ਸੁਖਜਿੰਦਰ ਮਾਨ
ਚੰਡੀਗੜ੍ਹ, 30 ਨਵੰਬਰ: ਦੁਨੀਆਂ ਦੇ ਕੁਝ ਦੇਸ਼ਾਂ ਵਿੱਚ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਦੇ ਉੱਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਕਰੋਨਾ ਦੀ ਜਾਂਚ ਸਬੰਧੀ ਸੂਬੇ ਵਿਚ ਰੋਜ਼ਾਨਾ 40000 ਟੈਸਟ ਕਰਨ ਦੇ ਹੁਕਮ ਦਿੱਤੇ ਹਨ।ਸ੍ਰੀ ਸੋਨੀ ਨੇ ਅੱਜ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਜਿਹਨਾਂ ਵਿੱਚ ਵਿਕਾਸ ਗਰਗ ਸਕੱਤਰ ਸਿਹਤ ਵਿਭਾਗ, ਸ੍ਰੀ ਕੁਮਾਰ ਰਾਹੁਲ ਐਮ.ਡੀ. ਐਨ.ਐਚ.ਐਮ., ਸ੍ਰੀ ਭੁਪਿੰਦਰ ਸਿੰਘ ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਾ. ਅੰਦੇਸ਼ ਕੰਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਓ.ਪੀ. ਗੋਜਰਾ, ਡਾਇਰੈਕਟਰ ਸਿਹਤ ਸੇਵਾਵਾਂ ਸਮੇਤ ਪੰਜਾਬ ਰਾਜ ਦੇ ਸਿਵਲ ਸਰਜਨ ਅਤੇ ਕੁਝ ਸੀ.ਐਚ.ਸੀ/ਪੀ.ਐਚ.ਸੀ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਸੰਭਾਵਾ ਖਤਰੇ ਤੋਂ ਸੂਬੇ ਦੇ ਲੋਕਾਂ ਨੂੰ ਬਚਾਉਣ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ।
ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਭਾਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਹੁਣ ਤੋਂ ਤਿਆਰੀਆਂ ਆਰੰਭ ਕਰਨ ਦੇ ਹੁਕਮ ਦਿੰਦਿਆਂ ਕਿਹਾ ਡਬਲਿਊ.ਐਚ.ਉ. ਅਨੁਸਾਰ ਨਵੇਂ ਵਾਇਰਸ ਦੀ ਪਹਿਚਾਣ ਕਰਨ ਵਿਚ ਅਾਰ.ਟੀ.ਪੀ.ਸੀ.ਆਰ. ਟੈਸਟ ਸਮਰੱਥ ਹੈ ਇਸ ਲਈ ਸੂਬੇ ਵਿਚ ਕੋਵਿਡ 19 ਸਬੰਧੀ ਵੱਧ ਤੋਂ ਵੱਧ ਅਾਰ.ਟੀ.ਪੀ.ਸੀ.ਆਰ. ਟੈਸਟ ਹੀ ਕੀਤੇ ਜਾਣ।
ਸ਼੍ਰੀ ਸੋਨੀ ਨੇ ਹਦਾਇਤ ਕੀਤੀ ਕਿ ਨਵੇਂ ਵਾਇਰਸ ਤੋਂ ਪੀੜਤ ਹੋਣ ਵਾਲੇ ਸ਼ੱਕੀ ਮਰੀਜ਼ਾਂ ਨੂੰ ਦਾਖ਼ਲ ਕਰਨ ਲਈ ਵੱਖਰੇ ਵਾਰਡ ਸਥਾਪਤ ਕੀਤੇ ਜਾਣ।ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਬੰਗਲਾ ਦੇਸ਼, ਬੋਤਸਵਾਨਾ, ਚੀਨ, ਮਾਰੀਸ਼ਿਅਸ, ਨਿਊਜ਼ੀਲੈਂਡ, ਜਿੰਮਬਾਵੇ, ਸਿੰਘਾਪੁਰ, ਹਾਂਗਕਾਂਗ ਅਤੇ ਇਜ਼ਰਾਈਲ ਤੋਂ ਆਉਣ ਵਾਲੇ ਯਾਤਰੀਆਂ ਦਾ ਪੰਜਾਬ ਵਿੱਚ ਆਉਣ ਤੇ ਇਕਾਂਤਵਾਸ ਸਬੰਧੀ ਪੁਖਤਾ ਨਿਗਰਾਨੀ ਪ੍ਰਬੰਧ ਕਰਨ ਲਈ ਵੀ ਕਿਹਾ।
ਇਸ ਮੌਕੇ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਜਾਣ ਅਤੇ ਇਸ ਸਬੰਧੀ ਲੋੜੀਂਦੀਆਂ ਦਵਾਈਆਂ ਅਤੇ ਸਾਜੋ-ਸਮਾਨ ਦੀ ਖਰੀਦ ਲਈ ਵੀ ਆਰਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਅਗਲੇ ਕੁਝ ਦਿਨਾਂ ਵਿਚ ਇਹ ਸਪਲਾਈ ਵਿਭਾਗ ਨੂੰ ਪ੍ਰਾਪਤ ਹੋ ਜਾਵੇਗੀ।
ਬਾਕਸ
ਓ.ਪੀ. ਸੋਨੀ ਨੇ ਮੁਖ ਮੰਤਰੀ ਮੋਤੀਆ ਮੁਕਤ ਅਭਿਆਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਚੰਡੀਗੜ੍ਹ, 30 ਨਵੰਬਰ: ਉਪ ਮੁੱਖ ਮੰਤਰੀ ਓ.ਪੀ.ਸੋਨੀ ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਚਾਰਜ ਵੀ ਹੈ, ਨੇ ਅੱਜ ਇਥੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੋਤੀਆਬਿੰਦ ਮੁਕਤ ਮੁਹਿੰਮ ਲਈ ਗਿਆਰਾਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਓ.ਪੀ.ਸੋਨੀ ਨੇ ਦੱਸਿਆ ਕਿ 26 ਨਵੰਬਰ ਤੋਂ 31 ਦਸੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਬ ਡਵੀਜ਼ਨ ਪੱਧਰ ‘ਤੇ 518 ਅੱਖਾਂ ਦੇ ਕੈਂਪ ਲਗਾਏ ਜਾ ਰਹੇ ਹਨ।ਇਨ੍ਹਾਂ ਕੈਂਪਾਂ ਵਿੱਚ ਲੋਕਾਂ ਦੀ ਮੋਤੀਆਬਿੰਦ ਦੀ ਜਾਂਚ ਕੀਤੀ ਜਾਵੇਗੀ। ਮੋਤੀਆ ਪ੍ਰਭਾਵਿਤ ਵਿਅਕਤੀਆਂ ਦੀ ਪਛਾਣ ਦੇ 15 ਦਿਨਾਂ ਦੇ ਅੰਦਰ-ਅੰਦਰ ਅੱਖਾਂ ਦਾ ਆਪ੍ਰੇਸ਼ਨ, ਐਨਕਾਂ, ਭੋਜਨ ਦਾ ਪ੍ਰਬੰਧ, ਆਵਾਜਾਈ ਦੀਆਂ ਸਹੂਲਤਾਂ, ਦਵਾਈਆਂ ਅਤੇ ਲੈਬ ਟੈਸਟ ਆਦਿ ਵਰਗੀਆਂ ਮੁਫਤ ਸਹੂਲਤਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਲੋਕਾਂ ਨੂੰ ਮੋਤੀਆਬਿੰਦ ਤੋਂ ਛੁਟਕਾਰਾ ਦਿਵਾਉਣ ਲਈ ਵਚਨਬੱਧ ਹੈ। ਇਸ ਸਬੰਧੀ ਪਿੰਡ ਪੱਧਰ ‘ਤੇ ਪੈਰਾਮੈਡੀਕਲ ਸਟਾਫ਼ ਅਤੇ ਆਸ਼ਾ ਵੱਲੋਂ ਸਰਵੇ ਕਰਕੇ ਮੋਤੀਆਬਿੰਦ ਦੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਨ੍ਹਾਂ ਕੈਂਪਾਂ ਲਈ ਰੈਫ਼ਰ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦਾ ਲਾਭ ਉਠਾ ਸਕਣ |
ਇਸ ਮੌਕੇ ਸਕੱਤਰ ਸਿਹਤ ਵਿਕਾਸ ਗਰਗ, ਸ਼੍ਰੀ ਕੁਮਾਰ ਰਾਹੁਲ,ਐਮ.ਡੀ.ਐਨ.ਐਚ.ਐਮ, ਭੁਪਿੰਦਰ ਸਿੰਘ ਐਮ.ਡੀ.ਪੀ.ਐਚ.ਐਸ.ਸੀ., ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਅੰਦੇਸ਼,ਡਿਪਟੀ ਡਾਇਰੈਕਟਰ੍ ਨਿਸ਼ਾ ਸਾਹੀ, ਪਰੋਗਰਾਮ ਅਫਸਰ ਡਾ. ਨੀਤੀ ਸਿੰਗਲਾ , ਪਰੋਗਰਾਮ ਅਫਸਰ ਡਾ. ਇੰਦਰਦੀਪ ਕੌਰ ਅਤੇ ਸਟੇਟ ਮਾਸ ਮੀਡੀਆ ਅਫ਼ਸਰ ਪਰਮਿੰਦਰ ਸਿੰਘ ਹਾਜਰ ਸਨ।
ਸੋਨੀ ਵਲੋ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਸੂਬੇ ਵਿਚ ਰੋਜ਼ਾਨਾ 40000 ਟੈਸਟ ਕਰਨ ਦੇ ਹੁਕਮ
ਬਾਬਾ ਫ਼ਰੀਦ ਕਾਲਜ ਆਫ਼ ਇੰਜ. ਐਂਡ ਟੈਕਨਾਲੋਜੀ ਦੇ ਸਿਵਲ ਇੰਜਨੀਅਰਿੰਗ ਵਿਭਾਗ ਨੇ ‘ਉਦਯੋਗਿਕ ਦੌਰਾ’ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਫੋਰਸ ਕਲੱਬ ਵੱਲੋਂ ਬੀ.ਟੈੱਕ (ਸਿਵਲ ਇੰਜੀਨੀਅਰਿੰਗ) ਤੀਜਾ, ਪੰਜਵਾਂ ਅਤੇ ਸੱਤਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ਬਠਿੰਡਾ ਸ਼ਹਿਰ ਦੇ ਵਾਟਰ ਟਰੀਟਮੈਂਟ ਪਲਾਂਟ ਦਾ ‘ਉਦਯੋਗਿਕ ਦੌਰਾ’ ਕਰਵਾਇਆ ਗਿਆ। ਇਸ ਉਦਯੋਗਿਕ ਦੌਰੇ ਲਈ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਜਿਸ ਦੌਰਾਨ ਇੰਜ. ਵਿਕਰਮਜੀਤ ਸਿੰਘ, ਸਬ ਡਵੀਜ਼ਨਲ ਇੰਜੀਨੀਅਰ, ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਅਤੇ ਸ਼੍ਰੀ ਗੋਪਾਲ ਸਿੰਘ ਸੋਨੀ, ਲੈਬ ਕੈਮਿਸਟ ਨੇ ਸਿਵਲ ਇੰਜ. ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਇਸ ਉਪਰੰਤ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਵਿੱਚ ਵਾਧਾ ਕੀਤਾ। ਵਿਦਿਆਰਥੀਆਂ ਨੂੰ ਇਹ ਦੌਰਾ ਬਹੁਤ ਲਾਭਦਾਇਕ ਅਤੇ ਸਮਝਦਾਰੀ ਵਾਲਾ ਲੱਗਿਆ ਕਿਉਂਕਿ ਉਹ ਪਾਣੀ ਦੇ ਟਰੀਟਮੈਂਟ ਪਲਾਂਟ ਦੀ ਜਗ੍ਹਾ ਨੂੰ ਅਮਲੀ ਰੂਪ ਵਿੱਚ ਅੱਖੀਂ ਵੇਖ ਕਰ ਰਹੇ ਸਨ ਸ੍ਰੀ ਗੋਪਾਲ ਸਿੰਘ ਸੋਨੀ ਨੇ ਵਿਦਿਆਰਥੀਆਂ ਨੂੰ ਪਾਣੀ ਦੇ ਟਰੀਟਮੈਂਟ ਪਲਾਂਟ ਦੇ ਕੰਮ ਕਰਨ, ਇਸ ਵਿੱਚ ਸ਼ਾਮਲ ਵੱਖ-ਵੱਖ ਟਰੀਟਮੈਂਟ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਅਤੇ ਸੇਧ ਦੇ ਕੇ ਉਨ੍ਹਾਂ ਦੇ ਗਿਆਨ ਨੂੰ ਵਧਾਇਆ ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਟਰੀਟਮੈਂਟ ਪਲਾਂਟ ਲਈ ਜੋਗਰਜ਼ ਪਾਰਕ ਬਠਿੰਡਾ ਦੀਆਂ ਝੀਲਾਂ ਤੋਂ ਇਕੱਠਾ ਕੀਤੇ ਨਹਿਰੀ ਪਾਣੀ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਟਰੀਟਮੈਂਟ ਪ੍ਰਕਿਰਿਆਵਾਂ ਜਿਵੇਂ ਕਿ ਕੋਆਗੁਲੇਸ਼ਨ, ਫਲੋਕੁਲੇਸ਼ਨ, ਸੈਡੀਮੈਂਟੇਸ਼ਨ, ਫ਼ਿਲਟਰੇਸ਼ਨ, ਕੀਟਾਣੂ-ਰਹਿਤ ਆਦਿ ਰਾਹੀਂ ਲੰਘਾਇਆ ਜਾਂਦਾ ਹੈ। ਉਨ੍ਹਾਂ ਨੇ ਇੱਕ ਹੌਲੀ ਰੇਤ ਫ਼ਿਲਟਰ ਅਤੇ ਤੇਜ਼ ਰੇਤ ਫ਼ਿਲਟਰ ਦੇ ਕੰਮ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਪਾਣੀ ਦੀ ਜਾਂਚ ਲਈ ਪ੍ਰਯੋਗਸ਼ਾਲਾ ਵਿੱਚ ਵੱਖੋ-ਵੱਖਰੇ ਟੈੱਸਟ ਵੀ ਕੀਤੇ। ਇਹ ਸੈਸ਼ਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਰਿਹਾ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਅਜਿਹੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਉਣ ਲਈ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।
ਬਠਿੰਡਾ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਮਜਬੂਤ: ਮਨਪ੍ਰੀਤ ਬਾਦਲ
ਪਰਸਰਾਮ ਨਗਰ ਤੇ ਘਨੱਈਆ ਨਗਰ ਦੇ ਨਵੇਂ ਵਿੰਗਾਂ ਦਾ ਕੀਤਾ ਉਦਘਾਟਨ
ਧੋਬੀਆਣਾ ਬਸਤੀ ਸਕੂਲ ਚ‘ ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ
ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ: ਬਠਿੰਡਾ ਵਿੱਚ 15 ਸਰਕਾਰੀ ਸਕੂਲਾਂ ਨੂੰ ਨਵੀਆਂ ਸਹੂਲਤਾਂ ਪ੍ਰਦਾਨ ਕਰਕੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਗਿਆ ਹੈ। ਇਹ ਦਾਅਵਾ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਦੇ ਸ਼ਹੀਦ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਅਤੇ ਘਨੱਈਆ ਨਗਰ ਦੇ ਹਾਈ ਸਕੂਲ ਵਿੱਚ ਦੋ ਨਵੇਂ ਵਿੰਗਾ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਨਵੀਆਂ ਇਮਾਰਤਾਂ ਦੇ ਨਿਰਮਾਣ ਨਾਲ ਇੱਕ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ 100 ਫ਼ੀਸਦੀ ਵਾਧਾ ਹੋਇਆ ਹੈ। ਇੱਕ ਸਾਲ ਵਿੱਚ ਪਰਸਰਾਮ ਨਗਰ ਦੇ ਸਕੂਲ ਵਿੱਚ ਦਾਖ਼ਲਿਆਂ ਦੀ ਦੁੱਗਣੀ ਹੋਈ ਹੈ ਜਿਸ ਨਾਲ ਵਿਦਿਆਰਥੀਆਂ ਦੀ ਗਿਣਤੀ 1,300 ਤੋਂ ਵੱਧ ਕੇ 2,660 ਹੋ ਗਈ ਹੈ। ਮੌਜੂਦਾ ਇਮਾਰਤ ਦੀ ਥਾਂ ‘ਤੇ ਪੰਜ ਮੰਜਿਲਾ ਇਮਾਰਤ ਬਣਾਈ ਗਈ ਹੈ, ਜਿਸ ਵਿਚ ਹਰ ਮੰਜਿਲ ‘ਤੇ ਤਿੰਨ ਕਲਾਸਰੂਮਜ਼ ਅਤੇ ਦੋ ਲੈਬਾਰਟਰੀਆਂ ਆਦਿ ਬਣਾਈਆਂ ਗਈਆਂ ਹਨ। ਇਸੇ ਤਰ੍ਹਾਂ ਘਨੱਈਆ ਨਗਰ ਦਾ ਹਾਈ ਸਕੂਲ ਇੱਕ ਵੱਡੀ ਤਿੰਨ ਮੰਿਜਲਾ ਇਮਾਰਤ ਹੈ। ਉਨ੍ਹਾਂ ਦਸਿਆ ਕਿ ਪਰਸ ਰਾਮ ਨਗਰ ਸਰਕਾਰੀ ਸਕੂਲ ‘ਤੇ ਕੁੱਲ 2.68 ਕਰੋੜ ਰੁਪਏ ਅਤੇ ਸਰਕਾਰੀ ਸਕੂਲ ਘਨੱਈਆ ਨਗਰ ‘ਤੇ 1.68 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਕੂਲਾਂ ਵਿੱਚ ਸੀਸੀਟੀਵੀ ਕੈਮਰਿਆਂ ਸਮੇਤ ਹੋਰ ਸਹੂਲਤਾਂ ਹੋਣਗੀਆਂ।ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮਾਲ ਰੋਡ ਸਥਿਤ ਸਰਕਾਰੀ ਸਕੂਲ (ਲੜਕੀਆਂ) ਵਿਚ 150 ਕਲਾਸ ਰੂਮਜ਼ ਹੋਣਗੇ ਅਤੇ ਇਸ ‘ਤੇ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਸੀਨੀਅਰ ਸੈਕੰਡਰੀ ਸਕੂਲ ਹੋਣ ਦੇ ਨਾਲ-ਨਾਲ ਧੋਬੀਆਣਾ ਬਸਤੀ ਦੇ ਨਵੇਂ ਸਕੂਲ ਵਿੱਚ ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ ਵੀ ਸਾਮਲ ਹੋਵੇਗਾ। ਇਸ ਮੌਕੇ ਜੈਜੀਤ ਸਿੰਘ ਜੌਹਲ, ਵੀਨੂੰ ਬਾਦਲ, ਰਮਨ ਗੌਇਲ, ਅਸ਼ੋਕ ਕੁਮਾਰ,ਕੇ ਕੇ ਅਗਰਵਾਲ, ਰਾਜਨ ਗਰਗ,ਮਾਸਟਰ ਹਰਮੰਦਰ ਸਿੱਧੂ, ਰਾਜਨ ਗਰਗ,ਪਵਨ ਮਾਨੀ,ਬਲਜਿੰਦਰ ਠੇਕੇਦਾਰ, ਹਰਵਿੰਦਰ ਸਿੰਘ ਲੱਡੂ, ਰੁਪਿੰਦਰ ਬਿੰਦਰਾ,ਰਤਨ ਰਾਹੀ,ਸਾਧੂ ਸਿੰਘ, ਜਗਪਾਲ ਸਿੰਘ ਗੋਰਾ,ਇੰਦਰਜੀਤ ਸਿੰਘ, ਸੁਖਰਾਜ ਔਲਖ, ਵਿਪਨ ਮੀਤੂ ਅਤੇ ਸਮੂਹ ਕੌਂਸਲਰ ਮੌਜੂਦ ਸਨ।
ਪੱਕੇ ਕਰਨ ਦੀ ਮੰਗ ਨੂੰ ਲੈ ਕੇ ਆਉਟਸੋਰਸ ਤੇ ਠੇਕਾ ਮੁਲਾਜਮਾਂ ਨੇ ਲਗਾਇਆ ਜਾਮ
ਧਰਨਕਾਰੀਆਂ ’ਤੇ ਭੜਕੇ ਰਾਹਗੀਰ, ਮੀਟਿੰਗ ਦਾ ਸਮਾਂ ਮਿਲਣ ’ਤੇ ਚੁੱਕਿਆ ਜਾਮ
ਸੁਖਜਿੰਦਰ ਮਾਨ
ਬਠਿੰਡਾ, 30 ਨਵੰਬਰ: ਪਿਛਲੇ ਕਈ ਸਾਲਾਂ ਤੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਵੱਖ ਵੱਖ ਵਿਭਾਗਾਂ ਦੇ ਹਜ਼ਾਰਾਂ ਆਉਟਸੋਰਸ ਤੇ ਠੇਕਾ ਮੁਲਾਜ਼ਮਾਂ ਵਲੋਂ ਅੱਜ ਸਥਾਨਕ ਥਾਣਾ ਕੈਂਟ ਨਜਦੀਕ ਕੌਮੀ ਮਾਰਗ ’ਤੇ ਜਾਮ ਲਗਾਇਆ ਗਿਆ। ਕਰੀਬ ਸਾਢੇ ਵਜੇਂ ਸ਼ੁਰੂ ਹੋਇਆ ਇਹ ਜਾਮ ਸ਼ਾਮ ਸਾਢੇ ਚਾਰ ਵਜੇਂ ਤੱਕ ਲੱਗੇ ਇਸ ਜਾਮ ਕਾਰਨ ਸੜਕ ’ਤੇ ਵਹੀਕਲਾਂ ਦੀਆਂ ਕਈ ਕਈ ਕਿਲੋਮੀਟਰ ਲੰਮੀਆਂ ਲਾਈਨਾਂ ਲੱਗ ਗਈਆਂ। ਇਸ ਮੌਕੇ ਕਈ ਵਾਰ ਰਾਹਗੀਰਾਂ ਦੀ ਧਰਨਾਕਾਰੀਆਂ ਨਾਲ ਬਹਿਸਬਾਜ਼ੀ ਵੀ ਹੋਈ। ਠੇਕਾ ਮੁਲਾਜਮਾਂ ਦੇ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਭਲਕੇ ਦੀ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਇਹ ਜਾਮ ਚੁੱਕਿਆ ਗਿਆ। ਜਿਸਦੇ ਨਾਲ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ। ਇਸ ਜਾਮ ਦੌਰਾਨ ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਨਾਲ-ਨਾਲ ਕਿਸਾਨ ਤੇ ਹੋਰ ਕਈ ਜਥੇਬੰਦੀਆਂ ਵਲੋਂ ਸਮਰਥਨ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ,ਗੁਰਵਿੰਦਰ ਸਿੰਘ ਪੰਨੂੰ,ਵਰਿੰਦਰ ਸਿੰਘ ਬੀਬੀਵਾਲਾ,ਰਾਜੇਸ਼ ਕੁਮਾਰ,ਰੁਪਿੰਦਰ ਸਿੰਘ,ਬਲਵੰਤ ਸਿੰਘ,ਜਸਪ੍ਰੀਤ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਮੂਹ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿੱਚ “ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ਼ ਕੰਟਰੈਕਚੂਅਲ ਬਿੱਲ 2021’’ ਪਾਸ ਕਰਕੇ ਆਊਟਸੋਰਸ ਤੇ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਿਰੀਆਂ ਨੂੰ ਬਾਹਰ ਕਰ ਦਿੱਤਾ ਹੈ। ਜਿਸਦੇ ਨਾਲ ਸਰਕਾਰੀ ਥਰਮਲ ਪਲਾਂਟਾਂ,ਜਲ ਸਪਲਾਈ ਅਤੇ ਸੈਨੀਟੇਸ਼ਨ,ਪਾਵਰਕਾਮ ਜ਼ੋਨ ਬਠਿੰਡਾ,ਟ੍ਰਾਂਸਕੋ,ਮਨਰੇਗਾ ਆਦਿ ਵਿਭਾਗਾਂ ਵਿੱਚ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਜ਼ਾਰਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਰਸਤਾ ਬੰਦ ਕਰ ਦਿੱਤਾ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਵਿਭਾਗਾਂ ਦੇ ਆਊਟਸੋਰਸ ਤੇ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਕੈਟਾਗਿਰੀਆਂ ਨੂੰ ਨਵੇਂ ਐਕਟ ਵਿੱਚ ਸ਼ਾਮਿਲ ਕਰਕੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਮੰਗ ਨਾ ਮੰਨੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਤੇ ਪ੍ਰਚੰਡ ਕੀਤਾ ਜਾਵੇਗਾ। ਇਸ ਮੌਕੇ ਧਰਨੇ ਨੂੰ ਬੀਕੇਯੂ ਏਕਤਾ ਉੱਗਰਾਹਾਂ ਤੋਂ ਸਿੰਗਾਰਾ ਸਿੰਘ ਅਤੇ ਟੀ.ਐੱਸ.ਯੂ.(ਭੰਗਲ) ਸਤਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਮੁੱਖ ਮੰਤਰੀ ਵੱਲੋਂ ਮਾਸਟਰ ਕਾਡਰ ਵਿੱਚ 10,000 ਤੋਂ ਵੱਧ ਭਰਤੀਆਂ ਕਰਨ ਦਾ ਐਲਾਨ
ਸਿਹਤ ਵਿਭਾਗ ਵਿੱਚ ਤਕਰੀਬਨ 3400 ਅਸਾਮੀਆਂ ਲਈ ਜਾਰੀ ਕੀਤਾ ਜਾਵੇਗਾ ਇਸ਼ਤਿਹਾਰ
ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਮੈਡੀਕਲ ਕਾਲਜਾਂ ਦਾ ਰੱਖਿਆ ਜਾਵੇਗਾ ਨੀਂਹ ਪੱਥਰ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਨਵੰਬਰ: ਸੂਬੇ ਵਿੱਚ ਵਿੱਦਿਅਕ ਢਾਂਚੇ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਨਾਲ ਸਬੰਧਤ ਖਾਲੀ ਪਈਆਂ 10,880 ਅਸਾਮੀਆਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵੱਖ-ਵੱਖ ਵਿਭਾਗਾਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਿੱਖਿਆ ਨੂੰ ਮੁੱਖ ਖੇਤਰ ਦੱਸਿਆ ਜਿਸ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪ੍ਰਾਇਮਰੀ ਸਕੂਲਾਂ ਵਿੱਚ 2000 ਸਰੀਰਕ ਸਿੱਖਿਆ ਅਧਿਆਪਕ ਭਰਤੀ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਅਕਾਦਮਿਕ ਪਹਿਲੂ `ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਨਾਲ ਸਕੂਲੀ ਵਿਦਿਆਰਥੀਆਂ ਦੀ ਨਰੋਈ ਸਿਹਤ ਨੂੰ ਵੀ ਯਕੀਨੀ ਬਣਾਇਆ ਜਾ ਸਕੇ।
ਹਰੇਕ ਪਿੰਡ ਵਿੱਚ ਕਲੱਸਟਰ ਬਣਾਉਣ ਦੀ ਵਕਾਲਤ ਕਰਦਿਆਂ ਜਿਸ ਤਹਿਤ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਵਾਲਾ ਪਿੰਡ ਹੀ ਇੱਕ ਸਰੀਰਕ ਸਿੱਖਿਆ ਟਰੇਨਰ ਦੀਆਂ ਸੇਵਾਵਾਂ ਲੈ ਸਕੇਗਾ, ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਇਸ ਪ੍ਰਸਤਾਵ `ਤੇ ਸਰਗਰਮੀ ਨਾਲ ਵਿਚਾਰ ਕਰਨ ਲਈ ਆਖਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਵੱਖ-ਵੱਖ ਯੂਨੀਅਨਾਂ ਨਾਲ ਸਬੰਧਤ ਮੁੱਦਿਆਂ `ਤੇ ਵਿਚਾਰ ਵਟਾਂਦਰਾ ਕੀਤਾ ਅਤੇ ਹਦਾਇਤ ਕੀਤੀ ਕਿ ਵਿਭਾਗ ਇਸ ਬਾਰੇ ਵਿਚਾਰ ਵਟਾਂਦਰਾ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਮੰਗ ਨੂੰ ਘੋਖਣ ਤੋਂ ਬਾਅਦ ਵਿੱਤ ਵਿਭਾਗ ਕੋਲ ਮਾਮਲਾ ਉਠਾ ਸਕਦਾ ਹੈ। ਰਮਸਾ ਅਧੀਨ ਭਰਤੀ ਕੀਤੇ ਗਏ ਲਗਭਗ 1000 ਹੈੱਡਮਾਸਟਰਾਂ ਅਤੇ ਅਧਿਆਪਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਤਨਖ਼ਾਹਾਂ ਲਈ ਸੂਬੇ ਦਾ ਬਣਦਾ ਹਿੱਸਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜਿਸ `ਤੇ ਭਾਰਤ ਸਰਕਾਰ (2016 ਵਿੱਚ) ਦੁਆਰਾ ਲਗਾਈ ਗਈ ਉੱਪਰਲੀ ਸੀਮਾ ਕਰਕੇ ਕੱਟ ਲਗਾਇਆ ਗਿਆ ਸੀ। ਇਸ ਨਾਲ ਸਰਕਾਰੀ ਖਜ਼ਾਨੇ `ਤੇ ਲਗਭਗ 3.2 ਕਰੋੜ ਰੁਪਏ ਦਾ ਬੋਝ ਪਵੇਗਾ।
ਇੱਕ ਹੋਰ ਅਹਿਮ ਫੈਸਲੇ ਵਿੱਚ ਮੁੱਖ ਮੰਤਰੀ ਨੇ ਸਿਹਤ ਵਿਭਾਗ ਵਿੱਚ ਲਗਭਗ 3400 ਵੱਖ-ਵੱਖ ਅਸਾਮੀਆਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਯੂਸ਼ਮਾਨ ਭਾਰਤ ਸਕੀਮ ਅਧੀਨ ਆਂਗਣਵਾੜੀ/ਆਸ਼ਾ ਵਰਕਰਾਂ ਅਤੇ ਹੋਰ ਸਿਹਤ ਵਰਕਰਾਂ ਨੂੰ ਸ਼ਾਮਲ ਕਰਨ ਸਬੰਧੀ ਪ੍ਰਸਤਾਵ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆਉਣ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਜਲਦੀ ਹੀ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਣਗੇ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੰਗਰੂਰ ਵਿੱਚ 100 ਫੀਸਦੀ ਸਰਕਾਰੀ ਫੰਡਿੰਗ ਨਾਲ ਨਵਾਂ ਮੈਡੀਕਲ ਕਾਲਜ ਬਣਾਇਆ ਜਾਵੇਗਾ। ਇਹ ਨਵੇਂ ਮੈਡੀਕਲ ਕਾਲਜ ਰਾਜ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਓ.ਪੀ.ਸੋਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੈਡੀਕਲ ਸਿੱਖਿਆ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਸਿੱਖਿਆ ਮੰਤਰੀ ਪਰਗਟ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਸਕੱਤਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਰਾਜੀ ਪੀ. ਸ਼੍ਰੀਵਾਸਤਵ ਅਤੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਆਲੋਕ ਸ਼ੇਖਰ ਮੌਜੂਦ ਸਨ।
ਬਠਿੰਡਾ ’ਚ ਵਿੱਤ ਮੰਤਰੀ ਤੇ ਵਰਲਡ ਕੈਂਸਰ ਕੇਅਰ ਵਲੋਂ ਮਿਲਕੇ ਮੈਗਾ ਕੈਸਰ ਜਾਂਚ ਕੈਂਪ ਲਗਾਇਆ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਨਾਲ ਮਿਲ ਕੇ ਬਠਿੰਡਾ ਸਹਿਰ ਵਿੱਚ ਮੈਗਾ ਕੈਸਰ ਕੈਂਪ ਲਗਾਇਆ ਗਿਆ। ਜਿਸ ਵਿਚ ਕੈਂਸਰ ਨੂੰ ਪਹਿਲੀ ਸਟੇਜ ਤੇ ਫੜ੍ਹਣ ਲਈ ਮਹਿੰਗੇ ਟੈਸਟ ਬਿਲਕੁੱਲ ਫ੍ਰੀ ਕੀਤੇ ਗਏ। ਇਸ ਮੌਕੇ ਸਰਦਾਰ ਜੈਜੀਤ ਸਿੰਘ ਜੌਹਲ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਂਚ ਕਰਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਡਾ ਕੁਲਵੰਤ ਸਿੰਘ ਧਾਲੀਵਾਲ ਦੀ ਇਸ ਮੁਹਿੰਮ ਨੂੰ ਵਿੱਢਣ ਲਈ ਸਲਾਘਾ ਕਰਦਿਆਂ ਜਿਲ੍ਹੇ ਵਿੱਚ ਹੋਰ ਕੈਂਪ ਲਗਾਉਣ ਲਈ ਵੀ ਅਪੀਲ ਕੀਤੀ।ਇਸ ਦੌਰਾਨ 845 ਦੇ ਕਰੀਬ ਲੋਕਾਂ ਨੇ ਆਪਣੀ ਜਾਂਚ ਕਰਵਾਈ ਅਤੇ ਅਨੇਕਾਂ ਕੈਂਸਰ ਮਰੀਜਾਂ ਵੱਲੋਂ ਡਾਕਟਰ ਕੋਲੋਂ ਸਲਾਹ ਲਈ ਗਈ।ਜਿੱਥੇ ਕੈਂਪ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉੱਥੇ ਨਾਲ ਦੀ ਨਾਲ ਕੈਂਸਰ ਦੇ ਮਹਿੰਗੇ ਟੈਸਟ ਜਿਵੇਂ ਕਿ ਔਰਤਾਂ ਦੀ ਸਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਪੈਪ ਸਮੇਅਰ ਟੈਸਟ , ਟੈਸਟ ਗਦੂਦਾਂ ਦੇ ਕੈਂਸਰ ਦੀ ਜਾਂਚ ਲਈ, ਟੈਸਟ ਹੱਡੀਆਂ ਦੀ ਜਾਂਚ ਲਈ, ਮੂੰਹ ਅਤੇ ਗਲੇ ਦੀ ਜਾਂਚ ਅਤੇ ਕਈ ਹੋਰ ਪ੍ਰਕਾਰ ਦੇ ਬਲੱਡ ਟੈਸਟ ਕੀਤੇ ਗਏ।ਇਸ ਕੈਂਪ ਦੌਰਾਨ ਜਿੱਥੇ ਟੈਸਟ ਕੀਤੇ ਗਏ ਉੱਥੇ ਨਾਲ ਦੀ ਨਾਲ ਸੂਗਰ ਬਲੱਡ ਪ੍ਰੈਸਰ ਅਤੇ ਦਵਾਈਆਂ ਦਾ ਖੁੱਲਾ ਲੰਗਰ ਵੀ ਚਲਾਇਆ ਗਿਆ। ਇਸ ਮੌਕੇ 15 ਵੀਲ ਚੇਅਰ ਅਤੇ 20 ਵਾਕਰ ਵੀ ਲੋੜਵੰਦਾਂ ਨੂੰ ਵੰਡੇ ਗਏ। ਇਸ ਮੌਕੇ ਸੰਸਥਾ ਦੇ ਮਾਲਵਾ ਡਾਇਰੈਕਟਰ ਸੁਖਪਾਲ ਸਿੰਘ ਸਿੱਧੂ, ਮੇਅਰ ਰਮਨ ਗੋਇਲ, ਡਾਕਟਰ ਦੀਪਕ ਅਰੋੜਾ, ਡਾ ਧਰਮਿੰਦਰ, ਡਾ ਗੁਲਸਨ, ਐਮ ਸੀ ਸੰਦੀਪ ਬੌਬੀ, ਟਹਿਲ ਸਿੰਘ ਬੁੱਟਰ, ਪਰਵਿੰਦਰ ਸਿੱਧੂ, ਰਾਜੂ ਸਰਾਂ, ਹਰਜੋਤ ਸਿੱਧੂ ਆਦਿ ਹਾਜ਼ਰ ਸਨ।
ਬਠਿੰਡਾ ’ਚ ਐਨ.ਐਚ.ਐਮ ਕਾਮਿਆਂ ਨੇ ਥਾਲੀਆਂ ਖੜਕਾ ਕੇ ਕੀਤਾ ਪ੍ਰਦਰਸ਼ਨ
ਹੜਤਾਲ ਲਗਾਤਾਰ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਪੰਜਾਬ ਸਰਕਾਰ ਦੁਆਰਾ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਨੈਸ਼ਨਲ ਹੈਲਥ ਮਿਸ਼ਨ ਦੇ ਹਜ਼ਾਰਾਂ ਕਾਮਿਆਂ ਦੀ ਚੱਲ ਰਹੀ ਹੜਤਾਲ ਅੱਜ 13ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਸਰਕਾਰ ਨੂੰ ਜਗਾਉਣ ਲਈ ਅੱਜ ਇੰਨ੍ਹਾਂ ਕਾਮਿਆਂ ਵਲੋਂ ਖਾਲੀ ਥਾਲੀਆਂ ਖੜਕਾ ਕੇ ਰੋਸ਼ ਪ੍ਰਦਰਸ਼ਨ ਕੀਤਾ। ਮਹੱਤਵਪੂਰਨ ਗੱਲ ਇਹ ਰਹੀ ਕਿ ਇੰਨ੍ਹਾਂ ਕਾਮਿਆਂ ਦੀ ਹਿਮਾਇਤ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਆਪ ਦੀ ਮਹਿਲਾ ਆਗੂ ਨੇ ਵੀ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਵਲੋਂ ਮੰਗਾਂ ਨਾ ਮੰਨਣ ਤੱਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸਤੋਂ ਇਲਾਵਾ ਉਨ੍ਹਾਂ ਖਰੜ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਵੀ ਕੀਤਾ। ਇਸ ਦੌਰਾਨ ਸਿਵਲ ਹਸਪਤਾਲ ਦੇ ਡਾਕਟਰਾਂ, ਨਰਸਾਂ, ਵੱਖ ਵੱਖ ਵਿੰਗਾਂ ਦੇ ਮੁਲਾਜਮਾਂ ਵਲੋਂ ਵੀ ਐਨ.ਐਚ.ਐਮ ਕਾਮਿਆਂ ਦੀ ਹਿਮਾਇਤ ਵਿਚ ਇੱਕ ਘੰਟੇ ਲਈ ਓ.ਪੀ.ਡੀ ਬੰਦ ਕਰਕੇ ਹਿਮਾਇਤ ਵਿਚ ਧਰਨੇ ’ਚ ਸਮੂਲੀਅਤ ਕੀਤੀ ਗਈ। ਡਾਕਟਰਾਂ ਵਲੋਂ ਪੀਸੀਐੱਮਐੱਸ ਦੇਂ ਡਾ. ਜਗਰੂਪ ਸਿੰਘ, ਹਰਿੰਦਰ ਸਿੰਘ, ਲੈਬੋਰਟਰੀ ਯੂਨੀਅਨ ਦੇ ਪ੍ਰਧਾਨ ਹਾਕਮ ਸਿੰਘ, ਰੇਡੀਓਗ੍ਰਾਫਰ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ, ਫਾਰਮੇਸੀ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ ਆਦਿ ਨੇ ਵੀ ਹੱਕ ’ਚ ਖੜਣ ਦਾ ਐਲਾਨ ਕੀਤਾ।
ਕੇਜ਼ਰੀਵਾਲ ਦੀ ਔਰਤਾਂ ਲਈ ਗਰੰਟੀ ਬਦਲੇ ਆਪ ਮਹਿਲਾ ਵਿੰਗ ਨੇ ਕੱਢੀ ਧੰਨਵਾਦ ਪੈਦਲ ਯਾਤਰਾ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੇ ਦਿਨੀਂ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦੀ ਗਰੰਟੀ ’ਤੇ ਅੱਜ ਆਪ ਮਹਿਲਾ ਵਿੰਗ ਵਲੋਂ ਬਠਿੰਡਾ ’ਚ ਧੰਨਵਾਦ ਪੈਦਲ ਯਾਤਰਾ ਕੀਤੀ ਗਈ। ਇਸ ਧੰਨਵਾਦੀ ਪੈਦਲ ਯਾਤਰਾ ਵਿੱਚ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਵਿਸੇਸ ਤੌਰ ’ਤੇ ਸਰਿਕਤ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀਆਂ 1 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਆਪ ਦੀ ਸਰਕਾਰ ਬਣਨ ’ਤੇ ਸਿੱਧਾ ਲਾਭ ਮਿਲੇਗਾ।ਇਸ ਮੌਕੇ ਤੇ ਬਲਜਿੰਦਰ ਕੌਰ ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਦੀ ਤੀਜੀ ਗਰੰਟੀ ਨਾਲ ਔਰਤਾਂ ਨੂੰ ਸਹਾਰਾ ਮਿਲੇਗਾ। ਜਿਲ੍ਹਾ ਪ੍ਰਧਾਨ ਸਤਵੀਰ ਕੌਰ ਨੇ ਦੱਸਿਆ ਕਿ ਕੇਜਰੀਵਾਲ ਦੀ ਤੀਸਰੀ ਗਰੰਟੀ ਨਾਲ ਪੰਜਾਬ ਦੀਆਂ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ ਮਨਦੀਪ ਕੌਰ ਰਾਮਗੜ੍ਹੀਆ ਸਹਿਤ ਵੱਡੀ ਗਿਣਤੀ ਵਿਚ ਮਹਿਲਾ ਆਗੂ ਹਾਜ਼ਰ ਸਨ। ਜਦੋਂਕਿ ਇਸ ਪੈਦਲ ਯਾਤਰਾ ਨੂੰ ਸਮਰਥਨ ਦੇਣ ਲਈ ਪਾਰਟੀ ਦੇ ਹਲਕਾ ਇੰਚਾਰਜ਼ ਜਗਰੂਪ ਸਿੰਘ ਗਿੱਲ, ਕਾਰਜ਼ਕਾਰੀ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਕਾਨੂੰਨੀ ਵਿੰਗ ਦੇ ਸੂਬਾਈ ਬੁਲਾਰੇ ਐਡਵੋਕੇਟ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਵਪਾਰ ਵਿੰਗ ਦੇ ਮੀਤ ਪ੍ਰਧਾਨ ਅਨਿਲ ਠਾਕੁਰ, ਬੁੱਧੀਜੀਵੀ ਵਿੰਗ ਦੇ ਪ੍ਰਧਾਨ ਮਹਿੰਦਰ ਸਿੰਘ ਫੁੱਲੋਮਿੱਠੀ ਆਦਿ ਵੀ ਪੁੱਜੇ।
ਆਤਮਾ ਸਕੀਮ ਅਧੀਨ ਕਿਸਾਨ ਗੋਸਟੀ ਕਰਵਾਈ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਦੇ ਦਿਸਾ-ਨਿਰਦੇਸਾਂ ਹੇਠ ਬਲਾਕ ਖੇਤੀਬਾੜੀ ਅਫਸਰ- ਕਮ-ਬੀਟੀਟੀ ਕਨਵੀਨਰ ਡਾ. ਡੂੰਗਰ ਸਿੰਘ ਬਰਾੜ ਦੀ ਅਗਵਾਈ ਹੇਠ ਪਿੰਡ ਮੌੜ ਕਲਾ ਵਿਖੇ ਆਤਮਾ ਸਕੀਮ ਅਧੀਨ ਸੀ.ਆਰ.ਐਮ. ਵਿਸੇ ਉਪਰ ਕਿਸਾਨ ਗੋਸਟੀ ਕਰਵਾਈ ਗਈ। ਇਸ ਮੌਕੇ ਡਾ. ਡੂੰਗਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਬਲਾਕ ਮੌੜ ਵਿੱਚ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਮੌਕੇ ਡਾ. ਬਰਾੜ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਰਾਲੀ ਦੀ ਸਾਂਭ-ਸੰਭਾਲ ਖੇਤ ਵਿੱਚ ਹੀ ਕਰਨ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਤੇ ਜਮੀਨ ਵਿਚਲੇ ਤੱਤਾਂ ਦੀ ਕਾਫੀ ਹੱਦ ਤੱਕ ਪੂਰਤੀ ਹੁੰਦੀ ਹੈ, ਇਸ ਤੋਂ ਇਲਾਵਾ ਵਾਤਾਵਰਨ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਡਾ. ਅਮਨਦੀਪ ਸਿੰਘ ਨੇ ਕਣਕ ਦੀ ਫਸਲ ਦੀ ਕਾਸਤ ਤੇ ਹਾੜੀ ਦੀਆਂ ਫਸਲਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ ਅਸਮਾਨਪ੍ਰੀਤ ਸਿੰਘ ਸਿੱਧੂ ਏ ਡੀ ਓ ਨੇ ਸਰਕਾਰ ਵਲੋਂ ਸਬਸਿਡੀ ਉਪਰ ਦਿੱਤੀਆਂ ਜਾ ਰਹੀਆਂ ਮਸੀਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਪਰਾਲੀ ਦੀ ਸਾਂਭ-ਸੰਭਾਲ ਅਤੇ ਕਣਕ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਖੇਤੀਬਾੜੀ ਉਪਨਿਰੀਖਕ ਸ਼੍ਰੀ ਜਗਸੀਰ ਸਿੰਘ, ਖੇਤੀਬਾੜੀ ਉਪਨਿਰੀਖਕ ਸ਼੍ਰੀ ਲਾਲ ਸਿੰਘ, ਸ਼੍ਰੀ ਗੁਰਵਿੰਦਰ ਸਿੰਘ, ਕਾਕਾ ਸਿੰਘ ਅਤੇ ਨੱਥਾ ਸਿੰਘ ਬੇਲਦਾਰ ਆਦਿ ਹਾਜ਼ਰ ਸਨ।
ਮਜਦੂਰ ਮੰਗਾਂ ਲਾਗੂ ਕਰਵਾਉਣ ਲਈ 12 ਦੇ ਰੇਲ ਜਾਮ ਲਈ ਪਿੰਡ ਪੱਧਰ ‘ਤੇ ਮੁਹਿੰਮ ਵਿੱਢਣ ਦਾ ਐਲਾਨ
ਠੇਕਾ ਕਾਮਿਆਂ ਨੂੰ ਸਰਕਾਰ ਵੱਲੋਂ ਧਮਕੀਆਂ ਦੀ ਨਿੰਦਾ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਭਖਦੀਆਂ ਮਜਦੂਰ ਮੰਗਾਂ ਨੂੰ ਲੈਕੇ 12 ਦਸੰਬਰ ਨੂੰ ਰੇਲਾਂ ਜਾਮ ਕਰਨ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡ – ਪਿੰਡ ਮੀਟਿੰਗਾਂ ਤੇ ਰੈਲੀਆਂ ਕਰਨ ਰਾਹੀਂ ਪਿੰਡ ਪੱਧਰ ‘ਤੇ ਮੁਹਿੰਮ ਵਿੱਢੀ ਜਾਵੇਗੀ ਅਤੇ ਅਧਿਕਾਰੀਆਂ ਨੂੰ ਜਨਤਕ ਡੈਪੂਟੇਸਨ ਵੀ ਮਿਲੇ ਜਾਣਗੇ। ਇਹ ਫੈਸਲਾ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੌਰਾਨ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਵਿੱਤ ਸਕੱਤਰ ਹਰਮੇਸ ਮਾਲੜੀ ਨੇ ਦੱਸਿਆ ਕਿ 23 ਨਵੰਬਰ ਨੂੰ ਮੁੱਖ ਮੰਤਰੀ ਵੱਲੋਂ ਮਜਦੂਰ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਦੌਰਾਨ ਹੱਕੀ ਮੰਗਾਂ ਪ੍ਰਵਾਨ ਕਰਨ ਦੇ ਬਾਵਜੂਦ ਅਜੇ ਤੱਕ ਨਾਂ ਕੋਈ ਪੱਤਰ ਜਾਰੀ ਕੀਤਾ ਗਿਆ ਤੇ ਨਾਂ ਹੀ ਕੋਈ ਅਮਲੀ ਕਦਮ ਚੁੱਕਿਆ ਗਿਆ। ਮਜਦੂਰ ਆਗੂਆਂ ਨੇ ਦੱਸਿਆ ਕਿ 12 ਦਸੰਬਰ ਨੂੰ ਅੱਠ ਥਾਵਾਂ ਉੱਤੇ ਰੇਲਾਂ ਜਾਮ ਕੀਤੀਆਂ ਜਾਣਗੀਆਂ ਅਤੇ ਉਸਤੋਂ ਪਹਿਲਾਂ ਪੰਜਾਬ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ ।ਮੀਟਿੰਗ ਦੌਰਾਨ ਠੇਕਾ ਮੁਲਾਜਮ ਮੋਰਚੇ ਦੇ ਆਗੂਆਂ ਨਾਲ ਮਜਦੂਰਾਂ ਮੁਲਾਜਮਾਂ ਤੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ।ਮੀਟਿੰਗ ਵਿੱਚ ਮੇਜਰ ਸਿੰਘ ਕਾਲੇਕੇ,ਗੁਰਪਾਲ ਸਿੰਘ ਨੰਗਲ ਤੇ ਹਰਭਗਵਾਨ ਸਿੰਘ ਮੂਣਕ ਵੀ ਮੌਜੂਦ ਸਨ ।






