Sunday, May 3, 2026
Home Blog Page 2692

ਪੀਆਰਟੀਸੀ ਕਾਮਿਆਂ ਨੇ ਦੋ ਘੰਟੇ ਕੀਤਾ ਬੱਸਾਂ ਦਾ ਚੱਕਾ ਜਾਮ

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਰੋਡਵੇਜ, ਪਨਬੱਸ/ਪੀ ਆਰ ਟੀ ਸੀ ਕਾਮਿਆਂ ਨੇ ਅੱਜ ਯੂਨੀਅਨ ਦੇ ਸੱਦੇ ਹੇਠ ਬੱਸ ਸਟੈਂਡ ਉੱਤੇ ਰੋਸ ਪ੍ਰਦਰਸਨ ਕਰਦਿਆਂ ਦੋ ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਸਥਾਨਕ ਬੱਸ ਸਟੈਂਡ ਉਪਰ ਕੀਤੇ ਪ੍ਰਦਰਸ਼ਨ ਦੌਰਾਨ ਬੋਲਦਿਆਂ ਸੂਬਾ ਆਗੂ ਕੁਲਵੰਤ ਸਿੰਘ ਮਨੇਸ ,ਡਿਪੂ ਪ੍ਰਧਾਨ ਸੰਦੀਪ ਸਿੰਘ ਗਰੇਵਾਲ, ਮੀਤ ਪ੍ਰਧਾਨ ਗੁਰਦੀਪ ਸਿੰਘ ਝੁਨੀਰ ਨੇ ਦੋਸ਼ ਲਗਾਇਆ ਕਿ ਸਿਵਾਏ ਝੂਠੇ ਲਾਰਿਆਂ ਦੇ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਨਹੀ ਕੀਤਾ ਜਾ ਰਿਹਾ। ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਫ਼ਿਰ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਾਅਦ ਵਿਚ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਵੜਿੰਗ ਨੇ ਭਰੋਸਾ ਦਿੱਤਾ ਪ੍ਰੰਤੂ ਨਵੇਂ ਐਕਟ ਵਿਚ ਬੋਰਡ ਤੇ ਕਾਰਪੋਰੇਸਨਾਂ ਨੂੰ ਬਾਹਰ ਰੱਖ ਕੇ ਸਰਕਾਰੀ ਵਿਭਾਗਾਂ ਨਾਲੋਂ ਸਿੱਧਾ ਕੱਚੇ ਮੁਲਾਜਮਾਂ ਦਾ ਨਾਤਾ ਤੋੜ ਦਿੱਤਾ ਹੈ। ਉਹਨਾਂ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ 10 ਹਜਾਰ ਸਰਕਾਰੀ ਬੱਸਾਂ ਕੀਤੀਆਂ ਜਾਣ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਬੱਸ ਸਰਕਾਰੀ ਖਜਾਨੇ ਵਿਚੋਂ ਨਹੀਂ ਪਾਈ ਜਾਂਦੀ ਪਨਬੱਸ ਅਤੇ ਬੈਂਕਾਂ ਤੋਂ ਕਰਜਾ ਲੈ ਕੇ ਬੱਸਾਂ ਪਾਂਦੀ ਹੈ, ਜਿਸ ਕਾਰਨ ਪੰਜਾਬ ਰੋਡਵੇਜ ਦੀਆਂ 2407 ਬੱਸਾਂ ਵਿੱਚੋ 399 ਬੱਸਾਂ ਹੀ ਰਹਿ ਗਈਆਂ ਹਨ।

ਵਿੱਤ ਮੰਤਰੀ ਨੇ ਬਠਿੰਡਾ-ਬਾਦਲ ਸੜਕ ਦੇ ਪੁਨਰ ਨਿਰਮਾਣ ਲਈ ਰੱਖਿਆ ਨੀਂਹ ਪੱਥਰ

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਦੀ ਵੀਵੀਆਈਪੀ ਸੜਕ ਮੰਨੀ ਜਾਣ ਵਾਲੀ ਬਠਿੰਡਾ-ਬਾਦਲ ਰੋਡ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਰਵਾਈ ਗਈ। ਪਿਛਲੇ ਕਈ ਸਾਲਾਂ ਤੋਂ ਮੁਰੰਮਤ ਭਾਲਦੀ ਇਸ ਸੜਕ ਦੇ ਨਵੀਨੀਕਰਨ ਉਪਰ 3621 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਬਠਿੰਡਾ ਸ਼ਹਿਰੀ ਤੇ ਬਠਿੰਡਾ ਦਿਹਾਤੀ ਹਲਕਿਆਂ ਦੇ ਰੱਖੇ ਇਕੱਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਸੜਕ ਦੀ ਰਿਪੇਅਰ ਬਹੁਤ ਜਰੂਰੀ ਹੈ ਕਿਉਂਕਿ ਇਹ ਸੜਕ ਦੀ ਰਿਪੇਅਰ ਸਾਲ 2011-12 ਵਿਚ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਲਗਭਗ ਚਾਰ ਪੰਜ ਮਹੀਨਿਆਂ ਵਿੱਚ ਖਤਮ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਸ਼ਹਿਰ ਨੂੰ ਹਰ ਪੱਖ ਤੋਂ ਵਿਕਸਤ ਕਰਨ ਲਈ ਕਾਰਜ ਆਰੰਭੇ ਜਾਣਗੇ ਤੇ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਾਜਨ ਗਰਗ, ਜ਼ਿਲ੍ਹਾ ਪੁਲਿਸ ਮੁਖੀ ਅਜੈ ਮਲੂਜਾ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰੁਣਵਧਾਵਨ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਸੀਨੀਅਰ ਕਾਂਗਰਸੀ ਆਗੂ ਰੁਪਿੰਦਰਜੀਤ ਸਿੰਘ, ਉਪ ਚੇਅਰਮੈਨ ਗੁਰਇਕਬਾਲ ਸਿੰਘ ਚਾਹਲ, ਐਡਵੋਕੇਟ ਸੁਰਜੀਤ ਸਿੰਘ ਸੋਹੀ,ਸੀਨੀਅਰ ਆਗੂ ਕੁਲਵਿੰਦਰ ਸਿੰਘ ਰਾਏਕੇ, ਰਣਜੀਤ ਸਿੰਘ ਗਰੇਵਾਲ ਆਦਿ ਹਾਜ਼ਰ ਸਨ।
ਬਾਕਸ
ਇਸ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਰਨਾਲਾ ਬਾਈਪਾਸ ਤੋਂ ਆਈ.ਟੀ.ਆਈ ਚੌਕ ਤੱਕ ਬਣਨ ਵਾਲੀ ਰਿੰਗ ਰੋਡ ਵਿਚਕਾਰ ਪੈਂਦੀ ਪਟਿਆਲਾ ਲਾਈਨ ਉਪਰ ਅੰਡਰਬਿ੍ਰਜ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਕੋਂਸਲਰ ਬਲਰਾਜ ਪੱਕਾ, ਵਿੱਕੀ ਨੰਬਰਦਾਰ ਤੇ ਪਰਵਿੰਦਰ ਸਿੱਧੂ ਆਦਿ ਵੀ ਹਾਜ਼ਰ ਰਹੇ।

ਦਸਤਾਰ ਦੁਮਾਲਾ ਗੁਰਬਾਣੀ ਕੰਠ ਮੁਕਾਬਲੇ 5 ਦਸੰਬਰ ਨੂੰ ਗੁਰਮਤਿ ਸਮਾਗਮ 6ਦਸੰਬਰ ਨੂੰ : ਭਾਈ ਖਾਲਸਾ

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੋਸਾਇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਦਸਤਾਰ ਦੁਮਾਲਾ ਗੁਰਬਾਣੀ ਕੰਠ ਮੁਕਾਬਲੇ ਮਿਤੀ 5 ਦਿਸੰਬਰ ਨੂੰ ਕਰਵਾਏ ਜਾ ਰਹੇ ਹਨ, ਇਹ ਜਾਣਕਾਰੀ ਸੋਸਾਇਟੀ ਦੇ ਪ੍ਰਧਾਨ ਸਿਮਰਨਜੋਤ ਸਿੰਘ ਖ਼ਾਲਸਾ ਨੇ ਦਿਤੀ ਕਿ ਇਹ ਸਾਰਾ ਸਮਾਗਮ ਗੁਰਦੁਆਰਾ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਬਠਿੰਡਾ ਵਿੱਖੇ ਕਰਵਾਇਆ ਜਾ ਰਿਹਾ ਹੈ, ਇਸ ਵਿੱਚ ਵਿਸ਼ੇਸ ਇਨਾਮ 5100 ਰੱਖਿਆ ਗਿਆ ਹੈ, ਦਸਤਾਰ ਮੁਕਾਬਲੇ ਵਿੱਚ ਪਹਿਲਾਂ ਇਨਾਮ 3100, ਦੂਸਰਾ 2100 ਅਤੇ ਤੀਸਰਾ 1100. ਜੂਨੀਅਰ ਦੇ ਵਿੱਚ 2100,1500,1100। ਇਸੇ ਤਰ੍ਹਾਂ ਦੁਮਾਲਾ ਮੁਕਾਬਲੇ ਵਿੱਚ ਲੜਕੇ ਤੇ ਲੜਕੀਆਂ ਨੂੰ 2100,1500,1100 ਰੁਪਏ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦਸਿਆ ਕਿ ਦਸਤਾਰ, ਦੁਮਾਲਾ ਅਤੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਲੜਕੇ ਅਤੇ ਲੜਕੀਆਂ ਨੂੰ ਵਿਸੇਸ ਸਨਮਾਨ ਦਿੱਤਾ ਜਾਵੇਗਾ ।ਇਹਨਾ ਸਮਾਗਮਾਂ ਵਿਚ ਸੇਵਾਦਾਰ ਗੁਰਦਰਸ਼ਨ ਸਿੰਘ, ਬੱਗਾ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਮੀਤ ਸਿੰਘ, ਖਜ਼ਾਨਚੀ ਅਵਤਾਰ ਸਿੰਘ, ਅਮਨਦੀਪ ਸਿੰਘ ਬਠਿੰਡਾ, ਦਸਤਾਰ ਕੋਚ ਜਸਪ੍ਰੀਤ ਸਿੰਘ ਤੇ ਮਹਿਕਪਾਲ ਸਿੰਘ, ਵਿਸ਼ਨ ਸਿੰਘ, ਗੁਰਸੇਵਕ ਸਿੰਘ, ਮਹੇਸ਼ਇੰਦਰ ਸਿੰਘ ਪ੍ਰਧਾਨ ਗੁਰੂਦੁਵਾਰਾ ਪ੍ਰਬੰਧਕ ਕਮੇਟੀ ਆਦਿ ਹਾਜ਼ਰ ਸਨ।

ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਅਗਾਊਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ 2022 ਦੀਆਂ ਅਗਾਊਂ ਤਿਆਰੀਆਂ ਸਬੰਧੀ ਅੱਜ ਇੱਕ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਰਵਿੰਦ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਸਮੂਹ ਆਰਓਜ਼ ਅਤੇ ਏਆਰਓਜ਼ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਅਗਾਊਂ ਤਿਆਰੀਆਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਤਾਂ ਜੋ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਦੌਰਾਨ ਜ਼ਿਲ੍ਹੇ ਅੰਦਰ ਪੋਲਿੰਗ ਸਟੇਸ਼ਨ ਦੀ ਮੈਪਿੰਗ ਕਰਨੀ, ਕੰਟਰੋਲ ਰੂਮ ਸਥਾਪਤ, ਸ਼ਿਕਾਇਤ ਸੈੱਲ ਬਣਾਉਣ ਅਤੇ ਲੋੜੀਂਦੇ ਚੋਣ ਅਮਲੇ ਦੀਆਂ ਡਿਊਟੀਆਂ ਲਗਾਉਣ ਸਬੰਧੀ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰਨ ਬਾਰੇ ਕਿਹਾ ਗਿਆ। ਮੀਟਿੰਗ ਵਿਚ ਸਮੂਹ ਐਸਡੀਐਮਜ਼-ਕਮ-ਆਰਓਜ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਚਿਲਡਰਨ ਹੋਮ ਫ਼ਾਰ ਬੁਆਏਜ਼ ਦੇ ਵਿਦਿਆਰਥੀਆਂ ਨੂੰ ਵੰਡੇ ਸਾਈਕਲ

0

ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਚਿਲਡਰਨ ਹੋਮ (ਫ਼ਾਰ ਬੁਆਏਜ਼) ਦੇ 8 ਬੱਚਿਆਂ ਨੂੰ ਸਕੂਲ ਆਉਣ-ਜਾਣ ਲਈ ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਦਾਨ ਕੀਤੇ ਗਏ ਸਾਈਕਲਾਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਬੱਚਿਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਚੰਗੀ ਸਿੱਖਿਆ ਗ੍ਰਹਿਣ ਕਰਨ ਲਈ ਵੀ ਪ੍ਰੇਰਿਤ ਕੀਤਾ। ਜਿਕਰਯੌਗ ਹੈ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅਨਾਥ, ਲੋੜਵੰਦ ਤੇ ਬੇਸਹਾਰਾ ਬੱਚਿਆਂ ਦੀ ਸਾਂਭ-ਸੰਭਾਲ ਤੇ ਪੜ੍ਹਾਈ ਲਿਖਾਈ ਲਈ ਇਹ ਚਿਲਡਰਨ ਹੋਮ ਚਲਾਇਆ ਜਾ ਰਿਹਾ ਹੈ। ਇਸ ਮੌਕੇ ਸ. ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਚਿਲਡਰਨ ਹੋਮ ਫਾਰ ਬੁਆਏਜ਼ ਤੋਂ ਸਕੂਲ ਦੂਰ ਹੋਣ ਦੇ ਕਾਰਨ ਬੱਚਿਆ ਨੂੰ ਪੈਦਲ ਸਕੂਲ ਜਾਣ ਵਿੱਚ ਦਿੱਕਤ ਆਉਂਦੀ ਸੀ। ਇਸ ਮੌਕੇ ਐਸਡੀਐਮ ਕੰਵਰਜੀਤ ਸਿੰਘ, ਸੈਕਟਰੀ ਰੈਡ ਕਰਾਸ ਦਰਸ਼ਨ ਕੁਮਾਰ, ਰਾਜਵਿੰਦਰ ਸਿੰਘ ਅਤੇੇ ਵਿਦਿਆਰਥੀਆਂ ਹਾਜ਼ਰ ਸਨ।

ਕੋਈ ਵੀ ਯੋਗ ਵਿਅਕਤੀ ਲੋਕ ਭਲਾਈ ਸਕੀਮਾਂ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਵਾਝਾਂ-ਡਿਪਟੀ ਕਮਿਸ਼ਨਰ

0

ਨਵੀਂ ਪੈਨਸ਼ਨ ਦਾ ਲਾਭ, ਨੇਤਰਹੀਨਾਂ ਨੂੰ ਮੋਬਾਇਲ, ਸਟੀਕਾ, ਕੰਨਾਂ ਵਾਲੀਆਂ ਮਸ਼ੀਨਾਂ ਤੇ ਦੋ ਵ੍ਹੀਲ ਚੇਅਰਾਂ ਦੀ ਕੀਤੀ ਵੰਡ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਦਿਵਿਆਂਗ ਵਿਅਕਤੀਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤੇ ਜ਼ਿਲ੍ਹੇ ਵਿਚ ਕਿਸੇ ਵੀ ਯੋਗ ਲਾਭਪਾਤਰੀ ਨੂੰ ਲੋਕ ਭਲਾਈ ਸਕੀਮਾਂ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਧੂ ਨੇ 10 ਦਿਵਿਆਂਗਜਨਾਂ ਨੂੰ ਨਵੀਂ ਪੈਨਸ਼ਨ ਦਾ ਲਾਭ, 3 ਨੇਤਰਹੀਨ ਵਿਅਕਤੀਆਂ ਨੂੰ ਮੋਬਾਇਲ ਜੋ ਕਿ ਨੇਤਰਹੀਨ ਵਿਅਕਤੀ ਚਲਾ ਸਕਦੇ ਹਨ, 3 ਸਟੀਕਾ, 7 ਕੰਨਾਂ ਵਾਲੀਆਂ ਮਸ਼ੀਨਾਂ ਅਤੇ ਦੋ ਵ੍ਹੀਲ ਚੇਅਰਾਂ ਵੀ ਵੰਡੀਆਂ ਗਈਆਂ। ਇਸ ਤੋਂ ਇਲਾਵਾਂ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ ਵੱਲੋਂ ਕੰਪਿਊਟਰ ਕੋਰਸ ਪੂਰਾ ਕਰ ਚੁੱਕੇ 15 ਦਿਵਿਆਂਗ ਸਿਖੀਆਰਥੀਆਂ ਨੂੰ ਸਰਟੀਫਿਕੇਟ ਦੀ ਵੀ ਵੰਡ ਕੀਤੀ ਗਈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ. ਸੰਧੂ ਨੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਵਾਲੇ ਦਿਨ ਦੀ ਸ਼ੁਰੂਆਤ ਮਹੰਤ ਗੁਰਬੰਤਾ ਦਾਸ ਡੈਫ਼ ਐਡ ਡੈੱਬ ਵਿਖੇ ਸਕੂਲੀ ਬੱਚਿਆਂ ਨੂੰ ਮਿਠਿਆਈ ਵੰਡ ਕੇ ਕੀਤੀ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵੀਨ ਗਡਵਾਲ ਨੇ ਦੱਸਿਆ ਕਿ ਬਠਿੰਡਾ ਵਿੱਚ 11977 ਦਿਵਿਆਂਗਜਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਯੂ.ਡੀ.ਆਈ.ਡੀ ਪ੍ਰੋਜੈਕਟ ਤਹਿਤ 12111 ਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਚ ਵੋਕੇਸ਼ਨਲ ਰੀਹੈਬਲੀਟੇਸਨ ਸੈਂਟਰ ਦੁਆਰਾ 18 ਤੋਂ 40 ਸਾਲ ਤੱਕ ਦੇ ਦਿਵਿਆਂਗ ਵਿਅਕਤੀਆਂ ਨੂੰ ਕੰਪਿਊਟਰ ਅਤੇ ਸਿਲਾਈ ਕਢਾਈ ਕੋਰਸ ਵੀ ਕਰਵਾਏ ਜਾਂਦੇ ਹਨ। ਜਿਸ ਤਹਿਤ ਕੋਰਸ ਕਰਨ ਵਾਲੇ ਸਿਖਿਆਰਥੀ ਨੂੰ 2000 ਰੁਪਏ ਪ੍ਰਤੀ ਮਹੀਨਾ ਵਜੀਫਾ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਪਾਲ ਸਿੰਘ ਬਾਜਵਾ, ਸੈਕਟਰੀ ਰੈਡ ਕਰਾਸ ਦਰਸਨ ਕੁਮਾਰ ਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੀ ਸ਼ਾਮਿਲ ਸਨ

ਮੁੱਖ ਮੰਤਰੀ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਹਿਸਾਬ ਦੇਣ : ਅਕਾਲੀ ਦਲ

0

ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਦੀਆਂ ਕਥਿਤ ਪ੍ਰਾਪਤੀਆਂ ਵਾਲੇ ਪੂਰੇ ਸਫੇ ਦੇ ਇਸ਼ਤਿਹਾਰ ਵਿਚ ਕੀਤੇ ਦਾਅਵੇ ਕੀਤੇ ਲੀਰੋ ਲੀਰ, ਦੱਸਿਆ ਝੂਠ ਦਾ ਪੁਲੰਦਾ
ਕਿਹਾ ਕਿ ਮੁੱਖ ਮੰਤਰੀ ਜਿਹਨਾਂ ਨੂੰ ਪਹਿਲਾਂ ਐਲਾਨਜੀਤ ਸਿੰਘ ਵਜੋਂ ਜਾਣਿਆ ਜਾਂਦਾ ਸੀ, ਹੁਣ ਵਿਸ਼ਵਾਸਤਘਾਤ ਸਿੰਘ ਬਣ ਗਏ ਹਨ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ 2017-22 ਲਈ ਬਣਾਏ ਗਏ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਹਿਸਾਬ ਦੇਣ ਅਤੇ ਪਾਰਟੀ ਨੇ ਮੁੱਖ ਮੰਤਰੀ ਦੀਆਂ ਪਿਛਲੇ ਦੋ ਮਹੀਨਿਆਂ ਦੀਆਂ ਕਥਿਤ ਪ੍ਰਾਪਤੀਆਂ ਵਾਲੇ ਪੂਰੇ ਸਫੇ ਦੇ ਇਸ਼ਤਿਹਾਰ ਵਿਚ ਕੀਤੇ ਦਾਅਵੇ ਲੀਰੋ ਲੀਰ ਕਰਦਿਆਂ ਇਸਨੁੰ ਝੂਠ ਦਾ ਪੁਲੰਦਾ ਕਰਾਰ ਦਿੱਤਾ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ 2017 ਦੀਆਂ ਚੋਣਾਂ ਵਾਸਤੇ ਬਣਾਏ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਕੀ ਬਣਿਆ, ਇਸਦਾ ਹਿਸਾਬ ਪੰਜਾਬੀਆਂ ਨੂੰ ਦੇਣ। ਉਹਨਾਂ ਕਿਹਾ ਕਿ ਚੋਣ ਮਨੋਰਥ ਪੱਤਰ ਦੀ ਸਿਰਫ ਇਕ ਤਸਵੀਰ ਬਦਲੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੀ ਸੀ। ਉਹਨਾਂ ਕਿਹਾ ਕਿ ਬਾਕੀ ਦੇ ਤਿੰਨ ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਲਈ ਜਵਾਬਦੇਹ ਹਨ ਜਿਵੇਂ ਕਿ ਸ੍ਰੀ ਚੰਨੀ ਹਨ ਜੋ ਉਸ ਵੇਲੇ ਵੀ ਪਾਰਟੀ ਦਾ ਹਿੱਸਾ ਸਨ।
ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਸ੍ਰੀ ਚੰਨੀ ਨੂੰ ਆਖਿਆ ਕਿ ਉਹ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਦਾ ਦੋਸ਼ ਪਿਛਲੇ ਮੁੱਖ ਮੰਤਰੀ ਸਿਰ ਮੜ੍ਹ ਕੇ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ। ਉਹਨਾਂ ਕਿਹਾ ਕਿ ਲੋਕ ਤੁਹਾਡੇ ਤੋਂ 90 ਹਜ਼ਾਰ ਕਰੋੜ ਰੁਪਏ ਦੀ ਕਿਸਾਨੀ ਕਰਜ਼ਾ ਮੁਆਫੀ ਦੇ ਵਾਅਦੇ ਦਾ ਹਿਸਾਬ ਦਿੱਤੇ ਜਾਣ ਦੀ ਉਡੀਕ ਕਰ ਰਹੇ ਹਨ ਤੇ ਤੁਸੀਂ ਇਸਦੀ ਜ਼ਿੰਮੇਵਾਰੀ ਕੇਂਦਰ ਸਿਰ ਪਾ ਕੇ ਆਪਣੇ ਹੱਥ ਨਹੀਂ ਝਾੜ ਸਕਦੇ। ਇਸੇ ਤਰੀਕੇ ਲੋਕ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਨ ਕਿ ਕਾਂਗਰਸ ਨੇ ਪੰਜ ਸਾਲਾਂ ਵਿਚ ਕਿੰਨੀਆਂ ਨੌਕਰੀਆਂ ਦਿੱਤੀਆਂ ਤੇ ਕਾਂਗਰਸ ਨੇ ਆਪਣੇ ਘਰ ਘਰ ਰੋਜ਼ਗਾਰ ਨਾਅਰੇ ਨਾਲ ਨੌਜਵਾਨਾਂ ਨਾਲ ਧੋਖਾ ਕਿਉਂ ਕੀਤਾ।
ਅਕਾਲੀ ਆਗੂ ਨੇ ਕਿਹਾ ਕਿ ਬਜਾਏ ਸੱਚ ਬੋਲਣ ਅਤੇ ਇਹ ਪ੍ਰਵਾਨ ਕਰਨ ਦੇ ਕਿ ਉਹਨਾਂ ਦੀ ਸਰਕਾਰ ਹਾਰ ਮੁਹਾਜ਼ ’ਤੇ ਫੇਲ੍ਹ ਹੋ ਗਈ ਹੈ, ਮੁੱਖ ਮੰਤਰੀ ਨੇ ਸ਼ਰਾਰਤ ਕਰਦਿਆਂ ਪੂਰੇ ਸਫੇ ਦਾ ਇਸ਼ਤਿਹਾਰ ਛਪਵਾਇਆ ਹੈ ਜਿਸ ਵਿਚ ਪਿਛਲੇ ਦੋ ਮਹੀਨਿਆਂ ਵਿਚ ਕੀਤੇ ਕੰਮ ਲਈ ਆਪਣੇ ਆਪ ਨੁੰ ਹੀ ਵਧਾਈ ਦੇ ਰਹੇ ਹਨ। ਉਹਨਾਂ ਕਿਾ ਕਿ ਇਹ ਇਸ਼ਤਿਹਾਰ ਝੂਠ ਦਾ ਪੁਲੰਦਾ ਹਨ। ਵੁਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੁੰ ਐਲਾਨਜੀਤ ਸਿੰਘ ਕਰ ਕੇ ਜਾਣਿਆ ਜਾਂਦਾ ਸੀ ਕਿਉਂਕਿ ਉਹ ਸਿਰਫ ਐਲਾਨ ਹੀ ਕਰਦੇ ਸਨ ਪਰ ਹੁਣ ਉਹਨਾਂ ਨੂੰ ਵਿਸ਼ਵਾਸਘਾਤ ਸਿੰਘ ਕਰ ਕੇ ਜਾਣਿਆ ਜਾਵੇਗਾ ਕਿਉਂਕਿ ਉਹ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਵਾਸਤੇ ਨਕਲੀ ਐਲਾਨਾਂ ਦੀ ਵਰਤੋਂ ਕਰ ਰਹੇ ਹਨ।
ਮੁੱਖ ਮੰਤਰੀ ’ਤੇ ਸਿੱਧਾ ਕਰਦਿਆਂ ਡਾ. ਚੀਮਾ ਨੇ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਬਾਰੇ ਝੁਠ ਕਿਉਂ ਬੋਲਿਆ ਜਦੋਂ ਕਿ ਅਜਿਹਾ ਕੁਝ ਹੋਇਆ ਹੀ ਨਹੀਂ ਹੈ ਅਤੇ ਹੁਣ ਵੀ ਪ੍ਰਾਈਵੇਟ ਥਰਮਲ ਕੰਪਨੀਆਂ ਨੁੰ ਜਾਰੀ ਕੀਤੇ ਕਾਰਣ ਦੱਸੋ ਨੋਟਿਸ ’ਤੇ ਕੇਂਦਰੀ ਟ੍ਰਿਬਿਊਨਲ ਨੇ ਰੋਕ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ 3 ਰੁਪਏ ਯੂਨਿਟ ਬਿਜਲੀ ਦਰਾਂ ਘਟਾਉਣ ਬਾਰੇ ਰੈਗੂਲੇਟਰੀ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਹੁਕਮ ਆਰਜ਼ੀ ਹੈ ਤੇ ਇਹ 31 ਮਾਰਚ 2022 ਤੱਕ ਹੀ ਲਾਗੂ ਰਹੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਬਿਜਲੀ ਦਰਾਂ ਵਿਚ ਕਟੌਤੀ 1 ਨਵੰਬਰ ਤੋਂ ਹੋਵੇਗੀ ਤੇ ਹੁਣ ਉਹ ਆਖ ਰਹੇ ਹਨ ਕਿ ਇਹ ਜਨਵਰੀ ਦੇ ਅੱਧ ਵਿਚ ਯਾਨੀ ਚੋਣਾਂ ਦੇ ਦਿਨਾਂ ਵਿਚ ਸ਼ੁਰੂ ਹੋਵੇਗੀ।
ਚੰਨੀ ’ਤੇ ਚੁਟਕੀ ਲੈਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਸਾਰੇ ਐਲਾਨ ਪੂਰੇ ਕਰਨ ਦੀ ਜ਼ਿੰਮੇਵਾਰੀ ਅਗਲੀ ਸਰਕਾਰ ’ਤੇ ਸੁੱਟ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਨੂੰ 2 ਕਿਲੋਵਾਟ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਮੁਆਫ ਕਰਨ ਦੇ ਬਦਲੇ ਵਿਚ 1500 ਕਰੋੜ ਰੁਪਏ ਅਦਾ ਨਹੀਂ ਕੀਤੇ ਗਏ। ਇਸੇ ਤਰੀਕੇ ਬਿਜਲੀ ਬਿੱਲਾਂ ਤੇ ਵਾਟਰ ਸਪਲਾਈ ਸਕੀਮਾਂ ਦੀ ਮੁਆਫੀ ਦੇ 1168 ਕਰੋੜ ਰੁਪਏ ਵੀ ਨਹੀਂ ਦਿੱਤੇ ਗਏ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਸਰਕਾਰ ਪੰਚਾਇਤਾਂ ਦਾ ਭਵਿੱਖ ਦੇ ਬਿੱਲ ਵੀ ਮੁਆਫ ਕਰਨ ਦੇ ਐਲਾਨ ਕਰ ਰਹੀ ਹੈ ਤੇ ਦਾਅਵਾ ਕਰ ਰਹੀ ਹੈ ਕਿ ਰਮਾਇਣ, ਮਹਾਭਾਰਤ ਤੇ ਭਗਵਤ ਗੀਤਾ ਰਿਸਰਚ ਕੇਂਦਰ ਖੋਲ੍ਹਿਆ ਜਾਵੇਗਾ ਜਿਸ ਲਈ ਥਾਂ ਹਾਲੇ ਨਿਸ਼ਚਿਤ ਨਹੀਂ ਹੋਈ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਰੇਤੇ ਦੀ ਕੀਮਤ 5.50 ਰੁਪਏ ਪ੍ਰਤੀ ਫੁੱਟ ਹੋਣ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਅਸਲ ਕੀਮਤ 28 ਰੁਪਏ ਪ੍ਰਤੀ ਫੁੱਟ ਹੀ ਹੈ।
ਡਾ. ਚੀਮਾ ਨੇ ਚੰਨੀ ਨੂੰ ਆਖਿਆ ਕਿ ਉਹ ਪਹਿਲਾਂ ਪਿਛਲੇ ਸਾਢੇ ਚਾਰ ਸਾਲਾਂ ਵਿਚ ਬਤੌਰ ਤਕਨੀਕੀ ਸਿੱਖਿਆ ਮੰਤਰੀ ਕੀਤੇ ਕੰਮ ਦਾ ਹਿਸਾਬ ਪੰਜਾਬੀਆਂ ਨੂੰ ਦੇਣ। ਉਹਨਾਂ ਕਿਹਾ ਕਿ ਜੇਕਰ ਨੌਜਵਾਨਾਂ ਨੁੰ ਨੌਕਰੀਆਂ ਨਹੀਂ ਮਿਲੀਆਂ ਤਾਂ ਇਸ ਲਈ ਉਹਨਾਂ ਦੀ ਢਿੱਲ ਮੱਠ ਜ਼ਿੰਮੇਵਾਰ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਜੇਕਰ ਉਹਨਾਂ ਨੇ ਆਪਣੇ ਦਾਅਵੇ ਮੁਤਾਬਕ ਇੰਨੇ ਵੱਡੇ ਵੱਡੇ ਫੈਸਲੇ ਲਏ ਹਨ ਤਾਂ ਫਿਰ ਸਮਾਜ ਦੇ ਸਾਰੇ ਵਰਗ ਉਹਨਾਂ ਅਤੇ ਉਹਨਾਂ ਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਸ਼ਨ ਕਿਉਂ ਕਰ ਰਹੇ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਤੁਸੀਂ ਕੱਖ ਨਹੀਂ ਕੀਤਾ ਤੇ ਕੱਖ ਨਹੀਂ ਕਰਨਾ। ਉਹਨਾਂ ਕਿਹਾ ਕਿ ਤੁਸੀਂ ਆਪਣੇ ਝੂਠ ਵੇਚਣ ਲਈ ਜਨਤਾ ਦਾ ਪੈਸਾ ਖਰਾਬ ਕਰਦੇ ਰਹੋਗੇ ਤੇ ਲੋਕ ਇਸ ਲਈ ਤੁਹਾਡੇ ਤੋਂ ਜਵਾਬਦੇਹੀ ਮੰਗਣਗੇ।

ਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲ

0

ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੀਤਾ ਸਵਾਗਤ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਦਸੰਬਰ: ਸਿੱਧੂ ਮੂਸੇਵਾਲਾ ਦੇ ਨਾਮ ਨਾਲ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਅੱਜ ਇੱਥੇ ਪੰਜਾਬ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ।
ਪਾਰਟੀ ਵਿਚ ਆਉਣ ’ਤੇ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਸਧਾਰਨ ਪਰਿਵਾਰਕ ਪਿਛੋਕੜ ਨਾਲ ਸਬੰਧਤ ਰੱਖਦੇ ਹਨ ਕਿਉਂ ਜੋ ਉਨ੍ਹਾਂ ਦੇ ਪਿਤਾ ਭੋਲਾ ਸਿੰਘ ਸਾਬਕਾ ਫੌਜੀ ਹਨ ਜਦਕਿ ਮਾਤਾ ਚਰਨ ਕੌਰ ਪਿੰਡ ਦੇ ਸਰਪੰਚ ਹਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਜੋ ਦੁਨੀਆਂ ਭਰ ਵਿਚ ਕਰੋੜਾਂ ਦੀ ਗਿਣਤੀ ’ਚ ਚਾਹੁਣ ਵਾਲਿਆਂ ਦੇ ਦਿਲਾਂ ਦੀ ਧੜਕਣ ਹਨ, ਪਾਰਟੀ ਲਈ ਵੱਡੀ ਤਾਕਤ ਸਾਬਤ ਹੋਣਗੇ ਕਿਉਂਕਿ ਉਹ ਜ਼ਮੀਨੀ ਪੱਧਰ ਉਤੇ ਜੁੜੇ ਹੋਏ ਇਨਸਾਨ ਹਨ। ਉਨ੍ਹਾਂ ਕਿਹਾ ਕਿ ਸਿਆਸੀ ਪਿੜ ਵਿਚ ਦਾਖਲ ਤੋਂ ਬਾਅਦ ਮੂਸੇਵਾਲਾ ਆਪਣੀ ਨਵੀਂ ਜ਼ਿੰਮੇਵਾਰੀ ਰਾਹੀਂ ਲੋਕਾਂ ਦੀ ਸੇਵਾ ਵੀ ਉਸੇ ਜੋਸ਼ੋ-ਖਰੋਸ਼ ਨਾਲ ਕਰਨਗੇ, ਜਿਸ ਤਰ੍ਹਾਂ ਉਨ੍ਹਾਂ ਨੇ ਬਹੁਤ ਘਾਲਣਾ ਘਾਲ ਕੇ ਸੰਗੀਤ ਦੀ ਦੁਨੀਆ ਵਿਚ ਸ਼ੋਹਰਤ ਕਮਾਈ ਹੈ।
ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੂਸੇਵਾਲਾ ਨੇ ਦੁਨੀਆ ਭਰ ਵਿਚ ਖਾਸ ਕਰਕੇ ਨੌਜਵਾਨਾਂ ਵਿਚ ਆਪਣੀ ਪ੍ਰਸਿੱਧੀ ਰਾਹੀਂ ਪੰਜਾਬੀ ਸੰਗੀਤ ‘ਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਸੰਸਕਾਂ ਦੀ ਬੇਸ਼ੁਮਾਰ ਗਿਣਤੀ ਨਾਲ ਸੰਗੀਤ ਦੇ ਅਨੰਤ ਹੁਨਰ ਨਾਲ ਮੂਸੇਵਾਲਾ ਆਪਣੇ ਮਾਪਿਆਂ ਦੇ ਰਸਤੇ ਉਤੇ ਚੱਲਦੇ ਹੋਏ ਮਨੁੱਖਤਾ ਦੀ ਤਨੋ-ਮਨੋ ਸੇਵਾ ਕਰਨਗੇ।
ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਹੋ ਕੇ ਖੁਸ਼ੀ ਹੋਈ ਹੈ ਕਿਉਂਕਿ ਸਿਰਫ ਇਹੀ ਸਿਆਸੀ ਪਾਰਟੀ ਹੈ ਜਿੱਥੇ ਸਮਾਜ ਦੀ ਸੇਵਾ ਕਰਨ ਲਈ ਵਿਸ਼ੇਸ਼ ਤੌਰ ਉਤੇ ਨਿਮਾਣੇ ਜਿਹੇ ਪਿਛੋਕੜ ਵਾਲੇ ਸਧਾਰਨ ਲੋਕਾਂ ਨੂੰ ਢੁਕਵਾਂ ਮੰਚ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਮੌਕੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਕੈਬਨਿਟ ਮੰਤਰੀ ਅਰੁਣਾ ਚੌਧਰੀ, ਰਾਜ ਕੁਮਾਰ ਵੇਰਕਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਤਕਨੀਕੀ ਸਿੱਖਿਆ ਬੋਰਡ ਮਹਿੰਦਰ ਸਿੰਘ ਕੇਪੀ ਤੋਂ ਇਲਾਵਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਬਰਿੰਦਰਮੀਤ ਸਿੰਘ ਪਾਹੜਾ ਅਤੇ ਪਿਰਮਲ ਸਿੰਘ ਹਾਜ਼ਰ ਸਨ।

ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਟਿਫਿਨ ਬੰਬ ਤੇ 4 ਹੱਥ ਗੋਲੇ ਕੀਤੇ ਬਰਾਮਦ

0

ਤਿੰਨ ਦਿਨਾਂ ਵਿੱਚ ਲਗਾਤਾਰ ਤੀਜੀ ਅਜਿਹੀ ਬਰਾਮਦਗੀ;
ਪਹਿਲਾਂ ਵੀ ਸਰਹੱਦੀ ਜ਼ਿਲੇ ਤੋਂ ਆਰਡੀਐਕਸ ਅਤੇ ਦੋ ਹੱਥ ਗੋਲੇ ਹੋਏ ਸਨ ਬਰਾਮਦ
ਸੁਖਜਿੰਦਰ ਮਾਨ
ਚੰਡੀਗੜ/ਗੁਰਦਾਸਪੁਰ, 3 ਦਸੰਬਰ: ਇਸ ਹਫਤੇ ਲਗਾਤਾਰ ਤੀਜੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਵੀਰਵਾਰ ਨੂੰ ਸਰਹੱਦੀ ਜਿਲੇ ਦੇ ਪਿੰਡ ਸਲੇਮਪੁਰ ਅਰਾਈਆਂ ਤੋਂ ਬਰਾਮਦ ਕੀਤੀ ਇੱਕ ਬੋਰੀ ਵਿੱਚ ਛੁਪਾਏ ਹੋਏ ਚਾਰ ਹੈਂਡ ਗ੍ਰਨੇਡ ਅਤੇ ਇੱਕ ਹੋਰ ਟਿਫਿਨ ਬੰਬ ਬਰਾਮਦ ਕੀਤਾ ਹੈ।ਇਸ ਤੋਂ ਪਹਿਲਾਂ ਪੁਲੀਸ ਨੇ ਪਾਕਿਸਤਾਨ-ਆਈਐਸਆਈ ਦੀ ਹਮਾਇਤ ਪ੍ਰਾਪਤ ਦੋ ਅੱਤਵਾਦੀ ਗੁੱਟਾਂ ਦਾ ਪਰਦਾਫਾਸ਼ ਕੀਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਸਰਹੱਦੀ ਜਿਲੇ ਵਿੱਚੋਂ ਹਾਲ ਹੀ ਵਿੱਚ ਆਰ.ਡੀ.ਐਕਸ, ਹੈਂਡ ਗਰਨੇਡ ਅਤੇ ਪਿਸਤੌਲਾਂ ਦੀ ਬਰਾਮਦਗੀ ਦੇ ਮੱਦੇਨਜ਼ਰ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਸਮੂਹ ਐਸ.ਐਚ.ਓਜ ਵੱਲੋਂ ਪੂਰੇ ਜਿਲੇ ਵਿੱਚ ਸਖਤ ਨਾਕਾਬੰਦੀ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਪਿੰਡ ਸਲੇਮਪੁਰ ਅਰਾਈਆਂ ਨੇੜੇ ਟੀ-ਪੁਆਇੰਟ ‘ਤੇ ਚੈਕਿੰਗ ਦੌਰਾਨ ਐੱਸਐੱਚਓ ਸਦਰ ਗੁਰਦਾਸਪੁਰ ਨੂੰ ਸੜਕ ਕਿਨਾਰੇ ਝਾੜੀਆਂ ‘ਚੋਂ ਇੱਕ ਸ਼ੱਕੀ ਬੋਰੀ ਬਰਾਮਦ ਹੋਈ ਅਤੇ ਬੋਰੀ ਦੀ ਚੈਕਿੰਗ ਕਰਨ ‘ਤੇ ਉਸ ਵਿੱਚ ਛੁਪਾਏ ਹੋਏ ਚਾਰ ਹੈਂਡ ਗਰਨੇਡ ਅਤੇ ਇੱਕ ਟਿਫਨ ਬੰਬ ਬਰਾਮਦ ਹੋਇਆ। ਉਨਾਂ ਕਿਹਾ ਕਿ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ (ਬੀਡੀਡੀਐਸ) ਟੀਮਾਂ ਨੂੰ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਲਈ ਇਤਲਾਹ ਭੇਜ ਦਿੱਤੀ ਗਈ ਹੈ ।
ਡੀਜੀਪੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਖਾਸ ਕਰਕੇ ਸਰਹੱਦੀ ਜਿਲਾ ਪੁਲਿਸ ਬਲ ਪਹਿਲਾਂ ਹੀ ਹਾਈ ਅਲਰਟ ‘ਤੇ ਹੈ ਅਤੇ ਸਰਹੱਦੀ ਪੁਲਿਸ ਵੱਲੋਂ ਰੋਜ਼ਾਨਾ ਰਾਤ ਦੀ ਡਿਊਟੀ ਦੌਰਾਨ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਏਡੀਜੀਪੀ ਰੈਂਕ ਦੇ ਅਧਿਕਾਰੀ ਨਿੱਜੀ ਤੌਰ ‘ਤੇ ਸਰਹੱਦੀ ਜਿਲਿਆਂ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਦੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਗਏ ਹਨ।
ਇਸ ਤੋਂ ਪਹਿਲਾਂ ਗੁਰਦਾਸਪੁਰ ਪੁਲਸ ਨੇ ਬੁੱਧਵਾਰ ਨੂੰ ਅੰਮਿ੍ਰਤਸਰ ਦੇ ਲੋਪੋਕੇ ਦੇ ਰਹਿਣ ਵਾਲੇ ਅਤੇ ਐਤਵਾਰ ਨੂੰ ਗਿ੍ਰਫਤਾਰ ਕੀਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਦੀ ਸੂਹ ‘ਤੇ 0.9 ਕਿਲੋ ਆਰਡੀਐਕਸ ਬਰਾਮਦ ਕੀਤਾ ਸੀ। ਜਦਕਿ ਮੰਗਲਵਾਰ ਨੂੰ ਜਿਲਾ ਪੁਲਸ ਨੇ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸਨ।ਇਸ ਦੌਰਾਨ ਥਾਣਾ ਸਦਰ ਗੁਰਦਾਸਪੁਰ ਵਿਖੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਧੀਨ ਐਫਆਈਆਰ ਨੰਬਰ 154 ਮਿਤੀ 02/12/2021 ਦਰਜ ਕੀਤੀ ਗਈ ਹੈ

ਮੁੱਖ ਮੰਤਰੀ ਚੰਨੀ ਵੱਲੋਂ ਕਮਜ਼ੋਰ ਵਰਗਾਂ ਪ੍ਰਤੀ ਕੈਪਟਨ ਦੀ ਸੌੜੀ ਮਾਨਸਿਕਤਾ ਦੀ ਕਰੜੀ ਨਿਖੇਧੀ

0

ਕਿਹਾ, ਮੇਰੇ ਵੱਲੋਂ ਆਮ ਲੋਕਾਂ ਲਈ ਉਠਾਏ ਮੁੱਦਿਆਂ ਕਰਕੇ ਮਹਾਰਾਜੇ ਨੇ ਹਮੇਸ਼ਾ ਮੈਨੂੰ ਨਿਸ਼ਾਨਾ ਬਣਾਇਆ
ਬਾਦਲ, ਮੋਦੀ ਅਤੇ ਕੈਪਟਨ ਮਿਲ ਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜ਼ਿੰਮੇਵਾਰ
ਕੇਜਰੀਵਾਲ ਸੱਤਾ ਦਾ ਲਾਲਚੀ ਅਤੇ ਬਾਹਰੀ ਵਿਅਕਤੀ
ਸਰਹੱਦੀ ਖੇਤਰ ਵਿੱਚ ਵਿਆਪਕ ਵਿਕਾਸ ਦਾ ਕੀਤਾ ਵਾਅਦਾ
ਸੁਖਜਿੰਦਰ ਮਾਨ
ਭੋਆ (ਪਠਾਨਕੋਟ), 3 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਰੀਬਾਂ ਅਤੇ ਆਮ ਲੋਕਾਂ ਪ੍ਰਤੀ ਸੌੜੀ ਮਾਨਸਿਕਤਾ ਲਈ ਨਿੰਦਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਮੁੱਦੇ ਉਠਾਉਣ ਕਰਕੇ ਉਹ ਹਮੇਸ਼ਾ ਹੀ ਕੈਪਟਨ ਦੇ ਨਿਸ਼ਾਨੇ ਉਤੇ ਰਹੇ ਹਨ।
ਅੱਜ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਕ ਨਿਮਰ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧਤ ਹਨ, ਇਸ ਲਈ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਹਮੇਸ਼ਾ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਨੇ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਰਾਹਤ ਦੇਣ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਦੇ ਹਿੱਤਾਂ ਨੂੰ ਢਾਹ ਲਾਉਣਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਆਮ ਅਤੇ ਦੱਬੇ-ਕੁਚਲੇ ਲੋਕਾਂ ਲਈ ਆਪਣਾ ਸੰਘਰਸ਼ ਜਾਰੀ ਰੱਖਿਆ ਜਿਸ ਕਾਰਨ ਹੰਕਾਰੀ ਮਹਾਰਾਜਾ ਨੂੰ ਕਾਂਗਰਸ ਪਾਰਟੀ ਨੇ ਸੱਤਾ ਤੋਂ ਲਾਂਭੇ ਕਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਆਮ ਵਿਅਕਤੀ ਨੂੰ ਸੌਂਪਣ ਦਾ ਕ੍ਰਾਂਤੀਕਾਰੀ ਫੈਸਲਾ ਸਿਰਫ ਕਾਂਗਰਸ ਪਾਰਟੀ ਹੀ ਲੈ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕ੍ਰਾਂਤੀ ਤਾਂ ਹੀ ਕਾਇਮ ਰਹਿ ਸਕਦੀ ਹੈ, ਜੇਕਰ ਸਾਰੇ ਆਮ ਅਤੇ ਲੋੜਵੰਦ ਲੋਕ ਕਾਂਗਰਸ ਦੇ ਸਮਰਥਨ ਲਈ ਇਕਜੁੱਟ ਹੋ ਜਾਣ। ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸ਼ਕਤੀਸ਼ਾਲੀ ਕੁਲੀਨ ਵਰਗ ਗਰੀਬਾਂ ਨੂੰ ਫਿਰਕੂ ਲੀਹਾਂ ‘ਤੇ ਵੰਡ ਕੇ ਇਸ ਆਮ ਵਿਅਕਤੀ ਦੀ ਸਰਕਾਰ ਨੂੰ ਢਾਹ ਲਾਉਣ ਦੀ ਸਾਜਿਸ਼ ਰਚ ਰਿਹਾ ਹੈ।
ਅਕਾਲੀ, ਭਾਜਪਾ ਅਤੇ ਅਮਰਿੰਦਰ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰੇ ਮਿਲ ਕੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੋਦੀ, ਬਾਦਲ ਅਤੇ ਕੈਪਟਨ ਦੀ ਤਿਕੜੀ ਨੇ ਸੂਬੇ ਦੇ ਹਿੱਤਾਂ ਨੂੰ ਖ਼ਤਰੇ ਵਿਚ ਪਾਉਣ ਲਈ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਲਈ ਸਾਜ਼ਿਸ਼ ਰਚੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਕਿਸਾਨ ਵਿਰੋਧੀ ਕਾਨੂੰਨ ਲਈ ਅਕਾਲੀ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਨੇ 2013 ਵਿੱਚ ਪੰਜਾਬ ਵਿਧਾਨ ਸਭਾ ਵਿੱਚ ਕੰਟਰੈਕਟ ਫਾਰਮਿੰਗ ਬਿੱਲ ਪਾਸ ਕੀਤਾ ਜੋ ਬਾਅਦ ਵਿੱਚ ਕਾਲੇ ਖੇਤੀ ਕਾਨੂੰਨਾਂ ਦਾ ਆਧਾਰ ਬਣਿਆ। ਉਹਨਾਂ ਅੱਗੇ ਕਿਹਾ ਕਿ ਉਹ ਇਹਨਾਂ ਕਾਲੇ ਕਾਨੂੰਨਾਂ ਨੂੰ ਸੰਸਦ ਵਿੱਚ ਪਾਸ ਕਰਵਾਉਣ ਲਈ ਭਾਜਪਾ ਨਾਲ ਮਿਲੇ ਹੋਏ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਧਨਾਢ ਸਿਆਸਤਦਾਨਾਂ ਦੇ ਨਾਪਾਕ ਗਠਜੋੜ ਨੇ ਪੰਜਾਬ ਨੂੰ ਲੁੱਟਣ ਲਈ ਆਮ ਲੋਕਾਂ ਤੋਂ ਸੱਤਾ ਖੋਹ ਲਈ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਅਤੇ ਕੈਪਟਨ ਵਰਗੇ ਇਸ ਕੁਲੀਨ ਵਰਗ ਦੇ ਮੈਂਬਰ ਆਪੋ-ਆਪਣੇ ਨਿੱਜੀ ਹਿੱਤਾਂ ਲਈ ਗੱਠਜੋੜ ਕਰਕੇ ਸੂਬੇ ਨੂੰ ਲੁੱਟਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਹ ਵਰਗ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਆਪਸ ਵਿੱਚ ਮਿਲ ਕੇ ਵਾਰੋ-ਵਾਰੀ ਸੱਤਾ ਸੰਭਾਲ ਕੇ ਪੰਜਾਬ ਨੂੰ ਜਾਣਬੁੱਝ ਲੁੱਟਦੇ ਆ ਰਹੇ ਹਨ ਅਤੇ ਹਰ ਪੰਜ ਸਾਲ ਬਾਅਦ ਸਿਰਫ ਸ਼ਾਸਕ ਬਦਲਦੇ ਹਨ ਪਰ ਸੱਤਾ ਉਨ੍ਹਾਂ ਦੇ ਹੱਥਾਂ ਵਿੱਚ ਹੀ ਰਹਿੰਦੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਇਹ ਗਠਜੋੜ ਟੁੱਟ ਗਿਆ ਹੈ ਅਤੇ ਸੱਤਾ ਆਮ ਲੋਕਾਂ ਦੇ ਹੱਥ ਵਿੱਚ ਆ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪ ਮੁਸ਼ਕਲਾਂ ਭਰਿਆ ਜੀਵਨ ਬਸਰ ਕੀਤਾ ਹੈ, ਇਸ ਲਈ ਉਹ ਆਮ ਆਦਮੀ ਦੀਆਂ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਚੰਨੀ ਨੇ ਕਿਹਾ ਕਿ ਇਸੇ ਕਾਰਨ ਹੀ ਉਹ ਗਰੀਬ ਅਤੇ ਆਮ ਆਦਮੀ ਦੀ ਭਲਾਈ ਲਈ ਸਾਰੇ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੱਕ ਉਹ ਸੱਤਾ ਵਿੱਚ ਹਨ, ਉਦੋਂ ਤੱਕ ਉਹ ਆਪਣੀ ਇਹ ਜ਼ਿੰਮੇਵਾਰੀ ਇਸੇ ਤਰ੍ਹਾਂ ਨਿਭਾਉਂਦੇ ਰਹਿਣਗੇ।
ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੂਬੇ ਬਾਰੇ ਤੁੱਛ ਜਾਣਕਾਰੀ ਲਈ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੀ ਸੱਤਾ ਦੀ ਲਾਲਸਾ ਲਈ ਹਨੇਰੇ ਵਿਚ ਤੀਰ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਾ ਕੇਜਰੀਵਾਲ ਪੰਜਾਬ ਬਾਰੇ ਕੁਝ ਨਹੀਂ ਜਾਣਦਾ ਪਰ ਬੇਤੁਕੀ ਬਿਆਨਬਾਜ਼ੀ ਨਾਲ ਪੰਜਾਬ ਦੀ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਵਿੱਚ ਅਜਿਹੀ ਸੌੜੀ ਰਾਜਨੀਤੀ ਕਦੇ ਵੀ ਕਾਮਯਾਬ ਨਹੀਂ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਸੱਤਾ ਦਾ ਲਾਲਚੀ ਹੈ ਜੋ ਪੰਜਾਬ ‘ਤੇ ਰਾਜ ਕਰਨਾ ਚਾਹੁੰਦਾ ਹੈ, ਜਿਸ ਕਾਰਨ ਉਹ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੇਜਰੀਵਾਲ ਅਤੇ ਜੁੰਡਲੀ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੂੰ ਆਪਣੀ ਧਰਤੀ ਅਤੇ ਲੋਕਾਂ ਨਾਲ ਪਿਆਰ ਹੈ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਬਾਹਰਲੇ ਵਿਅਕਤੀ ਨੂੰ ਆਪਣੇ ਸੂਬੇ ਵਿੱਚ ਆਉਣ ਅਤੇ ਰਾਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਚੰਨੀ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਫੇਲ੍ਹ ਹੋ ਚੁੱਕੀ ਹੈ ਜਦਕਿ ਕਾਂਗਰਸ ਲੋਕਾਂ ਦੀ ਭਲਾਈ ਲਈ ਬਿਹਤਰੀਨ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਕਾਂਗਰਸ ਲੀਡਰਸ਼ਿਪ ਨੇ ਉਹਨਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਹਨਾਂ ਕਿਹਾ ਕਿ ਮੈਂ ਸੂਬੇ ਦੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਿਹਾ ਹਾਂ। ਉਹਨਾਂ ਦੀ ਸਰਕਾਰ ਵੱਲੋਂ ਕੀਤੀਆਂ ਕਈ ਲੋਕ ਪੱਖੀ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਬਿਜਲੀ ਬਿੱਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ ਕੀਤੇ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ, ਪੇਂਡੂ ਖੇਤਰਾਂ ਵਿੱਚ ਮੋਟਰਾਂ ਦੇ 1200 ਕਰੋੜ ਰੁਪਏ ਦੇ ਬਿੱਲ ਮੁਆਫ ਕੀਤੇ, ਪਾਣੀ ਦੇ ਖਰਚੇ ਘਟਾ ਕੇ 50 ਰੁਪਏ ਕੀਤੇ, ਰੇਤ ਦੇ ਰੇਟ ਘਟਾ ਕੇ 5.50 ਪ੍ਰਤੀ ਕਿਊਬਿਕ ਫੁੱਟ ਰੁਪਏ ਕੀਤੇ ਅਤੇ ਗੰਨੇ ਦੇ ਵਧੇ ਹੋਏ 50 ਰੁਪਏ ਭਾਅ ਵਿੱਚੋਂ ਪੰਜਾਬ ਸਰਕਾਰ 35 ਰੁਪਏ ਝੱਲੇਗੀ, ਜਦਕਿ ਪ੍ਰਾਈਵੇਟ ਮਿੱਲਾਂ ਨੂੰ ਹੁਣ ਸਿਰਫ 15 ਰੁਪਏ ਦਾ ਬੋਝ ਹੀ ਝੱਲਣਾ ਪੈ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਿਰਫ ਇਹ ਹੀ ਨਹੀਂ ਬਲਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਕਈ ਹੋਰ ਮਹੱਤਵਪੂਰਨ ਫੈਸਲੇ ਵੀ ਲਏ ਜਾਣਗੇ।
ਸਰਹੱਦੀ ਖੇਤਰਾਂ ਦੇ ਵਸਨੀਕਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਖੇਤਰ ਵਿੱਚ ਬਹਾਦਰ ਲੋਕ ਰਹਿੰਦੇ ਹਨ ਪਰ ਫਿਰ ਵੀ ਰਾਜ ਸਰਕਾਰਾਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਹਨਾਂ ਕਿਹਾ ਕਿ ਇਸ ਖੇਤਰ ਦਾ ਸੰਪੂਰਨ ਵਿਕਾਸ ਕੀਤਾ ਜਾਵੇਗਾ, ਜਿਵੇਂ ਬਾਦਲਾਂ ਤੇ ਮਹਾਰਾਜਾ ਨੇ ਆਪੋ-ਆਪਣੇ ਖੇਤਰਾਂ ਦਾ ਵਿਕਾਸ ਕੀਤਾ ਸੀ। ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ, “ਮੇਰਾ ਵਾਅਦਾ ਹੈ ਕਿ ਸਰਹੱਦੀ ਖੇਤਰਾਂ ਵਿੱਚ ਜਲਦ ਹੀ ਵਿੱਚ ਵਿਆਪਕ ਵਿਕਾਸ ਕੀਤਾ ਜਾਵੇਗਾ।’’
ਇਸ ਦੌਰਾਨ ਮੁੱਖ ਮੰਤਰੀ ਨੇ ਪਠਾਨਕੋਟ ਵਿਖੇ ਮੈਡੀਕਲ ਕਾਲਜ, ਭੋਆ ਨੂੰ ਪ੍ਰਬੰਧਕੀ ਬਲਾਕ ਐਲਾਨਣ, ਨਰੋਟ ਜੈਮਲ ਸਿੰਘ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਸੰਤ ਬਾਬਾ ਨਾਭਾ ਦਾਸ ਦੀ ਇਮਾਰਤ ਲਈ ਢੁਕਵੀਂ ਜ਼ਮੀਨ ਦੇਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਮਾਲ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ‘ਚੰਨੀ ਰਾਜ, ਚੰਗਾ ਰਾਜ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕਾਂਗਰਸ ਪਾਰਟੀ ਵਿੱਚ ਨਵੀਂ ਰੂਹ ਫੂਕੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਸੱਤਾ ਸੰਭਾਲਣ ਤੋਂ ਬਾਅਦ ਪੰਜਾਬ ਮਿਸਾਲੀ ਵਿਕਾਸ ਅਤੇ ਲੋਕ ਪੱਖੀ ਪਹਿਲਕਦਮੀਆਂ ਦਾ ਇੱਕ ਨਵਾਂ ਦੌਰ ਦੇਖ ਰਿਹਾ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਸੂਬੇ ਦੇ ਸਰਹੱਦੀ ਜਿਲ੍ਹਿਆਂ ਵਿੱਚ ਸਰਬਪੱਖੀ ਵਿਕਾਸ ਦੀ ਨਵੀਂ ਪਿਰਤ ਪਾਈ ਹੈ, ਜਿਸ ਨੂੰ ਹੁਣ ਤੱਕ ਅਣਗੌਲਿਆ ਕੀਤਾ ਗਿਆ ਸੀ।
ਆਪਣੇ ਸੰਬੋਧਨ ਵਿੱਚ ਵਿਧਾਇਕ ਜੋਗਿੰਦਰ ਪਾਲ ਨੇ ਚੰਨੀ ਨੂੰ ਆਮ ਲੋਕਾਂ ਦਾ ਮੁੱਖ ਮੰਤਰੀ ਦੱਸਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਰ ਗਰੀਬ ਆਦਮੀ ਦਾ ਸੁਪਨਾ ਸਾਕਾਰ ਕੀਤਾ ਹੈ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ। ਸ੍ਰੀ ਜੋਗਿੰਦਰ ਪਾਲ ਨੇ ਕਿਹਾ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਪੰਜਾਬ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੁਰਦੁਆਰਾ ਬਾਰਠ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਚੰਨੀ ਨੇ ਪਿੰਡ ਬੰਨੀ ਲੋਧੀ ਵਿਖੇ ਖੇਡ ਸਟੇਡੀਅਮ ਅਤੇ ਪਿੰਡ ਲਾਹੜੀ ਮਹੰਤਾ ਵਿਖੇ 66 ਕੇ.ਵੀ ਪਾਵਰ ਸਟੇਸ਼ਨ ਵੀ ਲੋਕ ਅਰਪਣ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਅਮਿਤ ਵਿਜ, ਸਾਬਕਾ ਮੰਤਰੀ ਰਮਨ ਭੱਲਾ, ਕਾਂਗਰਸੀ ਆਗੂ ਅਸ਼ੋਕ ਵਢੇਰਾ, ਉਦਯੋਗ ਵਿਭਾਗ ਦੇ ਵਾਈਸ ਚੇਅਰਮੈਨ ਕਾਰਤਿਕ ਵਢੇਰਾ ਹਾਜ਼ਰ ਸਨ।

Our Visitor

1894404