ਹਲਕੇ ’ਚ ਬਹੁਕੌਣੇ ਮੁਕਾਬਲਾ ਹੋਣ ਦੀ ਸੰਭਾਵਨਾ
ਸੁਖਜਿੰਦਰ ਮਾਨ
ਬਠਿੰਡਾ, 12 ਨਵੰਬਰ: ਆਮ ਆਦਮੀ ਪਾਰਟੀ ਵਲੋਂ ਅੱਜ ਆਗਾਮੀ ਵਿਧਾਨ ਸਭਾ ਲਈ ਜਾਰੀ ਦਸ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚ ਪਾਰਟੀ ਦੀ ਸੀਨੀਅਰ ਆਗੂ ਤੇ ਵਿਧਾਇਕਾ ਬਲਜਿੰਦਰ ਕੌਰ ਨੂੰ ਮੁੜ ਤਲਵੰਡੀ ਸਾਬੋ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਉਜ ਬਲਜਿੰਦਰ ਕੌਰ ਜ਼ਿਲ੍ਹੇ ਵਿਚ ਮੌਜੂਦਾ ਸਮੇਂ ਇਕਲੌਤੀ ਵਿਧਾਇਕਾ ਬਚੀ ਸੀ ਜੋ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਜਿੱਤਣ ਤੋਂ ਬਾਅਦ ਹਾਲੇ ਤੱਕ ਪਾਰਟੀ ਨਾਲ ਖੜੀ ਹੋਈ ਹੈ। ਜਦੋਂਕਿ ਉਨ੍ਹਾਂ ਨਾਲ ਸਾਲ 2017 ਵਿਚ ਜਿੱਤੇ ਦੋ ਹੋਰ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਰੁਪਿੰਦਰ ਕੌਰ ਰੂਬੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚਰਚਾ ਮੁਤਾਬਕ ਧੜਾ-ਧੜ ਵਿਧਾਇਕਾਂ ਵਲੋਂ ਪਾਰਟੀ ਛੱਡਣ ਦੇ ਫੈਸਲੇ ਤੋਂ ਬਾਅਦ ਆਪ ਦੀ ਹਾਈਕਮਾਂਡ ਨੇ ਬਚਦੇ ਦਸ ਵਿਧਾਇਕਾਂ ਨੂੰ ਬਚਾਈ ਰੱਖਣ ਲਈ ਅੱਜ ਇਹ ਲਿਸਟ ਜਾਰੀ ਕੀਤੀ ਹੈ। ਹਾਲਾਂਕਿ ਇਸ ਲਿਸਟ ਵਿਚ ਅਪਣੇ ਦੋ ਮੌਜੂਦਾ ਵਿਧਾਇਕਾਂ ਅਮਰਜੀਤ ਸਿੰਘ ਸੰਦੋਆ ਤੇ ਵਿਧਾਇਕੀ ਗਵਾਉਣ ਵਾਲੇ ਬਲਦੇਵ ਸਿੰਘ ਨੂੰ ਉਮੀਦਵਾਰ ਨਹੀਂ ਬਣਾਇਆ ਹੈ। ਸੰਦੋਆ ਕਾਂਗਰਸ ਵਿਚ ਚਲੇ ਗਏ ਸਨ ਤੇ ਬਲਦੇਵ ਖ਼ਹਿਰਾ ਧੜੇ ਨਾਲ ਚਲੇ ਗਏ ਸਨ ਪ੍ਰੰਤੁ ਬਾਅਦ ਵਿਚ ਦੋਨਾਂ ਨੇ ਘਰ ਵਾਪਸੀ ਕਰ ਲਈ ਸੀ। ਸੰਭਾਵਨਾ ਹੈ ਕਿ ਪਾਰਟੀ ਦੋਨਾਂ ਨੂੰ ਅਪਣਾ ਉਮੀਦਵਾਰ ਨਹੀਂ ਬਣਾਏਗੀ। ਪਾਰਟੀ ਵਲੋਂ ਅੱਜ ਜਾਰੀ ਲਿਸਟ ਵਿਚ ਸਮੂਹ ਵਿਧਾਇਕਾਂ ਨੂੰ ਉਨ੍ਹਾਂ ਦੇ ਪੁਰਾਣੇ ਹਲਕਿਆਂ ਤੋਂ ਹੀ ਚੋਣ ਲੜਾਇਆ ਗਿਆ ਹੈ। ਉਧਰ ਬਲਜਿੰਦਰ ਕੌਰ ਦੀ ਤਲਵੰਡੀ ਸਾਬੋ ਹਲਕੇ ਤੋਂ ਇਹ ਤੀਜ਼ੀ ਚੋਣ ਹੋਵੇਗੀ, ਜਦੋਂਕਿ ਇਸਤੋਂ ਪਹਿਲਾਂ 2017 ਤੋਂ ਇਲਾਵਾ 2014 ਵਿਚ ਹੋਈ ਜਿਮਨੀ ਚੋਣ ਵਿਚ ਵੀ ਅਪਣੀ ਕਿਸਮਤ ਅਜਮਾ ਚੁੱਕੇ ਹਨ। ਇਸਤੋਂ ਇਲਾਵਾ ਪਿਛਲੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਨੇ ਬਲਜਿੰਦਰ ਕੌਰ ਨੂੰ ਬਠਿੰਡਾ ਹਲਕੇ ਤੋਂ ਅਪਣਾ ਉਮੀਦਵਾਰ ਬਣਾਇਆ ਸੀ ਪ੍ਰੰਤੂ ਉਹ ਤੀਜ਼ੇ ਸਥਾਨ ’ਤੇ ਰਹੇ ਸਨ। ਮਹੱਤਵਪੂਰਨ ਗੱਲ ਇਹ ਵੀ ਰਹੀ ਸੀ ਕਿ ਵਿਧਾਇਕਾ ਦੀ ਅਪਣੇ ਜੱਦੀ ਵਿਧਾਨ ਸਭਾ ਹਲਕੇ ਤਲਵੰਡੀ ਸਾਬੋ ਤੋਂ ਜਮਾਨਤ ਜਬਤ ਹੋ ਗਈ ਸੀ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਪਾਰਟੀ ਬੀਬੀ ਬਲਜਿੰਦਰ ਕੌਰ ਨੂੰ ਅਪਣਾ ਮੁੱਖ ਮੰਤਰੀ ਦਾ ਉਮੀਦਵਾਰ ਵੀ ਐਲਾਨ ਸਕਦੀ ਹੈ। ਹਾਲਾਂਕਿ ਇਹ ਗੱਲ ਭਵਿੱਖ ਦੇ ਗਰਭ ਵਿਚ ਹੈ ਪ੍ਰੰਤੂ ਉਨ੍ਹਾਂ ਦੇ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਹੁਣ ਇਸ ਹਲਕੇ ਵਿਚ ਚਹੁੰ ਕੋਣਾਂ ਮੁਕਾਬਲਾ ਹੋਣ ਦੀ ਸੰਭਾਵਨਾ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲਾਂ ਹੀ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਅਪਣਾ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਜਦੋਂਕਿ ਕਾਂਗਰਸ ਪਾਰਟੀ ਵਲੋਂ ਸਾਬਕਾ ਉਮੀਦਵਾਰ ਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਰਹੇ ਖ਼ੁਸਬਾਜ ਸਿੰਘ ਜਟਾਣਾ ’ਤੇ ਦਾਅ ਖੇਡਣ ਦੀ ਸੰਭਾਵਨਾ ਹੈ। ਹਾਲਾਂਕਿ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵੀ ਇਸ ਹਲਕੇ ਤੋਂ ਮਜਬੂਤ ਉਮੀਦਵਾਰ ਹਨ ਪ੍ਰੰਤੂ ਪਿਛਲੇ ਦਿਨਾਂ ’ਚ ਪੰਜਾਬ ਦੀ ਸਿਆਸਤ ਵਿਚ ਹੋਏ ਫ਼ੇਰਬਦਲ ਤੋਂ ਬਾਅਦ ਜਟਾਣਾ ਦਾ ਹੱਥ ਮਜਬੂਤ ਹੋਇਆ ਦਸਿਆ ਜਾ ਰਿਹਾ ਹੈ ਕਿਉਂਕਿ ਪਿਛਲੀ ਵਾਰ ਉਨ੍ਹਾਂ ਨੂੰ ਟਿਕਟ ਦਿਵਾਉਣ ਵਾਲੇ ਹਰੀਸ ਚੌਧਰੀ ਮੁੜ ਪੰਜਾਬ ਕਾਂਗਰਸ ਦੇ ਇੰਚਾਰਜ਼ ਬਣ ਗਏ ਹਨ। ਉਧਰ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਤੋਂ ਅਲੱਗ ਹੋ ਕੇ ਅਪਣੀ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਇਲਾਕੇ ਦੀ ਮਸ਼ਹੂਰ ਹਸਤੀ ਬਲਵੀਰ ਸਿੰਘ ਸਰਦਾਰ ਉਨ੍ਹਾਂ ਦੇ ਧੜੇ ਵਲੋਂ ਉਮੀਦਵਾਰ ਹੋਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਉਜ ਇੱਕ ਹੋਰ ਯੂਥ ਅਕਾਲੀ ਆਗੂ ਰਵੀਪ੍ਰੀਤ ਸਿੰਘ ਸਿੱਧੂ ਦੇ ਵੀ ਕਿਸੇ ਨਾ ਕਿਸੇ ਧਿਰ ਵਲੋਂ ਚੋਣ ਮੈਦਾਨ ਵਿਚ ਆਉਣ ਦੀ ਚਰਚਾ ਹੈ।
ਆਪ ਨੇ ਬਲਜਿੰਦਰ ਕੌਰ ਨੂੰ ਮੁੜ ਤਲਵੰਡੀ ਸਾਬੋ ਹਲਕੇ ਤੋਂ ਉਮੀਵਾਰ ਐਲਾਨਿਆਂ
ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਹੋਈ ਸੂਬਾ ਪੱਧਰੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 12 ਨਵੰਬਰ: ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਸੂਬਾ ਪੱਧਰ ਦੀ ਵਿਸੇਸ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ ਨੇ 26 ਨਵੰਬਰ ਨੂੰ ਇਕ ਸਾਲ ਪੂਰਾ ਹੋਣ ਤੇ ਦਿੱਲੀ ਦੇ ਬਾਰਡਰਾਂ ’ਤੇ ਕੀਤੇ ਜਾਣ ਵਾਲੇ ਇਕੱਠਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ 29 ਨਵੰਬਰ ਤੋਂ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਬਾਰੇ ਵੱਖ ਵੱਖ ਜ਼ਿਲ੍ਹਿਆਂ ਤੋਂ ਕਿਸਾਨਾਂ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਵੱਡੀ ਗਿਣਤੀ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਪਹੁੰਚਣਗੇ। ਇਸ ਸੰਬੰਧੀ ਕਿਸਾਨ ਔਰਤਾਂ ਨੂੰ ਵੀ ਵੱਡੀ ਗਿਣਤੀ ਵਿਚ ਲਾਮਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 17 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਣ ਜਾ ਰਹੀ ਹੈ।ਜਿਸ ਵਿੱਚ ਕਿਸਾਨਾਂ ਨੂੰ ਡੀ ਏ ਪੀ ਖਾਦ ਦੀ ਪੂਰਤੀ ਕਰਾਉਣ ਸਬੰਧੀ, ਨਰਮੇ ਦਾ ਵਧੇਰੇ ਮੁਆਵਜ਼ਾ ਲੈਣ, ਝੋਨੇ ਦੀ ਪੇਂਡੂ ਮੰਡੀਆਂ ਵਿੱਚੋਂ ਖਰੀਦ ਜਾਰੀ ਰੱਖਣ ਅਤੇ ਕੋਆਪ੍ਰੇਟਿਵ ਸੁਸਾਇਟੀਆਂ ਉੱਪਰ ਕੇਂਦਰ ਸਰਕਾਰ ਦੇ ਕੰਟਰੋਲ ਨੂੰ ਰੁਕਵਾਉਣ ਸਬੰਧੀ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਮੀਟਿੰਗ ਵਿਚ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਗੰਗਾ, ਮੇਜਰ ਸਿੰਘ ਰੰਧਾਵਾ, ਜਸਵਿੰਦਰ ਸਿੰਘ ਜਿਲਾ ਪ੍ਰਧਾਨ ਫਿਰੋਜਪੁਰ, ਜਗਸੀਰ ਸਿੰਘ ਪ੍ਰਧਾਨ ਬਠਿੰਡਾ, ਸੁਖਦੇਵ ਸਿੰਘ ਪ੍ਰਧਾਨ ਮਾਨਸਾ,ਲਖਵੀਰ ਸਿੰਘ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਵੱਖ ਵੱਖ ਜਲਿਾ ਕਮੇਟੀਆਂ ਦੇ ਆਗੂ, ਬਲਾਕਾਂ ਦੇ ਪ੍ਰਧਾਨ ,ਸਕੱਤਰ ਤੇ ਪਿੰਡਾਂ ਦੇ ਆਗੂ ਤੇ ਵਰਕਰ ਸ਼ਾਮਲ ਸਨ।
ਬੇਅਦਬੀ ਕਾਂਡ ਦੇ ਦੋਸ਼ੀ ਜੇਲ੍ਹ ਜਾਣ ਲਈ ਤਿਆਰ ਰਹਿਣ: ਸੁਖਜਿੰਦਰ ਰੰਧਾਵਾ
ਕਾਂਗਰਸ ਸਰਕਾਰ ਹੀ ਅਸਲ ਵਿਚ ਹੈ ਆਮ ਆਦਮੀ ਦੀ ਸਰਕਾਰ
ਨਸ਼ਾ ਵਿਕਦਾ ਫ਼ੜਿਆ ਗਿਆ ਤਾਂ ਸਬੰਧਤ ਪੁਲਿਸ ਅਧਿਕਾਰੀ ਖਿਲਾਫ਼ ਹੋਵੇਗੀ ਕਾਰਵਾਈ
ਸੁਖਜਿੰਦਰ ਮਾਨ
ਬਠਿੰਡਾ, 12 ਨਵੰਬਰ: ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਹੁਣ ਜੇਲ੍ਹ ਜਾਣ ਦਾ ਸਮਾਂ ਆ ਗਿਆ ਹੈ। ਸ. ਰੰਧਾਵਾ ਅੱਜ ਇੱਥੇ ਲੇਕ ਵਿਊ ਵਿਖੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨਾਲ ਪੁਲਿਸ ਅਧਿਕਾਰੀਆਂ ਨਾਲ ਕ੍ਰਾਇਮ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਸ:ਰੰਧਾਵਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਸੇਸ ਜਾਂਚ ਟੀਮ ਨੇ ਪੂਰੀ ਤੇਜੀ ਨਾਲ ਜਾਂਚ ਕੀਤੀ ਹੈ ਤੇ ਜਲਦੀ ਹੀ ਇਸ ਮਾਮਲੇ ਵਿਚ ਕਾਰਵਾਈ ਹੋਵੇਗੀ। ਨਸ਼ਿਆਂ ਦੇ ਮਾਮਲੇ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਨਸ਼ਾ ਵਿਕਦਾ ਫ਼ੜਿਆ ਗਿਆ ਤਾਂ ਸਬੰਧਤ ਪੁਲਿਸ ਅਧਿਕਾਰੀ ਖਿਲਾਫ਼ ਹੋਵੇਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਆਈ.ਟੀ ਵਲੋਂ ਨਸ਼ਿਆਂ ਦੇ ਮਾਮਲੇ ’ਤੇ ਤਿਆਰ ਰੀਪੋਰਟ ਬਾਰੇ 18 ਨਵੰਬਰ ਨੂੰ ਅਦਾਲਤ ਵਿਚ ਵੱਡਾ ਫੈਸਲਾ ਆਉਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਉਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੀ ਅਸਲ ਵਿਚ ਪੰਜਾਬ ਦੇ ਆਮ ਆਦਮੀ ਦੀ ਸਰਕਾਰ ਹੈ ਤੇ ਸਰਕਾਰ ਵਲੋਂ ਲਏ ਗਏ ਇਤਿਹਾਸਕ ਫ਼ੈਸਲਿਆਂ ਤੋਂ ਹਰ ਆਮ ਆਦਮੀ ਖੁਸ਼ੀ ਮਹਿਸੂਸ ਕਰ ਰਿਹਾ ਹੈ। ਜਦੋਂਕਿ ਆਮ ਆਦਮੀ ਪਾਰਟੀ ਦਾ ਸੂਬੇ ਅੰਦਰ ਕੋਈ ਵੀ ਆਧਾਰ ਨਹੀਂ ਰਿਹਾ ਹੈ ਕਿਉਂਕਿ ਕਿ ਇਕੱਲੇ ਬਠਿੰਡਾ ਪਾਰਲੀਮੈਂਟ ਨਾਲ ਸਬੰਧਤ ਤਿੰਨ ਵਿਧਾਇਕ ਸ਼੍ਰੀਮਤੀ ਰੁਪਿੰਦਰ ਕੌਰ ਰੂਬੀ, ਸ਼੍ਰੀ ਨਾਜਰ ਸਿੰਘ ਮਾਨਸ਼ਾਹੀਆਂ ਤੇ ਸ਼੍ਰੀ ਜਗਦੇਵ ਕਮਾਲੂ ਕਾਂਗਰਸ ਪਾਰਟੀ ਚ ਸ਼ਾਮਲ ਹੋ ਚੁੱਕੇ ਹਨ ਅਤੇ ਭਵਿੱਖ ਵਿਚ ਹੋਰ ਵੀ ਨੁਮਾਂਇੰਦੇ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਪਾਰਟੀ ਗਰਦਾਨਿਆ। ਇਸੇ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਉਨਾਂ ਕਿਹਾ ਕਿ ਪੰਜਾਬ ਅੰਦਰ ਸਰਹੱਦੀ ਖੇਤਰ ਦਾ ਦਾਇਰਾ ਵਧਾ ਕੇ ਸੂਬੇ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ। ਇਸ ਦੌਰਾਨ ਸ. ਰੰਧਾਵਾ ਨੇ ਉਨ੍ਹਾਂ ਦੇ ਅਧਿਕਾਰ ਖੇਤਰਾਂ ਅਧੀਨ ਹੋਣ ਵਾਲੇ ਕ੍ਰਾਇਮ ਤੇ ਨਸ਼ਿਆਂ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਸ. ਰੰਧਾਵਾ ਨੇ ਮੌਜੂਦ ਉੱਚ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਜਾਂ ਵਿਕਦਾ ਫ਼ੜ੍ਹਿਆ ਗਿਆਂ ਤਾਂ ਸਬੰਧਤ ਪੁਲਿਸ ਕਰਮੀ ਖਿਲਾਫ਼ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਕ੍ਰਾਇਮ ਰੋਕਣ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸ. ਰੰਧਾਵਾ ਵਲੋਂ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਜੈਜੀਤ ਜੌਹਲ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਧਰਮ ਪਤਨੀ ਸ਼੍ਰੀਮਤੀ ਵੀਨੂੰ ਬਾਦਲ ਦੀ ਅਗਵਾਈ ਹੇਠ ਬਠਿੰਡਾ ਦੇ ਵਪਾਰੀਆਂ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ। ਇਸ ਮੌਕੇ ਪਿ੍ਰੰਸੀਪਲ ਸੈਕਟਰੀ ਉਪ ਮੁੱਖ ਮੰਤਰੀ ਵਰੁਣ ਰੂਜ਼ਮ, ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ, ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਆਈ.ਜੀ ਬਠਿੰਡਾ ਜਸਕਰਨ ਸਿੰਘ, ,ਡੀਆਈਜੀ ਫ਼ਰੀਦਕੋਟ ਰੇਂਜ ਸੁਰਜੀਤ ਸਿੰਘ, ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਵੀਰ ਸਿੰਘ ਤੋਂ ਇਲਾਵਾ ਐਸਐਸਪੀ ਅਜੈ ਮਲੂਜਾ ਅਤੇ ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਸਹਿਤ ਡਾਇਰੈਕਟਰ ਮਾਰਕਫ਼ੈਡ ਟਹਿਲ ਸਿੰਘ ਸੰਧੂ, ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਾਜਨ ਗਰਗ, ਮੇਅਰ ਸ਼੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਆਗੂ ਅਨਿਲ ਭੋਲਾ ਤੋਂ ਇਲਾਵਾ ਹੋਰ ਸਖਸੀਅਤਾਂ ਹਾਜ਼ਰ ਸਨ।
ਡਾ. ਰਾਜੀਵ ਕੁਮਾਰ ਸ਼ਰਮਾ ਨੇ ਡੀ.ਏ.ਵੀ. ਕਾਲਜ ਦੇ ਪਿ੍ਰੰਸੀਪਲ ਵਜੋਂ ਅਹੁਦਾ ਸੰਭਾਲਿਆ
ਸੁਖਜਿੰਦਰ ਮਾਨ
ਬਠਿੰਡਾ, 12 ਨਵੰਬਰ: ਉਘੇ ਸਿੱਖਿਆ ਸ਼ਾਸਤਰੀ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਥਾਨਕ ਡੀਏਵੀ ਕਾਲਜ਼ ਦੇ ਪਿ੍ਰੰਸੀਪਲ ਵਜੋਂ ਅਹੁੱਦਾ ਸੰਭਾਲ ਲਿਆ ਹੈ। ਪਿਛਲੇ ਕਰੀਬ 19 ਸਾਲਾਂ ਤੋਂ ਸਿੱਖਿਆ ਤੇ ਖੋਜ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਡਾ ਸ਼ਰਮਾ 2002 ਤੋਂ ਡੀ.ਏ.ਵੀ. ਕਾਲਜ ਜਲੰਧਰ ਵਿਖੇ ਰਸਾਇਣ ਵਿਭਾਗ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਨੇ ਵੱਖ-ਵੱਖ ਫੰਡਿੰਗ ਏਜੰਸੀਆਂ ਨੂੰ ਡੀ.ਏ.ਵੀ. ਕਾਲਜ, ਜਲੰਧਰ ਵੱਲੋਂ ਅਨੁਦਾਨ ਦੇ ਲਈ ਪ੍ਰਸਤਾਵ ਵੀ ਪੇਸ਼ ਕੀਤੇ ਗਏ ਅਤੇ ਵਿਗਿਆਨ ਅਤੇ ਉਦਯੋਗਿਕ ਮੰਤਰਾਲਾ ਨੇ ਨਵੀਂ ਦਿੱਲੀ ਤੋਂ ਡੀ.ਐਸ.ਟੀ., ਐਫ.ਆਈ.ਐਸ.ਟੀ. ਅਤੇ ਡੀ.ਬੀ.ਟੀ. ਸਟਾਰ ਕਾਲਜ ਯੋਜਨਾਂ ਵਰਗੀਆਂ ਪ੍ਰਯੋਜਨਾਵਾਂ ਦੀ ਅਨੁਮਤੀ ਪ੍ਰਾਪਤ ਕੀਤੀ। ਉਹਨਾਂ ਦੇ ਕੋਲ ਅੰਤਰ-ਰਾਸ਼ਟਰੀ ਪੱਤਰਕਾਵਾਂ ਵਿਚ 44 ਸ਼ੋਧ-ਪੱਤਰ ਹਨ ਅਤੇ ਯੂ.ਜੀ.ਸੀ. ਨਵੀਂ ਦਿੱਲੀ ਦੁਆਰਾ ਪ੍ਰਵਾਨਿਤ 04 ਖੋਜ਼ ਪ੍ਰਯੋਜਨਵਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਉਹਨਾਂ ਨੇ 02 ਡਾਕਟਰੇਟ ਡਿਗਰੀਆਂ ਦਾ ਨਿਰੀਖਣ ਕੀਤਾ। ਇਕ ਅਧਿਆਪਕ ਦੇ ਤੌਰ ’ਤੇ ਉਹਨਾਂ ਨੂੰ ਪੰਜਾਬ ਵਿਗਿਆਨ ਅਕਾਦਮੀ ਪਟਿਆਲਾ ਦੁਆਰਾ ਸਰਵਸ੍ਰੇਸ਼ਟ ਵਿਗਿਆਨ ਸ਼ਿਕਸ਼ਕ ਪੁਰਸਕਾਰ (ਕਾਲਜ ਸ਼੍ਰੇਣੀ) ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਅਹੁੱਦਾ ਸੰਭਲਣ ਮੌਕੇ ਡਾ. ਐਸ.ਕੇ. ਅਰੋੜਾ ਪਿ੍ਰੰਸੀਪਲ ਡੀ.ਏ.ਵੀ. ਕਾਲਜ ਜਲੰਧਰ, ਡਾ. ਐਚ.ਐਸ.ਅਰੋੜਾ ਪਿ੍ਰਸੀਪਲ ਡੀ.ਏ.ਵੀ. ਕਾਲਜ ਗਿੱਦੜਬਾਹਾ ਤੇ ਡੀ.ਏ.ਵੀ. ਕਾਲਜ ਜਲੰਧਰ ਦੇ ਅਧਿਆਪਕ ਸਾਥੀ, ਵਾਈਸ-ਪਿ੍ਰੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ, ਰਜਿਸਟਰਾਰ ਡਾ. ਕੁਸਮ ਗੁਪਤਾ ਅਤੇ ਸਟਾਫ਼ ਹਾਜਰ ਰਿਹਾ।
ਸਿਲਵਰ ਓਕਸ ਸਕੂਲ ’ਚ ਬਾਲ ਦਿਵਸ ਸਮਾਰੋਹ ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 12 ਨਵੰਬਰ: ਸਥਾਨਕ ਸੁਸ਼ਾਂਤ ਸਿਟੀ-2 ਵਿਚ ਸਥਿਤ ਸਿਲਵਰ ਓਕਸ ਸਕੂਲ ਵਲੋਂ ਬਾਲ ਦਿਵਸ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ਼ ਸੇਖੋਂ ਅਤੇ ਸ਼੍ਰੀਮਤੀ ਨੀਤੂ ਬਾਂਸਲ ਮੁੱਖ ਮਹਿਮਾਨ ਵਜ਼ੋ ਸ਼ਾਮਲ ਹੋਏ। ਇਸ ਮੌਕੇ ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ ਖੇਡਾਂ ਦਾ ਪ੍ਰਬੰਧ ਕੀਤਾ ਗਿਆ। ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਮਨੋਸਥਿਤੀ ਨੂੰ ਦਰਸਾਉਂਦਾ ਇੱਕ ਨਾਟਕ ਵੀ ਪੇਸ਼ ਕੀਤਾ ਗਿਆ ਅਤੇ ਬੱਚਿਆਂ ਦੇ ਪਿਆਰੇ ਚਾਚਾ ਨਹਿਰੂ ਜੀ ਦੇ ਜੀਵਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ‘ਤੇ ਵਿਦਿਆਰਥੀਆਂ ਵਲੋਂ ‘ਫਲੈਸ਼ ਮੌਵ’ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ਼ ਸੇਖੋਂ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿਤੀ।
ਏਮਜ ਬਠਿੰਡਾ ਵਿਖੇ ਆਯੂਸਮਾਨ ਭਾਰਤ ਸਕੀਮ ਤਹਿਤ ਇਲਾਜ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 12 ਨਵੰਬਰ: ਪੰਜਾਬ, ਹਰਿਆਣਾ ਤੇ ਰਾਜਸਥਾਨ ਖੇਤਰ ਦੀ ੳੋਘੀ ਸੰਸਥਾ ਏਮਜ ਵਿਚ ਹੁਣ ਕੇਂਦਰ ਸਰਕਾਰ ਦੀ ਆਯੂਸਮਾਨ ਸਕੀਮ ਤਹਿਤ ਵੱਖ-ਵੱਖ ਪ੍ਰਕਿਰਿਆਵਾਂ ਲਈ ਸਰਜਰੀਆਂ ਸੁਰੂ ਕਰ ਦਿੱਤੀਆਂ ਹਨ। ਡਾਇਰੈਕਟਰ ਪ੍ਰੋਫੈਸਰ ਡੀ.ਕੇ.ਸਿੰਘ ਨੇ ਦੱਸਿਆ ਕਿ ਹੁਣ ਇਸ ਕਾਰਡ ਰਾਹੀਂ ਵੱਖ-ਵੱਖ ਵੱਡੀਆਂ ਅਤੇ ਛੋਟੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ। ਉਨ੍ਹਾਂ ਨੇ ਆਯੂਸਮਾਨ ਭਾਰਤ ਟੀਮ ਅਤੇ ਡਾਕਟਰਾਂ ਨੂੰ ਇਸ ਯੋਜਨਾ ਨੂੰ ਇੰਨੇ ਘੱਟ ਸਮੇਂ ਵਿੱਚ ਸੁਰੂ ਕਰਨ ਲਈ ਵਧਾਈ ਦਿੱਤੀ। ਏਮਜ ਬਠਿੰਡਾ ਦੇ ਮੈਡੀਕਲ ਸੁਪਰਡੈਂਟ ਪ੍ਰੋਫੈਸਰ ਸਤੀਸ ਗੁਪਤਾ ਨੇ ਦੱਸਿਆ ਕਿ ਏਮਜ ਬਠਿੰਡਾ ਟੀਮ ਵੱਲੋਂ ਲੋੜਵੰਦ ਮਰੀਜਾਂ ਨੂੰ ਸਸਤੀ ਅਤੇ ਪਹੁੰਚਯੋਗ ਦੇਖਭਾਲ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਡਾ: ਮੋਨਿਸ ਮਿਰਜਾ ਡਿਪਟੀ ਮੈਡੀਕਲ ਸੁਪਰਡੈਂਟ ਅਤੇ ਏਮਜ ਬਠਿੰਡਾ ਵਿਖੇ ਆਯੂਸਮਾਨ ਭਾਰਤ ਸਕੀਮ ਦੇ ਨੋਡਲ ਅਫਸਰ ਇੰਚਾਰਜ ਨੇ ਦੱਸਿਆ ਕਿ ਏਮਜ ਬਠਿੰਡਾ ਇਸ ਸਕੀਮ ਅਧੀਨ ਪ੍ਰਵਾਨਗੀਆਂ ਦੀ ਪ੍ਰਕਿਰਿਆ ਨੂੰ ਸਰਲ ਬਣਾ ਕੇ ਲਾਭਪਾਤਰੀਆਂ ਲਈ ਕੰਮ ਕਰ ਰਿਹਾ ਹੈ। ਇਸ ਸਕੀਮ ਅਧੀਨ ਪਹਿਲੀ ਪ੍ਰਕਿਰਿਆ ਲਗਭਗ ਦੋ ਹਫਤੇ ਪਹਿਲਾਂ ਆਰਥੋਪੈਡਿਕਸ ਵਿਭਾਗ ਦੁਆਰਾ ਕੀਤੀ ਗਈ ਕੁੱਲ ਗੋਡੇ ਬਦਲਣ ਦੀ ਪ੍ਰਕਿਰਿਆ ਸੀ। ਟੀਮ ਦੀ ਅਗਵਾਈ ਆਰਥੋਪੈਡਿਕਸ ਵਿਭਾਗ ਦੇ ਮੁਖੀ ਡਾ: ਤਰੁਣ ਗੋਇਲ ਨੇ ਕੀਤੀ। ਡਾ. ਨਿਖਿਲ ਗਰਗ ਦੀ ਅਗਵਾਈ ਵਾਲੇ ਓਨਕੋਸਰਜਰੀ ਵਿਭਾਗ ਦੇ ਡਾਕਟਰਾਂ ਦੀ ਟੀਮ ਨੇ ਆਯੂਸਮਾਨ ਭਾਰਤ ਸਕੀਮ ਤਹਿਤ ਕੈਂਸਰ ਦੀਆਂ ਸਰਜਰੀਆਂ ਦੇ ਆਪਣੇ ਪਹਿਲੇ ਬੈਚ ਦਾ ਸੰਚਾਲਨ ਕੀਤਾ।
ਅਪਣੀਆਂ ਮੰਗਾਂ ਨੂੰ ਲੈ ਕੇ ਸਫ਼ਾਈ ਕਾਮਿਆਂ ਨੇ ਨਿਗਮ ਵਿਰੁਧ ਖੋਲਿਆ ਮੋਰਚਾ
ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ : ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸਫ਼ਾਈ ਕਾਮਿਆਂ ਨੇ ਅੱਜ ਮੁੜ ਨਗਰ ਨਿਗਮ ਪ੍ਰਬੰਧਕਾਂ ਵਿਰੁਧ ਮੋਰਚਾ ਖੋਲ ਦਿੱਤਾ ਹੈ। ਸਥਾਨਕ ਨਿਗਮ ਦਫ਼ਤਰ ਅੱਗੇ ਸਫ਼ਾਈ ਕਰਮਚਾਰੀ ਯੂਨੀਅਨ ਦੀ ਅਗਵਾਈ ਹੇਠ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ’ਤੇ ਪੈਣ ਵਾਲੇ ਅਸਰ ਲਈ ਨਿਗਮ ਅਧਿਕਾਰੀ ਜਿੰਮੇਵਾਰ ਹੋਣਗੇ। ਇੱਥੇ ਜਾਰੀ ਇੱਕ ਬਿਆਨ ਵਿਚ ਯੂਨੀਅਨ ਦੇ ਪ੍ਰਧਾਨ ਵਿਕਰਮ ਵਿੱਕੀ ਨੇ ਦਸਿਆ ਕਿ ਬਠਿੰਡਾ ਸ਼ਹਿਰ ’ਚ ਵਧਦੀ ਆਬਾਦੀ ਦੇ ਅਨੁਪਾਤ ਮੁਤਾਬਕ ਨਵੇਂ ਸਫ਼ਾਈ ਕਾਮੇ ਭਰਤੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਨੂੰ ਲੈ ਕੇ ਕਈ ਵਾਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ। ਯੂਨੀਅਨ ਦੇ ਆਗੂਆਂ ਸ਼ੇਖਰ, ਰਾਮ ਸਿੰਘ, ਸੁਖਦੇਵ ਸਿੰਘ, ਵਜਿੰਦਰ ਨਾਥ, ਲਕਸ਼ਮਣ ਕੁਮਾਰ,ਨਾਨਕ ਚੰਦ, ਮਨੋਜ, ਵਿਨੋਦ ਕੁਮਾਰ, ਜਗਦੀਸ਼ ਕੁਮਾਰ, ਫਕੀਰ ਚੰਦ, ਸੋਨੂੰ ਕਾਂਗੜਾ ਆਦਿ ਨੇ ਦਸਿਆ ਕਿ ਉਕਤ ਮੰਗਾਂ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਦੀ ਵਰਦੀ ਭੱਤੇ ਨੂੰ ਦੁੱਗਣਾ ਕਰਨ, ਸਫ਼ਾਈ ਕਾਮਿਆਂ ਨੂੰ ਮੈਡੀਕਲ ਸਹੂਲਤ ਦੇਣ, 322 ਸਫ਼ਾਈ ਸੇਵਕਾਂ ਦੀ ਭਰਤੀ ਰੋਕਣ ਤੇ ਮਿ੍ਰਤਕ ਕਾਮਿਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਦੀ ਮੰਗ ਤੋਂ ਨਿਗਮ ਵਲੋਂ ਟਾਲਮਟੋਲ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਨਿਯਮਾਂ ਤਹਿਤ ਸਫ਼ਾਈ ਯੂਨੀਅਨ ਵਲੋਂ ਤਿੰਨ ਦਿਨ ਪਹਿਲਾਂ ਨਿਗਮ ਕਮਿਸ਼ਨ ਨੂੰ ਹੜਤਾਲ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਉਧਰ ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਅੱਜ ਸ਼ਹਿਰ ਵਿਚ ਸਫ਼ਾਈ ਨਹੀਂ ਹੋ ਸਕੀ।
ਕਈ ਪਰਿਵਾਰ ਹੋਏ ਅਕਾਲੀ ਦਲ ਵਿੱਚ ਸ਼ਾਮਲ
ਕਾਂਗਰਸ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ: ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ:-ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ ਵਿੱਚ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਦੇ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਅਤੇ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਸੂਬੇ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ ਤੇ ਖ਼ਾਸਕਰ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਮੁਲਾਜਮ ਵਰਗ ਹੱਕਾਂ ਲਈ ਸੜਕਾਂ ’ਤੇ ਹੈ, ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ, ਨੌਜਵਾਨਾਂ ਨੂੰ ਰੁਜਗਾਰ ਦੇ ਸਾਧਨ ਮੁਹੱਈਆ ਨਹੀਂ ਹੋ ਰਹੇ,ਜਿਸਦੇ ਚੱਲਦੇ ਹਰ ਵਰਗ ਪੰਜਾਬ ਸਰਕਾਰ ਤੋਂ ਛੁਟਕਾਰਾ ਚਾਹੁੰਦਾ ਹੈ।
ਪੰਜਾਬ ਦੀਆਂ ਮੰਡੀਆਂ ’ਚ ਅੱਜ ਤੋਂ ਝੋਨੇ ਦੀ ਖ਼ਰੀਦ ਬੰਦ
ਮਾਲਵਾ ਪੱਟੀ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਦੇ ਕਿਸਾਨ ਆਏ ਮਾਰ ’ਚ
ਪੰਜਾਬ ਵਿੱਚ ਹੁਣ ਤੱਕ 185 ਲੱਖ ਮੀਟਰਕ ਟਨ ਝੋਨਾ ਪੁੱਜਿਆ
ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ: ਕੇਂਦਰ ਸਰਕਾਰ ਨੇ ਪਹਿਲੀ ਵਾਰ ਝੋਨੇ ਦੀ ਆਮਦ ਦੇ ਬਾਵਜੂਦ ਮੰਡੀਆਂ ’ਚ ਖ਼ਰੀਦ ਦਾ ਕੰਮ ਬੰਦ ਕਰ ਦਿੱਤਾ ਹੈ। ਕੇਂਦਰ ਦੀਆਂ ਹਿਦਾਇਤਾਂ ’ਤੇ ਪੰਜਾਬ ਸਰਕਾਰ ਨੇ ਵੀ ਭਲਕ ਤੋਂ ਮੰਡੀਆਂ ’ਚ ਝੋਨੇ ਦੀ ਆਮਦ ਬੰਦ ਕਰਨ ਦੇ ਹੁਕਮ ਚਾੜ ਦਿੱਤੇ ਹਨ। ਉਜ ਸੂਬੇ ’ਚ ਬਣਾਈਆਂ 849 ਆਰਜੀ ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਕੰਮ ਦੋ ਦਿਨ ਪਹਿਲਾਂ ਹੀ ਬੰਦ ਹੋ ਗਿਆ ਸੀ। ਜਿਸਤੋਂ ਬਾਅਦ ਹੁਣ ਮੰਡੀ ਬੋਰਡ ਵੱਲੋਂ 1873 ਨੋਟੀਫਾਈਡ ਮੰਡੀਆਂ ਸਮੇਤ 2722 ਖਰੀਦ ਕੇਂਦਰਾਂ ਵਿਚ ਭਲਕ ਤੋਂ ਝੋਨੇ ਦੀ ਖਰੀਦੋ-ਫਰੌਖਤ ਦਾ ਕੰਮ ਬੰਦ ਹੋ ਜਾਵੇਗਾ। ਹਾਲਾਂਕਿ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਅਧਿਕਾਰੀਆਂ ਨੇ ਅੱਜ ਸ਼ਾਮ ਤੱਕ ਮੰਡੀਆਂ ’ਚ ਪੁੱਜ ਚੁੱਕੇ ਝੋਨੇ ਨੂੰ ਖ਼ਰੀਦਣ ਲਈ ਕਿਹਾ ਹੈ। ਪਤਾ ਲੱਗਿਆ ਹੈ ਕਿ ਮਾਝਾ, ਦੁਆਬਾ ਅਤੇ ਪੁਆਧ ਖੇਤਰ ਵਿਚ ਝੋਨੇ ਦੀ ਆਮਦ ਦਾ ਕੰਮ ਮੁਕੰਮਲ ਹੋਣਦੇ ਕਿਨਾਰੇ ਹੈ ਪ੍ਰੰਤੂ ਦੱਖਣੀ ਮਾਲਵਾ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਦੇ ਕਿਸਾਨ ਕਸੁੂਤੇ ਫ਼ਸ ਗਏ ਹਨ। ਬੇਮੌਸਮੀ ਬਾਰਸਾਂ ਤੇ ਮੌਸਮ ਠੰਢਾ ਰਹਿਣ ਕਾਰਨ ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ ਤੇ ਬਰਨਾਲਾ ਆਦਿ ਜ਼ਿਲ੍ਹਿਆਂ ਵਿਚ ਹਾਲੇ ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਨਹੀਂ ਹੋ ਸਕਿਆ ਹੈ। ਖਰੀਦ ਨਾਲ ਜੁੜੇ ਸੂਤਰਾਂ ਮੁਤਾਬਕ ਸਰਕਾਰ ਖ਼ਰੀਦ ਬੰਦ ਹੋਣ ਕਾਰਨ ਝੋਨਾ ਵੇਚਣ ਤੋਂ ਵਾਂਝੇ ਰਹਿ ਗਏ ਕਿਸਾਨਾਂ ਨੂੰ ਸਸਤੇ ਭਾਅ ਉਪਰ ਅਪਣਾ ਝੋਨਾ ਪ੍ਰਾਈਵੇਟ ਵਪਾਰੀਆਂ ਨੂੰ ਵੇਚਣਾ ਪਏਗਾ। ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਸਰਕਾਰ ਵਲੋਂ ਇਸ ਵਾਰ ਝੋਨੇ ਦੀ ਖ਼ਰੀਦ ਦਾ ਕੰਮ ਤਿੰਨ ਹਫ਼ਤੇ ਪਹਿਲਾਂ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਜਿਕਰ ਕਰਨਾ ਬਣਦਾ ਹੈ ਕਿ ਹੁਣ ਤੱਕ ਪੰਜਾਬ ’ਚ 1 ਅਕਤੂਬਰ ਤੋਂ ਸ਼ੁਰੂ ਹੋ ਕੇ 30 ਨਵੰਬਰ ਤੱਕ ਝੋਨੇ ਦੀ ਖ਼ਰੀਦ ਦਾ ਕੰਮ ਚਲਦਾ ਹੈ। ਮੰਡੀਕਰਨ ਬੋਰਡ ਦੇ ਅਧਿਕਾਰੀਆਂ ਮੁਤਾਬਕ ਅੱਜ ਤੱਕ ਪੰਜਾਬ ਦੀਆਂ ਮੰਡੀਆਂ ਵਿਚ 185 ਲੱਖ ਮੀਟਰਕ ਟਨ ਝੋਨਾ ਪੁੱਜ ਚੁੱਕਾ ਹੈ ਜਦੋਂਕਿ ਕੇਂਦਰ ਨੇ ਇਸ ਵਾਰ 170 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਰੱਖਿਆ ਸੀ। ਆਮਦ ਵਿੱਚੋਂ 181.09 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਦਸਣਾ ਬਣਦਾ ਹੈ ਕਿ ਅਜਿਹਾ ਟੀਚਾ ਪਿਛਲੇ ਵਾਰ ਪ੍ਰਾਈਵੇਟ ਵਪਾਰੀਆਂ, ਆੜਤੀਆਂ ਤੇ ਸੈਲਰ ਮਾਲਕਾਂ ਵਲੋਂ ਖਰੀਦ ਏਜੰਸੀਆਂ ਨਾਲ ਮਿਲੀਭੁਗਤ ਕਰਕੇ ਦੂਜੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ’ਚ ਮਹਿੰਗੇ ਭਾਅ ਵੇਚਣ ਕਾਰਨ ਲਿਆ ਗਿਆ ਸੀ। ਉਧਰ ਹੁਣ ਤੱਕ ਝੋਨੇ ਦੀ ਆਮਦ ਦੇ ਮਾਮਲੇ ਵਿੱਚ ਸੰਗਰੂਰ ਜਿਲ੍ਹਾ 19.41 ਲੱਖ ਮੀਟਰਕ ਟਨ ਝੋਨੇ ਦੀ ਆਮਦ ਨਾਲ ਸਭ ਤੋਂ ਅੱਗੇ ਹੈ, ਇਸ ਤੋਂ ਬਾਅਦ ਲੁਧਿਆਣਾ ਅਤੇ ਪਟਿਆਲਾ ਹਨ ਜਿੱਥੇ ਕ੍ਰਮਵਾਰ 16.95 ਲੱਖ ਮੀਟਰਕ ਟਨ ਅਤੇ 14.27 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ। ਅੰਕੜਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚ ਇਸ ਵਾਰ ਖ਼ਰੀਦ ਦਾ ਟੀਚਾ ਵੀ ਪੂਰਾ ਨਹੀਂ ਹੋ ਸਕਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਚਾਲੂ ਸੀਜ਼ਨ ਲਈ ਪੌਣੇ 14 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਸੀ ਪ੍ਰੰਤੂ ਹੁਣ ਤੱਕ ਪੌਣੇ 13 ਲੱਖ ਮੀਟਰਕ ਟਨ ਝੋਨਾ ਹੀ ਖਰੀਦਿਆਂ ਗਿਆ ਹੈ। ਜਦੋਕਿ ਪਿਛਲੇ ਵਾਰ ਜ਼ਿਲ੍ਹੇ ਵਿਚ ਪੌਣੇ 15 ਲੱਖ ਦੇ ਕਰੀਬ ਝੋਨੇ ਦੀ ਖ਼ਰੀਦ ਹੋਈ ਸੀ।
ਬਾਕਸ
ਝੋਨੇ ਦੀ ਖਰੀਦ ਜਾਰੀ ਰੱਖਣ ਲਈ ਆਪ ਦਾ ਵਫਦ ਡੀ.ਸੀ ਨੂੰ ਮਿਲਿਆ
ਬਠਿੰਡਾ: ਉਧਰ ਜ਼ਿਲ੍ਹੇ ਵਿਚ ਝੋਨੇ ਦੀ ਸਰਕਾਰੀ ਖਰੀਦ ਦਾ ਕੰਮ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਡਿਪਟੀ ਕਮਿਸਨਰ ਅਰਵਿੰਦਰਪਾਲ ਸਿੰਘ ਸੰਧੂ ਨੂੰ ਮਿਲਿਆ। ਵਫ਼ਦ ਵਿਚ ਸ਼ਾਮਲ ਕਿਸਾਨ ਵਿੰਗ ਦੇ ਆਗੂ ਜਤਿੰਦਰ ਸਿੰਘ ਭੱਲਾ ਤੇ ਕਾਨੂੰਨੀ ਵਿੰਗ ਦੇ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਅਜੇ ਤਕਰੀਬਨ 20 ਪ੍ਰਤੀਸਤ ਝੋਨੇ ਦੀ ਫਸਲ ਕਿਸਾਨ ਦੇ ਖੇਤਾਂ ਘਰਾਂ ਅਤੇ ਵੱਖ-ਵੱਖ ਥਾਵਾਂ ਉੱਪਰ ਵਿਕਣ ਲਈ ਪਈ ਹੋਈ ਹੈ, ਜਿਸਦੇ ਚੱਲਦੇ ਖਰੀਦ ਦਾ ਕੰਮ 10 ਦਿਨ ਹੋਰ ਚਾਲੂ ਰੱਖਿਆ ਜਾਵੇ।
ਸਕੂਲ ’ਚ ਵੋਟਰ ਜਾਗਰੁਕਤਾ ਪ੍ਰੋਗਰਾਮ ਕਰਵਾਇਆ
ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ:ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਦਿਹਾਤੀ ਦੀ ਸਵੀਪ ਟੀਮ ਵੱਲੋ ਵੱਖ ਵੱਖ ਸਕੂਲਾਂ ਵਿੱਚ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਇਸ ਲੜੀ ਤਹਿਤ ਅੱਜ ਸ.ਸ.ਸ.ਸ. ਬੀੜ ਤਲਾਬ ਬਸਤੀ 4-5 ਵਿਖੇ ਸਵੀਪ ਗਤੀ ਵਿਧੀਆਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਬੋਲਦਿਆ ਹਰਚਰਨ ਸਿੰਘ ਸਿੱਧੂ ਨੇ ਲੋਕਤੰਤਰ ਢਾਂਚੇ ਨੂੰ ਮਜਬੂਤ ਕਰਨ ਲਈ ਵਿਦਿਆਰਥੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਬਾਰੇ ਜਾਣੂ ਕਰਵਾਇਆ ਅਤੇ ਸਵੀਪ ਪ੍ਰੋਗਰਾਮ ਦਾ ਮੁੱਖ ਮੰਤਵ ਜੋ ਵਿਦਿਆਰਥੀ 1 ਜਨਵਰੀ 2022 ਨੂੰ 18 ਸਾਲ ਦੇ ਹੋ ਜਾਣਗੇ ਉਹ ਆਪਣੀ ਵੋਟ ਇਸ ਮਹੀਨੇ ਬਣਾ ਸਕਦੇ ਹਨ ਕਿਉਕਿ ਵਿਭਾਗ ਦੀਆਂ ਹਦਾਇਤਾ ਅਨੁਸਾਰ ਸਬੰਧਤ ਬੀ ਐਲ਼ ਓ 20 ਅਤੇ 21 ਨਵੰਬਰ ਨੂੰ ਆਪਣੇ ਆਪਣੇ ਬੂਥ ਤੇ ਹਾਜ਼ਰ ਹੋਣਗੇ ਅਤੇ ਨਵੀਆ ਵੋਟਾ ਬਣਾਉਣਗੇ।






