ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਕਤੂਬਰ: ਖੇਲੋ ਇੰਡੀਆ ਯੂਥ ਗੇਮਜ ਲਈ ਸੂਬੇ ਦੀਆਂ ਟੀਮਾਂ ਦੀ ਚੋਣ ਲਈ ਖੇਡ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੀ ਚੋਣ ਲਈ ਟਰਾਇਲ 30 ਅਕਤੂਬਰ 2021 ਨੂੰ ਸਵੇਰੇ 11 ਵਜੇ ਲਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਪਰਗਟ ਸਿੰਘ ਨੇ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ ਅੰਡਰ 18 (ਲੜਕੇ ਤੇ ਲੜਕੀਆਂ) ਹਰਿਆਣਾ ਵਿਖੇ ਅਗਲੇ ਸਾਲ 5 ਫਰਵਰੀ ਤੋਂ 14 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਲਈ ਕਬੱਡੀ (ਲੜਕੇ ਤੇ ਲੜਕੀਆਂ), ਫੁੱਟਬਾਲ (ਲੜਕੇ) ਅਤੇ ਬਾਸਕਟਬਾਲ (ਲੜਕੇ ਤੇ ਲੜਕੀਆਂ) ਦੀਆਂ ਟੀਮਾਂ ਦੀ ਚੋਣ ਲਈ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਇਸੇ ਤਰ੍ਹਾਂ ਹਾਕੀ (ਲੜਕੇ ਤੇ ਲੜਕੀਆਂ) ਦੇ ਟਰਾਇਲ ਜਲੰਧਰ ਵਿਖੇ ਹੋਣਗੇ। ਖੋ-ਖੋ (ਲੜਕੀਆਂ) ਦੇ ਟਰਾਇਲ ਪੋਲੋ ਗਰਾਊਂਡ ਪਟਿਆਲਾ ਅਤੇ ਹੈਂਡਬਾਲ (ਲੜਕੇ) ਦੇ ਟਰਾਇਲ ਪੀ.ਏ.ਯੂ. ਲੁਧਿਆਣਾ ਵਿਖੇ ਹੋਣਗੇ। ਸਾਰੇ ਟਰਾਇਲ 30 ਅਕਤੂਬਰ ਨੂੰ ਸਵੇਰੇ 11 ਵਜੇ ਹੋਣਗੇ।ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਜਾਂ ਖਿਡਾਰਨ ਦੀ ਜਨਮ ਮਿਤੀ 01-01-2003 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਚਾਹਵਾਨ ਖਿਡਾਰੀ ਨਿਰਧਾਰਤ ਸਮੇਂ ਅਤੇ ਸਥਾਨ ਉਤੇ ਪਹੁੰਚ ਕੇ ਚੋਣ ਟਰਾਇਲਾਂ ਦਾ ਹਿੱਸਾ ਬਣ ਸਕਦੇ ਹਨ।
ਖੇਲੋ ਇੰਡੀਆ ਯੂਥ ਗੇਮਜ ਦੀਆਂ ਟੀਮਾਂ ਦੀ ਚੋਣ ਲਈ ਟਰਾਇਲ 30 ਅਕਤੂਬਰ ਨੂੰ
ਅਕਾਲੀ ਦਲ ਨੇ ਇੱਕ ਹੋਰ ਉਮੀਦਵਾਰ ਐਲਾਨਿਆ
ਜਸਦੀਪ ਕੌਰ ਹੋਣਗੇ ਵਿਧਾਨ ਸਭਾ ਹਲਕਾ ਖੰਨਾਂ ਤੋਂ ਪਾਰਟੀ ਉਮੀਦਵਾਰ: ਸੁਖਬੀਰ ਬਾਦਲ
ਸੁਖਜਿੰਦਰ ਮਾਨ
ਚੰਡੀਗੜ੍ਹ 27 ਅਕਤੂਬਰ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਵਿਧਾਨ ਸਭਾ ਚੋਣਾਂ ਸਬੰਧੀ ਵਿਧਾਨ ਸਭਾ ਹਲਕਾ ਖੰਨਾਂ ਤੋਂ ਬੀਬੀ ਜਸਦੀਪ ਕੌਰ ਪਤਨੀ ਸ. ਯਾਦਵਿੰਦਰ ਸਿੰਘ ਯਾਦੂ ਨੂੰ ਉਮੀਦਵਾਰ ਐਲਾਨ ਦਿੱਤਾ। ਸ. ਯਾਦਵਿੰਦਰ ਸਿੰਘ ਯਾਦੂ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਬੀਬੀ ਜਸਦੀਪ ਕੌਰ ਜੋ ਕਿ ਚੰਗੇ ਪੜੇ ਲਿਖੇ ਹਨ ਅਤੇ ਇਸ ਸਮੇ ਲਗਾਤਾਰ ਦੂਜੀ ਵਾਰ ਨਗਰ ਕੌਂਸਲ ਖੰਨਾਂ ਦੇ ਕੌਂਸਲਰ ਹਨ। ਇਸ ਉਮੀਦਵਾਰ ਸਮੇਤ ਸ਼੍ਰੋ੍ਰਮਣੀ ਅਕਾਲੀ ਦਲ ਨੇ ਹੁਣ ਤੱਕ ਕੁੱਲ 78 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ।
ਪੰਜਾਬ ਕੈਬਨਿਟ ਵਲੋਂ 8 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫੈਸਲਾ
ਤਿੰਨੇ ਕਾਲੇ ਖੇਤੀ ਕਾਨੂੰਨਾ ਤੇ ਬੀ.ਐਸ.ਐਫ ਦਾ ਅਧਿਕਾਰ ਖੇਤਰ 15 ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਦੀ ਮੁਖਲਾਫਤ ’ਤੇ ਕੇਂਦਰਿਤ ਹੋਵੇਗਾ ਸੈਸ਼ਨ
ਸੁਖਜਿੰਦਰ ਮਾਨ
ਲੁਧਿਆਣਾ, 27 ਅਕਤੂਬਰ-ਅੰਤਰ-ਰਾਸ਼ਟਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦਾ ਅਧਿਕਾਰ ਖੇਤਰ 15 ਤੋਂ ਵਧਾਕੇ 50 ਕਿਲੋਮੀਟਰ ਕੀਤੇ ਜਾਣ ਦੇ ਕੇਂਦਰੀ ਫੈਸਲੇ ਖਿਲਾਫ ਅਤੇ ਤਿੰਨੋਂ ਕੇਂਦਰੀ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਪੰਜਾਬ ਵਜਾਰਤ ਵੱਲੋਂ ਅੱਜ 15ਵੀਂ ਵਿਧਾਨ ਸਭਾ ਦਾ 16ਵਾਂ ਵਿਸ਼ੇਸ਼ ਸਮਾਗਮ 8 ਨਵੰਬਰ ਨੂੰ ਪ੍ਰਵਾਨਗੀ ਦਿੱਤੀ ਗਈ। ਜਿਕਰਯੋਗ ਹੈ ਕਿ ਇਹ ਫੈਸਲਾ 25 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਈ ਸਰਬ-ਪਾਰਟੀ ਮੀਟਿੰਗ ਵਿਚ ਇਸ ਸਬੰਧੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਸਰਬਸੰਮਤੀ ਨਾਲ ਕੀਤੇ ਗਏ ਫੈਸਲੇ ਦੀ ਰੌਸ਼ਨੀ ਵਿਚ ਲਿਆ ਗਿਆ ਹੈ। ਪਹਿਲੀ ਵਾਰ ਲੁਧਿਆਣਾ ਦੇ ਸਰਕਿਟ ਹਾਊਸ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਸੇਸ ਕੈਬਨਿਟ ਮੀਟਿੰਗ ਲਏ ਹੋਰ ਅਹਿਮ ਫੈਸਲੇ ਵਿਚ ਕੈਬਨਿਟ ਵੱਲੋਂ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤ ਵਿਭਾਗ ਵੱਲੋਂ ਤਿਆਰ ਕੀਤੇ ਗਏ ਪੰਜਾਬ ਲਾਲ-ਫੀਤਾਸ਼ਾਹੀ ਵਿਰੋਧੀ ਨਿਯਮਾਂ-2021 ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਜੋ ਪੰਜਾਬ ਲਾਲ-ਫੀਤਾਸ਼ਾਹੀ ਵਿਰੋਧੀ ਐਕਟ, 2021, ਜੋ ਨੋਟੀਫਾਈ ਕੀਤਾ ਗਿਆ ਸੀ ਅਤੇ 6 ਅਪਰੈਲ 2021 ਤੋੰ ਲਾਗੂ ਹੈ, ਦੇ ਮੰਤਵਾਂ ਨੂੰ ਹਾਸਿਲ ਜਾ ਸਕੇ।
ਇਹ ਐਕਟ ਸਾਰੇ ਵਿਭਾਗਾਂ ਅਤੇ ਉਨ੍ਹਾਂ ਨਾਲ ਜੁੜੇ ਜਾਂ ਅਧੀਨ ਦਫਤਰਾਂ ਸਮੇਤ ਬੋਰਡਾਂ, ਕਾਰਪੋਰੇਸ਼ਨਾਂ, ਸਥਾਨਕ ਸਰਕਾਰਾਂ, ਜਨਤਕ ਖੇਤਰ ਦੇ ਉੱਦਮਾਂ, ਸੁਸਾਇਟੀਆਂ, ਟ੍ਰੱਸਟਾਂ, ਕਮਿਸ਼ਨਾਂ, ਪੰਜਾਬ ਵਿਧਾਨ ਐਕਟ ਤਹਿਤ ਗਠਿਤ ਸਵੈ-ਨਿਰਭਰ ਸੰਸਥਾਵਾਂ, ਜਿਨ੍ਹਾਂ ਦਾ ਖਰਚ ਸੂਬੇ ਦੇ ਕੰਸੋਲੀਡੇਟਿਡ ਫੰਡ ਵਿਚੋਂ ਹੁੰਦਾ ਹੈ, ਉਪਰ ਲਾਗੂ ਹੋਵੇਗਾ। ਇਸ ਐਕਟ ਦੇ ਲਾਗੂ ਹੋਣ ਦੇ ਛੇ ਮਹੀਨੇ ਦੇ ਅੰਦਰ-ਅੰਦਰ ਉਪਰੋਕਤ ਸਾਰੇ ਸੰਸਥਾਨ ਪ੍ਰਕਿਰਿਆਵਾਂ ਨੂੰ ਸੌਖਾਲਾ ਬਣਾਕੇ ਅਨੁਪਾਲਣਾ ਦੇ ਭਾਰ ਨੂੰ 50 ਫੀਸਦੀ ਤੱਕ ਘਟਾਉਣ ਨੂੰ ਯਕੀਨੀ ਬਣਾਉਣਗੇ। ਇਸੇ ਤਰ੍ਹਾਂ, ਇਸ ਐਕਟ ਤਹਿਤ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਵਿੱਤੀ ਜੁਰਮਾਨੇ ਅਤੇ ਅਨੁਸਾਸ਼ਨੀ ਕਦਮ ਉਠਾਏ ਜਾਣ ਦੇ ਉਪਬੰਧ ਮੁਹੱਈਆ ਹੋਣਗੇ।
ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਵਿਸਤਾਰ ਨੂੰ ਗਤੀਸ਼ੀਲ ਬਣਾਉਣ ਲਈ ਪੰਜਾਬ ਰਾਈਟ ਟੂ ਬਿਜਨਸ ਐਕਟ-2020 ਵਿਚ ਸੋਧਾਂ ਨੂੰ ਪ੍ਰਵਾਨਗੀ-
ਸੂਬੇ ਅੰਦਰ ਵਪਾਰ ਕਰਨ ਲਈ ਸੌਖਾਲਾ ਮਾਹੌਲ ਸਿਰਜਣ ਵਾਸਤੇ, ਐਕਟ ਤਹਿਤ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਵਿਸਤਾਰ ਲਈ ਪੰਜਾਬ ਰਾਈਟ ਟੂ ਬਿਜਨਸ ਐਕਟ-2020 ਵਿਚ ਸੋਧਾਂ ਨੂੰ ਕੈਬਨਿਟ ਦੁਆਰਾ ਮਨਜੂਰੀ ਦੇ ਦਿੱਤੀ ਗਈ ਹੈ। ਐਕਟ ਵਿਚਲੀਆਂ ਸੋਧਾਂ ਨਾਲ ਸੂਬੇ ਅੰਦਰ ਸਥਾਪਤ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਵਿਸਤਾਰ ਅਤੇ ਨਿਰੀਖਣ ਲਈ ਜਲਦ ਪ੍ਰਵਾਨਗੀ, ਸਵੈ-ਐਲਾਨੀਆਂ ਛੋਟਾਂ ਲਈ ਪ੍ਰਕਿਰਿਆਵਾਂ ਨੂੰ ਸੌਖਾ ਤੇ ਯੋਗ ਬਣਾਇਆ ਜਾ ਸਕੇਗਾ। ਵਿਸਥਾਰਤ ਹੋ ਰਹੇ ਸਾਰੇ ਸਥਾਪਤ ਉੱਦਮ ਐਕਟ ਤਹਿਤ ਆਉਂਦੀਆਂ 7 ਸੇਵਾਵਾਂ ਲਈ ਸਿਧਾਂਤਕ ਪ੍ਰਵਾਨਗੀ ਦਾ ਸਰਟੀਫਿਕੇਟ ਲੈਣ ਲਈ ਯੋਗ ਹੋਣਗੇ, ਜਿਸਨੂੰ ਫੋਕਲ ਪੁਆਇੰਟਾਂ ਵਿਚ ਕਾਰਜਸੀਲ ਯੂਨਿਟਾਂ ਨੂੰ 5 ਕੰਮਕਾਜੀ ਦਿਨਾਂ ਅਤੇ ਫੋਕਲ ਪੁਆਇੰਟਾਂ ਤੋਂ ਬਾਹਰ ਕਾਰਜਸੀਲ ਯੂਨਿਟਾਂ ਨੂੰ 20 ਕੰਮਕਾਜੀ ਦਿਨਾਂ ਦੇ ਵਿੱਚ-ਵਿੱਚ ਜਾਰੀ ਕੀਤਾ ਜਾਵੇਗਾ।
ਵਪਾਰ ਦੇ ਉਦਯੋਗ ਨੂੰ ਹੁਲਾਰਾ ਦੇਣ ਲਈ ਨਿਵੇਸ਼ ਉੱਦਮਾਂ/ਰਿਆਇਤ ਪੱਖੀ ਕਦਮਾਂ ਨੂੰ ਮਨਜੂਰੀ
– ਜੀ.ਐਸ.ਟੀ ਅਤੇ ਵੈਟ ਦਾ ਮੁਲਾਂਕਣ ਬਿਨਾਂ ਪੇਸ਼ ਹੋਏ ਕੀਤੇ ਜਾਣ ਦੀ ਪ੍ਰਵਾਨਗੀ, ਜਿਸ ਤਹਿਤ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਇਸ ਉਦੇਸ਼ ਲਈ ਕਰ ਦਫਤਰਾਂ ਵਿਚ ਜਾਣ ਦੀ ਜਰੂਰਤ ਨਹੀ ਪਵੇਗੀ।
– ਕਰ ਵਿਭਾਗ ਵਿਚ ਮੋਬਾਇਲ ਦਸਤਿਆਂ ਦੀ ਗਿਣਤੀ ਘਟਾਈ। ਹੁਣ 14 ਦਸਤਿਆਂ ਦੀ ਥਾਂ ਉੱਤੇ ਸਿਰਫ 4 ਦਸਤੇ ਹੋਣਗੇ।
-ਸੰਸਥਾਗਤ ਕਰ ਦਾ ਖਾਤਮਾ
– ਵਿੱਤੀ ਵਰ੍ਹੇ 2014-15, 2015-16 ਅਤੇ 2016-17 ਦੇ ਵੈਟ ਦੇ ਲੰਬਿਤ ਮਾਮਲਿਆਂ ’ਚ ਕੁਲ ਮੰਗ ਦਦੀ ਸਿਰਫ 30 ਫੀਸਦ ਬਕਾਏ ਨੂੰ ਵਿਚਾਰਿਆ ਜਾਵੇਗਾ ਜਿਸ ਵਿਚੋਂ 20 ਫੀਸਦ ਪਹਿਲੇ ਸਾਲ ਅਤੇ ਬਾਕੀ ਬਚਦੇ 80 ਫੀਸਦ ਨੂੰ ਅਗਲੇ ਸਾਲ ਵਿਚ ਰਿਕਵਰ ਕੀਤਾ ਜਾਵੇਗਾ।
– ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ( ਪੀ.ਏ.ਆਈ.ਸੀ), ਪੰਜਾਬ ਵਿੱਤ ਕਾਰਪੋਰੇਸ਼ਨ (ਪੀ.ਐਫ.ਸੀ), ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ (ਪੀ.ਐਸ.ਆਈ.ਡੀ.ਸੀ) ਵਿਚ ਉਲੰਘਣਾਂ ਦੇ ਦੋਸ਼ੀਆਂ ਲਈ ਯਕਮੁਸ਼ਤ ਨਿਪਟਾਰਾ (ਓ.ਟੀ.ਐਸ) ਸਕੀਮ ।
-ਪੰਜਾਬ ਰਾਜ ਨਿਰਯਾਤ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਦੇ ਪਲਾਟ ਧਾਰਕਾਂ ਲਈ ਮੁਆਫੀ ਸਕੀਮ ਲਿਆਂਦੀ ਜਾਵੇਗੀ।
-ਮੱਧ ਦਰਜੇ ਦੇ ਉਦਯੋਗਾਂ ਲਈ ਬਿਜਲੀ ਕੁਨੈਕਸ਼ਨ ਦੀਆਂ ਨਿਰਧਾਰਤ ਦਰਾਂ 50 ਫੀਸਦ ਘਟਾਈਆਂ।
-ਉਦਯੋਗਿਕ ਫੋਕਲ ਪੁਆਇੰਟਾਂ ਅੰਦਰ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ 150 ਕਰੋੜ ਖਰਚੇ ਜਾਣਗੇ।
– ਉਦਯੋਗਾਂ ਲਈ ਲਾਂਘੇ ਦੀ ਸ਼ਰਤ ਨਰਮ ਕਰਕੇ 6 ਕਰਮਾਂ ਤੋਂ 4 ਕਰਮ ਕਰਨ ਦਾ ਫੈਸਲਾ
-ਪੱਟੀ-ਮਖੂ ਰੇਲ ਲਿੰਕ ਲਈ ਐਕਵਾਇਰ ਕੀਤੀ ਜਾਣ ਵਾਲੀ ਲੋੜੀਂਦੀ ਜਮੀਨ ਅਗਲੇ ਰੇਲ ਬਜਟ ਤੋਂ ਪਹਿਲਾਂ ਰੇਲ ਮੰਤਰਾਲੇ ਨੂੰ ਸੌਂਪੀ ਜਾਵੇਗੀ।
-ਅੰਮਿ੍ਰਤਸਰ ਵਿਖੇ ਬਣੇਗਾ ਪ੍ਰਦਰਸ਼ਨੀ ਕੇਂਦਰ
-ਚੰਡੀਗੜ੍ਰ ਨਜਦੀਕ ਬਣੇਗਾ ਫਿਲਮ ਸਿਟੀ
ਸਕੂਲ ਸਿੱਖਿਆ ਵਿਭਾਗ ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਪ੍ਰਵਾਨਗੀ-
ਪੰਜਾਬ ਮੰਤਰੀ ਮੰਡਲ ਵੱਲੋਂ ਸਾਲ 2019-20 ਲਈ ਸਕੂਲ ਸਿੱਖਿਆ ਵਿਭਾਗ ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਮਨਜੂਰੀ ਦੇ ਦਿੱਤੀ ਗਈ ਹੈ।
ਕੈਪਟਨ ਤੇ ਸਿੱਧੂ ਵਿਚਕਾਰ ਮੁੜ ਛਿੜੀ ਟਵੀਟ ਜੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਕਤੂਬਰ: ਇੱਕ ਪਾਸੇ ਜਦ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਉਨ੍ਹਾਂ ’ਤੇ ਟਵੀਟ ਰਾਹੀਂ ਸਿਆਸੀ ਹਮਲੇ ਕਰ ਰਹੇ ਸਨ। ਪੰ੍ਰਤੂ ਕਪਤਾਨ ਵੀ ਘੱਟ ਨਹੀਂ ਰਹੇ ਤੇ ਉਨਾਂ੍ਹ ਵੀ ਸਿੱਧੂ ਨੂੰ ਜਵਾਬ ਦੇਣ ਲਈ ਕਈ ਟਵੀਟ ਕੀਤੇ। ਕੈਪਟਨ ਨੇ ਸਿੱਧੂ ਦੇ ਟਵੀਟ ‘ਤੇ ਪਲਟਵਾਟ ਕਰਦਿਆਂ ਕਿਹਾ ਹੈ ਕਿ ਚੰਗੇ ਸ਼ਾਸਨ ਬਾਰੇ ਉਸਨੂੰ ਕੁੱਝ ਨਹੀਂ ਪਤਾ ਅਤੇ ਉਹ ਸਿਰਫ ਆਪਣੇ ਮੂੰਹੋਂ ਕੁੱਝ ਵੀ ਬੋਲਦਾ ਰਹਿੰਦਾ ਹੈ। ਦੂਜੇ ਪਾਸੇ ਸਿੱਧੂ ਨੇ ਦੁਖਦੀ ਰਗ ’ਤੇ ਹੱਥ ਰੱਖਦਿਆਂ ਕਿਹਾ ਕਿ ਤੁਸੀਂ ਮੇਰੇ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਕਰਦੇ ਸੀ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਦੀ ਅਵਾਜ਼ ਚੁੱਕਦਾ ਸੀ।
ਕੈਪਟਨ ਵਲੋਂ ਅਪਣੀ ਪਾਰਟੀ ਬਣਾਉਣ ਬਾਰੇ ਵੱਡਾ ਐਲਾਨ, ਚੋਣ ਕਮਿਸ਼ਨ ਨੂੰ ਭੇਜਿਆ ਪਾਰਟੀ ਦਾ ਨਾਮ
ਅਰੂਸਾ ਆਲਮ ਦਾ ਮੁੱਦਾ ਚੁੱਕਣ ’ਤੇ ਵਿਰੋਧੀਆਂ ਦੀ ਕੀਤੀ ਖਿਚਾਈ
ਨਵਜੋਤ ਸਿੱਧੂ ਨੂੰ ਹਰਾਉਣ ਦਾ ਮੁੜ ਦੁਹਾਰਾਇਆ ਪ੍ਰਣ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਕਤੂਬਰ: ਮੁੱਖ ਮੰਤਰੀ ਦੀ ਗੱਦੀਓ ਉਤਰਨ ਤੋਂ ਬਾਅਦ ਪਹਿਲੀ ਵਾਰ ਸਿੱਧਾ ਪ੍ਰੈਸ ਨੂੰ ਮੁਖ਼ਾਤਬ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਵਲੋਂ ਜਲਦੀ ਹੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਬਣਾਈ ਜਾਣ ਵਾਲੀ ਪਾਰਟੀ ਦਾ ਨਾਮ ਤੇ ਝੰਡਾ ਆਦਿ ਚੋਣ ਕਮਿਸਨ ਨੂੰ ਭੇਜਿਆ ਹੈ ਤੇ ਮੰਨਜੂਰੀ ਮਿਲਣ ਤੋਂ ਬਾਅਦ ਉਹ ਇਸਦਾ ਐਲਾਨ ਕਰਨਗੇ। ਅਰੂਸਾ ਆਲਮ ਤੇਹੋਰਨਾਂ ਮੁੁੱਦਿਆਂ ’ਤੇ ਬੇਬਾਕ ਤਰੀਕੇ ਨਾਲ ਅਪਣੇ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦੁਹਰਾਇਆ ਕਿ ਉਹ ਕਿਸਾਨਾਂ ਦੇ ਹੱਕ ਵਿਚ ਹਨ ਤੇ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਜਦੋ-ਜਹਿਦ ਕਰਦੇ ਰਹਿਣਗੇ। ਇਸਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਅਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਵਿਚ ਉਹ 92 ਫੀਸਦੀ ਵਾਅਦੇ ਪੂਰੇ ਕਰਨ ਵਿਚ ਸਫ਼ਲ ਰਹੇ ਸਨ ਤੇ ਜੇਕਰ ਬਾਕੀ ਸਮਾਂ ਮਿਲ ਜਾਂਦਾ ਤਾਂ ਉਹ ਬਕਾਇਆ ਮੁੱਦਿਆਂ ਦਾ ਹੱਲ ਕੱਢਣ ਲਈ ਯਤਨਸੀਲ ਸਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਬਣਨ ਵਾਲੀ ਨਵੀਂ ਪਾਰਟੀ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਅਤੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਵੇਗੀ। ਕਾਂਗਰਸ ਦੇ ਵੱਡੇ ਆਗੂ ਕੈਪਟਨ ਨੇ ਵੀ ਕਿਹਾ ਕਿ ਉਨ੍ਹਾਂ ਦੇ ਸੰਪਰਕ ਵਿਚ ਕਈ ਵੱਡੇ ਕਾਂਗਰਸੀ ਆਗੂ ਹਨ, ਜਿਹੜੇ ਸਮਾਂ ਆਉਣ ’ਤੇ ਨਾਲ ਆ ਜਾਣਗੇ। ਅਰੂਸਾ ਆਲਮ ਬਾਰੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਹੋਰਨਾਂ ਵਲੋਂ ਚੁੱਕੇ ਜਾਣ ਵਾਲੇ ਮੁੱਦਿਆਂ ਬਾਰੇ ਉਨ੍ਹਾਂ ਕਿਹਾ ਕਿ ‘‘ ਜਦੋਂ ਰੰਧਾਵਾ ਉਸਦੀ ਸਰਕਾਰ ਵਿਚ ਮੰਤਰੀ ਸਨ ਤਦ ਕਿਉਂ ਨਹੀਂ ਬੋਲੇ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਅਰੂਸਾ ਪਿਛਲੇ 16 ਸਾਲ ਤੋਂ ਭਾਰਤ ਆ ਰਹੇ ਹਨ ਪਰ ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਇਸਨੂੰ ਚੁੱਕਿਆ ਜਾ ਰਿਹਾ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਬੀ. ਐੱਸ. ਐੱਫ. ਦਾ ਦਾਇਰਾ ਵਧਾਉਣ ਦੇ ਕੇਂਦਰ ਦੇ ਫੈਸਲੇ ਦੀ ਮੁੜ ਹਿਮਾਇਤ ਕਰਦਿਆਂ ਕਿਹਾ ਕਿ ਇਸਦੇ ਨਾਲ ਪੰਜਾਬ ਨੂੰ ਕੋਈ ਖਤਰਾ ਨਹੀਂ। ਖੇਤੀ ਕਾਨੂੰਨਾਂ ਬਾਰੇ ਕੇਂਦਰ ਨਾਲ ਚੱਲ ਰਹੀ ਗੱਲਬਾਤ ਬਾਰੇ ਕੈਪਟਨ ਨੇ ਦਾਅਵਾ ਕੀਤਾ ਕਿ ਉਹ ਭਲਕੇ ਮੁੜ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਜਾ ਰਹੇ ਹਨ ਤੇ ਉਮੀਦ ਹੈ ਕਿ ਜਲਦੀ ਹੀ ਇਸ ਮਸਲੇ ਦਾ ਗੱਲਬਾਤ ਰਾਹੀ ਹੱਲ ਨਿਕਲ ਆਵੇਗਾ।
ਗੱਲ ਨਾ ਸੁਣਨ ਤੋਂ ਦੁਖੀ ਕਿਸਾਨਾਂ ਨੇ ਬਠਿੰਡਾ ਵਿੱਚ ‘ਚੰਨੀ’ ਦੇ ਪੋਸਟਰਾਂ ’ਤੇ ਮਲੀ ਕਾਲਖ਼
ਮਿੰਨੀ ਸਕੱਤਰੇਤ ਦਾ ਘਿਰਾਓ ਤੀਜ਼ੇ ਦਿਨ ਵੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 27 ਅਕਤੂਬਰ:ਪਿਛਲੇ ਤਿੰਨ ਦਿਨਾਂ ਤਂੋ ਸਥਾਨਕ ਮਿੰਨੀ ਸਕੱਤਰੇਤ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਨੇ ਸਰਕਾਰ ਦੀ ਬੇਰੁਖ਼ੀ ਨੂੰ ਦੇਖਦਿਆਂ ਅੱਜ ਬਠਿੰਡਾ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੱਗੇ ਹੋਰਡਿੰਗ ਉਤਾਰ ਦਿੱਤੇ ਤੇ ਬੱਸਾਂ ’ਤੇ ਲੱਗੇ ਪ੍ਰਚਾਰ ਬੋਰਡਾਂ ਉਪਰ ਕਾਲਖ਼ ਮਲ ਦਿੱਤੀ। ਸਰਕਾਰ ਦੁਆਰਾ ਧਾਰੀ ਰਹੱਸਮਈ ਚੁੱਪ ਨੂੰ ਦੇਖਦਿਆਂ ਕਿਸਾਨਾਂ ਨੇ ਅਗਲੇ ਦਿਨਾਂ ’ਚ ਹੋਰ ਵੀ ਵੱਡੇ ਐਕਸ਼ਨ ਕਰਨ ਦੀ ਵਿਉਂਤਬੰਦੀ ਕੀਤੀ ਹੈ, ਜਿਸਦਾ ਜਲਦੀ ਹੀ ਖ਼ੁਲਾਸਾ ਕਰਨ ਦਾ ਐਲਾਨ ਕੀਤਾ ਗਿਆ ਹੈ। ਦਸਣਾ ਬਣਦਾ ਹੈ ਕਿ ਗੁਲਾਬੀ ਸੁੰਡੀ ਨਾਲ ਹੋਈ ਤਬਾਹ ਹੋਈ ਨਰਮੇ ਦੀ ਫ਼ਸਲ ਅਤੇ ਗੜੇਮਾਰੀ ਤੇ ਝੱਖੜ ਕਾਰਨ ਝੋਨੇ ਤੇ ਹੋਰ ਫਸਲਾਂ ਦੀ ਹੋਈ ਕੁਦਰਤੀ ਤਬਾਹੀ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਪਿਛਲੇ ਇੱਕ ਮਹੀਨੇ ਤੋਂ ਇਹ ਸੰਘਰਸ ਵਿੱਢਿਆ ਗਿਆ ਹੈ। ਇਸ ਸੰਘਰਸ਼ ਦੀ ਕੜੀ ਤਹਿਤ ਪਹਿਲਾਂ ਇੱਕ ਅਕਤੂਬਰ ਨੂੰ ਸਥਾਨਕ ਮਿੰਨੀ ਸਕੱਤਰੇਤ ਦਾ ਘਿਰਾਓ ਕਰਕੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦੇ ਘਿਰਾਓ ਦੀ ਚੇਤਾਵਨੀ ਦਿੱਤੀ ਪ੍ਰੰਤੂ ਸਰਕਾਰ ਦੁਆਰਾ ਗੱਲ ਨਾ ਸੁਣਨ ਦੇ ਚੱਲਦਿਆਂ ਹਜ਼ਾਰਾਂ ਕਿਸਾਨਾਂ ਨੇ ਪਿੰਡ ਬਾਦਲ ਸਥਿਤ ਸ: ਬਾਦਲ ਦੀ ਰਿਹਾਇਸ਼ ਨੂੰ 5 ਅਕਤੂਬਰ ਤੋਂ ਲੈ ਕੇ 19 ਤੱਕ ਘੇਰੀ ਰੱਖਿਆ ਸੀ। ਇਸ ਦੌਰਾਨ ਸਰਕਾਰ ਤੇ ਕਿਸਾਨਾਂ ਵਿਚਕਾਰ ਹੋਈ ਗੱਲਬਾਤ ਬੇਸਿੱਟਾ ਰਹੀ, ਜਿਸਤੋਂ ਬਾਅਦ ਕਿਸਾਨਾਂ ਨੇ 25 ਅਕਤੂਬਰ ਨੂੰ ਚਾਰ-ਚੁਫ਼ੇਰਿਓ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਹੋਇਆ ਹੈ। ਘਿਰਾਓ ਦੌਰਾਨ ਸਕੱਤਰੇਤ ਦੇ ਅੰਦਰ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ, ਜਿਸਦੇ ਚੱਲਦੇ ਅੰਦਰ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਸੂਤਰਾਂ ਮੁਤਾਬਕ ਪੁਲਿਸ ਤੇ ਸਿਵਲ ਵਿਭਾਗ ਦੇ ਜਰੂਰੀ ਅਦਾਰਿਆਂ ਵਲੋਂ ਅਫ਼ਸਰਾਂ ਦੀ ਰਿਹਾਇਸ਼ਾਂ ਦੇ ਕੈਂਪ ਆਫ਼ਿਸ ਅਤੇ ਬਾਹਰਲੇ ਦਫ਼ਤਰਾਂ ਤੋਂ ਕੰਮ ਚਲਾਇਆ ਜਾ ਰਿਹਾ। ਉਧਰ ਅੱਜ ਤੀਜ਼ੇ ਦਿਨ ਮਾਲਵਾ ਪੱਟੀ ਦੇ ਅੱਠ ਜ਼ਿਲ੍ਹਿਆਂ ਤੋਂ ਇਕੱਤਰ ਹੋਏ ਹਜ਼ਾਰਾਂ ਕਿਸਾਨਾਂ ਨੇ ਅਪਣੇ ਤੈਅਸ਼ੁਦਾ ਪੋ੍ਰਗਰਾਮ ਤਹਿਤ ਸ਼ਹਿਰ ਵਿਚ ਥਾਂ ਥਾਂ ਲੱਗੇ ਮੁੱਖ ਮੰਤਰੀ ਦੇ ਹੋਰਡਿੰਗ, ਫ਼ਲੈਕਸਾਂ ਤੇ ਹੋਰ ਇਸ਼ਤਿਹਾਰ ‘‘ ਘਰ-ਘਰ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ’’ ਉਤਾਰ ਦਿੱਤੇ ਗਏ ਤੇ ਸਰਕਾਰੀ ਬੱਸਾਂ ਪਿੱਛੇ ਲੱਗੇ ਇੰਨਾਂ ਹੋਰਡਿੰਗਾਂ ’ਤੇ ਕਾਲਖ਼ ਮਲ ਦਿੱਤੀ ਗਈ। ਹਾਲਾਂਕਿ ਪੁਲਿਸ ਵਲੋਂ ਵੱਡੀ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਸ਼ਾਂਤੀ ਬਰਕਰਾਰ ਰਹੀ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਵਾਲਿਆਂ ਵਿਚ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸਿੰਗਾਰਾ ਸਿੰਘ ਮਾਨ ਆਦਿ ਨੇ ਐਲਾਨ ਕੀਤਾ ਕਿ ਉਹ ਮੁਆਵਜ਼ਾ ਲਏ ਤੋਂ ਬਿਨ੍ਹਾਂ ਨਹੀਂ ਉਠਣਗੇ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅੱਜ ਇਕੱਲੇ ਬਠਿੰਡਾ ਸ਼ਹਿਰ ਵਿਚ ਮੁੱਖ ਮੰਤਰੀ ਦੇ ਹੋਰਡਿੰਗ ਉਤਾਰੇ ਗਏ ਹਨ ਪ੍ਰੰਤੂ ਆਉਣ ਵਾਲੇ ਦਿਨਾਂ ਵਿਚ ਸਾਰੇ ਪੰਜਾਬ ਵਿਚ ਇਹ ਹੋਰਡਿੰਗ ਉਤਾਰੇ ਜਾਣਗੇ। ਗੌਰਤਲਬ ਹੈ ਕਿ ਕਿਸਾਨਾਂ ਵਲੋਂ ਨਰਮੇ ਅਤੇ ਝੋਨੇ ਦੀ ਤਬਾਹ ਹੋਈ ਫ਼ਸਲ ਬਦਲੇ ਕਿਸਾਨਾਂ ਨੂੰ 60000 ਰੁਪਏ ਅਤੇ ਨਰਮੇ ਵਾਲੇ ਥਾਂ ਖੇਤ ਮਜਦੂਰਾਂ ਨੂੰ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜਾ ਦੇਦ ਦੀ ਮੰਗ ਤੋਂ ਇਲਾਵਾ ਕਿਸਾਨਾਂ ਨੂੰ ਨਕਲੀ ਬੀਜ/ਦਵਾਈਆਂ ਮੁਹੱਈਆ ਕਰਵਾਉਣ ਤੇ ਬਣਾਉਣ ਵਾਲਿਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਗੁਲਾਬੀ ਸੁੰਡੀ ਕਾਰਨ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ ਤੇ ਮੁਕੰਮਲ ਕਰਜਾ ਮੁਕਤੀ ਤੋਂ ਇਲਾਵਾ 1-1 ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।
ਏਮਜ ਬਠਿੰਡਾ ’ਚ ਵਿਜੀਲੈਂਸ ਜਾਗਰੂਕਤਾ ਹਫਤੇ ਦੀ ਹੋਈ ਸੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 27 ਅਕਤੂਬਰ: ਸਥਾਨਕ ਏਮਜ਼ ਹਸਪਤਾਲ ਵਿਚ ਬੀਤੇ ਕੱਲ ਵਿਜੀਲੈਂਸ ਜਾਗਰੂਕਤਾ ਸਪਤਾਹ ਦੀ ਸੁਰੂਆਤ ਇਮਾਨਦਾਰੀ ਦੇ ਪ੍ਰਣ ਨਾਲ ਹੋਈ ਜਿਸ ਦੀ ਪ੍ਰਧਾਨਗੀ ਕਾਰਜਕਾਰੀ ਨਿਰਦੇਸਕ ਅਤੇ ਸੀ.ਈ.ਓ. ਡਾ. ਡੀ. ਕੇ. ਸਿੰਘ ਨੇ ਸੰਸਥਾ ਦੇ ਡੀਨ ਪ੍ਰੋ. ਡਾ. ਸਤੀਸ ਕੁਮਾਰ ਗੁਪਤਾ, ਪ੍ਰੋ. ਡਾ. ਲੱਜਾ ਦੇਵੀ ਗੋਇਲ ਅਤੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਨਾਲ ਕੀਤੀ, ਇਸ ਮੌਕੇ ਡਾ: ਸਿੰਘ ਨੇ ਸਾਰੇ ਡਾਕਟਰਾਂ, ਨਰਸਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਭਿ੍ਰਸਟਾਚਾਰ ਦੀ ਰੋਕਥਾਮ ਅਤੇ ਇਸ ਵਿਰੁੱਧ ਲੜਾਈ ਵਿਚ ਸਮੂਹਿਕ ਤੌਰ ‘ਤੇ ਹਿੱਸਾ ਲੈਣ ਅਤੇ ਭਿ੍ਰਸਟਾਚਾਰ ਦੀ ਹੋਂਦ, ਕਾਰਨਾਂ ਅਤੇ ਗੰਭੀਰਤਾ ਅਤੇ ਇਸ ਦੇ ਖਤਰੇ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨ ਲਈ ਉਤਸਾਹਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਦੀ ਕਿਸੇ ਵੀ ਕਿਸਮ ਦੇ ਭਿ੍ਰਸਟਾਚਾਰ ਲਈ ਜੀਰੋ-ਟੌਲਰੈਂਸ ਦੀ ਨੀਤੀ ਹੈ। ਇਸ ਦੌਰਾਨ
ਸੰਸਥਾ ਦੀ ਮੁੱਖ ਵਿਜੀਲੈਂਸ ਅਫਸਰ ਡਾ: ਪ੍ਰੀਤੀ ਚੌਧਰੀ ਨੇ ਦੱਸਿਆ ਕਿ ਇਸ ਹਫਤੇ ਕੈਂਪਸ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ , ਜਿਸ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਵਿੱਚ ਭਿ੍ਰਸਟਾਚਾਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਲੈਕਚਰ ਸਾਮਲ ਹਨ । ਅਥਾਰਟੀ ਦੁਆਰਾ ਸਮੇਂ-ਸਮੇਂ ‘ਤੇ ਜਾਰੀ ਕੋਵਿਡ-19 ਰੋਕਥਾਮ ਦਿਸਾ-ਨਿਰਦੇਸਾਂ ਦੀ ਸਖਤੀ ਨਾਲ ਪਾਲਣਾ ਕਰਨ ਤੋਂ ਬਾਅਦ ਸਾਰੇ ਸਥਾਨਾਂ ਅਤੇ ਸਮਾਗਮਾਂ ਵਿੱਚ ਮੌਜੂਦਾ ਛੋਟੇ ਪੱਧਰ ਦੇ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਮੇਲੇ, ਡਿਬੇਟ , ਡਾਂਸ ਅਤੇ ਗਾਇਨ ਮੁਕਾਬਲੇ, ਅਤੇ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਡਾ: ਸਪਨਾ ਮਾਰਕਸ ਭੱਟੀ, ਡਾ: ਜਤਿੰਦਰ ਅਨੇਜਾ, ਡਾ: ਤਰੁਣ ਗੋਇਲ, ਡਾ: ਅੰਜਲੀ ਸਿੰਗਲ, ਡਾ: ਅਪੂਰਬਾ ਪਾਤਰਾ, ਡਾ: ਮਧੁਰ ਵਰਮਾ, ਡਾ: ਸਾਕੇਤ ਸਿਨ੍ਹਾ, ਡਾ: ਸੌਮਿਆ ਸਾਹੂ, ਡਾ: ਅੰਕਿਤਾ ਕੰਕਰੀਆ ਅਤੇ ਡਾ: ਹਰਸਿਮਰਨਜੀਤ ਸਿੰਘ, ਡਾ ਅਮਨਦੀਪ ਕੌਰ,ਡਾ ਮਨਜੀਤ ਕੌਰ ਆਦਿ ਹਾਜ਼ਰ ਸਨ।
ਹੁਣ ਬਠਿੰਡਾ ’ਚ ਬਾਦਲਾਂ ਦੀ ਵੋਲਵੋ ਨੂੰ ਬਰੇਕਾਂ ਲਗਾਈਆਂ
ਦੀਪ ਕੰਪਨੀ ਦੀ ਵੋਲਵੋ ਵੀ ਰੋਕੀ
ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ : ਸੂਬੇ ’ਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਹੋਂਦ ਵਿਚ ਆਈ ਸਰਕਾਰ ਵਿਚ ਟ੍ਰਾਂਸਪੋਰਟ ਮੰਤਰੀ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਤੋਂ ਬਾਅਦ ਜਿੱਥੇ ਟ੍ਰਾਂਸਪੋਰਟ ਵਿਭਾਗ ਗਤੀਸ਼ੀਲ ਹੋ ਗਿਆ ਹੈ, ਉਥੇ ਪੀਆਰਟੀਸੀ ਅਧਿਕਾਰੀ ਵੀ ਹਰਕਤ ਵਿਚ ਆ ਗਏ ਹਨ। ਬਿਨ੍ਹਾਂ ਟੈਕਸ ਭਰੇ ਤੇ ਨਜਾਇਜ਼ ਤੌਰ ’ਤੇ ਚੱਲ ਰਹੀਆਂ ਬੱਸਾਂ ਨੂੰ ਰੋਕਣ ਲਈ ਸੂਬੇ ਭਰ ਵਿਚ ਚਲਾਈ ਮੁਹਿੰਮ ਤਹਿਤ ਅੱਜ ਸਵੇਰੇ ਚਾਰ ਤੋਂ ਪੰਜ ਵਜੇਂ ਤੱਕ ਕੀਤੀ ਅਚਨਚੇਤ ਚੈਕਿੰਗ ਦੌਰਾਨ ਦੋ ਵੋਲਵੋ ਬੱਸਾਂ ਜਬਤ ਕੀਤੀਆਂ ਗਈਆਂ। ਇੰਨ੍ਹਾਂ ਵਿਚ ਇੱਕ ਬਾਦਲ ਪ੍ਰਵਾਰ ਦੀ ਹਿੱਸੇਦਾਰੀ ਵਾਲੀ ਆਰਬਿਟ ਕੰਪਨੀ ਦੀ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੀ ਵੋਲਵੋ ਬੱਸ ਤੇ ਇੱਕ ਦੀਪ ਬੱਸ ਕੰਪਨੀ ਦੀ ਬਠਿੰਡਾ ਤੋਂ ਵਾਇਆ ਮਾਨਸਾ ਜਾਣ ਵਾਲੀ ਵੋਲਵੋ ਬੱਸ ਦੱਸੀ ਜਾ ਰਹੀ ਹੈ। ਪੀਆਰਟੀਸੀ ਬਠਿੰਡਾ ਡਿੱਪੂ ਦੇ ਜੀਐਮ ਰਮਨ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਦੋਨਾਂ ਬੱਸਾਂ ਦਾ ਟੈਕਸ ਬਕਾਇਆ ਪਿਆ ਸੀ, ਜਿਸਦੇ ਚੱਲਦੇ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਗਈ ਹੈ। ਉਧਰ ਚੈਕਿੰਗ ਦਾ ਪਤਾ ਚੱਲਦੇ ਹੀ ਜਿਆਦਾਤਰ ਏਸੀ ਬੱਸਾਂ ਮਿੰਟੋ-ਮਿੰਟੀ ਬਠਿੰਡਾ ਦੇ ਬੱਸ ਅੱਡੇ ਵਿਚੋਂ ਬਾਹਰ ਨਿਕਲ ਗਈਆਂ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਲਏ ਨਵੇਂ ਫੈਸਲੇ ਤਹਿਤ ਹੁਣ ਪੀਆਰਟੀਸੀ ਅਧਿਕਾਰੀਆਂ ਨੂੰ ਵੀ ਬੱਸ ਅੱਡੇ ਵਿਚ ਚੈਕਿੰਗ ਦੇ ਅਧਿਕਾਰ ਦਿੱਤੇ ਗਏ ਹਨ।
ਹੁਨਰ ਦੀ ਕੋਈ ਉਮਰ ਨਹੀਂ ਹੁੰਦੀ: ਪਰਗਟ ਸਿੰਘ
ਸਿੱਖਿਆ ਮੰਤਰੀ ਵੱਲੋਂ 12ਵੀਂ ਜਮਾਤ ਦੇ ਵਿਦਿਆਰਥਣ ਖੁਸ਼ੀ ਸ਼ਰਮਾ ਵੱਲੋਂ ਵਿਗਿਆਨਕ ਕਲਪਨਾ ਬਾਰੇ ਲਿਖਿਆ ਨਾਵਲ ਰਿਲੀਜ਼
ਸੁਖਜਿੰਦਰ ਮਾਨ
ਚੰਡੀਗੜ੍ਹ, 26 ਅਕਤੂਬਰ: ਹੁਨਰ ਦੀ ਕੋਈ ਉਮਰ ਨਹੀਂ ਹੁੰਦੀ।ਇਹ ਇੱਕ ਵਿਅਕਤੀ ਦੇ ਅੰਦਰੋਂ ਪੈਦਾ ਹੁੰਦਾ ਹੈ ਅਤੇ ਸਖ਼ਤ ਮਿਹਨਤ ਨਾਲ ਇਸ ਵਿੱਚ ਨਿਖ਼ਾਰ ਆਉਂਦਾ ਰਹਿੰਦਾ ਹੈ। ਅਜਿਹੀ ਇੱਕ ਮਿਸਾਲ ਖੁਸ਼ੀ ਸ਼ਰਮਾ ਨੇ ਕਾਇਮ ਕੀਤੀ ਹੈ ਜਿਸ ਨੇ `ਦਿ ਮਿਸਿੰਗ ਪ੍ਰੋਫੇਸੀ- ਰਾਈਜ਼ ਆਫ਼ ਦਿ ਬਲੂ ਫੀਨਿਕਸ` ਨਾਮ ਦੀ ਇੱਕ ਕਿਤਾਬ ਲਿਖੀ ਹੈ।ਨੌਜਵਾਨ ਲੇਖਿਕਾ, ਖੁਸ਼ੀ ਸ਼ਰਮਾ ਦੁਆਰਾ ਲਿਖੀ ਗਈ ‘ਦਿ ਮਿਸਿੰਗ ਪ੍ਰੋਫੇਸੀ- ਰਾਈਜ਼ ਆੱਫ ਦਾ ਬਲੂ ਫੀਨਿਕਸ’ ਨਾਮ ਦੀ ਕਿਤਾਬ ਅੱਜਇੱਥੇ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ, ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਵੱਲੋਂ ਰਿਲੀਜ਼ ਕੀਤੀ ਗਈ।ਸ ਪਰਗਟ ਸਿੰਘ ਨੇ ਕਿਹਾ ਕਿ ਜਿੰਨਾ ਬਦਲਾਅ 100 ਸਾਲਾਂ ਵਿੱਚ ਨਹੀਂ ਆਇਆ, ਉਨਾ ਪਿਛਲੇ 15-20 ਸਾਲਾਂ ਵਿੱਚ ਹੋਇਆ।ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਬਹੁਤ ਹੁਨਰਮੰਦ ਹੈ ਜਿਸ ਦੀ ਉਦਾਹਰਨ ਨੌਜਵਾਨ ਲੇਖਿਕਾ ਖੁਸ਼ੀ ਹੈ।ਖੁਸ਼ੀ ਸ਼ਰਮਾ ਕਾਰਮਲ ਕਾਨਵੈਂਟ ਸਕੂਲ, ਚੰਡੀਗੜ੍ਹ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਖੁਸ਼ੀ ਸ਼ਰਮਾ ਸਕੁਐਸ਼ ਵਿੱਚ ਦੋ ਵਾਰ ਰਾਸ਼ਟਰੀ ਮੈਡਲ ਜੇਤੂ ਹੈ। ਉਹ ਇੱਕ ਪਿਆਨੋਵਾਦਕ ਹੈ ਅਤੇ ਇੱਕ ਕੱਥਕ ਡਾਂਸਰ ਵੀ ਹੈ, ਉਸਨੇ ਇਸ ਭਾਰਤੀ ਕਲਾਸੀਕਲ ਨਾਚ ਰੂਪ ਵਿੱਚ ਕੁਝ ਪ੍ਰਦਰਸ਼ਨ ਕੀਤੇ ਹਨ। ਖੁਸ਼ੀ ਦੀਆਂ ਸਮਾਜ ਲਈ ਦਿੱਤੀਆਂ ਗਈਆਂ ਸੇਵਾਵਾਂ ਨੂੰ ਚੰਗੀ ਤਰ੍ਹਾਂ ਮਾਨਤਾ ਦਿੱਤੀ ਗਈ ਹੈ ਅਤੇ ਕੂੜੇ ਨੂੰ ਵੱਖ-ਵੱਖ ਕਰਨ ਲਈ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਉਸ ਨੂੰ ਸਨਮਾਨਤ ਕੀਤਾ ਗਿਆ ਹੈ। ਉਹ ਸਭ ਤੋਂ ਛੋਟੀ ਈਸ਼ਾ ਯੋਗਾ ਅਧਿਆਪਕ ਵੀ ਹੈ, ਜਿਸਨੇ ਗਿਆਰਾਂ ਸਾਲ ਦੀ ਉਮਰ ਵਿੱਚ ਯੋਗਾ ਸ਼ੁਰੂ ਕੀਤਾ ਸੀ।ਕੋਵਿਡ ਮਹਾਂਮਾਰੀ ਦੇ ਦੌਰਾਨ, ਖਾਸ ਤੌਰ ‘ਤੇ ਲੌਕਡਾਊਨ ਦੀ ਮਿਆਦ, ਜਦੋਂ ਕਿ ਉਸਦੀ ਉਮਰ ਦੇ ਜ਼ਿਆਦਾਤਰ ਵਿਦਿਆਰਥੀ ਮਨੋਰੰਜਕ ਗਤੀਵਿਧੀਆਂ ਵਿੱਚ ਰੁੱਝੇ ਹੋਏ ਹੋ ਸਕਦੇ ਹਨ, ਇਹ ਖੋਜ ਉਤਸ਼ਾਹੀ ਲਗਨ ਨਾਲ ਕੋਵਿਡ 19 ਦੀ ਪ੍ਰਗਤੀ ਦਾ ਮਾਡਲ ਬਣਾ ਰਹੀ ਸੀ,ਉਸਦੀ ਤਿਆਰੀ ਦਾ ਮੁਲਾਂਕਣ ਕਰ ਰਹੀ ਸੀ ਅਤੇ ਆਪਣੇ ਬਲੌਗ, blogwithkhushi.co.in ‘ਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਲੇਖ ਪੋਸਟ ਕਰ ਰਹੀ ਸੀ। ਇਹ ਉਦੋਂ ਸੀ ਜਦੋਂ ਉਸਨੇ ਆਪਣਾ ਪਹਿਲਾ ਸਾਇ-ਫਾਈ ਨਾਵਲ ਪੂਰਾ ਕਰਨਾ ਸ਼ੁਰੂ ਕਰ ਦਿੱਤਾ।ਆਪਣੀ ਕਿਤਾਬ ਬਾਰੇ ਬੋਲਦਿਆਂ ਖੁਸ਼ੀ ਨੇ ਦੱਸਿਆ ਕਿ ਸਾਇ-ਫਾਈ ਥ੍ਰਿਲਰ ਵਿੱਚ ਮੁੱਖ ਭੂਮਿਕਾ ਵਿੱਚ ਇਕ ਮਹਿਲਾ ਪਾਤਰ ਐਂਬਰ ਹਾਰਟ ਹੈ, ਜੋ ਹਿੰਮਤ, ਦ੍ਰਿੜਤਾ, ਲਗਨ, ਟੀਮ ਵਰਕ ਅਤੇ ਲੀਡਰਸ਼ਿਪ ਦਾ ਪ੍ਰਤੀਕ ਹੈ; ਇਹ ਉਹ ਗੁਣ ਹਨ ਜਿਨ੍ਹਾਂ ਨੂੰ ਖੁਸ਼ੀ ਆਪਣੇ ਵਜੋਂ ਪਛਾਣਦੀ ਹੈ।ਐਂਬਰ ਹਾਰਟ ਆਪਣੇ ਪਿਆਰੇ ਨਿੱਕਲੌਸ ਨੂੰ ਵਾਪਸ ਲਿਆਉਣ ਦਾ ਰਸਤਾ ਲੱਭਣ ਲਈ ਤਿੰਨ ਸਦੀਆਂ ਤੋਂ ਬ੍ਰਹਿਮੰਡ ਵਿੱਚ ਭਟਕ ਰਹੀ ਹੈ।ਕਹਾਣੀ ਵਿਚ ਸਸਪੈਂਸ ਜੋੜਦੇ ਹੋਏ ਲੇਖਿਕਾ ਕਹਿੰਦੀ ਹੈ ਕਿ ਜਦੋਂ ਐਂਬਰ ਆਪਣੇ ਪਿਆਰੇ ਦੀ ਭਾਲ ਵਿਚ ਰੁੱਝੀ ਹੋਈ ਹੈ, ਤਾਂ ਉਸ ਦੇ ਗ੍ਰਹਿ ਸੋਲਾਰਿਸ ‘ਤੇ ਮੁਸੀਬਤਾਂ ਪੈਦਾ ਹੋ ਰਹੀਆਂ ਹਨ ਜਿਸ ਨਾਲ ਦੁਸ਼ਟ ਤਾਕਤਾਂ ਇਸ ਨੂੰ ਜਿੱਤਣ ਦੀ ਧਮਕੀ ਦੇ ਰਹੀਆਂ ਹਨ। ਕੀ ਐਂਬਰ ਹਾਰਟ ਆਪਣੇ ਗ੍ਰਹਿ ਨੂੰ ਬਚਾਉਣ ਦੀ ਚੋਣ ਕਰੇਗੀ ਜਾਂ ਆਪਣੇ ਪਿਆਰੇ ਨੂੰ ਬਚਾਉਣ ਦੀ ਚੋਣ ਕਰੇਗੀ?
ਇਸ ਬਾਰੇ ਹੋਰ ਜਾਣਨ ਲਈ ਤੁਹਾਨੂੰ ਕਿਤਾਬ ਨੂੰ ਪੜ੍ਹਨਾ ਪਵੇਗਾ I
ਕਿਤਾਬ ਸਾਰੇ ਪ੍ਰਮੁੱਖ ਬੁੱਕ ਸਟੋਰਾਂ ਵਿੱਚ ਉਪਲਬਧ ਹੈ। ਕੋਈ ਵੀ ਇਸ ਨੂੰ ਐਮਾਜੌਨ ‘ਤੇ ਔਨਲਾਈਨ ਵੀ ਮੰਗਵਾ ਸਕਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲੇਖਿਕਾ ਦੇ ਪਰਿਵਾਰਕ ਮੈਂਬਰ ਆਨੰਦ ਗਰਗ, ਰਾਧਾ ਗਰਗ, ਅਜੋਏ ਸ਼ਰਮਾ ਤੇ ਭਾਵਨਾ ਗਰਗ ਤੋਂ ਇਲਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਗੁਰਪ੍ਰੀਤ ਸਿੰਘ ਜੀਪੀ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਸਿਵਲ ਅਧਿਕਾਰੀ ਕੇ ਸਿਵਾ ਪ੍ਰਸਾਦ, ਤੇਜਵੀਰ ਸਿੰਘ, ਨੀਲ ਕੰਠ ਅਵਾਹਡ, ਏ ਐਸ਼ ਮੁਗ਼ਲਾਣੀ, ਡੀ ਕੇ ਤਿਵਾੜੀ, ਪਰਦੀਪ ਅੱਗਰਵਾਲ, ਗੁਰਪ੍ਰੀਤ ਕੌਰ ਸਪਰਾ, ਪਰਮਿੰਦਰ ਪਾਲ ਸਿੰਘ ਤੇ ਸੁਖਜੀਤ ਪਾਲ ਸਿੰਘ ਹਾਜ਼ਰ ਸਨ।
————
ਛੋਟੇ-ਵੱਡੇ ਉਦਯੋਗ ਦੇ ਨਿਵੇਸ਼ ਲਈ ਦਿੱਤੀ ਜਾਵੇਗੀ ਹਰ ਤਰ੍ਹਾਂ ਦੀ ਸਹੂਲਤ : ਅਰਵਿੰਦਪਾਲ ਸਿੰਘ ਸੰਧੂ
ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ: ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਔਡੀਟੋਰੀਅਮ ਵਿਖੇ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ-2021 ਦੇ ਪਹਿਲੇ ਦਿਨ ਹੋਏ ਵਰਚੂਅਲ ਪ੍ਰੋਗਰਾਮ ਦੌਰਾਨ ਇੱਥੋਂ ਦੇ ਕਰੀਬ 80 ਉਦਯੋਗਪਤੀਆਂ ਨਾਲ ਸ਼ਿਰਕਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਕਿਹਾ ਕਿ ਜ਼ਿਲ੍ਹੇ ਅੰਦਰ ਹਰ ਤਰ੍ਹਾਂ ਦੇ ਛੋਟੇ-ਵੱਡੇ ਉਦਯੋਗ ਲਈ ਨਿਵੇਸ਼ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਉਦਯੋਗ ਲਈ ਨਿਵੇਸ਼ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜ਼ਰ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਵਲੋਂ ਇਸ ਵਰਚੂਅਲ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਮੂਹ ਉਦਯੋਗਪਤੀਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਬਠਿੰਡਾ ਚੈਂਬਰ ਆਫ਼ ਕਮਰਸ ਆਫ਼ ਇੰਨਡਸਟਰੀਜ਼ ਦੇ ਪ੍ਰਧਾਨ ਰਾਮ ਪ੍ਰਕਾਸ਼, ਬਠਿੰਡਾ ਇੰਨਡਸਟਰੀਅਲ ਔਨਰ ਐਸੋਸ਼ੀਏਸ਼ਨ ਦੇ ਪ੍ਰਧਾਨ ਵਰਿੰਦਰ ਮੋਹਨ, ਖਜ਼ਾਨਚੀ ਸੰਦੀਪ ਔਰੀ, ਨਾਰਦਨ ਕੂਲਰ ਐਸੋਸ਼ੀਏਸ਼ਨ ਵਲੋਂ ਬਿਕਰਮ ਗਰਗ, ਇੰਡਸਟਰੀਅਲ ਐਸੋਸ਼ੀਏਸ਼ਨ ਫੋਕਲ ਪੁਆਇੰਟ ਵਲੋਂ ਪ੍ਰਧਾਨ ਮੁਕੇਸ਼ ਗਰਗ, ਉਘੇ ਉਦਯੋਗਪਤੀ ਅਤੇ ਪੰਜਾਬ ਸਪਿੰਨਟਿਕਸ ਤੋਂ ਸੁਰੇਸ਼ ਗੁਪਤਾ, ਸਪੋਰਟ ਕਿੰਗ ਤੋਂ ਰਜਿੰਦਰ ਪਾਲ, ਦਰਮੇਸ਼ ਐਗਰੋ ਭਗਤਾ ਤੋਂ ਰਜਿੰਦਰ ਸਿੰਘ, ਕਾਰਗਿੱਲ ਇੰਡਸਟਰੀਜ਼ ਤੋਂ ਕੁਨਾਲ ਕਦਮ, ਗੁਜ਼ਰਾਤ ਅੰਬੂਜ਼ਾ ਤੋਂ ਮਾਨਵ ਮੈਟੀ, ਹੈਰੀਟੇਜ਼ ਇੰਡਸਟਰੀ ਤੋਂ ਆਸ਼ੀਸ਼ ਬਾਂਸਲ, ਕਾਟਨ ਐਸੋਸੀਏਸ਼ਨ ਤੋਂ ਕੈਲਾਸ਼ ਚੰਦਰ, ਸਟੈਲਕੋ ਰਾਮਪੁਰਾ ਤੋਂ ਗੌਰਵ ਜਿੰਦਲ, ਪ੍ਰਤਾਪ ਸਪਿੰਨਟਿਕਸ ਤੋਂ ਵਿਜੈ ਬਾਂਸਲ, ਰਿਫ਼ਾਇਨਰੀ ਰਾਮਾਂ ਤੋਂ ਚਰਨਜੀਤ ਸਿੰਘ ਅਤੇ ਸੰਦੀਪ, ਮਹਾਂਸ਼ਕਤੀ ਕੰਨਡਕਰਜ਼ ਲਿਮਟਿਡ ਤੋਂ ਅਸ਼ੋਕ ਕਾਂਸਲ, ਐਸਡੀਐਮ ਬਠਿੰਡਾ ਕੰਵਰਜੀਤ ਸਿੰਘ, ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਇਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ ਅਤੇ ਲੀਡ ਬੈਂਕ ਮੈਨੇਜ਼ਰ ਨਰਾਇਣ ਸਿੰਘ, ਜ਼ਿਲ੍ਹਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜ਼ਰ ਜਗਵਿੰਦਰ ਸਿੰਘ ਆਦਿ ਅਧਿਕਾਰੀ ਅਤੇ ਪ੍ਰਮੁੱਖ ਸ਼ਕਸ਼ੀਅਤਾਂ ਆਦਿ ਹਾਜ਼ਰ ਸਨ।









