ਹਰੀਸ਼ ਚੌਧਰੀ ਦੇ ਸਾਹਮਣੇ ਵਰਕਰਾਂ ਨੇ ਲੀਡਰਾਂ ਦੀ ਕੀਤੀ ਮੁਰਦਾਬਾਦ
ਸੁਖਜਿੰਦਰ ਮਾਨ
ਬਠਿੰਡਾ, 25 ਨਵੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਦੀ ਨਬਜ਼ ਟਟੋਲਣ ਆਏ ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਚੌਧਰੀ ਦੇ ਸਾਹਮਣੇ ਬਠਿੰਡਾ ਦੇ ਕਾਂਗਰਸੀਆਂ ’ਚ ਗੁੱਟਬੰਦੀ ਖੁੱਲ ਕੇ ਸਾਹਮਣੇ ਆ ਗਈ। ਸਥਾਨਕ ਸ਼ਹਿਰ ਦੇ ਇੱਕ ਪੈਲੇਸ ’ਚ ਰੱਖੀ ਇਸ ਮੀਟਿੰਗ ਵਿਚ ਟਿਕਟਾਂ ਦੀ ਮੰਗ ਨੂੰ ਲੈ ਕੇ ਆਪੋ-ਅਪਣੇ ਧੜਿਆਂ ਨਾਲ ਪੁੱਜੇ ਹੋਏ ਵਰਕਰਾਂ ਤੇ ਆਗੂਆਂ ਨੇ ਇਕ ਦੂਜੇ ਵਿਰੁਧ ਭੜਾਸ ਕੱਢਦਿਆਂ ਮੁਰਦਾਬਾਦ ਕੀਤੀ। ਇਸ ਮੌਕੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਲਾਡੀ ਦੇ ਹਿਮਾਇਤੀਆਂ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਨਹੀਂ ਬਖ਼ਸਿਆਂ ਤੇ ਉਨ੍ਹਾਂ ਵਿਰੁਧ ਸ਼੍ਰੀ ਚੌਧਰੀ ਸਾਹਮਣੇ ਕਾਫ਼ੀ ਗੰਭੀਰ ਦੋਸ਼ ਲਗਾਏ। ਹਾਲਾਂਕਿ ਤਲਵੰਡੀ ਸਾਬੋ ਤੇ ਰਾਮਪੁਰਾ ਫ਼ੂਲ ਹਲਕੇ ’ਚ ਕ੍ਰਮਵਾਰ ਖ਼ੁਸਬਾਜ ਸਿੰਘ ਜਟਾਣਾ ਤੇ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਤਰ੍ਹਾਂ ਬਠਿੰਡਾ ਸ਼ਹਿਰੀ ਹਲਕੇ ਵਿਚ ਵੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਹਮਣੇ ਕੋਈ ਟਿਕਟ ਦਾ ਦਾਅਵੇਦਾਰ ਨਹੀਂ ਆਇਆ। ਪ੍ਰੰਤੂ ਹਲਕਾ ਮੋੜ ਤੇ ਬਠਿੰਡਾ ਦਿਹਾਤੀ ਵਿਚ ਵੱਡੀ ਗੁੱਟਬੰਦੀ ਦੇਖਣ ਨੂੰ ਮਿਲੀ। ਬਠਿੰਡਾ ਦਿਹਾਤੀ ਵਿਚ ਜਿੱਥੇ ਹਰਵਿੰਦਰ ਸਿੰਘ ਲਾਡੀ ਦੇ ਹੱਕ ਵਿਚ ਕਾਂਗਰਸੀ ਅਹੁੱਦੇਦਾਰ ਤੇ ਪੰਚ-ਸਰਪੰਚ ਪੂਰੀ ਤਿਆਰੀ ਕਰਕੇ ਆਏ ਸਨ, ਉਥੇ ਅਪਣੇ ਹੱਥੀ ਲਗਾਏ ਬੂਟੇ ਨੂੰ ਪੁੱਟਣ ਲਈ ਖ਼ੁਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਦੇ ਹੱਕ ’ਚ ਲਾਮਬੰਦੀ ਕਰਦੇ ਦੇਖੇ ਗਏ। ਇਸ ਮੌਕੇ ਬਠਿੰਡਾ ਦਿਹਾਤੀ ਦੇ ਨਾਲ-ਨਾਲ ਬਠਿੰਡਾ ਸ਼ਹਿਰ ਦੇ ਕੁੱਝ ਵਰਕਰਾਂ ਨੇ ਵਿਤ ਮੰਤਰੀ ਦੇ ਰਿਸ਼ਤੇਦਾਰ ’ਤੇ ਉਗਲ ਚੁੱਕੀ। ਇਸੇ ਤਰ੍ਹਾਂ ਮੋੜ ਹਲਕੇ ’ਚ ਅੱਧੀ ਦਰਜ਼ਨ ਦੇ ਕਰੀਬ ਕਾਂਗਰਸੀ ਆਗੂਆਂ ਨੇ ਅਪਣੇ ਹੱਕ ’ਚ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਮੰਜੂ ਬਾਂਸਲ ਦੇ ਹੱਕ ’ਚ ਸਮਰਥਕਾਂ ਨੇ ਆਪ ਛੱਡ ਕੇ ਕਾਂਗਰਸ ਵਿਚ ਸਮੂਲੀਅਤ ਕਰਨ ਵਾਲੇ ਜਗਦੇਵ ਸਿੰਘ ਕਮਾਲੂ ਵਿਰੁਧ ਨਾਅਰੇਬਾਜ਼ੀ ਕੀਤੀ। ਜਿਸਦੇ ਵਿਰੋਧ ’ਚ ਕਮਾਲੂ ਦੇ ਹਿਮਾਇਤੀਆਂ ਨੇ ਅਪਣੇ ਆਗੂ ਦੇ ਹੱਕ ਵਿਚ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਮੌਕੇ ਸ: ਕਮਾਲੂ ਤੋਂ ਇਲਾਵਾ ਭੁਪਿੰਦਰ ਸਿੰਘ ਗੋਰਾ ਅਤੇ ਹੋਰਨਾਂ ਕਈ ਦਾਅਵੇਦਾਰਾਂ ਨੇ ਟਿਕਟ ਦੀ ਮੰਗ ਨੂੰ ਲੈ ਕੇ ਆਪੋ-ਅਪਣੇ ਹਿਮਾਇਤੀਆਂ ਨੂੰ ਅਲੱਗ-ਅਲੱਗ ਬਿਠਾਇਆ ਹੋਇਆ ਸੀ। ਉਧਰ ਭੁੱਚੋਂ ਮੰਡੀ ’ਚ ਮੌਜੂਦਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਗੈਰਹਾਜ਼ਰੀ ਵਿਚ ਹਲਕੇ ਨਾਲ ਸਬੰਧਤ ਅਹੁੱਦੇਦਾਰਾਂ ਤੇ ਪੰਚਾਂ-ਸਰਪੰਚਾਂ ਨੇ ਇਕਮੁੱਠ ਹੋ ਕੇ ਉਨਾਂ ਦੇ ਹੱਕ ਵਿਚ ਕਸੀਦੇ ਪੜੇ, ਜਿਸਦੇ ਨਾਲ ਉਨ੍ਹਾਂ ਦਾ ਸਿਆਸੀ ਕੱਦਬੁੱਤ ਉਚਾ ਹੁੰਦਾ ਨਜ਼ਰ ਆਇਆ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਹਰੀਸ਼ ਚੌਧਰੀ ਦੇ ਨਾਲ ਵਿਸ਼ੇਸ ਤੌਰ ’ਤੇ ਪੁੱਜੇ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਬਠਿੰਡਾ ਸ਼ਹਿਰੀ ਤੇ ਮੋੜ ਹਲਕੇ ਦੇ ਚੌਣਵੇਂ ਵਰਕਰਾਂ ਨੇ ਇੰਨ੍ਹਾਂ ਹਲਕਿਆਂ ਵਿਚੋਂ ਚੋਣ ਲੜਾਉਣ ਦੀ ਮੰਗ ਰੱਖੀ। ਜਿਕਰਯੋਗ ਹੈ ਕਿ ਰਾਜਾ ਵੜਿੰਗ ਦੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਚੱਲ ਰਹੀ ਸਿਆਸੀ ਲਾਗ-ਡਾਟ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ, ਜਿਸਦਾ ਨਜ਼ਾਰਾ ਸਟੇਜ਼ ਉਪਰ ਵੀ ਦੇਖਣ ਨੂੰ ਮਿਲਿਆ, ਜਿੱਥੇ ਦੋਨਾਂ ਮੰਤਰੀਆਂ ਨੇ ਇੱਕ ਦੂਜੇ ਨਾਲ ਅੱਖ ਵੀ ਨਹੀਂ ਮਿਲਾਈ। ਹਾਲਾਂਕਿ ਅਪਣੇ ਭਾਸਣ ’ਚ ਵਿਤ ਮੰਤਰੀ ਨੇ ਕਾਂਗਰਸ ਦੇ ਕੰਮਾਂ ’ਤੇ ਧਿਆਨ ਦਿੱਤਾ ਪ੍ਰੰਤੂ ਰਾਜਾ ਵੜਿੰਗ ਨੇ ਅਸਿੱਧੇ ਢੰਗ ਨਾਲ ਜਰੂਰ ਨਿਸ਼ਾਨੇ ਵਿੰਨੇਂ। ਹਰੀਸ਼ ਚੌਧਰੀ ਵਲੋਂ ਇਸ ਮੌਕੇ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਧਾਨਾਂ ਨਾਲ ਇਕੱਲਿਆ ਕੀਤੀ ਮੀਟਿੰਗ ਦੌਰਾਨ ਜਿਆਦਾਤਰ ਬਲਾਕ ਪ੍ਰਧਾਨਾਂ ਨੇ ਪੁਛਗਿਛ ਨਾ ਹੋਣ ਦਾ ਦਾਅਵਾ ਕੀਤਾ। ਸ਼੍ਰੀ ਚੌਧਰੀ ਦੇ ਨਾਲ ਬਠਿੰਡਾ ਦੇ ਇੰਚਾਰਜ਼ ਹਰਸ਼ ਵਰਧਨ ਤੇ ਸ਼ੀਸਪਾਲ ਵੀ ਪੁੱਜੇ ਹੋਏ ਸਨ।
ਕਾਂਗਰਸ ਦੀ ਵਰਕਰ ਮੀਟਿੰਗ ’ਚ ਗੁੱਟਬੰਦੀ ਸਾਹਮਣੇ ਆਈ
ਆਂਗਣਵਾੜੀ ਵਰਕਰਾਂ 28 ਨੂੰ ਕਰਨਗੀਆਂ ਵਿਤ ਮੰਤਰੀ ਦੇ ਹਲਕੇ ’ਚ ਰੋਸ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 25 ਨਵੰਬਰ: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ 28 ਨਵੰਬਰ ਨੂੰ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਸ਼ਹਿਰ ਵਿਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਹਿਰ ਦੇ ਬਜਾਰਾਂ ਵਿੱਚ ਰੋਸ ਮਾਰਚ ਕਰਕੇ ਸਹਿਰ ਵਾਸੀਆਂ ਨੂੰ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂੰ ਕਰਵਾਉਣਗੀਆਂ ਤੇ ਦੱਸਣਗੀਆਂ ਕਿ ਪਿਛਲੇਂ ਪੰਜ ਸਾਲਾਂ ਵਿੱਚ ਉਕਤ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਤੇ ਉਲਟਾ ਝੂਠੇ ਲਾਰਿਆਂ ਵਿੱਚ ਹੀ ਰੱਖਿਆ ਹੈ ।
ਭੁੱਚੋਂ ਹਲਕੇ ਦੇ ਨਵਨਿਯੁਕਤ ਅਹੁੱਦੇਦਾਰਾਂ ਦਾ ਕੀਤਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 25 ਨਵੰਬਰ: ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਵਲੋਂ ਐਲਾਨੀ ਜ਼ਿਲ੍ਹਾ ਜਥੇਬੰਦੀ ਦੀ ਟੀਮ ਵਿਚ ਹਲਕਾ ਭੁੱਚੋ ਦੇ ਸਰਕਲ ਨਥਾਣਾ ਅਤੇ ਸਰਕਲ ਭੁੱਚੋ ਦੇ ਨਵਨਿਯੁਕਤ ਅਹੁੱਦੇਦਾਰਾਂ ਨੂੰ ਅੱਜ ਸੀਨੀਅਰ ਆਗੂ ਜਗਸੀਰ ਸਿੰਘ ਕਲਿਆਣ ਦੇ ਗ੍ਰਹਿ ਵਿਖੇ ਸਨਮਾਨਤ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਕੋਟਫੱਤਾ, ਜਗਸੀਰ ਸਿੰਘ ਕਲਿਆਣ ਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਨੇ ਨਵਨਿਯੁਕਤ ਅਹੁੱਦੇਦਾਰਾਂ ਨੂੰ ਵਧਾਈ ਦਿੰਦਿਆਂ ਮਿਸ਼ਨ 2022 ਨੂੰ ਫ਼ਤਿਹ ਕਰਨ ਲਈ ਡਟਣ ਦਾ ਸੱਦਾ ਦਿੱਤਾ। ਇਸ ਮੌਕੇ ਨਵੇਂ ਅਹੁੱਦੇਦਾਰਾਂ ਰੂਪ ਸਿੰਘ ਨਥਾਣਾ, ਗੁਰਤੇਜ ਸਿੰਘ ਨਾਥਪੁਰਾ, ਜਗਵੀਰ ਸਿੰਘ ਟਾਇਗਰ, ਜਸਪਾਲ ਸਿੰਘ ਲਹਿਰਾ ਮੁਹੱਬਤ, ਜਗਸ਼ੇਰ ਸਿੰਘ ਪੂਹਲੀ, ਸਿਕੰਦਰ ਸਿੰਘ ਲਹਿਰਾਬੇਗਾ, ਲਛਮਣ ਸਿੰਘ ਭਲੇਰੀਆ, ਦਵਿੰਦਰਪਾਲ ਸਿੰਘ ਮਾਨ ਬੀਬੀ ਵਾਲਾ, ਗੁਰਜੰਟ ਸਿੰਘ ਢੇਲਵਾਂ, ਹਰਜੀਤ ਸਿੰਘ ਕਲਿਆਣ ਸੱਦਾ, ਡਾ ਸਾਧੂ ਰਾਮ ਭੁੱਚੋ ਮੰਡੀ, ਗੁਰਪ੍ਰੀਤ ਸਿੰਘ ਢਿੱਲੋਂ ਚੱਕ ਬਖਤੂ ਆਦਿ ਸਭ ਨੂੰ ਜ਼ਿਲ੍ਹਾ ਅਹੁਦੇਦਾਰ ਬਣਨ ਅਤੇ ਹਰਮੀਤ ਸਿੰਘ ਬਾਹੀਆ ਨੂੰ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਬਣਨ ’ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਤੇਜ ਸਿੰਘ ਨਥਾਣਾ ਸਰਕਲ ਜਥੇਦਾਰ, ਦਰਸ਼ਨ ਸਿੰਘ ਮਾਲਵਾ, ਜਸਵਿੰਦਰ ਸਿੰਘ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਪਿ੍ਰੰਸ ਗੋਲਣ ਸ਼ਹਿਰੀ ਪ੍ਰਧਾਨ ਭੁੱਚੋ ਮੰਡੀ, ਬਲਵੀਰ ਸਿੰਘ ਲਹਿਰਾ ਬੇਗਾ, ਮਾਨ ਸਿੰਘ ਭੁੱਚੋ ਮੰਡੀ ਐਸ ਸੀ ਸਰਕਲ ਜਥੇਦਾਰ, ਸਨੀ ਪੰਡਤ, ਪੰਮਾ ਭੁੱਚੋ ਮੰਡੀ ਆਦਿ ਹਾਜ਼ਰ ਸਨ।
ਮਾਲਵਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੀ ਰਾਜਵਿੰਦਰ ਕੌਰ ਕਰੇਗੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ
ਸੁਖਜਿੰਦਰ ਮਾਨ
ਬਠਿੰਡਾ, 25 ਨਵੰਬਰ: ਮਾਲਵਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਜੋ ਕਿ ਵਖਰੀਆਂ-2 ਖੇਡਾਂ ਵਿੱਚ ਪਹਿਲਾਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਜਿਕਰਯੋਗ ਪ੍ਰਾਪਤੀਆਂ ਕਰ ਚੁੱਕੀ ਹੈ। ਹੁਣ ਕਾਲਜ ਵਿੱਚ ਸਟਾਫ, ਮੈਨੇਜਮੈਂਟ ਅਤੇ ਵਿਦਿਆਰਥੀਆਂ ਵਿੱਚ ਖੁੱਸ਼ੀ ਦੀ ਲਹਿਰ ਜਾਗ ਪਈ ਜਦੋਂ ਰਾਜਵਿੰਦਰ ਕੌਰ ਬੀ.ਪੀ.ਐਡ. ਦੂਸਰੇ ਸਾਲ ਦੀ ਹੋਣਹਾਰ ਖਿਡਾਰਣ ਭਾਰਤੀ ਹਾਕੀ ਟੀਮ ਦੀ ਮੈਂਬਰ ਚੁਣੀ ਗਈ। ਰਾਜਵਿੰਦਰ 2021 ਮਹਿਲਾ ਏਸ਼ੀਅਨ ਚੈਪੀਅਨਸ਼ਿਪ ਟਰੋਫੀ ਜੋ ਮਿਤੀ 05 ਤੋਂ 12 ਦਸੰਬਰ ਡੋਂਘਾ (ਸਾਊਥ ਕੋਰਈਆ) ਸਨਗਇਜ ਸਟੇਡੀਅਮ ਵਿਖੇ ਹੋ ਰਹੀ ਹੈ, ਵਿੱਚ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰੇਗੀ।ਹਾਕੀ ਕੋਚ ਰਾਜਵੰਤ ਸਿੰਘ ਜਿਸਨੇ ਰਾਜਵਿੰਦਰ ਕੌਰ ਦੀ ਹਾਕੀ ਪ੍ਰਤਿਭਾ ਨੂੰ ਨਿਖਾਰਿਆਂ ਦੇ ਦੱਸਣ ਅਨੁਸਾਰ ਇਹ ਖਿਡਾਰਣ ਹਾਕੀ ਖੇਡ ਵਿੱਚ ਬਹੁਤ ਬੁਲੰਦੀਆ ਛੋਹੇਗੀ। ਕਾਲਜ ਡਾਇਰੈਕਟਰ ਪ੍ਰੋ ਦਰਸ਼ਨ ਸਿੰਘ, ਡੀਨ ਰਘਬੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਇਸ ਖਿਡਾਰਣ ਦੀ ਉਚੇਰੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਚੰਗੀ ਕਾਰ ਕੁਜਾਰੀ ਲਈ ਸ਼ੁੱਭ ਇਛਾਵਾਂ ਦਿੱਤੀਆਂ। ਕਾਲਜ ਮੈਨੇਜਮੈਂਟ ਚੇਅਰਮੈਨ ਸ਼੍ਰੀ ਰਮਨ ਸਿੰਗਲਾ, ਉਪ ਪ੍ਰਧਾਨ ਸ਼੍ਰੀ ਰਾਕੇਸ਼ ਗੋਇਲ ਨੇ ਇਸ ਵਿਦਿਆਰਥਣ ਅਤੇ ਸਮੂਹ ਫਿਜ਼ੀਕਲ ਕਾਲਜ ਦੇ ਸਟਾਫ ਨੂੰ ਕਾਲਜ ਦਾ ਨਾਂ ਚਮਕਾਉਣ ਤੇ ਵਧਾਈ ਦਿੱਤੀ ਅਤੇ ਹੋਣਹਾਰ ਖਿਡਾਰਣ ਨੂੰ ਸਲਾਨਾ ਸਮਾਰੋਹ ਵਿੱਚ ਸਨਮਾਨਿਤ ਕਰਨ ਦਾ ਐਲਾਨ ਕੀਤਾ ਅਤੇ ਚੈਪੀਅਨਸ਼ਿੱਪ ਵਿੱਚ ਚੰਗੀ ਖੇਡ ਪ੍ਰਦਰਸ਼ਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ।ਇਸੇ ਤਰ੍ਹਾਂ ਖੇਡਾਂ ਦੇ ਖੇਤਰ ਵਿਚ ਹੋਰ ਪ੍ਰਾਪਤੀ ਕਰਦਿਆਂ ਕਾਲਜ ਦੀ ਬੀ.ਪੀ.ਐਡ. ਪਹਿਲੇ ਸਾਲ ਦੀ ਵਿਦਿਆਰਥਣ ਗੁਰਸ਼ਰਨ ਕੌਰ ਨੇ 53 ਕਿਲੋ ਵਰਗ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਆਪਣੇ ਗਲੇ ਵਿੱਚ ਲਟਕਾ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਇਸੇ ਤਰ੍ਹਾ ਪਹਿਲਵਾਨ ਅਕਾਸ਼ਦੀਪ ਸਿੰਘ ਨੇ 130 ਕਿਲੋ ਵਰਗ ਵਿੱਚ ਆਪਣੇ ਵਿਰੋਧੀ ਰੈਸਲਰ ਨੂੰ ਚਿੱਤ ਕਰਕੇ ਕਾਲਜ ਦੀ ਝੋਲੀ ਸੋਨ ਤਮਗੇ ਨਾਲ ਭਰੀ।
ਵਿਧਾਇਕ ਜਗਦੇਵ ਕਮਾਲੂ ਨੇ ਮੌੜ ਮੰਡੀ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਲਈ ਐਸ ਐਚ ਉ ਨਾਲ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ: ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਅੱਜ ਮੌੜ ਮੰਡੀ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਲਈ ਨਗਰ ਕੌਸਲ ਦਫਤਰ ਵਿਖੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਐਸ ਐਚ ਉ ਨਾਲ ਮੀਟਿੰਗ ਕੀਤੀ। ਵਿਧਾਇਕ ਕਮਾਲੂ ਨੇ ਐਸ ਐਚ ਉ ਜਸਵੀਰ ਸਿੰਘ ਚਹਿਲ ਅਤੇ ਉਹਨਾਂ ਦੇ ਸਟਾਫ ਨੂੰ ਅਮਨ ਕਾਨੂੰਨ ਕਾਇਮ ਰੱਖਣ ਅਤੇ ਮੌੜ ਮੰਡੀ ਵਿੱਚ ਹੋ ਰਹੀਆਂ ਚੋਰੀ ਡਕੈਤੀ, ਨਸਾਂ ਜਿਹੀਆਂ , ਘਟਨਾਵਾਂ ਨੂੰ ਕੰਟਰੋਲ, ਠੱਲ ਪਾਉਣ ਦੀਆਂ ਹਦਾਇਤਾਂ ਦਿੱਤੀਆਂ।ਮੀਟਿੰਗ ਵਿੱਚ ਕਰਨੈਲ ਸਿੰਘ ਪ੍ਧਾਨ, ਭੋਲਾ ਸਰਮਾਂ, ਅਸ਼ੋਕ ਵਕੀਲ, ਸ਼ੁਸੀਲ ਕੁਮਾਰ, ਸਤੀਸ਼ ਸਰਮਾਂ, ਰਾਜ ਕੁਮਾਰ ਰਾਜੂ, ਅੰਮਿ੍ਤਪਾਲ ਧਾਲੀਵਾਲ, ਨੰਬਰਦਾਰ ਭੋਲਾ ਸਿੰਘ ਕੋਟਲੀ, ਵਿਨੋਦ ਗੋਇਲ, ਅਮਨਦੀਪ ਸਿੰਘ ਮੌੜ ਕਲਾਂ, ਰਮਨਦੀਪ ਸਿੰਘ ਮੌੜ ਹੋਰ ਵੀ ਸੱਜਣ ਸਾਥੀ ਮੌਜੂਦ ਸਨ।
ਮੁੱਖ ਮੰਤਰੀ ਚੰਨੀ ਵੱਲੋਂ ਕੇਬਲ ਟੀ.ਵੀ. ਕੁਨੈਕਸ਼ਨ ਲਈ 100 ਰੁਪਏ ਮਹੀਨਾ ਦੀ ਦਰ ਤੈਅ
ਮਿਊਂਸਪਲ ਕਮੇਟੀਆਂ ਅਤੇ ਕਾਰਪੋਰੇਸ਼ਨਾਂ ਵਿਚ ਸਫਾਈ ਸੇਵਕਾਂ ਦੀਆਂ ਸੇਵਾਵਾਂ ਅਗਲੇ 10 ਦਿਨਾਂ ਵਿਚ ਰੈਗੂਲਰ ਹੋਣਗੀਆਂ
ਪੰਜਾਬ ਨੂੰ ਛੇਤੀ ਹੀ ਕਰਜ਼ਾ ਮੁਕਤ ਸੂਬਾ ਬਣਾਇਆ ਜਾਵੇਗਾ-ਨਵਜੋਤ ਸਿੰਘ ਸਿੱਧੂ
ਸੁਖਜਿੰਦਰ ਮਾਨ
ਲੁਧਿਆਣਾ, 22 ਨਵੰਬਰ :ਕੇਬਲ ਮਾਫੀਏ ਦੇ ਖਿਲਾਫ਼ ਜੰਗ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੇਬਲ ਟੀ.ਵੀ. ਕੁਨੈਕਸ਼ਨ ਦੀ ਦਰ 100 ਰੁਪਏ ਮਹੀਨਾ ਤੈਅ ਕਰਨ ਦਾ ਐਲਾਨ ਕੀਤਾ ਤਾਂ ਕਿ ਸੂਬਾ ਭਰ ਵਿਚ ਕੇਬਲ ਦੀ ਇਜਾਰੇਦਾਰੀ ਨੂੰ ਮੁਕੰਮਲ ਤੌਰ ਉਤੇ ਖਤਮ ਕੀਤਾ ਜਾ ਸਕੇ।ਆਤਮ ਨਗਰ ਹਲਕੇ ਵਿਚ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕੇਬਲ ਮਾਫੀਏ ਵੱਲੋਂ ਵਾਧੂ ਦਰਾਂ ਦੀ ਵਸੂਲੀ ਰਾਹੀਂ ਲੋਕਾਂ ਦਾ ਬੇਲੋੜਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਨੂੰ ਭਵਿੱਖ ਵਿਚ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸੀਨੀਅਰ ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵਲ ਵੱਲੋਂ ਕਰਵਾਈ ਰੈਲੀ ਦੌਰਾਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਟਰਾਂਸਪੋਰਟ ਅਤੇ ਕੇਬਲ ਦੇ ਅਜਿਹੇ ਸਾਰੇ ਕਾਰੋਬਾਰ ਉਤੇ ਬਾਦਲ ਪਰਿਵਾਰ ਦੀ ਮਾਲਕੀ ਹੈ ਅਤੇ ਹੁਣ ਲੋਕਾਂ ਨੂੰ ਹਰੇਕ ਮਹੀਨੇ 100 ਰੁਪਏ ਤੋਂ ਵੱਧ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵੀਆਂ ਦਰਾਂ ਦੀ ਪਾਲਣਾ ਨਾ ਕਰਨ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, “ ਜੇਕਰ ਤਹਾਨੂੰ ਕੋਈ ਤੰਗ-ਪ੍ਰੇਸ਼ਾਨ ਕਰਦਾ ਹੈ ਤਾਂ ਮੈਨੂੰ ਦੱਸੋ।” ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਗੈਰ-ਕਾਨੂੰਨੀ ਬੱਸ ਪਰਮਿਟ ਰੱਦ ਕੀਤੇ ਜਾਣਗੇ ਅਤੇ ਬਦਲੇ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਨਵੇਂ ਪਰਮਿਟ ਅਲਾਟ ਕੀਤੇ ਜਾਣਗੇ।ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਕਿ ਅਗਲੇ 10 ਦਿਨਾਂ ਵਿਚ ਮਿਊਂਸਪਲ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਵਿਚ ਸਾਰੇ ਸਫਾਈ ਸੇਵਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਅਤੇ ਇਸ ਲਈ 10 ਸਾਲ ਦੀ ਸੇਵਾ ਦੀ ਕੋਈ ਸ਼ਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਭਰਤੀ ਲਈ ਠੇਕੇਦਾਰੀ ਵਿਵਸਥਾ ਨੂੰ ਵੀ ਖਤਮ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਪੂਰਨ ਤੌਰ ਉਤੇ ਵਚਨਬੱਧ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਗਰੀਬ ਲੋਕਾਂ ਦੇ ਭਲੇ ਲਈ ਕਈ ਇਤਿਹਾਸਕ ਫੈਸਲੇ ਲਏ ਹਨ ਜਿਨ੍ਹਾਂ ਵਿਚ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, 1500 ਕਰੋੜ ਰੁਪਏ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨਾ, ਪਾਣੀ ਦਾ ਬਿੱਲ ਪ੍ਰਤੀ ਮਹੀਨਾ 50 ਰੁਪਏ ਕਰਨਾ, ਰੇਤਾ ਤੇ ਗਟਕੇ ਦੇ ਰੇਟ ਘਟਾ ਕੇ 5.50 ਰੁਪਏ ਪ੍ਰਤੀ ਮਹੀਨਾ ਕਰਨ ਤੋਂ ਇਲਾਵਾ ਪੇਂਡੂ ਜਲ ਸਪਲਾਈ ਸਕੀਮਾਂ ਲਈ ਮੁਫ਼ਤ ਬਿਜਲੀ ਮੁਹੱਈਆ ਕਰਵਾਉਣਾ ਹੈ।ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਉਨ੍ਹਾਂ ਨੂੰ ਸਰਕਾਰ ਦੇ ਨਾਲ-ਨਾਲ ਪਾਰਟੀ ਵਿਚ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾਵੇਗੀ।ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਉਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬੀ ਬਹੁਤ ਸੂਝਵਾਨ ਹਨ ਅਤੇ ਉਨ੍ਹਾਂ ਨੂੰ ਝੂਠੇ ਵਾਅਦਿਆਂ ਨਾਲ ਮੂਰਖ ਨਹੀਂ ਬਣਾ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ, ਮੁਲਕ ਦਾ ਪਹਿਲਾ ਸੂਬਾ ਹੈ ਜਿੱਥੇ ਸਭ ਤੋਂ ਸਸਤੀ ਬਿਜਲੀ ਹੈ।ਇਸ ਮੌਕੇ ਜਗਰਾਉਂ ਹਲਕੇ ਤੋਂ ਅਕਾਲੀ ਟਿਕਟ ‘ਤੇ 2017 ਦੀ ਵਿਧਾਨ ਸਭਾ ਚੋਣ ਲੜ ਚੁੱਕੀ ਸੀਨੀਅਰ ਅਕਾਲੀ ਆਗੂ ਸਰਬਜੀਤ ਕੌਰ ਸਾਹੋਕੇ, ਸ਼੍ਰੋਮਣੀ ਅਕਾਲੀ ਦਲ ਦੇ ਨਿਹਾਲ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਆਪਣੇ ਸਮਰਥਕਾਂ ਸਮੇਤ ਮੁੱਖ ਮੰਤਰੀ ਦੀ ਹਾਜ਼ਰੀ ‘ਚ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋਏ|
ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਥੋੜ੍ਹੇ ਸਮੇਂ ਵਿੱਚ ਗਰੀਬ-ਪੱਖੀ ਅਤੇ ਮਹੱਤਵਪੂਰਨ ਫੈਸਲੇ ਲੈਣ ਅਤੇ ਸੂਬੇ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਲਈ 24 ਘੰਟੇ ਕੰਮ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਛੇਤੀ ਹੀ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕਰਕੇ ਪੰਜਾਬ ਨੂੰ ਕਰਜ਼ਾ ਮੁਕਤ ਸੂਬਾ ਬਣਾਉਣ ਲਈ ਪ੍ਰਣਾਲੀ ਤਿਆਰ ਕਰੇਗੀ ਜਿਸ ਨਾਲ ਕਰਜ਼ਾ ਮੁਕਤ ਪੰਜਾਬ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਿਹਤਰ ਸਥਾਨ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਪਾਰਟੀ ਪ੍ਰਤੀ ਉਨ੍ਹਾਂ ਦੀ ਮਿਹਨਤ ਅਤੇ ਵਚਨਬੱਧਤਾ ਦੇ ਮੱਦੇਨਜ਼ਰ ਸਾਰੇ ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ ਸੰਸਥਾਵਾਂ ਵਿੱਚ ਢੁਕਵੀਂ ਨੁਮਾਇੰਦਗੀ ਦਿੱਤੀ ਜਾਵੇਗੀ।
ਇਸ ਮੌਕੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਭਾਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਡਾ. ਅਮਰ ਸਿੰਘ ਤੇ ਮੁਹੰਮਦ ਸਦੀਕ, ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਕੁਮਾਰ ਡਾਵਰ, ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ, ਦਰਸ਼ਨ ਸਿੰਘ ਬਰਾੜ ਤੇ ਡਾ. ਹਰਜੋਤ ਕਮਲ ਸਿੰਘ, ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਈਸ਼ਵਰਜੋਤ ਸਿੰਘ ਚੀਮਾ, ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਮੌਜੂਦ ਸਨ।
ਡਾ. ਵੇਰਕਾ ਵੱਲੋਂ ਸੂਬੇ ਵਿੱਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀ ਸਥਾਪਤੀ ਲਈ ਹਰ ਸਹਾਇਤਾ ਦੇਣ ਦਾ ਐਲਾਨ
ਦੇਸ਼ ਭਗਤ ਯੂਨੀਵਰਸਿਟੀ ਦੇ ਸੋਲਰ ਪਲਾਂਟ ਲਈ ਸਹਿਮਤੀ
ਸੁਖਜਿੰਦਰ ਮਾਨ
ਚੰਡੀਗੜ, 22 ਨਵੰਬਰ: ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸੂਬੇ ਵਿੱਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀ ਸਥਾਪਤੀ ਲਈ ਹਰ ਸਹਾਇਤਾ ਦੇਣ ਦਾ ਦਾ ਐਲਾਨ ਕੀਤਾ ਹੈ।ਅੱਜ ਏਥੇ ਬਾਇਓ ਗੈਸ ਦੇ ਉਤਪਾਦਨ ਵਾਸਤੇ ਦੇਸ਼ ਭਗਤ ਯੂਨੀਵਰਸਿਟੀ ਦੇ ਨਾਲ ਸੋਲਰ ਪਲਾਂਟ ਅਤੇ ਬਾਇਓ ਡੀਗ੍ਰੇਡਏਬਲ ਸੋਲਿਡ ਕਚਿਨ ਵੇਸਟ ਲਈ ਇੱਕ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਡਾ. ਵੇਰਕਾ ਨੇ ਕਿਹਾ ਕਿ ਵਰਤਮਾਨ ਪ੍ਰਸਥਿਤੀਆਂ ਵਿੱਚ ਸੌਰ ਊਰਜਾ ਦੀ ਮਹੱਤਤਾ ਬਹੁਤ ਜ਼ਿਆਦਾ ਵਧ ਗਈ ਹੈ ਜਿਸ ਕਰਕੇ ਸੂਬਾ ਸਰਕਾਰ ਵੱਲੋਂ ਸੌਰ ਊਰਜਾ ਪ੍ਰੋਜੈਕਟਾਂ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਹਿਮਤੀ ਪੱਤਰ ’ਤੇ ਸਹੀ ਪਾਉਣ ਵੇਲੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ ਦੇ ਚਾਂਸਲਰ ਡਾ. ਜ਼ੋਰਾ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਡਾ. ਵੇਰਕਾ ਨੇ ਪੇਡਾ ਦੇ ਪ੍ਰੋਜੈਕਟਾਂ ਦਾ ਜਾਇਜਾ ਵੀ ਲਿਆ। ਸੀ.ਈ.ਓ ਪੇਡਾ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੇਡਾ ਵੱਲੋਂ 1700 ਮੈਗਾਵਾਟ ਰੀਨਿਊਏਬਲ ਐਨਰਜੀ ਨਾਲ ਸਬੰਧਤ ਪ੍ਰੋਜੈਕਟ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਸ ਵਿੱਚੋਂ 970 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਗਾਏ ਗਏ ਹਨ। ਸ੍ਰੀ ਰੰਧਾਵਾ ਨੇ ਇਹ ਵੀ ਦੱਸਿਆ ਕਿ ਪੇਡਾ ਵੱਲੋਂ ਝੋਨੇ ਦੀ ਪਰਾਲੀ ਦੇ ਅਧਾਰਿਤ ਵੱਧ ਤੋਂ ਵੱਧ ਪ੍ਰੋਜੈਕਟ ਲਗਾਏ ਜਾ ਰਹੇ ਹਨ। ਕੁੱਲ 260 ਟਨ ਸੀ.ਬੀ.ਜੀ ਪੈਦਾ ਕਰਨ ਦੀ ਸਮਰੱਥਾ ਵਾਲੇ 23 ਪ੍ਰੋਜੈਕਟ ਉਸਾਰੀ ਅਧੀਨ ਹਨ ਅਤੇ ਇਨਾਂ ਵਿੱਚੋ ਏਸ਼ੀਆ ਦਾ ਸਭ ਤੋ ਵੱਡਾ ਸੀ.ਬੀ.ਜੀ ਪ੍ਰੋਜੈਕਟ ਵੀ ਹੈ ਜਿਸ ਦੀ ਸਮਰੱਥਾ 33.23 ਟਨ ਕੰਪਰੈਸਡ ਬਾਇਓਗੈਸ (ਸੀ.ਬੀ.ਜੀ) ਪ੍ਰਤੀ ਦਿਨ ਹੈ। ਇਹ ਪ੍ਰੋਜੈਕਟ ਲਹਿਰਾਗਾਗਾ ਤਹਿਸੀਲ ਵਿੱਚ ਦਸੰਬਰ, 2021 ਵਿੱਚ ਚਾਲੂ ਹੋ ਜਾਵੇਗਾ।ਇਸ ਮੌਕੇ ਵਧੀਕ ਡਾਇਰੈਕਟਰ ਪੇਡਾ ਸ੍ਰੀ ਜਸਪਾਲ ਸਿੰਘ ਅਤੇ ਕੈਬਨਿਟ ਮੰੰਤਰੀ ਦੇ ਓ.ਐਸ.ਡੀ. ਸ੍ਰੀ ਅਮਨ ਸ਼ਰਮਾਂ ਵੀ ਹਾਜ਼ਰ ਸਨ।
ਉਪ ਮੁੱਖ ਮੰਤਰੀ ਰੰਧਾਵਾ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਹੋਰ ਸੁਚਾਰੂ ਬਣਾਉਣ ਲਈ ਰਾਤ ਸਮੇਂ ਪੁਲਿਸ ਨੂੰ ਗਸ਼ਤ ਵਧਾਉਣ ਦੇ ਸਖ਼ਤ ਨਿਰਦੇਸ਼
ਹਰ ਕਮਿਸ਼ਨਰੇਟ/ਜ਼ਿਲ੍ਹੇ ਅੰਦਰ ਘੱਟੋ-ਘੱਟ ਇੱਕ ਤਿਹਾਈ ਗਜ਼ਟਿਡ ਅਫਸਰ ਰਾਤ ਸਮੇਂ ਰਹਿਣਗੇ ਤੈਨਾਤ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਨਵੰਬਰ:ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਸੁਚਾਰੂ ਤਰੀਕੇ ਨਾਲ ਲਾਗੂ ਕਰਨ ਲਈ ਰਾਤ ਸਮੇਂ ਪੁਲਿਸ ਨੂੰ ਗਸ਼ਤ ਵਧਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਹਰ ਕਮਿਸ਼ਨਰੇਟ/ਜ਼ਿਲ੍ਹੇ ਅੰਦਰ ਘੱਟੋ-ਘੱਟ ਇੱਕ ਤਿਹਾਈ ਗਜ਼ਟਿਡ ਅਫਸਰ ਦੀ ਤੈਨਾਤੀ ਰੋਸਟਰ ਅਨੁਸਾਰ ਕਰਨ ਦੇ ਹੁਕਮ ਦਿੱਤੇ ਹਨ ਜਿਸ ਦੀ ਉਹ ਖ਼ਦ ਹਰ ਰੋਜ਼ ਵੀਡੀਓ ਕਾਲ ਰਾਹੀਂ ਸਮੀਖਿਆ ਕਰਨਗੇ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਰਾਤ ਦੇ ਸਮੇਂ ਲੋੜੀਂਦੀ ਪੁਲਿਸ ਗਸ਼ਤ ਨਹੀਂ ਕੀਤੀ ਜਾਂਦੀ। ਉਨ੍ਹਾਂ ਸਮੂਹ ਕਮਿਸ਼ਨਰ ਅਤੇ ਐਸ.ਐਸ.ਪੀਜ਼ ਨੂੰ ਕਿਹਾ ਹੈ ਕਿ ਆਪੋ-ਆਪਣੇ ਕਮਿਸ਼ਨਰੇਟ/ਜ਼ਿਲ੍ਹੇ ਅੰਦਰ ਗਜ਼ਟਿਡ ਅਫਸਰਾਂ ਦੀ ਡਿਊਟੀ ਦਾ ਰੋਸਟਰ ਬਣਾਇਆ ਜਾਵੇ। ਹਰ ਰਾਤ ਘੱਟੋ-ਘੱਟ ਇਕ ਤਿਹਾਈ ਅਫਸਰ ਡਿਊਟੀ `ਤੇ ਤੈਨਾਤ ਰਹਿਣ। ਉਨ੍ਹਾਂ ਕਿਹਾ ਕਿ ਉਹ ਕਿਸੇ ਵੇਲੇ ਵੀ ਰੋਸਟਰ ਵਾਲੇ ਡਿਊਟੀ ਅਫਸਰ ਨੂੰ ਵੀਡੀਓ ਕਾਲ ਕਰਕੇ ਉਸ ਦੀ ਲੋਕੇਸ਼ਨ ਚੈਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪ੍ਰਮੁੱਖ ਸਕੱਤਰ ਗ੍ਰਹਿ ਸ੍ਰੀ ਅਨੁਰਾਗ ਵਰਮਾ ਨੇ ਇਸ ਸਬੰਧੀ ਬਾਕਾਇਦਾ ਡੀ.ਜੀ.ਪੀ., ਏ.ਡੀ.ਜੀ.ਪੀ (ਕਾਨੂੰਨ ਤੇ ਵਿਵਸਥਾ), ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਪੱਤਰ ਜਾਰੀ ਕਰਕੇ ਉਪ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਹੂਬਹੂ ਪਾਲਣਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰ ਅਤੇ ਐਸ.ਐਸ.ਪੀਜ਼ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੋ ਰੋਸਟਰ ਬਣਾਇਆ ਜਾਵੇਗਾ, ਉਸ ਦੀ ਕਾਪੀ ਏ.ਡੀ.ਜੀ.ਪੀ (ਕਾਨੂੰਨ ਤੇ ਵਿਵਸਥਾ) ਨੂੰ ਭੇਜੀ ਜਾਵੇਗੀ, ਜੋ ਅੱਗੇ ਰੋਸਟਰ ਦੀਆਂ ਕਾਪੀਆਂ ਨੂੰ ਇਕੱਠਾ ਕਰਕੇ ਰੋਜ਼ਾਨਾ ਸ਼ਾਮ 5 ਵਜੇ ਉਪ ਮੁੱਖ ਮੰਤਰੀ, ਗ੍ਰਹਿ ਸਕੱਤਰ ਅਤੇ ਡੀ.ਜੀ.ਪੀ. ਨੂੰ ਭੇਜਣਗੇ।
ਡੀ.ਏ.ਵੀ. ਕਾਲਜ ਵਿਖੇ ਸੁਤੰਤਰਤਾ ਦੇ 75ਵੇਂ ਆਜ਼ਾਦੀ ਮਹਾਉਤਸਵ ’ਤੇ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ: ਸਥਾਨਕ ਡੀ.ਏ.ਵੀ ਕਾਲਜ ਬਠਿੰਡਾ ਦੇ ਯੂਥ ਵੈੱਲਫੇਅਰ ਵਿਭਾਗ, ਹਿੰਦੀ ਵਿਭਾਗ ਅਤੇ ਆਰੀਆ ਸਮਾਜ ਦੁਆਰਾ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਦੁਆਰਾ 75ਵਾਂ ਆਜ਼ਾਦੀ ਮਹਾਉਤਸਵ ’ਤੇ ‘ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ’ ਵਿਸ਼ੇ ਉਪਰ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰਤੀਯੋਗਤਾ ਵਿਚ ਜ਼ਿਲ੍ਹਾ ਪੱਧਰ ’ਤੇ ਤਿੰਨ ਵਿਦਿਆਰਥੀਆਂ ਰਿਤਿਕਾ, ਦਿਸ਼ੀਕਾ ਅਤੇ ਕੁਲਦੀਪ ਦੀ ਚੋਣ ਹੋਈ। ਮੰਚ ਸੰਚਾਲਨ ਹਿੰਦੀ ਵਿਭਾਗ ਦੇ ਮੁਖੀ ਅਤੇ ਆਰੀਆ ਸਮਾਜ ਦੇ ਸੰਚਾਲਕ ਡਾ. ਮੋਨਿਕਾ ਘੁੱਲਾ ਨੇ ਕੀਤਾ। ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਅਤੇ ਵਾਈਸ-ਪਿ੍ਰੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਯੂਥ ਵੈੱਲਫੇਅਰ ਦੇ ਸੰਚਾਲਕ ਡਾ. ਸੁਖਦੀਪ ਕੌਰ ਨੇ ਨਹਿਰੂ ਯੁਵਾ ਕੇਂਦਰ ਬਠਿੰਡਾ ਅਤੇ ਵਿਦਿਆਰਥੀਆਂ ਦਾ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।
ਕੋਈ ਵੀ ਯੋਗ ਲਾਭਪਾਤਰੀ ਲੋਕ ਭਲਾਈ ਸਕੀਮਾਂ ਤੋਂ ਨਾ ਰਹਿਣ ਦਿੱਤਾ ਜਾਵੇ ਵਾਂਝਾ: ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ: ਸੂਬਾ ਸਰਕਾਰ ਵਲੋਂ ਵਿਕਾਸ ਕਾਰਜਾਂ ਤੋਂ ਇਲਾਵਾ ਹਰ ਵਰਗ ਦੀ ਭਲਾਈ ਅਤੇ ਆਮ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਜ਼ਮੀਨੀ ਪੱਧਰ ’ਤੇ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸਦੇ ਚੱਲਦੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਕੋਈ ਵੀ ਯੋਗ ਲਾਭਪਾਤਰੀ ਵਾਂਝਾ ਨਾ ਰਹਿਣ ਦਿੱਤਾ ਜਾਵੇ। ਇਹ ਆਦੇਸ਼ ਅੱਜ ਇੱਥੇ ਬਲਾਕ ਮੌੜ ਅਤੇ ਰਾਮਪੁਰਾ ਦੇ ਸਰਪੰਚਾਂ ਨਾਲ ਸਾਂਝੇ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੰਦਿਆਂ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਦੀ ਵੀ ਹਦਾਇਤ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ. ਸੰਧੂ ਵਲੋਂ ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਰਪੰਚਾਂ ਤੇ ਹੋਰ ਪੰਤਵੰਤਿਆਂ ਕੋਲੋਂ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਾਂਝੀਆਂ ਸਮੱਸਿਆਵਾਂ ਸੁਣੀਆ। ਉਨ੍ਹਾਂ ਯੋਗ ਸਮੱਸਿਆਵਾਂ ਦੇ ਹੱਲ ਲਈ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਸਰਪੰਚਾਂ ਨੂੰ ਵੀ ਕਿਹਾ ਕਿ ਉਨ੍ਹਾਂ ਵੱਲੋਂ ਜੋ ਵੀ ਸਾਂਝੇ ਵਿਕਾਸ ਕਾਰਜ ਕਰਵਾਏ ਜਾਂਦੇ ਹਨ, ਉਹ ਕਾਰਜ ਮਗਨਰੇਗਾ ਰਾਹੀਂ ਹੀ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇ। ਉਨ੍ਹਾਂ ਸਰਪੰਚਾਂ ਨੂੰ ਇਹ ਵੀ ਖਾਸ ਅਪੀਲ ਕੀਤੀ ਕਿ ਉਹ ਜੋ ਵੀ ਵਿਕਾਸ ਕਾਰਜ ਕਰਵਾਉਂਦੇ ਹਨ, ਉਹ ਕਾਰਜ ਪਾਸ ਮਤੇ ਅਨੁਸਾਰ ਹੀ ਕਰਵਾਏ ਜਾਣ ਅਤੇ ਸਬੰਧਤ ਕਾਰਜ ਮੁਕੰਮਲ ਹੋਣ ਉਪਰੰਤ ਕਾਗਜ਼ੀ ਪੱਤਰ ਤੁਰੰਤ ਪੂਰੇ ਕੀਤੇ ਜਾਣ। ਕਾਗਜੀ ਪੱਤਰ ਕੀਤੇ ਕਾਰਜਾਂ ਅਨੁਸਾਰ ਹੀ ਤਿਆਰ ਕੀਤੇ ਜਾਣ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਾ ਕੀਤੀ ਜਾਵੇ।
ਮੀਟਿੰਗ ਦੌਰਾਨ ਜ਼ਿਆਦਾਤਰ ਪਿੰਡਾਂ ਦੇ ਸਰਪੰਚਾਂ ਵੱਲੋਂ ਪੀਣ ਵਾਲੇ ਪਾਣੀ, ਨਹਿਰੀ ਪਾਣੀ ਦੀ ਘਾਟ, ਪਿੰਡਾਂ ਵਿਚਲੇ ਛੱਪੜਾਂ ਦੀ ਸਫਾਈ, ਨਵੀਂਆਂ ਿਕ ਸੜਕਾਂ ਬਣਾਉਣ ਤੇ ਪੁਰਾਣੀਆਂ ਸੜਕਾਂ ਦੀ ਰਿਪੇਅਰ ਕਰਨ, ਖਰੀਦ ਕੇਂਦਰਾਂ ਦੇ ਫੜ ਪੱਕੇ ਕਰਨ, ਸੀਵਰੇਜ਼ ਤੇ ਗੰਦੇ ਪਾਣੀ ਦੇ ਨਿਕਾਸ, ਸਕੂਲਾਂ ਦੀ ਟੁੱਟੀ ਚਾਰ ਦੀਵਾਰੀ ਬਣਾਉਣ ਅਤੇ ਸਟਾਫ ਦੀ ਘਾਟ ਪੂਰੀ ਕਰਨ, ਜਲ ਘਰਾਂ ਤੋਂ ਸਪਲਾਈ ਹੋਣ ਵਾਲੇ ਪਾਣੀ ਦੀ ਲੀਕੇਜ਼ ਬੰਦ ਕਰਵਾਉਣ ਤੋਂ ਇਲਾਵਾ ਮਗਨਰੇਗਾ ਰਾਹੀਂ ਕੀਤੇ ਗਏ ਵਿਕਾਸ ਕਾਰਜਾਂ ਦੀਆਂ ਰੁਕੀਆਂ ਹੋਈਆਂ ਅਦਾਇਗੀਆਂ ਸਬੰਧੀ ਸਮੱਸਿਆਵਾਂ ਆਦਿ ਸਾਂਝੀਆਂ ਕੀਤੀਆ ਗਈਆ, ਜਿਸ ਨੂੰ ਡਿਪਟੀ ਕਮਿਸ਼ਨਰ ਵੱਲੋਂ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਧੂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਚੱਲ ਰਹੇ ਵਿਕਾਸ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਪੂਰਾ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਵਿਕਾਸ ਕਾਰਜ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸ਼ੰਕਾਂ ਜਾਂ ਸਮੱਸਿਆਂ ਦਰਪੇਸ਼ ਆਉਂਦੀ ਹੈ ਤਾਂ ਉਹ ਬਿਨਾਂ ਝਿਜਕ ਉਨ੍ਹਾਂ ਨਾਲ ਸਾਂਝੀਆਂ ਕਰ ਸਕਦੇ ਹਨ। ਮੀਟਿੰਗ ਵਿਚ ਐਸ.ਡੀ.ਐਮ ਮੌੜ ਮੈਡਮ ਵੀਰਪਾਲ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰੂ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ, ਐਕਸੀਅਨ ਪਾਵਰਕਾਮ ਮੋੜ ਕਮਲਜੀਤ ਸਿੰਘ ਮਾਨ , ਬਲਾਕ ਖੇਤੀਬਾੜੀ ਅਫ਼ਸਰ ਮੋੜ ਡਾ ਡੂੰਘਰ ਸਿੰਘ ਬਰਾੜ, ਸਬੰਧਤ ਤਹਿਸੀਲਦਾਰ ਅਤੇ ਬੀਡੀਪੀਓਜ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡਾਂ ਦੇ ਸਰਪੰਚ ਤੇ ਹੋਰ ਮੋਹਤਵਰ ਵਿਅਕਤੀ ਸ਼ਾਮਿਲ ਸਨ ।






