ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਸਥਾਨਕ ਡੱਬਵਾਲੀ ਰੋਡ ‘ਤੇ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਕੇਂਦਰ, ਫ਼ਾਰਮ ਸਲਾਹਕਾਰ ਸੇਵਾ ਤੇ ਿਸ਼ੀ ਵਿਗਿਆਨ ਕੇਂਦਰ ਦੇ ਪ੍ਰੋਫੈਸਰਾਂ ਵਲੋਂ ਅੱਜ ਲਗਾਤਾਰ ਦੂਜੇ ਦਿਨ ਵੀ ਮੁੱਖ ਗੇਟ ’ਤੇ ਧਰਨਾ ਲਗਾ ਕੇ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਭੁੱਖ ਹੜਤਾਲ ਉਪਰ ਡਾ.ਚੇਤਕ ਬਿਸ਼ਨੋਈ, ਡਾ.ਵਿਨੀਤ ਕੁਮਾਰ ਅਤੇ ਡਾ.ਜਸਜਿੰਦਰ ਕੌਰ ਬੈਠੇ। ਿਸ਼ੀ ਵਿਗਿਆਨ ਕੇਂਦਰ ਦੇ ਪ੍ਰੋਫੈਸਰ ਡਾ ਜੀ.ਐਸ. ਰੋਮਾਣਾ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਕਾਲਜ ਅਧਿਆਪਕਾਂ ਲਈ ਨਿਰਧਾਰਿਤ ਯੂਨੀਵਰਸਿਟੀ ਗ੍ਾਂਟਸ ਕਮਿਸ਼ਨ ਦੇ ਤਨਖਾਹ ਸਕੇਲ ਤੋਂ ਅਲੱਗ ਕਰ ਦਿੱਤਾ ਗਿਆ। ਇਸਤੋਂ ਇਲਾਵਾ ਛੇਵੇਂ ਪੇ ਕਮਿਸ਼ਨ ਦੀ ਰੀਪੋਰਟ ਵੀ ਨਹੀਂ ਦਿੱਤੀ ਜਾ ਰਹੀ ਜਦੋਂਕਿ ਨਵੇਂ ਭਰਤੀ ਹੋਏ ਪ੍ਰੋਫੈਸਰ ਬਹੁਤ ਘੱਟ ਤਨਖ਼ਾਹਾਂ ’ਤੇ ਕੰਮ ਕਰਨ ਲਈ ਮਜਬੂਰ ਹਨ। ਇਸ ਮੌਕੇ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਵਿਰੁਧ ਪ੍ਰਦਰਸ਼ਨ ਕਰਦਿਆਂ ਡਟ ਕੇ ਨਾਅਰੇਬਾਜ਼ੀ ਕੀਤੀ।
ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਕੇਂਦਰਾਂ ’ਤੇ ਭੁੱਖ ਹੜਤਾਲ ਜਾਰੀ
ਸਰਕਾਰੀ ਬੱਸਾਂ ਦੇ ‘ਕੱਚੇ’ ਮੁਲਾਜਮਾਂ ਵਲੋਂ ‘ਪੱਕੀ’ ਹੜਤਾਲ ਸ਼ੁਰੂ
ਹੜਤਾਲ ਕਾਰਨ 80 ਫ਼ੀਸਦੀ ਸਰਕਾਰੀ ਬੱਸਾਂ ਨਹੀਂ ਚੱਲੀਆਂ
ਸਵਾਰੀਆਂ ’ਚ ਰਿਹਾ ਅਫੜਾ-ਤਫ਼ੜੀ ਵਾਲਾ ਮਾਹੌਲ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕਾਮਿਆਂ ਨੇ ਅੱਜ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਿਸ ਤੇ ਪੀਆਰਟੀਸੀ ਦੇ ਪ੍ਰਸ਼ਾਸਨ ਨੇ ਮੁਲਾਜਮਾਂ ਦੀ ਹੜਤਾਲ ਨੂੰ ਰੋਕਣ ਲਈ ਕਾਫ਼ੀ ਯਤਨ ਕੀਤੇ ਪ੍ਰੰਤੂ ਇਸਦੇ ਬਾਵਜੂਦ ਕੱਚੇ ਕਾਮੇ ਹੜਤਾਲ ਕਰਨ ਵਿਚ ਸਫ਼ਲ ਰਹੇ। ਇਸ ਮੌਕੇ ਹੜਤਾਲੀ ਮੁਲਾਜਮਾਂ ਵਲੋਂ ਟੈਂਟ ਲਗਾਉਣ ਦੀ ਯੋਜਨਾ ਨੂੰ ਵੀ ਪੁਲਿਸ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਹੜਤਾਲ ਦੇ ਚੱਲਦਿਆਂ 80 ਫ਼ੀਸਦੀ ਤੋਂ ਵੱਧ ਬੱਸਾਂ ਅਪਣੇ ਨਿਰਧਾਰਿਤ ਰੂਟਾਂ ’ਤੇ ਨਹੀਂ ਚੱਲ ਸਕੀਆਂ। ਜਿਸ ਕਾਰਨ ਸਵਾਰੀਆਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਦੋਂਕਿ ਪ੍ਰਾਈਵੇਟ ਟ੍ਰਾਂਸਪੋਰਟ ਨੂੰ ਮੌਜਾਂ ਲੱਗ ਗਈਆਂ ਤੇ ਇਹ ਬੱਸਾਂ ਹੇਠਾਂ ਤੇ ਉਪਰੋਂ ਭਰ ਕੇ ਚੱਲੀਆਂ। ਬੱਸਾਂ ਵਿਚ ਚੜਣ ਲਈ ਲੋਕ ਧੱਕਾ-ਮੁਕੀ ਕਰਦੇ ਵੀ ਵੇਖੇ ਗਏ। ਪੀਆਰਟੀਸੀ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਨੇ ਦਸਿਆ ਕਿ ਹੜਤਾਲ ਕਾਰਨ ਕੁੱਝ ਰੂਟਾਂ ’ਤੇ ਹੀ ਬੱਸਾਂ ਚਲ ਸਕੀਆਂ। ਉਧਰ ਕੰਟਰੈਕਟ ਵਰਕਰਜ ਯੂਨੀਅਨ ਦੇ ਡਿੱਪੂ ਪ੍ਰਧਾਨ ਸੰਦੀਪ ਸਿੰਘ ਗਰੇਵਾਲ,ਮੀਤ ਪ੍ਰਧਾਨ ਗੁਰਦੀਪ ਸਿੰਘ, ਕੈਸੀਅਰ ਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਹੜਤਾਲ ਕਰਨ ਲਈ ਮਜਬੂਰ ਕੀਤਾ ਗਿਆ ਹੈ, ਕਿਉਂਕਿ ਹੁਣ ਤੱਕ ਮੁੱਖ ਮੰਤਰੀ ਤੇ ਟ੍ਰਾਂਸਪੋਰਟ ਮੰਤਰੀਆਂ ਸਹਿਤ ਹੋਰਨਾਂ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਲਏ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਗਿਆ। ਆਗੂਆਂ ਮੁਤਾਬਕ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਲਿਆਂਦੇ ਐਕਟ ਵਿਚ ਟਰਾਂਸਪੋਰਟ ਵਿਭਾਗ ਦਾ ਇੱਕ ਵੀ ਮੁਲਾਜਮ ਪੱਕਾ ਨਹੀਂ ਹੁੰਦਾ। ਆਗੂਆਂ ਨੇ ਸਰਕਾਰ ’ਤੇ ਗਿਲਾ ਕਰਦਿਆਂ ਕਿਹਾ ਕਿ ਹੁਣ ਮੁਲਾਜਮਾਂ ਦੇ ਬਣਦੇ ਹੱਕਾਂ ਬਦਲੇ ਕੀਤੇ ਜਾ ਰਹੇ ਸੰਘਰਸ ਬਦਲੇ ਵੀ ਝੂਠੇ ਪਰਚੇ ਦਰਜ ਕਰਕੇ ਦਬਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਗੁਰਪਾਲ ਸਿੰਘ ਦਿਉਣ ਬੀ.ਕੇ.ਯੂ ਉਗਰਾਹਾਂ, ਐਡਵੋਕੇਟ ਗੁਰਸੇਵਕ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਬੀ.ਕੇ.ਯੂ (ਚੜੂਨੀ) ਦਰਸਨ ਸਿੰਘ ਮਾਈਸਰਖਾਨਾ ਬੀ.ਕੇ.ਯੂ ਉਗਰਾਹਾਂ, ਸਟੂਡੈਂਟ ਯੂਨੀਅਨ ਪ੍ਰਧਾਨ ਕਰਨਵੀਰ ਸਿੰਘ ਰਜਿੰਦਰਾ ਕਾਲਜ ਬਠਿੰਡਾ ਵੱਲੋਂ ਵੀ ਵਰਕਰਾਂ ਨੂੰ ਸੰਬੋਧਨ ਕੀਤਾ।
ਪ੍ਰਦੂਸਣ ਕੰਟਰੋਲ ਬੋਰਡ ਨੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਚਾਰਟਰਡ ਇੰਸਟੀਚਿਊਟ ਵਜੋਂ ਚੁਣਿਆ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਨੇ ਚਾਰਟਰਡ ਇੰਸਟੀਚਿਊਟ ਵਜੋਂ ਸੂਚੀਬੱਧ ਕਰਕੇ ਦੋ ਸਾਲਾਂ ਦੀ ਮਿਆਦ ਲਈ ਸਲਾਹਕਾਰ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਗਈ ਹੈ। ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਯੂਨੀਵਰਸਿਟੀ ਦੇ ਡੀਨ ਡਾ. ਮਨਜੀਤ ਬਾਂਸਲ ਨੇ ਕਿਹਾ ਕਿ ਯੂਨੀਵਰਸਿਟੀ ਉਦਯੋਗਾਂ/ਪ੍ਰੋਜੈਕਟਾਂ ਦੁਆਰਾ ਊਰਜਾ ਕੁਸਲਤਾ, ਸਰੋਤਾਂ ਦੀ ਸੰਭਾਲ, ਰਹਿੰਦ-ਖੂੰਹਦ ਨੂੰ ਘੱਟ ਕਰਨ ਅਤੇ ਸਾਫ-ਸੁਥਰੀ ਤਕਨਾਲੋਜੀ ਨੂੰ ਅਪਨਾਉਣ ਅਤੇ ਅਪਗ੍ਰੇਡ ਕਰਨ ਆਦਿ ਲਈ ਅਪਣਾਏ ਜਾਣ ਵਾਲੇ ਉਪਾਵਾਂ ਦਾ ਸੁਝਾਅ ਦੇਣ ਦੇ ਨਾਲ-ਨਾਲ ਨਿਗਰਾਨ ਵਜੋਂ ਕੰਮ ਕਰੇਗੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ, ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕੰਸਲਟੈਂਸੀ ਵਿੰਗ ਨੂੰ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਵਿਭਾਗ ਦੇ ਯਤਨਾਂ ਦੀ ਸਲਾਘਾ ਕੀਤੀ।ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਮ.ਆਰ.ਐਸ.ਪੀ.ਟੀ.ਯੂ. ਕੰਸਲਟੈਂਸੀ ਵਿੰਗ ਨੂੰ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ (ਰਾਜਸਥਾਨ ਫੀਡਰ) ਦੇ 150 ਕਰੋੜ ਰੁਪਏ ਦੇ ਪ੍ਰੋਜੈਕਟ ਲਈ ਨਿਗਰਾਨ ਕੰਸਲਟੈਂਸੀ ਮਿਲ ਚੁੱਕੀ ਹੈ।
ਆਪ ਦੀ ਸਰਕਾਰ ਵਿੱਚ ਖੁਦ ਫੈਸਲੇ ਲੈ ਸਕਣਗੇ ਵਪਾਰੀ ਅਤੇ ਕਾਰੋਬਾਰੀ : ਸੌਰਭ ਭਾਰਦਵਾਜ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਪੰਜਾਬ ਵਿੱਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਅੱਜ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਲਈ ਟ੍ਰੇਡ ਵਿੰਗ ਦੇ ਆਗੂਆਂ ਦੀ ਅਗਵਾਈ ਵਿੱਚ ਦਿੱਲੀ ਵਿੱਚ ਆਪ ਦੇ ਵਿਧਾਇਕ ਸੌਰਭ ਭਾਰਦਵਾਜ ਵੱਲੋਂ ਛੋਟੇ ਵੱਡੇ ਵਪਾਰੀਆਂ ਨਾਲ ਜਨ ਸੰਵਾਦ ਰਚਾਇਆ ਗਿਆ। ਇਸ ਜਨ ਸੰਵਾਦ ਵਿੱਚ ਵਪਾਰੀਆਂ ਨੇ ਆਪਣੇ ਆਪਣੇ ਕੰਮ ਨਾਲ ਸੰਬੰਧਿਤ ਸਮੱਸਿਆਵਾਂ ਦਾ ਖੁੱਲ੍ਹ ਕੇ ਜਿਕਰ ਕੀਤਾ। ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਰਮਨ ਮਿੱਤਲ, ਕੋ ਪ੍ਰੈਜੀਡੈਂਟ ਅਨਿਲ ਠਾਕੁਰ ਤੋਂ ਇਲਾਵਾ ਰਾਮਪੁਰਾ ਫੂਲ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸੌਰਭ ਭਾਰਦਵਾਜ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਪਾਰੀਆਂ ਨੂੰ ਸਰਕਾਰ ਵਿਚ ਭਾਗੀਦਾਰ ਬਣਾਇਆ ਜਾਵੇਗਾ। ਉਹਨਾ ਨੇ ਕਿਹਾ ਕਿ ਦੁਕਾਨਦਾਰਾਂ, ਵਪਾਰੀਆਂ ਅਤੇ ਸਨਅਤਕਾਰਾਂ ਨੂੰ ਤਰੱਕੀ ਵੱਲ ਲਿਜਾਣ ਅਤੇ ਉਨ੍ਹਾਂ ਦੀ ਜਿੰਦਗੀ ਵਪਾਰ ਨੂੰ ਸੁਖਾਲਾ ਬਣਾਉਣ ਲਈ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਚੰਗੇ ਫੈਸਲੇ ਲਏ ਜਾਣਗੇ। ਵਪਾਰ ਤੇ ਉਦਯੋਗ ਨੂੰ ਉਤਸਾਹਿਤ ਕਰਨ ਲਈ ਇਕ ਨੀਤੀ ਬਣਾਈ ਜਾਵੇਗੀ।
ਆਪ ਆਗੂ ਵਲੋਂ ਨਸ਼ਾ ਤਸਕਰੀ ਦੇ ਦੋਸ਼ਾਂ ਦੀ ਉਚ ਪੱਧਰੀ ਜਾਂਚ ਦੀ ਮੰਗ
ਐਸ.ਟੀ.ਐਫ਼ ਦੇ ਮੁਖੀ ਨੂੰ ਲਿਖਿਆ ਪੱਤਰ, ਹਾਈਕੋਰਟ ਨੂੰ ਵੀ ਸਵੈ ਨੋਟਿਸ ਲੈਣ ਦੀ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਬਠਿੰਡਾ ’ਚ ਇੱਕ ਨਸ਼ਾ ਤਸਕਰ ਵਲੋਂ ਥਾਣਾ ਮੁਖੀ ਉਪਰ ਤਸਕਰੀ ਕਰਵਾਉਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਹਲਕੇ ’ਚ ਸਿਆਸੀ ਤਰਥੱਲੀ ਮੱਚ ਗਈ ਹੈ। ਇਸ ਸਬੰਧ ਵਿਚ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਜਗਰੂਪ ਸਿੰਘ ਗਿੱਲ ਵਲੋਂ ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ,ਉਪ-ਪ੍ਰਧਾਨ ਵਪਾਰ ਵਿੰਗ ਅਨਿਲ ਠਾਕੁਰ, ਸਿਕੰਦਰ ਸਿੰਘ ਗਿੱਲ, ਸ਼ਿਵ ਕੁਮਾਰ ਜੋਸ਼ੀ ਦੀ ਹਾਜ਼ਰੀ ਵਿਚ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇਸਦੇ ਇਲਾਵਾ ਐਸ.ਟੀ.ਐਫ਼ ਦੇ ਮੁਖੀ ਨੂੰ ਵੀ ਪੱਤਰ ਲਿਖਿਆ ਗਿਆ ਹੈ ਤੇ ਨਾਲ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਮਾਮਲੇ ਦੀ ਗੰਭੀਰਤਾ ਦੇਖਦਿਆਂ ਸਵੈ ਨੋਟਿਸ ਲੈ ਕੇ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਸਥਾਨਕ ਦਫ਼ਤਰ ’ਚ ਕੀਤੀ ਪ੍ਰੈਸ ਕਾਨਫਰੰਸ ਵਿਚ ਆਪ ਆਗੂਆਂ ਨੇ ਦੋਸ਼ ਲਗਾਇਆ ਕਿ ‘‘ ਸੂਬੇ ’ਚ ਚਾਰ ਹਫ਼ਤਿਆਂ ਵਿਚ ਨਸ਼ਾ ਤਸਕਰੀ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੇ ਚਹੇਤੇ ਪੁਲਿਸ ਅਫ਼ਸਰਾਂ ਉਪਰ ਨਸ਼ਾ ਵਿਕਵਾਉਣ ਦੇ ਲੱਗਣ ਵਾਲੇ ਦੋਸ਼ ਗੰਭੀਰ ਹਨ। ’’ ਜਗਰੂਪ ਗਿੱਲ ਨੇ ਦਾਅਵਾ ਕੀਤਾ ਕਿ ਬਠਿੰਡਾ ਹਲਕੇ ’ਚ ਜਿਸ ਤਰ੍ਹਾਂ ਤਸਕਰਾਂ ਨੇ ਆਪਣੀਆਂ ਜੜ੍ਹਾਂ ਫੈਲਾ ਲਈਆਂ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦੀ ਸਰਪ੍ਰਸਤੀ ਹੇਠਾਂ ਕੰਮ ਕਰ ਰਹੇ ਤਸਕਰਾਂ ਦੀ ਸੋਚੀ-ਸਮਝੀ ਸਾਜਿਸ਼ ਤਹਿਤ ਇਹ ਕੰਮ ਕੀਤਾ ਜਾ ਰਿਹਾ। ਹਲਕਾ ਇੰਚਾਰਜ ਸ ਗਿੱਲ ਨੇ ਅਕਾਲੀ ਦਲ ਨੂੰ ਵੀ ਵਲੇਟੇ ਵਿਚ ਲੈਂਦਿਆਂ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ’ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲਿਆਂ ਨੂੰ ਅਪਣੀ ਪੀੜੀ ਹੇਠ ਸੋਟਾਂ ਮਾਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ਼ ਦੌਰਾਨ ਨਸ਼ਾ ਕਿਸ ਤਰ੍ਹਾਂ ਵਿਕਦਾ ਰਿਹਾ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਕੱਲ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਸ ਮਾਮਲੇ ਨੂੰ ਚੁੱਕਦਿਆਂ ਨਸਾ ਤਸਕਰ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਸੀ। ਉਧਰ ਐਸ.ਐਸ.ਪੀ ਅਜੈ ਮਲੂਜਾ ਨੇ ਦਸਿਆ ਕਿ ਮਾਮਲੇ ਦੀ ਜਾਂਚ ਡੀਐਸਪੀ ਸਿਟੀ ਨੂੰ ਸੋਂਪ ਦਿੱਤੀ ਗਈ ਹੈ ਤੇ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।
ਕਾਂਗਰਸੀ ਆਗੂ ਰਾਜ ਨੰਬਰਦਾਰ ਨੇ ਠੋਕੀ ਬਠਿੰਡਾ ਸ਼ਹਿਰੀ ਹਲਕੇ ’ਤੇ ਦਾਅਵੇਦਾਰੀ
ਸ਼ਹਿਰ ’ਚ ਲਗਾਈਆਂ ਫਲੈਕਸਾਂ ਪਾੜਣ ਦੇ ਲਗਾਏ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 7 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਸ਼ਹਿਰ ਦੇ ਇੱਕ ਵੱਡੇ ਕਾਂਗਰਸੀ ਆਗੂ ਰਾਜ ਨੰਬਰਦਾਰ ਨੇ ਹਲਕੇ ’ਤੇ ਅਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਵਿਧਾਨ ਸਭਾ ਚੋਣ ਲੜਣ ਲਈ ਤਤਪਰ ਰਹਿਣ ਵਾਲੇ ਇਸ ਆਗੂ ਦੇ ਅਚਾਨਕ ਸ਼ਹਿਰ ਵਿਚ ਹੋਰਡਿੰਗ ਤੇ ਬੋਰਡਾਂ ਦੀ ਭਰਮਾਰ ਹੋ ਗਈ ਹੈ। ਪ੍ਰੰਤੂ ਕਾਂਗਰਸ ਦੇ ਝੰਡੇ ਦੇ ਰੰਗ ਦੇ ਪਿਛੋਕੜ ਵਾਲੀਆਂ ਇੰਨ੍ਹਾਂ ਹੋਰਡਿੰਗਾਂ ’ਤੇ ਕਾਂਗਰਸ ਦੇ ਕਿਸੇ ਹੋਰ ਆਗੂ ਦੀ ਫ਼ੋਟੋ ਨਾ ਹੋਣ ਕਾਰਨ ਕਈ ਤਰ੍ਹਾਂ ਦੇ ਸਿਆਸੀ ਚਰਚੇ ਸ਼ੁਰੂ ਹੋ ਗਏ ਹਨ। ਹਾਲਾਂਕਿ ਨੰਬਰਦਾਰ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਇੱਕ ਦਿਨ ਪਹਿਲਾਂ ਲਗਾਈਆਂ ਫ਼ਲੈਕਸਾਂ ਵਿਚੋਂ ਕੁੱਝ ਨੂੰ ਪਾੜ੍ਹ ਦਿੱਤਾ ਗਿਆ। ਦਸਣਾ ਬਣਦਾ ਹੈ ਕਿ ਸੇਠ ਮਿਲਖ਼ੀ ਰਾਮ ਤੋਂ ਕਾਂਗਰਸ ਦਾ ਝੰਡਾ ਚੁੱਕਣ ਵਾਲੇ ਇਸ ਪ੍ਰਵਾਰ ਵਿਚੋਂ ਦੇਵ ਰਾਜ ਨੰਬਰਦਾਰ 1985 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ। ਮੌਜੂਦਾ ਸਮੇਂ ਰਾਜ ਨੰਬਰਦਾਰ ਖ਼ੁਦ ਟਿਕਟ ਦਾ ਦਾਅਵੇਦਾਰ ਹੈ ਤੇ ਉਨ੍ਹਾਂ ਦਾ ਪੁੱਤਰ ਵਿੱਕੀ ਨੰਬਰਦਾਰ ਸਥਾਨਕ ਨਗਰ ਨਿਗਮ ਦਾ ਵਾਰਡ ਨੰਬਰ 14 ਤੋਂ ਕੋਂਸਲਰ ਹੈ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਅਗਰਵਾਲ ਭਾਈਚਾਰੇ ਨਾਲ ਸਬੰਧਤ ਰਾਜ ਨੰਬਰਦਾਰ ਦੀ ਕਾਂਗਰਸ ਤੋਂ ਬਾਗੀ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਚੰਗੀ ਨੇੜਤਾ ਹੈ। ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਾਂਗਰਸ ਦੀ ਟਿਕਟ ਨਾ ਮਿਲਣ ’ਤੇ ਕੈਪਟਨ ਧੜਾ ਉਨ੍ਹਾਂ ਨੂੰ ਅਪਣੇ ਪਾਲੇ ਵਿਚ ਕਰ ਸਕਦਾ ਹੈ। ਸਿਆਸੀ ਮਾਹਰਾਂ ਮੁਤਾਬਕ ਜੇਕਰ ਨੰਬਰਦਾਰ ਕਾਂਗਰਸ ਨੂੰ ਛੱਡ ਕਿਸੇ ਹੋਰ ਪਾਰਟੀ ਤੋਂ ਵੀ ਉਮੀਦਵਾਰ ਬਣਦੇ ਹਨ ਤਾਂ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਨੂੰ ਇਸਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਕਾਂਗਰਸ ਦੀ ਮੰਨੀ ਜਾਣ ਵਾਲੀ ਹਿੰਦੂ ਵੋਟ ਉਪਰ ਉਕਤ ਆਗੂ ਦਾ ਕਾਫ਼ੀ ਪ੍ਰਭਾਵ ਹੈ। ਉਧਰ ਸੰਪਰਕ ਕਰਨ ’ਤੇ ਰਾਜ ਨੰਬਰਦਾਰ ਨੇ ਮੰਨਿਆ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਲਈ ਮਜਬੂਤ ਦਾਅਵੇਵਾਰ ਹਨ, ਜਿਸਦੇ ਚੱਲਦੇ ਉਨ੍ਹਾਂ ਵਲੋਂ ਸ਼ਹਿਰ ਵਿਚ 500 ਦੇ ਕਰੀਬ ਹੋਰਡਿੰਗ ਲਗਾਏ ਹਨ। ਉਨ੍ਹਾਂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਤੋਂ ਉਮੀਦਵਾਰ ਬਣਨ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਜਲਦੀ ਹੀ ਸਭ ਕੁੱਝ ਕਲੀਅਰ ਹੋ ਜਾਵੇਗਾ, ਕਿਉਂਕਿ ਟਕਸਾਲੀ ਕਾਂਗਰਸੀ ਹੋਣ ਕਾਰਨ ਉਨ੍ਹਾਂ ਦਾ ਇਸ ਹਲਕੇ ਤੋਂ ਹੱਕ ਬਣਦਾ ਹੈ। ਇਸਦੇ ਇਲਾਵਾ ਰਾਜ ਨੰਬਰਦਾਰ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸ਼ਹਿਰ ਦੇ ਲੋਕ ਉਨ੍ਹਾਂ ਨੂੰ ਚੁਣਦੇ ਹਨ ਤਾਂ ਉਹ ਵਿਧਾਇਕ ਵਜੋਂ ਸਿਰਫ਼ ਇੱਕ ਰੁਪਇਆ ਤਨਖ਼ਾਹ ਲੈਣਗੇ ਅਤੇ ਨਾ ਹੀ ਸਰਕਾਰੀ ਗੱਡੀ ਤੇ ਕੋਈ ਹੋਰ ਸਹੂਲਤ ਲੈਣਗੇ। ਇੱਥੇ ਦਸਣਾ ਬਣਦਾ ਹੈ ਕਿ ਉਕਤ ਆਗੂ ਦੇ ਕੋਂਸਲਰ ਪੁੱਤਰ ਵਿੱਕੀ ਨੰਬਰਦਾਰ ਵਲੋਂ ਵੀ ਬਤੌਰ ਕੋਂਸਲਰ ਮਿਲਦੀ ਤਨਖ਼ਾਹ ਅਪਣੇ ਵਾਰਡ ਵਿਚ ਪੈਂਦੇ ਗੁਰਦੂਆਰਾ ਭਾਈ ਮਤੀ ਦਾਸ ਨਗਰ, ਗੁਰਦੂਆਰਾ ਸ਼੍ਰੀ ਜੀਵਨ ਪ੍ਰਕਾਸ਼ ਮਾਡਲ ਟਾਊਨ ਤੇ ਦੁਰਗਾ ਮੰਦਰ ਮਾਡਲ ਟਾਊਨ ’ਚ ਹਰ ਮਹੀਨੇ ਬਰਾਬਰ ਵੰਡੀ ਜਾਂਦੀ ਹੈ।
ਸਾਬਕਾ ਅਕਾਲੀ ਵਿਧਾਇਕ ਨੇ ਡਾ ਅੰਬੇਦਕਰ ਦੀ ਬਰਸੀ ਮੌਕੇ ਭੇਂਟ ਕੀਤੀ ਸ਼ਰਧਾਂਜਲੀ
ਡਾ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ :ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ 6 ਦਸੰਬਰ: ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਦੇ ਅੱਜ ਬਰਸੀ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਉਮੀਦਵਾਰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਲੀਡਰਸ਼ਿਪ ਦੇ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਥਾਨਕ ਮਿੰਨੀ ਸਕੱਤਰੇਤ ਦੇ ਨਜ਼ਦੀਕ ਡਾ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਕੋਲ ਪਹੁੰਚੇ ਸਾਬਕਾ ਵਿਧਾਇਕ ਸ੍ਰੀ ਸਿੰਗਲਾ ਨੇ ਸ਼ਰਧਾਂਜਲੀ ਦਿੰਦਿਆਂ ਅੱਜ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਡਾ ਭੀਮ ਰਾਓ ਅੰਬੇਦਕਰ ਜੀ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੀਡਰ ਉਨ੍ਹਾਂ ਦੀ ਸੋਚ ਨੂੰ ਪੂਰਾ ਨਹੀਂ ਕਰ ਰਹੇ, ਨਿੱਜੀ ਲੋਭ ਲਾਲਚ ਲਈ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਰਹੇ ਹਨ, ਜੋ ਸਭ ਤੋਂ ਵੱਡਾ ਪਾਪ ਹੈ ।ਉਨ੍ਹਾਂ ਕਿਹਾ ਕਿ ਡਾ ਭੀਮ ਰਾਓ ਅੰਬੇਦਕਰ ਜੀ ਨੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੱਤਾ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਪੂਰੀ ਵਚਨਬੱਧਤਾ ਦੁਹਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡਾ ਭੀਮ ਰਾਓ ਅੰਬੇਦਕਰ ਜੀ ਦੇ ਨਾਮ ਤੇ ਕਈ ਇਤਿਹਾਸਕ ਫ਼ੈਸਲੇ ਲਏ ਜਦੋਂ ਪੰਜਾਬ ਦੀ ਮੌਜੂਦਾ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਵਿਰੋਧੀ ਨੀਤੀਆਂ ਨੂੰ ਅਪਣਾਇਆ । ਇਸ ਮੌਕੇ ਉਨ੍ਹਾਂ ਦੇ ਨਾਲ ਜਗਦੀਪ ਸਿੰਘ ਗਹਿਰੀ, ਐਡਵੋਕੇਟ ਰਾਜਿੰਦਰ ਸਿੰਘ ਰਾਜੂ ਸਮੇਤ ਸ਼੍ਰੋਮਣੀ ਅਕਾਲੀ ਦਲ ਬਸਪਾ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਕਾਂਗਰਸ ਨੇ ਸੁਨੀਲ ਜਾਖੜ ਨੂੰੂ ਬਣਾਇਆ ਚੋਣ ਪ੍ਰਚਾਰ ਕਮੇਟੀ ਦਾ ਮੁਖੀ
ਬਾਜਵਾ ਨੂੰ ਸੌਪੀ ਚੋਣ ਮਨੋਰਥ ਪੱਤਰ ਕਮੇਟੀ ਦੇ ਮੁਖੀ ਦੀ ਜਿੰਮੇਵਾਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਦਸੰਬਰ: ਅਗਲੇ ਸਾਲ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਨਰਾਜ਼ ਆਗੂਆਂ ਨੂੰ ਇਕਸੁਰ ਕਰਨ ਲਈ ਅੱਜ ਕਾਂਗਰਸ ਪਾਰਟੀ ਨੇ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਨਾਮਜਦ ਕੀਤਾ ਹੈ। ਜਦੋਂਕਿ ਇੱਕ ਹੋਰ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਲੀ ਕਮੇਟੀ ਦੇ ਮੁਖੀ ਵਜੋਂ ਜਿੰਮੇਵਾਰੀ ਸੋਂਪੀ ਹੈ। ਇਸ ਤਰ੍ਹਾਂ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦਾ ਪ੍ਰਮੁੱਖ ਬਣਾਇਆ ਗਿਆ ਹੈ। ਪਾਰਟੀ ਦੇ ਸਕੱਤਰ ਜਨਰਲ ਕੇ.ਸੀ.ਵੇਣੂਗੋਪਾਲ ਵੱਲੋਂ ਜਾਰੀ ਪੱਤਰ ਤਹਿਤ ਉਮੀਦਵਾਰਾਂ ਦੀ ਚੋਣ ਲਈ ਬਣਾਈ ਸਕਰੀਨਿੰਗ ਕਮੇਟੀ ਦਾ ਮੁਖੀ ਪਾਰਟੀ ਦੇ ਜਨਰਲ ਸਕੱਤਰ ਅਜੈ ਮਾਕਨ ਨੂੰ ਦਿੱਤੀ ਗਈ ਹੈ। ਇਸ ਕਮੇਟੀ ਦੇ ਹੋਰ ਮੈਂਬਰ ਚੰਦਨ ਯਾਦਵ ਤੇ ਕਿ੍ਰਸ਼ਨਾ ਅਲਵਾਰੂ ਨੂੰ ਬਣਾਇਆ ਗਿਆ ਹੈ ਜਦੋਂਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਐਕਸ ਆਫ਼ੀਸੀਓ ਮੈਂਬਰ ਵਜੋਂ ਲਿਆ ਗਿਆ ਹੈ।
ਸਿਹਤ ਵਿਭਾਗ ਦੀਆਂ ਨਰਸਾਂ ਵਲੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਅਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀਆਂ ਸਿਹਤ ਵਿਭਾਗ ਦੀਆਂ ਨਰਸਾਂ ਨੇ ਅੱਜ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਸਿਵਲ ਸਰਜਨ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਇੰਨ੍ਹਾਂ ਨਰਸਾਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ। ਇਸ ਮੌਕੇ ਨਰਸਾਂ ਦੀ ਹੜਤਾਲ ਦੀ ਹਿਮਾਇਤ ’ਚ ਸਿਹਤ ਵਿਭਾਗ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਵੀ ਸਮਰਥਨ ਦੇਣ ਦਾ ਐਲਾਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਨਰਸਾਂ ਨੇ ਪੇ-ਪੈਰਿਟੀ ਦੀਆਂ ਬੇਨਿਯਮੀਆਂ ਨੂੰ ਦੂਰ ਕਰਨ ਤੇ ਕੱਟੇ ਭੱਤੇ ਬਹਾਲ ਕਰਨ ਹੋਰਨਾਂ ਮੰਗਾਂ ਦੀ ਪੈਰਵੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਵਾਰ ਵਾਰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਮੰਗਾਂ ਨੂੰ ਲਿਆਉਣ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਉਹ ਹੜਤਾਲ ’ਤੇ ਜਾਣ ਲਈ ਮਜਬੂਰ ਹਨ। ਧਰਨੇ ਨੂੰ ਨਰਸਿੰਗ ਸਟਾਫ਼ ਦੀ ਆਗੂ ਸਰਵਨਜੀਤ ਕੌਰ, ਪੈਰਾਮੈਡੀਕਲ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ, ਜਨਰਲ ਸਕੱਤਰ ਜਸਵਿੰਦਰ ਸ਼ਰਮਾ, ਫਾਰਮਾਸਿਸਟ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ,ਕਲੈਰੀਕਲ ਯੂਨੀਅਨ ਦੇ ਪ੍ਰਧਾਨ ਮਹਿੰਦਰ ਸਚਦੇਵਾ, ਲੈਬ ਟੈਕਨੀਸ਼ੀਅਨ ਦੇ ਆਗੂ ਦਰਸ਼ਨ ਸਿੰਘ ਤੇ ਹਾਕਮ ਸਿੰਘ, , ਸੀਪੀਐੱਫ ਯੂਨੀਅਨ ਦੇ ਪ੍ਰਧਾਨ ਇਕਬਾਲ ਸਿੰਘ, ਕਲਾਸਫੋਰ ਯੂਨੀਅਨ ਦੇ ਪ੍ਰਧਾਨ ਗੋਪਾਲ ਨੇ ਸੰਬੋਧਨ ਕੀਤਾ।
ਪਾਕਿਸਤਾਨ ਨਾਲ ਪੰਜਾਬ ਸਰਹੱਦ ਤੋਂ ਵਪਾਰ ਖੋਲ੍ਹਣ ਲਈ ਛੇਤੀ ਹੀ ਭਾਰਤ ਸਰਕਾਰ ਕੋਲ ਪਹੁੰਚ ਕਰਾਂਗਾ-ਮੁੱਖ ਮੰਤਰੀ ਚੰਨੀ
ਪਾਈਟੈਕਸ ਲਈ ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਏਸੇ ਹਫਤੇ ਰੱਖਿਆ ਜਾਵੇਗਾ
ਸੁਖਜਿੰਦਰ ਮਾਨ
ਅੰਮ੍ਰਿਤਸਰ, 6 ਦਸੰਬਰ: ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਐਲਾਨ ਕੀਤਾ ਕਿ ਗੁਆਂਢੀ ਦੇਸ਼ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੇ ਮਾਮਲੇ ਨੂੰ ਉਠਾਉਣ ਲਈ ਉਹ ਛੇਤੀ ਹੀ ਭਾਰਤ ਸਰਕਾਰ ਨੂੰ ਪੱਤਰ ਲਿਖਣ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਸੋਂ ਵੀ ਮੁਲਾਕਾਤ ਲਈ ਸਮਾਂ ਮੰਗਣਗੇ।ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਅਹਿਮ ਮੰਗ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਕਿ ਪੀ.ਆਈ.ਟੀ.ਈ.ਐਕਸ ਲਈ 10 ਏਕੜ ਰਕਬੇ ਵਿੱਚ ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਏਸੇ ਹਫਤੇ ਦੇ ਅੰਦਰ ਰੱਖਿਆ ਜਾਵੇਗਾ ਤਾਂ ਜੋ ਸੰਸਥਾ ਨੂੰ ਖਿੱਤੇ ਵਿਚ ਵਪਾਰ ਅਤੇ ਉਦਯੋਗ ਨੂੰ ਵੱਡੀ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਪੂਰਾ ਕਰਨ ਦੇ ਯੋਗ ਬਣਾਇਆ ਜਾ ਸਕੇ। ਇੱਥੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੇ 15ਵੇਂ ਮੇਲੇ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਚੰਨੀ ਨੇ ਸੁਆਲ ਉਠਾਉਂਦਿਆਂ ਕਿਹਾ ਕਿ ਜੇਕਰ ਵਪਾਰ ਸਮੁੰਦਰੀ ਰਸਤੇ ਤੋਂ ਹੋ ਸਕਦਾ ਹੈ ਤਾਂ ਜ਼ਮੀਨੀ ਮਾਰਗ ਰਾਹੀਂ ਕਿਉਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਨਾਲ ਆਰਥਿਕ ਖੁਸ਼ਹਾਲੀ ਦੇ ਵੱਡੇ ਮੌਕੇ ਪੈਦਾ ਹੋਣਗੇ। .
ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਉਦਯੋਗਪਤੀਆਂ ਨੂੰ ਇਕ ਹੀ ਪਲੇਟਫਾਰਮ ਤੋਂ ਹਰੇਕ ਤਰ੍ਹਾਂ ਦੀਆਂ ਲੋੜੀਂਦੀਆਂ ਪ੍ਰਵਾਨਗੀਆਂ ਨਿਰਵਿਘਨ ਢੰਗ ਨਾਲ ਯਕੀਨੀ ਬਣਾਉਣ ਲਈ ਜਲਦੀ ਹੀ ਇੱਕ ਡਿਜੀਟਲ ਸਿੰਗਲ-ਵਿੰਡੋ ਪ੍ਰਣਾਲੀ ਸਥਾਪਿਤ ਕੀਤੀ ਜਾਵੇਗੀ। ਚੰਨੀ ਨੇ ਕਿਹਾ, “ਇਹ ਕਦਮ ਉਨ੍ਹਾਂ ਨੂੰ ਅਧਿਕਾਰੀਆਂ ਦੇ ਨਾਲ ਸਿੱਧੇ ਵਾਸਤੇ ਨੂੰ ਹਟਾ ਕੇ ਆਪਣੇ ਘਰਾਂ ਤੋਂ ਲੋੜੀਂਦੀਆਂ ਇਜਾਜ਼ਤਾਂ ਲਈ ਅਰਜ਼ੀ ਦੇਣ ਦੇ ਯੋਗ ਬਣਾਵੇਗਾ, ਜਿਸ ਨਾਲ ਪਾਰਦਰਸ਼ਤਾ ਹੋਰ ਵਧੇਗੀ।”ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਵਪਾਰੀਆਂ ਵਿਰੁੱਧ ਵੈਟ ਨਾਲ ਸਬੰਧਤ ਦਰਜ 40,000 ਕੇਸ ਵਾਪਸ ਲੈ ਲਏ ਹਨ, ਸੰਸਥਾਗਤ ਟੈਕਸ ਖਤਮ ਕਰ ਦਿੱਤਾ ਹੈ, ਵਪਾਰ ਦਾ ਅਧਿਕਾਰ ਕਾਨੂੰਨ-2020 ਲਾਗੂ ਕਰ ਦਿੱਤਾ ਹੈ, ਜਿਸ ਨਾਲ ਫੈਕਟਰੀਆਂ ਅਤੇ ਉਦਯੋਗਿਕ ਖੇਤਰਾਂ ਦੇ ਵਿਸਥਾਰ ਲਈ ਸੀ.ਐਲ.ਯੂ. ਲੈਣ ਦੀ ਲੋੜ ਨੂੰ ਖਤਮ ਕਰਨਾ, 50 ਪ੍ਰਤੀਸ਼ਤ ਨਿਰਧਾਰਤ ਦਰਾਂ ਘਟਾ ਕੇ ਉਦਯੋਗਿਕ ਖੇਤਰ ਨੂੰ ਵੱਡੀ ਰਾਹਤ ਦਿੱਤੀ ਗਈ, 14 ਮੋਬਾਈਲ ਦਸਤਿਆਂ ਦੀ ਗਿਣਤੀ ਨੂੰ 4 ਤੱਕ ਲਿਆਉਣਾ, ਇਸੇ ਤਰ੍ਹਾਂ ਇੰਸਪੈਕਟਰ ਰਾਜ ਦਾ ਅੰਤ ਕੀਤਾ ਗਿਆ, ਫੋਕਲ ਪੁਆਇੰਟਾਂ ਨੂੰ 10 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ। ਵਿਵਾਦਿਤ ਮਾਮਲਿਆਂ ਲਈ 150 ਕਰੋੜ ਰੁਪਏ ਦੀ ਯਕਮੁਸ਼ਤ ਨਿਪਟਾਰਾ ਸਕੀਮ (ਓ.ਟੀ.ਐਸ.) ਸਕੀਮ ਤੋਂ ਇਲਾਵਾ ਚੰਡੀਗੜ੍ਹ ਵਿੱਚ 200 ਏਕੜ ਰਕਬੇ ਵਿੱਚ ਫਿਲਮ ਸਿਟੀ ਪ੍ਰੋਜੈਕਟ ਪਹਿਲਾਂ ਹੀ ਤਿਆਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ, ”ਅਸੀਂ ਹੁਨਰ ਵਿਕਾਸ ‘ਤੇ ਪੂਰਾ ਧਿਆਨ ਕੇਂਦਰਿਤ ਕਰਦੇ ਹੋਏ ਉਦਯੋਗਿਕ ਖੇਤਰ ਦੀਆਂ ਮੰਗਾਂ ਦੇ ਅਨੁਸਾਰ ਵਿਦਿਅਕ ਸੰਸਥਾਵਾਂ ਵਿੱਚ ਢੁਕਵਾਂ ਸਿਲੇਬਸ ਸ਼ੁਰੂ ਕਰਨ ਦੀ ਵੀ ਯੋਜਨਾ ਬਣਾ ਰਹੇ ਹਾਂ।”
ਧਾਰਮਿਕ ਸੈਰ ਸਪਾਟੇ ਵਿੱਚ ਅੰਮ੍ਰਿਤਸਰ ਦੀਆਂ ਵੱਡੀਆਂ ਸੰਭਾਵਨਾਵਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਚੰਨੀ ਨੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਸੈਰ ਸਪਾਟੇ ਦੇ ਖੇਤਰ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਰੂਪ ਵਿਚ ਪੰਜਾਬ ਦਾ ਅੱਵਲ ਦਰਜਾ ਹੈ। ਉਨ੍ਹਾਂ ਨੇ ਪਾਈਟੈਕਸ ਵੱਲੋਂ ਵਿਸ਼ੇਸ਼ ਕਰਕੇ ਖੇਤਰ ਦੇ ਕਾਰੋਬਾਰੀਆਂ ਨੂੰ ਵੱਡਾ ਪਲੇਟਫਾਰਮ ਪ੍ਰਦਾਨ ਕਰਨ ਅਤੇ ਮੇਲੇ ਵਿਚ ਪੰਜ ਦੇਸ਼ਾਂ ਈਰਾਨ, ਮਿਸਰ, ਅਫਗਾਨਿਸਤਾਨ, ਤੁਰਕੀ ਅਤੇ ਥਾਈਲੈਂਡ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਇਸ ਦੀਆਂ ਸ਼ਾਨਦਾਰ ਸੇਵਾਵਾਂ ਲਈ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਉਥੇ ਲਾਏ ਗਏ 450 ਸਟਾਲਾਂ ਦਾ ਨਿਰੀਖਣ ਵੀ ਕੀਤਾ ਅਤੇ ਸੋਨਾਲੀਕਾ ਨੂੰ ‘ਸਰਵੋਤਮ ਇਨਡੋਰ ਸਟਾਲ’ ਦਾ ਐਵਾਰਡ ਜਦਕਿ ਜੇਏਐਲ ਕੰਪਨੀ ਨੂੰ ‘ਬੈਸਟ ਆਊਟਡੋਰ ਸਟਾਲ’ ਦਾ ਐਵਾਰਡ ਦਿੱਤਾ।ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਸਰਹੱਦ ਪਾਰ ਤੋਂ ਵਪਾਰ ਦੀ ਅਹਿਮੀਅਤ ਨੂੰ ਦਰਸਾਇਆ। ਅੰਮ੍ਰਿਤਸਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਖੁਸ਼ਹਾਲੀ ਦੇ ਨਵੇਂ ਦਿਸਹੱਦੇ ਖੋਲ੍ਹੇਗਾ ਕਿਉਂਕਿ 34 ਦੇਸ਼ਾਂ ਨਾਲ ਵਪਾਰ ਅਤੇ ਕਾਰੋਬਾਰੀ ਗਤੀਵਿਧੀਆਂ ਚਲਾਈਆਂ ਜਾਣਗੀਆਂ। ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ ਦੇ ਵਪਾਰੀਆਂ ਨੂੰ ਹੁਲਾਰਾ ਦੇਣ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਡਾ ਧਿਆਨ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲਿਆਂ ਦੀ ਬਜਾਏ ਰੁਜ਼ਗਾਰ ਪੈਦਾ ਕਰਨ ਦੇ ਯੋਗ ਬਣਾਉਣ ‘ਤੇ ਹੋਣਾ ਚਾਹੀਦਾ ਹੈ।ਇਸ ਦੌਰਾਨ ਪੀਐਚਡੀ ਚੈਂਬਰ ਪੰਜਾਬ ਦੇ ਸਹਿ-ਚੇਅਰਪਰਸਨ ਕਰਨ ਗਿਲਹੋਤਰਾ ਨੇ ਪਾਇਟੈਕਸ-21 ਦੇ ਪ੍ਰਬੰਧ ਸਫਲਤਾ ਨਾਲ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਪੀ.ਐਚ.ਡੀ.ਸੀ.ਸੀ.ਆਈ. ਦੇ ਪੰਜਾਬ ਸਟੇਟ ਚੈਪਟਰ ਦੇ ਕਨਵੀਨਰ ਅੰਮ੍ਰਿਤਸਰ ਜ਼ੋਨ ਦੇ ਕਨਵੀਨਰ ਅਤੇ ਪੀ.ਐਚ.ਡੀ.ਸੀ.ਸੀ.ਆਈ. ਦੇ ਸਹਾਇਕ ਸਕੱਤਰ ਜਨਰਲ ਨਵੀਨ ਸੇਠ ਹਾਜ਼ਰ ਸਨ।






