Sunday, May 3, 2026
Home Blog Page 2694

ਮਾਲਵਾ ਸਰੀਰਕ ਸਿੱਖਿਆ ਕਾਲਜ ਦੀਆਂ ਲੜਕੀਆਂ ਨੇ ਜਿੱਤਿਆ ਕਾਂਸੀ ਤਮਗਾ

0

ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਸਥਾਨਕ ਮਾਲਵਾ ਸਰੀਰਕ ਸਿੱਖਿਆ ਕਾਲਜ ਦੀਆਂ ਲੜਕੀਆਂ ਨੇ ਅੰਤਰ-ਕਾਲਜ ਪੰਜਾਬੀ ਯੂਨੀਵਰਸਿਟੀ ਹਾਕੀ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਕਾਲਜ ਦੀ ਝੋਲੀ ਪਾ ਕ ਕਾਲਜ ਦੀ ਮੈਡਲ ਪ੍ਰਾਪਤੀ ਲੜੀ ਨੂੰ ਅੱਗੇ ਵਧਾਇਆ। ਇਨ੍ਹਾਂ ਹੋਣਹਾਰ ਖਿਡਾਰਣਾਂ ਨੇ ਹਾਕੀ ਅੰਤਰ-ਕਾਲਜ ਮੁਕਾਬਲਿਆਂ ਵਿਚ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੂੰ ਸਿਫਰ ਦੇ ਮੁਕਾਬਲੇ 12 ਗੋਲਾਂ ਨਾਲ ਹਰਾ ਕੇ ਅਤੇ ਡੀ.ਏ.ਵੀ. ਕਾਲਜ ਬਠਿੰਡਾ ਨੂੰ ਸਿਫਰ ਦੇ ਮੁਕਾਬਲੇ 1 ਗੋਲ ਨਾਲ ਹਰਾ ਕੇ ਕਾਂਸੀ ਮੈਡਲ ਕਾਲਜ ਦੀ ਝੋਲੀ ਪਾਇਆ। ਵਰਣਨਯੋਗ ਗੱਲ ਇਹ ਹੈ ਕਿ ਇਸ ਕਾਲਜ ਦੀਆਂ ਪ੍ਰਤਿਭਾਸ਼ਾਲੀ ਖਿਡਾਰਣਾਂ ਜੋਤੀਕਾ ਕਲਸੀ, ਨਵਜੋਤ ਕੌਰ ਅਤੇ ਮਨਦੀਪ ਕੌਰ ਬੀ.ਪੀ.ਐਡ. ਪਹਿਲਾ ਸਾਲ ਦੀਆਂ ਵਿਦਿਆਰਥਣਾਂ ਆਲ ਇੰਡੀਆ ਅੰਤਰ ਯੂਨੀਵਰਸਿਟੀ ਹਾਕੀ ਕੈਂਪ ਲਈ ਚੁਣੀਆਂ ਗਈਆਂ ਹਨ।ਕਾਲਜ ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ ਅਤੇ ਡੀਨ ਰਘਬੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਇਨ੍ਹਾਂ ਹੋਣਹਾਰ ਖਿਡਾਰਣਾਂ ਨੂੰ ਉਨਾਂ ਦੀ ਜਿਕਰਯੋਗ ਪ੍ਰਾਪਤੀਆਂ ਤੇ ਹਾਰਦਿਕ ਵਧਾਈ ਦਿੱਤੀ। ਕਾਲਜ ਮੈਨੇਂਜਮੈਟ ਚੈਅਰਮੈਨ ਸ਼੍ਰੀ ਰਮਨ ਕੁਮਾਰ ਸਿੰਗਲਾ, ਵਾਈਸ ਪ੍ਰੈਜੀਡੈਂਟ ਸ਼੍ਰੀ ਰਾਕੇਸ਼ ਗੋਇਲ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਕਾਲਜ ਦੇ ਸਮੂਹ ਸਟਾਫ ਦੀ ਪ੍ਰਸ਼ੰਸਾ ਕੀਤੀ ਅਤੇ ਵਧਾਈ ਦਿੱਤੀ ਅਤੇ ਆਉਣ ਵਾਲੀ ਪ੍ਰਤੀਯੋਗਤਾ ਲਈ ਸ਼ੱੁਭ ਇੱਛਾਵਾਂ ਦਿੱਤੀਆਂ ਅਤੇ ਸਲਾਨਾ ਸਮਾਰੋਹ ਵਿੱਚ ਸਨਮਾਨਿਤ ਕਰਨ ਦਾ ਐਲਾਨ ਕੀਤਾ।

ਕਿਸਾਨੀ ਸ਼ੰਘਰਸ਼ ‘ਚ ਜਾਨਾਂ ਗਵਾਉਣ ਵਾਲੇ 12 ਕਿਸਾਨ ਪਰਿਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

0

ਹੁਣ ਤੱਕ 23 ਸ਼ਹੀਦ ਪਰਿਵਾਰਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ ਨਿਯੁਕਤੀ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ: ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵਲੋਂ ਖੇਤੀਬਾੜੀ ਸਬੰਧੀਂ ਤਿੰਨ ਕੇਂਦਰੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ 12 ਕਿਸਾਨ ਪਰਿਵਾਰਾਂ ਨੂੰ ਇੱਥੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਧੂ ਨੇ ਹੋਰ ਦੱਸਿਆ ਕਿ ਨਿਯੁਕਤੀ ਦੇਣ ਵਾਲੇ 12 ਪਰਿਵਾਰਾਂ ਚੋਂ 6 ਪਰਿਵਾਰਾਂ ਨੂੰ ਦਫਤਰ ਡਿਪਟੀ ਕਮਿਸ਼ਨਰ ਅਤੇ 6 ਪਰਿਵਾਰਾਂ ਨੂੰ ਖੇਤੀਬਾੜੀ ਵਿਭਾਗ ਵਿਚ ਉਨ੍ਹਾਂ ਦੀ ਯੋਗਤਾ ਅਨੁਸਾਰ ਨਿਯੁਕਤੀ ਪੱਤਰਾਂ ਦੀ ਵੰਡ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋ ਚੁੱਕੇ 23 ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ, ਜਿਨ੍ਹਾਂ ਚੋਂ 11 ਕਿਸਾਨ ਪਰਿਵਾਰਾਂ ਨੂੰ ਪਹਿਲਾਂ ਹੀ ਉਨ੍ਹਾਂ ਦੀ ਯੋਗਤਾ ਅਨੁਸਾਰ ਨਿਯੁਕਤੀ ਪੱਤਰ ਮੁਹੱਈਆ ਕਰਵਾਏ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਧੂ ਨੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨਾਲ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਮਿ੍ਰਤਕ ਕਿਸਾਨ ਪਰਿਵਾਰਾਂ ਲਈ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਨਿਯੁਕਤੀ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਸਖਤ ਮਿਹਨਤ ਤੇ ਤਨਦੇਹੀ ਨਾਲ ਆਪਣੀ ਨੌਕਰੀ ਪ੍ਰਤੀ ਜ਼ਿੰਮੇਵਾਰੀ ਨਾਲ ਫ਼ਰਜ ਨਿਭਾਉਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦਿ੍ਰੜ ਇਰਾਦੇ ਨਾਲ ਅੱਗੇ ਹੋਰ ਵੀ ਤਰੱਕੀ ਕਰ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ ਤੋਂ ਇਲਾਵਾ ਮਿ੍ਰਤਕ ਕਿਸਾਨਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

ਐਡਵੋਕੇਟ ਹਰਪ੍ਰੀਤ ਸੰਧੂ ਨੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

0

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਦਯੋਗ ਮੰਤਰੀ ਗੁਰਕੀਰਤ ਸਿੰਘ ਅਤੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਅਹੁਦਾ ਸੰਭਾਲਣ ਸਮਾਰੋਹ ਵਿੱਚ ਕੀਤੀ ਸ਼ਿਰਕਤ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਨਵੰਬਰ:ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦੇ ਨਵ-ਨਿਯੁਕਤ ਚੇਅਰਮੈਨ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਅੱਜ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਦਯੋਗ ਮੰਤਰੀ ਗੁਰਕੀਰਤ ਸਿੰਘ ਅਤੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਦੀ ਹਾਜ਼ਰੀ ਵਿੱਚ ਉਦਯੋਗ ਭਵਨ ਵਿਖੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ।
ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਡਵੋਕੇਟ ਸੰਧੂ ਨੂੰ ਸਿਰੋਪਾਓ ਭੇਂਟ ਕੀਤਾ ਅਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਐਡਵੋਕੇਟ ਸੰਧੂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਆਸ ਪ੍ਰਗਟਾਈ ਕਿ ਪੰਜਾਬ ਇਨਫੋਟੈਕ ਨਵੇਂ ਚੇਅਰਮੈਨ ਦੀ ਰਹਿਨੁਮਾਈ ਹੇਠ ਨਵੀਆਂ ਉਚਾਈਆਂ ਹਾਸਲ ਕਰੇਗਾ। ਉਨ੍ਹਾਂ ਨਵੇਂ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੰਦਿਆਂ ਐਡਵੋਕੇਟ ਸੰਧੂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਉੱਘੇ ਵਕੀਲ ਹਰਪ੍ਰੀਤ ਸਿੰਘ ਸੰਧੂ, ਜੋ ਇੱਕ ਲੇਖਕ ਅਤੇ ਨੇਚਰ ਆਰਟਿਸਟ ਵੀ ਹਨ, ਨੇ ਕਿਹਾ ਕਿ ਇਸ ਆਈ.ਟੀ. ਯੁੱਗ ਵਿੱਚ ਤਕਨਾਲੋਜੀ ਸੇਵਾਵਾਂ ਨੂੰ ਦੇਖਦਿਆਂ ਅੱਜ ਸਮੇਂ ਦੀ ਲੋੜ ਹੈ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਅਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਦੇ ਮਾਰਗਦਰਸ਼ਨ ਹੇਠ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੰਜਾਬ ਦੀ ਧਰਤੀ ‘ਤੇ ਆਈ ਟੀ ਉਦਯੋਗ ਨੂੰ ਪ੍ਰਫੁਲਤ ਕਰਨ ਲਈ ਹੋਰ ਉਪਰਾਲੇ ਕਰੀਏ।ਲੋਕਪਾਲ ਪੰਜਾਬ ਜਸਟਿਸ ਵੀ.ਕੇ.ਸ਼ਰਮਾ, ਪ੍ਰਮੁੱਖ ਸਕੱਤਰ ਉਦਯੋਗ, ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਤੇਜਵੀਰ ਸਿੰਘ, ਏਡੀਜੀਪੀ ਜੇਲ੍ਹਾਂ ਪ੍ਰਵੀਨ ਸਿਨਹਾ, ਮੁੱਖ ਕਾਰਜਕਾਰੀ ਅਫ਼ਸਰ (ਸੀਈਓ) ਇਨਵੈਸਟ ਪੰਜਾਬ ਰਜਤ ਅਗਰਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਚਾਰਜ ਸੰਭਾਲਣ ਦੀ ਰਸਮ ਵਿੱਚ ਸ਼ਿਰਕਤ ਕੀਤੀ।

ਨਵੀਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦਸੰਬਰ ਮਹੀਨੇ ਹੋਵੇਗੀ ਕਾਰਜਸ਼ੀਲ– ਸੁਖਜਿੰਦਰ ਸਿੰਘ ਰੰਧਾਵਾ

0

ਜੇਲ੍ਹਾਂ ਵਿੱਚ ਤੇਲ ਕੰਪਨੀਆਂ ਦੇ ਆਊਟਲੈਟ ਸਥਾਪਨ ਲਈ ਮਨਜ਼ੂਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼
ਮੁਹਾਲੀ ਦੀ ਜ਼ਿਲਾ ਜੇਲ੍ਹ ਲਈ ਜ਼ਮੀਨ ਦੀ ਸ਼ਨਾਖਤ ਵਾਸਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਖਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਨਵੰਬਰ: ਗੋਇੰਦਵਾਲ ਸਾਹਿਬ ਵਿਖੇ ਉਸਾਰੀ ਜਾ ਰਹੀ ਨਵੀਂ ਕੇਂਦਰੀ ਜੇਲ੍ਹ ਦਾ ਉਸਾਰੀ ਦਾ ਕੰਮ ਲੱਗਭੱਗ ਮੁਕੰਮਲ ਹੋ ਗਿਆ ਜਿਹੜੀ ਕਿ ਦਸੰਬਰ ਦੇ ਅੱਧ ਵਿੱਚ ਜੇਲ੍ਹ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ। ਦਸੰਬਰ ਮਹੀਨੇ ਵਿੱਚ ਇਹ ਜੇਲ੍ਹ ਕਾਰਜਸ਼ੀਲ ਹੋ ਜਾਵੇਗੀ। ਇਹ ਗੱਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜੇਲ੍ਹ ਵਿਭਾਗ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ ਸਬੰਧੀ ਪੰਜਾਬ ਸਿਵਲ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਸੱਦੀ ਉਚ ਪੱਧਰੀ ਮੀਟਿੰਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਆਖੀ।ਸ. ਰੰਧਾਵਾ ਜਿਨ੍ਹਾਂ ਕੋਲ ਜੇਲ੍ਹ ਵਿਭਾਗ ਵੀ ਹੈ, ਨੇ ਦੱਸਿਆ ਕਿ ਸੂਬੇ ਦੀਆਂ ਜੇਲ੍ਹਾਂ ਦੀ ਸਮਰੱਥਾ ਨੂੰ ਤਰਕਸੰਗਤ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ 185 ਕਰੋੜ ਰੁਪਏ ਦੀ ਲਾਗਤ ਨਾਲ 2780 ਕੈਦੀਆਂ ਦੀ ਸਮਰੱਥਾ ਵਾਲੀ ਕੇਂਦਰੀ ਜੇਲ੍ਹ ਉਸਾਰੀ ਗਈ ਹੈ। ਇਸ ਨਾਲ ਸੂਬੇ ਵਿੱਚ ਕੇਂਦਰੀ ਜੇਲ੍ਹਾਂ ਦੀ ਗਿਣਤੀ 10 ਅਤੇ ਕੁੱਲ ਜੇਲ੍ਹਾਂ ਦੀ ਗਿਣਤੀ 26 ਹੋ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਜੇਲ੍ਹ ਦਾ ਨਿਰਮਾਣ ਕੰਮ ਕਰੀਬ ਮੁਕੰਮਲ ਹੋ ਗਿਆ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਦਸੰਬਰ ਦੇ ਅੱਧ ਤੱਕ ਜੇਲ੍ਹ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ।
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਮੁਹਾਲੀ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕੈਦੀਆਂ ਨੂੰ ਹੁਣ ਰੋਪੜ ਤੇ ਪਟਿਆਲਾ ਜੇਲ੍ਹ ਭੇਜਣਾ ਪੈਂਦਾ ਹੈ ਜਿਸ ਸਬੰਧੀ ਮੁਹਾਲੀ ਜ਼ਿਲ੍ਹੇ ਵਿੱਚ ਨਵੀਂ ਜੇਲ੍ਹ ਬਣਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ, ਇਸ ਕੰਮ ਲਈ ਲੋੜੀਂਦੀ ਜ਼ਮੀਨ ਦੀ ਸ਼ਨਾਖਤ ਕਰਨ ਦਾ ਕੰਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸੌਂਪਿਆ ਗਿਆ। ਇਸ ਸਬੰਧੀ ਮੀਟਿੰਗ ਵਿੱਚ ਹੀ ਦੋਵੇਂ ਸਬੰਧਤ ਵਿਭਾਗਾਂ ਦੇ ਇਕ-ਇਕ ਅਫਸਰ ਦੀ ਡਿਊਟੀ ਲਗਾਈ ਗਈ ਹੈ। ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਜੇਲ੍ਹ ਵਿਭਾਗ ਦੀਆਂ ਥਾਵਾਂ ਉਤੇ ਤੇਲ ਕੰਪਨੀਆਂ ਦੇ ਆਊਟਲੈਟ ਸਥਾਪਤ ਕਰਨ ਸਬੰਧੀ ਮਨਜ਼ੂਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਫਰੀਦਕੋਟ ਜੇਲ੍ਹ ਵਿੱਚ ਨਿਰੋਲ ਕੈਦੀਆਂ ਵਾਸਤੇ ਹਸਪਤਾਲ ਸਥਾਪਤ ਕਰਨ ਲਈ ਸਿਹਤ ਵਿਭਾਗ ਨੂੰ ਲੋੜੀਂਦਾ ਸਟਾਫ ਤਾਇਨਾਤ ਕਰਨ ਲਈ ਆਖਿਆ ਗਿਆ ਜਿਸ ਨਾਲ ਕੈਦੀਆਂ ਨੂੰ ਇਲਾਜ ਲਈ ਦੂਰ-ਦੁਰਾਡੇ ਨਹੀਂ ਲਿਜਾਣਾ ਪਵੇਗਾ।
ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਲੋਕ ਨਿਰਮਾਣ, ਪੀ.ਐਸ.ਪੀ.ਸੀ.ਐਲ., ਭੌਂ ਸੰਭਾਲ, ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਨਜ਼ੂਰੀਆਂ ਦਾ ਕੰਮ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਅਤੇ ਲੋਕ ਨਿਰਮਾਣ ਮਿੱਥੇ ਸਮੇਂ ਤੱਕ ਜੇਲ੍ਹ ਵਿਭਾਗ ਨੂੰ ਕੇਂਦਰੀ ਜੇਲ੍ਹ ਸੌਂਪਣਾ ਯਕੀਨੀ ਬਣਾਏ।ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜੇਲ੍ਹਾਂ ਡੀ.ਕੇ.ਤਿਵਾੜੀ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਵਿਵੇਕ ਪ੍ਰਤਾਪ ਸਿੰਘ, ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਰਾਹੁਲ ਭੰਡਾਰੀ, ਪੁੱਡਾ ਦੇ ਸੀ.ਏ. ਵਿਨੇ ਬੁਬਲਾਨੀ, ਏ.ਡੀ.ਜੀ.ਪੀ. ਜੇਲ੍ਹਾਂ ਪ੍ਰਵੀਨ ਕੁਮਾਰ ਸਿਨਹਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ, ਡਾਇਰੈਕਟਰ ਸਿਹਤ ਸੇਵਾਵਾਂ ਡਾ.ਅੰਦੇਸ਼, ਆਈ.ਜੀ. ਜੇਲ੍ਹਾਂ ਰੂਪ ਕੁਮਾਰ ਅਰੋੜਾ, ਡੀ.ਆਈ.ਜੀ. ਜੇਲ੍ਹਾਂ ਅਮਨੀਤ ਕੌਂਡਲ, ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਜ਼ਿਲ੍ਹੇ ’ਚ ਮੋਤੀਆ ਬਿੰਦ ਦੇ ਅਪਰੇਸ਼ਨ ਮੁਫਤ ਕੀਤੇ ਜਾਣਗੇ : ਡਾ. ਤੇਜਵੰਤ ਢਿੱਲੋਂ

0

50 ਸਾਲ ਤੋਂ ਉਪਰ ਦੇ ਵਿਅਕਤੀ ਸਰਕਾਰੀ ਹਸਪਤਾਲ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਕਰਵਾਉਣ : ਡਾ. ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੱਦੇਨਜਰ ਸੂਬੇ ਭਰ ਵਿੱਚ ਸ਼ੁਰੂ ਕੀਤੇ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ ਤਹਿਤ ਜ਼ਿਲ੍ਹੇ ਵਿਚ 50 ਸਾਲ ਤੋਂ ਉਪਰ ਦੇ ਲੋੜਵੰਦ ਮਰੀਜਾਂ ਦੇ ਮੋਤੀਆ ਬਿੰਦ ਦੇ ਮੁਫਤ ਅਪਰੇਸ਼ਨ 31 ਦਸੰਬਰ ਤੱਕ ਕੈਂਪ ਲਗਾਕੇ ਕੀਤੇ ਜਾਣਗੇ । ਇਹ ਦਾਅਵਾ ਇਸ ਮੁਹਿੰਮ ਦਾ ਬੈਨਰ ਜਾਰੀ ਕਰਦਿਆਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਸਿਵਲ ਹਸਪਤਾਲ ਬਠਿੰਡਾ, ਸਿਵਲ ਹਸਪਤਾਲ ਗੋਨਿਆਣਾ, ਤਲਵੰਡੀ ਸਾਬੋ, ਨਥਾਣਾ, ਬਾਲਿਆਂਵਾਲੀ, ਸੰਗਤ, ਭਗਤਾ ਅਤੇ ਭੁੱਚੋ ਵਿਖੇ 50 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਦੀਆਂ ਅੱਖਾਂ ਦੀ ਮੁਫਤ ਸਕਰੀਨਿੰਗ ਕੀਤੀ ਜਾ ਰਹੀ ਹੈ। ਸਕਰੀਨਿੰਗ ਉਪਰੰਤ ਮੋਤੀਅਬਿੰਦ ਤੋਂ ਪੀੜਤ ਪਾਏ ਜਾਣ ਵਾਲੇ ਵਿਅਕਤੀਆਂ ਦੀਆਂ ਅੱਖਾਂ ਦੇ ਮੁਫਤ ਅਪਰੇਸ਼ਨ ਜਿਲਾ ਹਸਪਤਾਲ ਬਠਿੰਡਾ ਵਿਖੇ ਮਿਤੀ 1 ਦਸੰਬਰ ਤੋਂ 31 ਦਸੰਬਰ 2021 ਤੱਕ ਕੀਤੇ ਜਾਣਗੇ । ਉਹਨਾਂ ਦੱਸਿਆ ਕਿ ਜਿਲਾ ਹਸਪਤਾਲ ਵਿਖੇ ਅਪਰੇਸ਼ਨ ਲਈ ਜਾਣ ਵਾਲੇ ਮਰੀਜਾਂ ਨੂੰ ਮੁਫਤ ਆਵਾਜਾਈ ਦੀ ਸਹੂਲਤ, ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾਣਗੀਆਂ। ਡਾ. ਮਿਨਾਕਸ਼ੀ ਸਿੰਗਲਾ ਤੇ ਸ਼੍ਰੀ ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਨੇ ਜਿਲਾ ਬਠਿੰਡਾ ਦੇ 50 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਅੱਖਾਂ ਦੀ ਮੁਫਤ ਜਾਂਚ ਸਰਕਾਰੀ ਹਸਪਤਾਲ ਵਿਖੇ ਅੱਖਾਂ ਦੇ ਮਾਹਿਰ ਕੋਲ ਜਰੂਰ ਕਰਵਾਉਣ ਅਤੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ । ਉਹਨਾਂ ਸਿਹਤ ਵਿਭਾਗ ਦੇ ਫੀਲਡ ਸਟਾਫ, ਆਸ਼ਾ ਵਰਕਰਾਂ, ਸਮਾਜਸੇਵੀ ਸੰਸਥਾਵਾਂ ਅਤੇ ਪੰਚਾਂ-ਸਰਪੰਚਾਂ ਨੂੰ ਵੀ ਇਸ ਮਹਾਨ ਕਾਰਜ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ। ਇਸ ਮੌਕੇ ਡਾ. ਮਿਨਾਕਸ਼ੀ ਸਿੰਗਲਾ, ਡਾ. ਊਸ਼ਾ ਗੋਇਲ, ਡਾ. ਮੁਨੀਸ਼ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਲਖਵਿੰਦਰ ਸਿੰਘ ਬੀਈਈ ਅਤੇ ਮੱਖਣ ਸਿੰਘ ਸੁਪਰਡੈਂਟ ਮੌਜੂਦ ਸਨ ।

ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਦਾ ਦੌਰਾ

0

ਸੁਖਜਿੰਦਰ ਮਾਨ
ਬਠਿੰਡਾ, 29 ਨਵੰਬਰ-ਸਥਾਨਕ ਡੀ.ਏ.ਵੀ. ਕਾਲਜ ਦੇ ਪੋਸਟ ਗਰੈਜੂਏਟ ਕੈਮਿਸਟਰੀ ਵਿਭਾਗ ਵੱਲੋਂ ਬੀ.ਏ, ਬੀ.ਕਾਮ, ਬੀ,ਕਾਮ ਆਨਰਜ਼, ਬੀ.ਐਸ.ਸੀ. ਮੈਡੀਕਲ, ਬੀ.ਐਸ.ਸੀ. ਨਾਨ-ਮੈਡੀਕਲ, ਬੀ.ਬੀ.ਏ. ਅਤੇ ਬੀ.ਸੀ.ਏ. ਦੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਵਿੱਦਿਅਕ ਦੌਰੇ ’ਤੇ 370 ਵਿਦਿਆਰਥੀ, 14 ਅਧਿਆਪਕ ਸਾਹਿਬਾਨਾਂ ਨਾਲ ਗਏ। ਇਸ ਯਾਤਰਾ ਦਾ ਉਦੇਸ਼ ਵਾਤਾਵਰਣ ਅਤੇ ਪਾਣੀ ਦੀ ਸੰਭਾਲ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੇ ਦੁਨੀਆਂ ਭਰ ਵਿਚ ਹੋ ਰਹੇ ਜਲਵਾਯੂ ਪਰਿਵਰਤਨ ਬਾਰੇ ਜਾਣਕਾਰੀ ਲਈ। ਉਹਨਾਂ ਨੇ ਇਸ ਯਾਤਰਾ ਵਿਚ ਮਨੋਰੰਜਨ ਦੇ ਨਾਲ-ਨਾਲ ਬਹੁਤ ਗਿਆਨਭਰਪੂਰ ਵਿਚਾਰ ਵੀ ਗ੍ਰਹਿਣ ਕੀਤੇ। ਪ੍ਰੋ. ਮੀਤੂ ਵਧਵਾ ਮੁਖੀ ਕੈਮਿਸਟਰੀ ਵਿਭਾਗ ਨੇ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ ਅਜਿਹੇ ਦੌਰੇ ਵਿਦਿਆਰਥੀਆਂ ਨੂੰ ਵਿਵਹਾਰਕ ਗਿਆਨ ਹਾਸਿਲ ਕਰਵਾਉਂਦੇ ਹਨ। ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਇਸ ਵਿੱਦਿਅਕ ਦੌਰੇ ਨੂੰ ਸਫ਼ਲਤਾਪੂਰਵਕ ਨੇਪਰ੍ਹੇ ਚੜ੍ਹਾਉਣ ਵਾਲੇ ਪ੍ਰੋਫੈਸਰ ਸਾਹਿਬਾਨਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਨੂੰ ਬਹੁਤ ਕੁੱਝ ਸਿਖਾਉਂਦੇ ਹਨ।

ਬਾਦਲਾਂ ਨੂੰ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ-ਮੁੱਖ ਮੰਤਰੀ ਚੰਨੀ

0

ਰਾਏਕੋਟ ਹਲਕੇ ਤੋਂ ਆਪ ਦੇ ਵਿਧਾਇਕ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਲ
ਸੁਖਜਿੰਦਰ ਮਾਨ
ਬਾਘਾ ਪੁਰਾਣਾ (ਮੋਗਾ), 25 ਨਵੰਬਰ: ਸੂਬੇ ਦੀ ਅੰਨ੍ਹੀ ਲੁੱਟ-ਖਸੁੱਟ ਕਰਨ ਲਈ ਬਾਦਲ ਪਰਿਵਾਰ ਉਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਬਾਦਲਾਂ ਨੂੰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਵਿਰੁੱਧ ਕੀਤੇ ਗਏ ਬੱਜਰ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਇੱਥੇ ਸਥਾਨਕ ਅਨਾਜ ਮੰਡੀ ਵਿਖੇ ਮੁੱਖ ਮੰਤਰੀ ਨੇ ਇਕੱਠ ਨੂੰ ਸੰਬੋਧਨ ਕੀਤਾ ਜਿਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ।ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਨੇ ਪੰਜਾਬ ਵਿਰੁੱਧ ਹਰੇਕ ਮਾੜੇ ਕੰਮ ਵਿਚ ਬਾਦਲਾਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਹੋਰ ਅਜਿਹੇ ਕਾਰੋਬਾਰ ਬਾਦਲਾਂ ਦੇ ਦੁਰਸ਼ਾਸਨ ਦੌਰਾਨ ਵਧੇ-ਫੁਲੇ ਸਨ। ਉਨ੍ਹਾਂ ਕਿਹਾ ਕਿ ਇਸ ਮਾਫੀਏ ਨੇ ਪੰਜਾਬ ਦਾ ਸਰਮਾਏ ਦੀ ਅੰਨ੍ਹੀ ਲੁੱਟ ਕੀਤੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਾਦਲਾਂ ਦੀ ਸਰਪ੍ਰਸਤੀ ਹੇਠ ਇਸ ਮਾਫੀਏ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਅਤੇ ਹੁਣ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ ਅਤੇ ਇਹ ਦਿਨ ਹੁਣ ਬਹੁਤੀ ਦੂਰ ਨਹੀਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਨੇ ਬਾਦਲਾਂ ਦੀ ਸਰਪ੍ਰਸਤੀ ਵਾਲੇ ਮਾਫੀਏ ਵਿਰੁੱਧ ਲਗਾਮ ਕੱਸੀ ਤਾਂ ਬਾਦਲ ਆਪਣਾ ਬਚਾਅ ਕਰਨ ਲਈ ਇਧਰ-ਓਧਰ ਹੱਥ-ਪੈਰ ਮਾਰ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਬਾਦਲਾਂ ਦੇ ਗੁਨਾਹ ਮੁਆਫੀ ਦੇ ਲਾਇਕ ਨਹੀਂ ਅਤੇ ਵਧੀਕੀਆਂ ਅਤੇ ਗਲਤੀਆਂ ਲਈ ਉਨ੍ਹਾਂ ਦੀ ਜੁਆਬਦੇਹੀ ਤੈਅ ਕੀਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਬਾਦਲਾਂ ਦੀ ਮਾਲਕੀ ਵਾਲੇ ਕੇਬਲ ਮਾਫੀਏ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦੇਰੀ ਨਾਲ ਲਿਆ ਫੈਸਲਾ ਹੈ। ਮੁੱਖ ਮੰਤਰੀ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਤਿੱਖਾ ਹਮਲਾ ਕਰਦਿਆਂ ਉਸ ਨੂੰ ਅਫਵਾਹਾਂ ਫੈਲਾਉਣ ਵਾਲਾ ਸਿਆਸਤਦਾਨ ਦੱਸਿਆ ਜੋ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਸੱਤਾ ਹਥਿਆਉਣ ਲਈ ਪੱਬਾਂ ਭਾਰ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕੇਜਰੀਵਾਲ ਤੇ ਉਸ ਦੀ ਜੁੰਡਲੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀ ਹਮੇਸ਼ਾ ਆਪਣੀ ਧਰਤੀ ਅਤੇ ਲੋਕਾਂ ਨੂੰ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਪੰਜਾਬੀਆਂ ਨੇ ਨਾ ਤਾਂ ਕਦੇ ਸੂਬੇ ਦੀ ਸੱਤਾ ਬਾਹਰੀ ਵਿਅਕਤੀ ਦੇ ਹੱਥ ਵਿਚ ਸੌਂਪੀਂ ਹੈ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਹੋਣ ਦੇਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦਿੱਲੀ ਮਾਡਲ ਦਾ ਕੋਈ ਵਜੂਦ ਨਹੀਂ ਹੈ ਜਦਕਿ ਕਾਂਗਰਸ ਦੇ ਪੰਜਾਬ ਮਾਡਲ ਨਾਲ ਲੋਕਾਂ ਨੂੰ ਬਿਹਤਰ ਸ਼ਾਸਨ ਮੁਹੱਈਆ ਕਰਵਾਇਆ ਜਾ ਰਿਹਾ ਹੈ।ਕੇਜਰੀਵਾਲ ਉਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਨੂੰ ਤਾਂ ਸੂਬੇ ਬਾਰੇ ਬੁਨਿਆਦੀ ਸਮਝ ਵੀ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਸੂਬੇ ਦੀਆਂ ਦੋ ਰਵਾਇਤੀ ਖੇਡਾਂ ‘ਗੁੱਲੀ ਡੰਡਾ’ ਅਤੇ ‘ਬਾਂਦਰ ਕਿੱਲੇ’ ਵਿਚਲਾ ਫਰਕ ਦੱਸਣ ਲਈ ਆਖਿਆ। ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕੇਜਰੀਵਾਲ ਤੇ ਜੁੰਡਲੀ ਦਾ ਪੰਜਾਬ ਨੂੰ ਲੁੱਟਣ ਦਾ ਖੁਆਬ ਕਦੇ ਵੀ ਹਕੀਕਤ ਵਿਚ ਨਹੀਂ ਬਦਲੇਗਾ।
ਮੁੱਖ ਮੰਤਰੀ ਨੇ ਲੋਕਾਂ ਨਾਲ ਭਾਵੁਕ ਸਾਂਝ ਪ੍ਰਗਟਾਉਂਦਿਆਂ ਕਿਹਾ ਕਿ ਉਹ ਇਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਿਸ ਕਰਕੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਭਲੀ-ਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਹਰੇਕ ਆਮ ਲੋਕਾਂ ਦੀ ਭਲਾਈ ਦੇ ਉਦੇਸ਼ ਨਾਲ ਚੁੱਕਿਆ ਜਾਂਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ, ਆਮ ਲੋਕਾਂ ਲਈ ਅਤੇ ਆਮ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੈ।ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਨੂੰ ਲੁੱਟਣ ਲਈ ਵੱਖ-ਵੱਖ ਪਾਰਟੀਆਂ ਦੇ ਧਨਾਢ ਸਿਆਸਤਦਾਨਾਂ ਦਾ ਆਪਸ ਵਿਚ ਨਾਪਾਕ ਗੱਠਜੋੜ ਬਣਾਇਆ ਹੋਇਆ ਸੀ ਜਿਸ ਵਿੱਚੋਂ ਆਮ ਵਿਅਕਤੀ ਪੂਰੀ ਤਰ੍ਹਾਂ ਮਨਫੀ ਸੀ। ਉਨ੍ਹਾਂ ਕਿਹਾ ਕਿ ਧਨਾਢ ਟੋਲੇ ਦੇ ਮੈਂਬਰਾਂ ਨੇ ਆਪਣੇ ਸੌੜੇ ਹਿੱਤਾਂ ਅਤੇ ਪੰਜਾਬ ਦੀ ਲੁੱਟ-ਖਸੁੱਟ ਕਰਨ ਲਈ ਗੂੜੀਆਂ ਸਾਂਝਾਂ ਪਾਈਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਹ ਲੋਕ ਦੁਰਭਾਵਨਾ ਨਾਲ ਅਜਿਹਾ ਕਰ ਰਹੇ ਸਨ ਤਾਂ ਕਿ ਸੱਤਾ ਦਾ ਨਿੱਘ ਮਾਣ ਸਕਣ ਜਦਕਿ ਹਰੇਕ ਪੰਜ ਸਾਲਾਂ ਬਾਅਦ ਸ਼ਾਸਕ ਤਾਂ ਬਦਲਦਾ ਸੀ ਪਰ ਸੱਤਾ ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਰਹਿੰਦੀ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਇਹ ਗੱਠਜੋੜ ਟੁੱਟ ਚੁੱਕਾ ਹੈ ਅਤੇ ਸੱਤਾ ਦੀ ਵਾਗਡੋਰ ਆਮ ਆਦਮੀ ਦੇ ਹੱਥ ਵਿਚ ਹੈ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸੂਬੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹਾਂ। ਕਾਂਗਰਸ ਸਰਕਾਰ ਵੱਲੋਂ ਕੀਤੀਆਂ ਲੋਕ-ਪੱਖੀ ਪਹਿਲਕਦਮੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ ਹਨ, ਪੇਂਡੂ ਖੇਤਰਾਂ ਵਿੱਚ ਮੋਟਰਾਂ ਦੇ 1200 ਕਰੋੜ ਰੁਪਏ ਮੁਆਫ ਕੀਤੇ ਗਏ ਹਨ, ਪਾਣੀ ਦੇ ਖਰਚੇ ਘਟਾ ਕੇ 50 ਰੁਪਏ ਮਹੀਨਾ ਕੀਤੇ ਗਏ ਹਨ, ਰੇਤ ਦੇ ਰੇਟ ਘਟਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਕਰ ਦਿੱਤੇ ਗਏ ਹਨ ਅਤੇ ਪੰਜਾਬ ਸਰਕਾਰ ਗੰਨੇ ਦੇ 50 ਰੁਪਏ ਵਧੇ ਭਾਅ ਵਿੱਚੋਂ 35 ਰੁਪਏ ਦਾ ਖਰਚਾ ਸਹਿਣ ਕਰ ਰਹੀ ਹੈ ਜਦਕਿ ਪ੍ਰਾਈਵੇਟ ਮਿੱਲਾਂ ਨੂੰ ਹੁਣ ਸਿਰਫ਼ 15 ਰੁਪਏ ਦਾ ਬੋਝ ਹੀ ਝੱਲਣਾ ਪੈ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਿਰਫ ਇਹ ਹੀ ਨਹੀਂ ਬਲਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਅਜਿਹੇ ਮਹੱਤਵਪੂਰਨ ਫੈਸਲੇ ਲਏ ਜਾਣਗੇ।ਇਸ ਦੌਰਾਨ ਮੁੱਖ ਮੰਤਰੀ ਨੇ ਬਾਘਾਪੁਰਾਣਾ ਵਿੱਚ ਇੱਕ ਨਰਸਿੰਗ ਕਾਲਜ ਸਥਾਪਤ ਕਰਨ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਕਾਲਜ ਅਤੇ ਸਪੋਰਟਸ ਅਕਾਦਮੀ ਲਈ ਗਰਾਂਟਾਂ ਦੇ ਨਾਲ ਬਾਘਾਪੁਰਾਣਾ ਦੇ ਦੋ ਮੌਜੂਦਾ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਸਮਾਧ ਭਾਈ ਨੂੰ ਸਬ ਤਹਿਸੀਲ ਦਾ ਦਰਜਾ ਦੇਣ ਦਾ ਐਲਾਨ ਵੀ ਕੀਤਾ।ਮੁੱਖ ਮੰਤਰੀ ਚੰਨੀ ਅਤੇ ਸ. ਸਿੱਧੂ ਦਾ ਸਵਾਗਤ ਕਰਦਿਆਂ ਬਾਘਾਪੁਰਾਣਾ ਤੋਂ ਵਿਧਾਇਕ ਸ੍ਰੀ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਇਹਨਾਂ ਆਗੂਆਂ ਵੱਲੋਂ ਇਸ ਹਲਕੇ ਦਾ ਦੌਰਾ ਕਰਨ ਲਈ ਉਨ੍ਹਾਂ ਕੋਲ ਧੰਨਵਾਦ ਕਰਨ ਵਾਸਤੇ ਸ਼ਬਦ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਆਗੂਆਂ ਦੇ ਸੱਤਾ ਵਿਚ ਆਉਣ ਨਾਲ ਵਰਕਰਾਂ ਦਾ ਮਾਣ-ਸਨਮਾਨ ਬਹਾਲ ਹੋਇਆ ਹੈ। ਸ੍ਰੀ ਬਰਾੜ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਹਲਕੇ ਨੂੰ ਗ੍ਰਾਂਟਾਂ ਦੇਣ ਲਈ ਧੰਨਵਾਦ ਵੀ ਕੀਤਾ।ਇਸ ਦੌਰਾਨ ਹਲਕਾ ਰਾਏਕੋਟ ਤੋਂ ‘ਆਪ’ ਵਿਧਾਇਕ ਜਗਤਾਰ ਸਿੰਘ ਜੱਗਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਚੰਨੀ ਅਤੇ ਸ. ਸਿੱਧੂ ਦੋਵਾਂ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਂਸਦ ਮੈਂਬਰ ਸ੍ਰੀ ਮੁਹੰਮਦ ਸਦੀਕ, ਵਿਧਾਇਕ ਸ੍ਰੀ ਦਰਸ਼ਨ ਸਿੰਘ ਬਰਾੜ, ਸ੍ਰੀ ਕੁਲਬੀਰ ਸਿੰਘ ਜ਼ੀਰਾ, ਸ੍ਰੀਮਤੀ ਸਤਿਕਾਰ ਕੌਰ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਮੌਜੂਦ ਸਨ।

ਪੰਜਾਬ ਪੁਲੀਸ ਵਲੋਂ ਸੂਬੇ ਭਰ ’ਚ ਨਾਈਟ ਡੌਮੀਨੇਸ਼ਨ ਆਪ੍ਰੇਸ਼ਨ ਲਈ 135 ਗਜ਼ਟਿਡ ਅਫ਼ਸਰ ਤਾਇਨਾਤ

0

ਅਧਿਕਾਰੀਆਂ ਨੂੰ ਸੰਵੇਦਨਸ਼ੀਲ ਥਾਵਾਂ ’ਤੇ ਕਿਸੇ ਵੀ ਅੱਤਵਾਦੀ ਗਤੀਵਿਧੀ ਨੂੰ ਰੋਕਣ ਲਈ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ, 25 ਨਵੰਬਰ: ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ਪੰਜਾਬ ਪੁਲਿਸ ਦੇ ਵੱਖ-ਵੱਖ ਰੈਂਕਾਂ ਦੇ ਲਗਭਗ 135 ਗਜਟਿਡ ਅਫਸਰਾਂ ਨੂੰ ਸੂਬੇ ਭਰ ਵਿੱਚ ਕਿਸੇ ਵੀ ਕਿਸਮ ਦੀ ਅੱਤਵਾਦੀ ਜਾਂ ਅਪਰਾਧਿਕ ਗਤੀਵਿਧੀ ਨੂੰ ਰੋਕਣ ਲਈ ਨਾਈਟ ਡੌਮੀਨੇਸ਼ਨ ਅਪ੍ਰੇਸ਼ਨਾਂ ਲਈ ਤਾਇਨਾਤ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਸੀਂ ਸੂਬੇ ਭਰ ਵਿੱਚ ਰਾਤ ਦੀ ਗਸ਼ਤ ਤੇਜ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਉੱਪ ਮੁੱਖ ਮੰਤਰੀ ਰੰਧਾਵਾ ਨੇ ਮੰਗਲਵਾਰ ਨੂੰ ਅੰਮਿ੍ਰਤਸਰ ‘ਚ ਕ੍ਰਾਈਮ ਰਿਵੀਊ (ਅਪਰਾਧ ਸਮੀਖਿਆ) ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪੁਲਸ ਫੋਰਸ ਨੂੰ ਸੂਬੇ ਭਰ ‘ਚ ਰਾਤ ਦੀ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਇਆ ਜਾ ਸਕੇ।ਜ਼ਿਕਰਯੋਗ ਹੈ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਉਪ ਮੁੱਖ ਮੰਤਰੀ ਨੇ ਰਾਤ ਦੀ ਗਸ਼ਤ ਲਈ ਤਾਇਨਾਤ ਗਜ਼ਟਿਡ ਅਫ਼ਸਰਾਂ ਨੂੰ ਖੁਦ ਅਚਨਚੇਤ ਕਾਲ ਕਰਕੇ ਇਹ ਯਕੀਨੀ ਬਣਾਇਆ ਕਿ ਉਹ ਆਪਣੇ ਕੰਮ ‘ਤੇ ਮੌਜੂਦ ਹਨ ਜਾਂ ਨਹੀਂ।ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਪੰਜਾਬ ਵਿੱਚ ਹੋਰ ਹਥਿਆਰਾਂ ਦੇ ਨਾਲ-ਨਾਲ ਹੈਂਡ ਗ੍ਰਨੇਡਾਂ ਅਤੇ ਟਿਫਿਨ ਬੰਬਾਂ ਦੀ ਵੱਡੀ ਆਮਦ ਹੋ ਰਹੀ ਹੈ। ਹਾਲ ਹੀ ਵਿੱਚ, ਰਾਜ ਵਿੱਚ ਸੀਆਈਏ ਨਵਾਂਸ਼ਹਿਰ ਅਤੇ ਪਠਾਨਕੋਟ ਦੇ ਛਾਉਣੀ ਖੇਤਰ ਵਿੱਚ ਦੋ ਬੰਬ ਧਮਾਕੇ ਹੋਣ ਤੋਂ ਇਲਾਵਾ ਜੀਰਾ ਖੇਤਰ ਤੋਂ ਇੱਕ ਬਿਨਾਂ ਚੱਲੇ ਹੈਂਡ ਗ੍ਰਨੇਡ ਦੀ ਬਰਾਮਦਗੀ ਵੀ ਸ਼ਾਮਲ ਹੈ।ਡੀਜੀਪੀ ਨੇ ਦੱਸਿਆ ਕਿ ਹਰੇਕ ਪੁਲਿਸ ਜਿਲੇ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਲਈ ਡੀਐਸਪੀ ਜਾਂ ਐਸਪੀ ਰੈਂਕ ਦਾ ਇੱਕ ਗਜਟਿਡ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ, ਜੋ ਆਪਣੇ ਅਧਿਕਾਰ ਖੇਤਰ ਵਿੱਚ ਰਾਤ ਦੀ ਗਸ਼ਤ ਨੂੰ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਰੁਟੀਨ ਨਾਕਿਆਂ ਜਾਂ ਵਾਹਨਾਂ ਦੀ ਚੈਕਿੰਗ ਤੋਂ ਇਲਾਵਾ, ਤਾਇਨਾਤ ਕੀਤੇ ਗਏ ਅਫ਼ਸਰਾਂ ਨੂੰ ਸੰਵੇਦਨਸ਼ੀਲ ਥਾਵਾਂ ਜਿਵੇਂ ਕਿ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਸਥਾਨਾਂ, ਆਰਐਸਐਸ ਸ਼ਾਖਾਵਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ‘ਤੇ ਵੀ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।ਇਸ ਦੌਰਾਨ, ਪੁਲਿਸ ਕਮਿਸ਼ਨਰਾਂ/ਐਸਐਸਪੀਜ ਨੂੰ ਵੀ ਡਰੋਨਾਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਡੀਜੀਪੀ ਨੇ ਸੀਪੀਜ/ਐਸਐਸਪੀਜ ਨੂੰ ਸਾਰੇ ਪੀਸੀਆਰ/ਆਰਆਰਪੀਐਸ ਵਾਹਨਾਂ ਅਤੇ ਬੁਲੇਟ ਪਰੂਫ ਮੋਰਚਿਆਂ ਦੀ ਵਰਤੋਂ ਸੰਵੇਦਨਸ਼ੀਲ ਥਾਵਾਂ ਨੂੰ ਕਵਰ ਕਰਨ ਦੇ ਨਾਲ-ਨਾਲ ਸਾਰੇ ਕੰਟਰੋਲ ਰੂਮਾਂ ਨੂੰ ਸਰਗਰਮ ਕਰਨ ਦੇ ਆਦੇਸ਼ ਦਿੱਤੇ।

ਸੂਬੇ ਦੇ ਸਰਬਪੱਖੀ ਵਿਕਾਸ ਲਈ ਚੰਨੀ ਮਾਡਲ ਤੋਂ ਵਧੀਆ ਹੋਰ ਕੋਈ ਮਾਡਲ ਨਹੀਂ ਹੋ ਸਕਦਾ-ਮੁੱਖ ਮੰਤਰੀ

0

ਸਾਰਿਆਂ ਲਈ ਬਰਾਬਰੀ ਦੇ ਮੌਕਿਆਂ ਦੇ ਸਿਧਾਂਤ ਉਤੇ ਅਧਾਰਿਤ ਹੈ ਸਾਡਾ ਮਾਡਲ
ਕੇਜਰੀਵਾਲ ਦਾ ਮਾਡਲ ਝੂਠ ਦਾ ਪੁਲੰਦਾ
ਮਹਾਰਾਜਾ ਅਗਰਸੈਨ ਦਾ ਬੁੱਤ ਲੋਕਾਂ ਨੂੰ ਸਮਰਪਿਤ
ਸੁਖਜਿੰਦਰ ਮਾਨ
ਮੋਗਾ, 25 ਨਵੰਬਰ: ਦਿੱਲੀ ਮਾਡਲ ਨੂੰ ਸਿਰੇ ਤੋਂ ਨਕਾਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੂਬੇ ਵਿਚ ਚੰਨੀ ਮਾਡਲ ਇਸ ਦਾ ਪ੍ਰਤੱਖ ਪ੍ਰਮਾਣ ਹੈ ਜਿੱਥੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ।ਇੱਥੇ ਪੁਰਾਣੀ ਦਾਣਾ ਮੰਡੀ ਵਿਖੇ ਮਹਾਰਾਜਾ ਅਗਰਸੈਨ ਦੇ ਬੁੱਤ ਤੋਂ ਪਰਦਾ ਹਟਾਉਣ ਮੌਕੇ ਹੋਏ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇਹ ਮਾਡਲ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੀ ਦਿਸ਼ਾ ਮੁਤਾਬਕ ਹੈ ਜਿਨ੍ਹਾਂ ਨੇ ਸਾਨੂੰ ਬਰਾਬਰੀ ਅਤੇ ਭਾਈਚਾਰਕ ਸਾਂਝ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਇਹ ਮਾਡਲ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਡਲ ਉਦੋਂ ਤੱਕ ਲਾਗੂ ਰਹੇਗਾ, ਜਦੋਂ ਤੱਕ ਉਹ ਸੂਬੇ ਦੇ ਮੁੱਖ ਮੰਤਰੀ ਵਜੋਂ ਪੰਜਾਬ ਦੀ ਸੇਵਾ ਕਰਦੇ ਰਹਿਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਮਾਡਲ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਉਤੇ ਅਧਾਰਿਤ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਡਲ ਕਿਸੇ ਇਕ ਵਿਅਕਤੀ ਜਾਂ ਪਰਿਵਾਰ ਨੂੰ ਸੂਬੇ ਦੇ ਵਸੀਲੇ ਲੁੱਟਣ ਦੀ ਇਜਾਜ਼ਤ ਨਹੀਂ ਦਿੰਦਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਚੰਨੀ ਮਾਡਲ ਸੂਬੇ ਵਿਚ ਵਸੀਲਿਆਂ ਅਤੇ ਮੌਕਿਆਂ ਪ੍ਰਤੀ ਹਰੇਕ ਦੀ ਪਹੁੰਚ ਹੋਣ ਉਤੇ ਅਧਾਰਿਤ ਹੈ। ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਇਸ ਮਾਡਲ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਕਿ ਸੂਬੇ ਦੀ ਸ਼ਾਨ ਬਹਾਲ ਕੀਤੀ ਜਾ ਸਕੇ।ਆਪ ਦੇ ਮੁਖੀ ਉਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਦਿੱਲੀ ਮਾਡਲ ਝੂਠ ਦਾ ਪੁਲੰਦਾ ਹੋਣ ਤੋਂ ਵੱਧ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਭਲੇ ਲਈ ਕਈ ਲੀਹੋਂ ਹਟਵੀਆਂ ਪਹਿਲਕਦਮੀਆਂ ਕੀਤੀਆਂ ਹਨ ਜਦਕਿ ਕੇਜਰੀਵਾਲ ਤੇ ਉਸ ਦੀ ਜੁੰਡਲੀ ਲੋਕਾਂ ਨਾਲ ਮਹਿਜ਼ ਵਾਅਦੇ ਹੀ ਕਰ ਰਹੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਕਦੇ ਵੀ ਨਕਲੀ ਕੇਜਰੀਵਾਲ ਨਹੀਂ ਹੋ ਸਕਦਾ ਕਿਉਂਕਿ ਮੈਂ ਉਸ ਵਾਂਗ ਕਪਟੀ ਅਤੇ ਮੱਕਾਰ ਨਹੀਂ ਹੋ ਸਕਦਾ।ਸੂਬੇ ਦੀ ਵਿੱਤੀ ਸਥਿਤੀ ਉਤੇ ਸੁਆਲ ਚੁੱਕਣ ਵਾਲਿਆਂ ਉਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਫੰਡ ਲੋਕਾਂ ਦੇ ਹਨ ਅਤੇ ਉਨ੍ਹਾਂ ਦੀ ਸਰਕਾਰ ਇਸ ਨੂੰ ਲੋਕਾਂ ਹੀ ਖਰਚੇਗੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸਰਕਾਰ ਦੇ ਕੰਮਕਾਜ ਦੀਆਂ ਚੋਰ-ਮੋਰੀਆਂ ਬੰਦ ਕਰ ਰਹੇ ਹਨ ਅਤੇ ਦਲਾਲਾਂ ਵੱਲੋਂ ਹੜੱਪੇ ਜਾ ਰਹੇ ਪੈਸੇ ਨੂੰ ਆਮ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਹੱਲਾਸ਼ੇਰੀ ਹੇਠ ਕੇਬਲ ਆਪਰੇਟਰਾਂ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਖੁੱਲ੍ਹੀ ਲੁੱਟ ਹਰ ਹੀਲੇ ਰੋਕੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਰ ਅਦਾ ਕਰਨ ਵਾਲਿਆਂ ਦੇ ਖੂਨ-ਪਸੀਨੇ ਦੀ ਕਮਾਈ ਦੀ ਲੁੱਟ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੇਬਲ ਆਪਰੇਟਰਾਂ ਵੱਲੋਂ ਵਸੂਲ ਕੀਤੀਆਂ ਜਾਣ ਵਾਲੀਆਂ ਭਾਰੀ ਕੀਮਤਾਂ ਹਰ ਹੀਲੇ ਰੱਦ ਹੋਣਗੀਆਂ।ਅਗਰਵਾਲ ਸਮਾਜ ਨਾਲ ਆਪਣੀ ਪੁਰਾਣੀ ਸਾਂਝ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਚਪਨ ਦਾ ਦੋਸਤ ਵੀ ਇਸੇ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਅਗਰਵਾਲ ਭਾਈਚਾਰੇ ਨੂੰ ਦੇਸ਼ ਦਾ ਸਭ ਤੋਂ ਵੱਧ ਦੇਸ਼ਭਗਤ ਭਾਈਚਾਰਾ ਕਰਾਰ ਦਿੰਦੇ ਹੋਏ ਇਸ ਵੱਲੋਂ ਦੇਸ਼ ਅਤੇ ਸੂਬੇ ਦੀ ਸਾਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਵੈਟ ਦੇ ਕੁੱਲ 48000 ਮਾਮਲਿਆਂ ਵਿਚੋਂ 40000 ਬਕਾਇਆ ਮਾਮਲੇ ਪਹਿਲਾਂ ਹੀ ਵਾਪਸ ਲਏ ਜਾ ਚੁੱਕੇ ਹਨ ਜੋ ਕਿ ਵਿੱਤੀ ਵਰ੍ਹਿਆਂ 2014-15, 2015-16 ਅਤੇ 2016-17 ਦੌਰਾਨ ਸੂਬਾ ਭਰ ਵਿੱਚ ਵਪਾਰੀਆਂ ਅਤੇ ਉਦਯੋਗਪਤੀਆਂ ਖਿਲਾਫ ਦਰਜ ਕੀਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਹੀ ਵਪਾਰੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਕਈ ਹੋਰ ਕਦਮ ਵੀ ਚੁੱਕੇ ਗਏ ਹਨ। ਉਨ੍ਹਾਂ ਇਸ ਮੌਕੇ ਸੂਬੇ ਵਿੱਚ ਵਪਾਰ ਕਲਿਆਣ ਬੋਰਡ ਦੀ ਸਥਾਪਨਾ ਕੀਤੇ ਜਾਣ ਦਾ ਵੀ ਐਲਾਨ ਕੀਤਾ।ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪੁਰਾਣੀ ਅਨਾਜ ਮੰਡੀ ਵਿਚਲੇ ਚੌਕ ਦਾ ਨਾਂ ਮਹਾਰਾਜਾ ਅਗਰਸੈਨ ਦੇ ਨਾਂ ‘ਤੇ ਰੱਖੇ ਜਾਣ ਦਾ ਵੀ ਐਲਾਨ ਕੀਤਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਜਾ ਅਗਰਸੈਨ ਦੇ ਨਾਂ ‘ਤੇ ਪਹਿਲਾਂ ਤੋਂ ਹੀ ਮੌਜੂਦ ਚੇਅਰ ਨੂੰ 2 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਦਾ ਅਹੁਦਾ ਚਰਨਜੀਤ ਸਿੰਘ ਚੰਨੀ ਨੇ ਸੰਭਾਲਿਆ ਹੈ ਉਦੋਂ ਤੋਂ ਹੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਦਾ ਅੱਜ ਇੱਥੇ ਮਹਾਰਾਜਾ ਅਗਰਸੈਨ ਜੀ ਦੇ ਬੁੱਤ ਉਤੋਂ ਪਰਦਾ ਚੁੱਕਣ ਲਈ ਆਪਣੇ ਕੀਮਤੀ ਰੁਝੇਵਿਆਂ ਵਿਚੋਂ ਸਮਾਂ ਕੱਢਣ ਲਈ ਧੰਨਵਾਦ ਕੀਤਾ ਅਤੇ ਲੋਕਾਂ ਦੀ ਭਲਾਈ ਹਿੱਤ ਚੁੱਕੇ ਜਾ ਰਹੇ ਕਦਮਾਂ ਲਈ ਮੁੱਖ ਮੰਤਰੀ ਦੀ ਸ਼ਲਾਘਾ ਵੀ ਕੀਤੀ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕੋਟਕਪੂਰਾ ਬਾਈਪਾਸ ‘ਤੇ ਮਹਾਨ ਯੋਧੇ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਨੂੰ ਵੀ ਜਨਤਾ ਨੂੰ ਸਮਰਪਿਤ ਕੀਤਾ।ਇਸ ਮੌਕੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਵਿਧਾਇਕ ਡਾ. ਹਰਜੋਤ ਕਮਲ ਅਤੇ ਸੁਖਜੀਤ ਸਿੰਘ ਲੋਹਗੜ੍ਹ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਮਲ ਕਿਸ਼ੋਰ ਯਾਦਵ ਵੀ ਹਾਜ਼ਿਰ ਸਨ।

ਮੁੱਖ ਮੰਤਰੀ ਚੰਨੀ ਨੇ ਮੋਗਾ ਨੇੜੇ ਪਿੰਡ ਚੰਦ ਪੁਰਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਬਿਤਾਈ

0

ਸਾਈਕਲ ਯਾਤਰਾ ਦੌਰਾਨ ਚਾਰ ਸਾਲ ਪਹਿਲਾਂ ਵੀ ਏਸੇ ਪਵਿੱਤਰ ਅਸਥਾਨ ਉਤੇ ਰੁਕੇ ਸਨ ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਦ ਪੁਰਾਣਾ (ਮੋਗਾ), 25 ਨਵੰਬਰ: ਆਪਣੇ ਪੁਰਾਣੇ ਦਿਨਾਂ ਨੂੰ ਚੇਤੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਉਸੇ ਗੁਰਦੁਆਰਾ ਸਾਹਿਬ ਵਿਖੇ ਰਾਤ ਬਿਤਾਈ ਜਿੱਥੇ ਉਹ ਸਾਲ 2016 ਵਿਚ ਸਾਈਕਲ ਯਾਤਰਾ ਦੌਰਾਨ ਰੁਕੇ ਸਨ।ਮੁੱਖ ਮੰਤਰੀ ਚੰਨੀ ਜਦੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ ਤਾਂ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਪੰਜਾਬੀਆਂ ਨੂੰ ਜਾਣੂੰ ਕਰਵਾਉਣ ਲਈ ਸੂਬੇ ਭਰ ਵਿਚ ਸਾਈਕਲ ਯਾਤਰਾ ਕੱਢੀ ਸੀ। ਜਦੋਂ ਇਹ ਯਾਤਰਾ ਮੋਗਾ ਪਹੁੰਚੀ ਸੀ ਤਾਂ ਮੁੱਖ ਮੰਤਰੀ ਚੰਨੀ ਨੇ ਪਿੰਡ ਚੰਦ ਪੁਰਾਣਾ ਦੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਵਿਖੇ ਰਾਤ ਬਿਤਾਈ ਸੀ। ਹਾਲਾਂਕਿ, ਮੁੱਖ ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਜਦੋਂ ਉਨ੍ਹਾਂ ਨੇ ਮੋਗਾ ਦੇ ਦੌਰੇ ਦੌਰਾਨ ਕਈ ਸਮਾਗਮਾਂ ਵਿਚ ਸ਼ਿਰਕਤ ਕੀਤੀ ਤਾਂ ਉਹ ਕਿਸੇ ਹੋਟਲ, ਰੈਸਟ ਹਾਊਸ ਜਾਂ ਕਿਸੇ ਪਾਰਟੀ ਲੀਡਰ ਦੇ ਆਲੀਸ਼ਾਨ ਘਰ ਵਿਚ ਰੁਕਣ ਦੀ ਬਜਾਏ ਇਸੇ ਗੁਰਦੁਆਰਾ ਸਾਹਿਬ ਵਿਖੇ ਰੁਕਣ ਲਈ ਪਹੁੰਚੇ।ਮੁੱਖ ਮੰਤਰੀ ਚੰਨੀ ਸ਼ਾਮ 6.40 ਵਜੇ ਇੱਥੇ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨਾਲ ਇਸ ਪਾਵਨ ਅਸਥਾਨ ਉਤੇ ਮੱਥਾ ਟੇਕਿਆ। ਇਸੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਲੰਗਰ ਵੀ ਛਕਿਆ। ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਸਿਰੋਪਾਓ ਵੀ ਬਖਸ਼ਿਸ਼ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਚਾਰ ਸਾਲਾਂ ਬਾਅਦ ਮੁੜ ਇਸ ਪਵਿੱਤਰ ਅਸਥਾਨ ਉਤੇ ਆ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਨਸੀਬ ਹੋਇਆ ਕਿਉਂ ਜੋ ਇਸ ਅਸਥਾਨ ਦੀ ਉਨ੍ਹਾਂ ਦੀ ਜਿੰਦਗੀ ਵਿਚ ਬੇਹੱਦ ਮਹੱਤਤਾ ਹੈ।ਮੁੱਖ ਮੰਤਰੀ ਨਾਲ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਵਿਧਾਇਕ ਡਾ. ਹਰਜੋਤ ਕਮਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ.ਕੇ. ਯਾਦਵ ਤੇ ਹੋਰ ਹਾਜ਼ਰ ਸਨ।

Our Visitor

1894241