ਸੁਖਾਵੇਂ ਹੱਲ ਲੱਭਣ ਲਈ ਤਰੀਕੇ ਅਤੇ ਸਾਧਨ ਜੁਟਾਉਣ ਲਈ ਇੱਕ ਕਮੇਟੀ ਬਣਾਏਗਾ। ਡਾ: ਵੇਰਕਾ ਨੇ ਕਿਹਾ ਕਿ ਇਸ ਮੰਤਵ ਲਈ ਗਠਿਤ ਇੱਕ ਸਬ-ਕਮੇਟੀ ਵੱਲੋਂ ਵੱਖ-ਵੱਖ ਸੂਰਜੀ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਅਗਲੀ ਮੀਟਿੰਗ ਕੀਤੀ ਜਾਵੇਗੀ ਅਤੇ ਕੇਵਲ ਅਜਿਹੇ ਸੁਚੱਜੇ ਹੱਲ ਹੀ ਅਮਲ ਵਿੱਚ ਲਿਆਂਦੇ ਜਾਣਗੇ ਜੋ ਸਰਕਾਰ ਅਤੇ ਪ੍ਰਾਈਵੇਟ ਡਿਵੈਲਪਰ/ਨਿਵੇਸ਼ਕ ਦੋਵਾਂ ਨੂੰ ਮਨਜੂਰ ਹੋਣ। ਉਨਾਂ ਨੇ ਸਾਰੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਆਪਣੇ ਸੀ.ਐਸ.ਆਰ. ਖਰਚਣ ਲਈ ਵੀ ਕਿਹਾ।ਇਸ ਮੀਟਿੰਗ ਵਿੱਚ ਵੇਲਸਪਨ ਪਾਵਰ, ਅਜੁਰ ਪਾਵਰ, ਈਕੋ ਐਨਰਜੀ, ਇੰਟਰਨੈਸ਼ਨਲ ਅਰਥ ਸੋਲਰ ਪ੍ਰਾਈਵੇਟ ਲਿਮਟਿਡ , ਅਲੀਆਨਜ ਈਕੋ ਪਾਵਰ ਲਿਮਟਿਡ ਆਦਿ ਸੋਲਰ ਕੰਪਨੀਆਂ ਦੇ ਕਈ ਪ੍ਰੋਜੈਕਟ ਡਿਵੈਲਪਰ ਹਾਜਰ ਰਹੇ। ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨੇ ਦੱਸਿਆ ਕਿ ਉਹ ਸਾਰੇ ਪੰਜਾਬ ਵਿੱਚ ਪਾਵਰ ਪ੍ਰੋਜੈਕਟਾਂ ਵਿੱਚ ਝੋਨੇ ਦੀ ਪਰਾਲੀ ਅਤੇ ਬਾਇਓਮਾਸ ਦੀ ਵਰਤੋਂ ਕਰ ਰਹੇ ਹਨ ਅਤੇ ਮਿਲ ਕੇ 10 ਲੱਖ ਟਨ ਝੋਨੇ ਦੀ ਪਰਾਲੀ ਦੀ ਸੰਭਾਲ/ਵਰਤੋਂ ਕੀਤੀ ਜਾ ਰਹੀ ਹੈ। ਸਟੋਰਾਂ ਵਿੱਚ ਮੀਂਹ ਅਤੇ ਮੌਸਮ ਖਰਾਬੀ ਵਰਗੀਆਂ ਸਮੱਸਿਆਵਾਂ ਕਾਰਨ ਝੋਨੇ ਦੀ ਪਰਾਲੀ ਅਤੇ ਬਾਇਓਮਾਸ ਦੇ ਸਟੋਰਾਂ ਵਿੱਚ ਕਾਫੀ ਨੁਕਸਾਨ ਹੁੰਦਾ ਹੈ । ਬਾਇਓਮਾਸ ਪਾਵਰ ਪਲਾਂਟ ਰਾਜ ਦੇ ਦਿਹਾਤੀ ਖੇਤਰ ਵਿੱਚ ਬਹੁਤ ਸਾਰੀਆਂ ਨੌਕਰੀਆਂ ਪ੍ਰਦਾਨ ਕਰ ਰਹੇ ਹਨ ਅਤੇ ਵਾਤਾਵਰਣ ਲਈ ਵੀ ਲਾਭਕਾਰੀ ਹਨ। ਮੀਟਿੰਗ ਵਿੱਚ ਪੀ.ਐਸ.ਪੀ.ਸੀ.ਐਲ.ਦੇ ਮੁੱਖ ਮੈੇਨੇਜਿੰਗ ਡਾਇਰੈਕਟਰ ਸ੍ਰੀ ਵੇਣੂ ਪ੍ਰਸਾਦ, ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਸੀ.ਈ.ਓ. ਪੇਡਾ, ਸ੍ਰੀ ਐਮ.ਪੀ.ਸਿੰਘ, ਡਾਇਰੈਕਟਰ, ਪੇਡਾ, ਸ੍ਰੀ ਦਵਿੰਦਰ ਸਿੰਘ, ਜੁਆਇੰਟ ਡਾਇਰੈਕਟਰ, ਪੇਡਾ, ਸ੍ਰੀ ਆਰ.ਕੇ.ਗੁਪਤਾ, ਜੁਆਇੰਟ ਡਾਇਰੈਕਟਰ, ਪੇਡਾ, ਸ੍ਰੀ ਸੁਪਿੰਦਰ ਸਿੰਘ ਜੁਆਇੰਟ ਡਾਇਰੈਕਟਰ ਪੀ.ਐਸ.ਪੀ.ਸੀ.ਐਲ. ਮੌਜੂਦ ਸਨ।

Our Visitor

1894548