ਬਠਿੰਡਾ, 12 ਫ਼ਰਵਰੀ: ਤੁਸੀਂ ਅਕਸਰ ਹੀ ਬੱਸਾਂ ਵਿਚ ਸਵਾਰੀਆਂ ਦੀ ਆਪਸੀ ਲੜਾਈਆਂ ਦੀ ਘਟਨਾਵਾਂ ਸੁਣਦੇ ਹੋਵੇਗੇ ਤੇ ਕਾਫ਼ੀ ਸਾਰੀਆਂ ਘਟਨਾਵਾਂ ਦੀਆਂ ਵੀਡੀਓ ਵੀ ਸੋਸਲ ਮੀਡੀਆ ਉਪਰ ਵਾਈਰਲ ਹੋ ਜਾਂਦੀਆਂ ਹਨ। ਪ੍ਰੰਤੂ ਇਸੇ ਤਰ੍ਹਾਂ ਦੀ ਤਾਜ਼ਾ ਵਾਪਰੀ ਇੱਕ ਘਟਨਾ ਕਾਰਨ ਇੱਕ ਨਿੱਜੀ ਬੱਸ ਦੇ ਹੀ ਪਲਟਣ ਦੀ ਸੂਚਨਾ ਹੈ, ਜਿਸਦੇ ਕਾਰਨ ਦੋ ਦਰਜ਼ਨ ਦੇ ਕਰੀਬ ਸਵਾਰੀਆਂ ਜਖਮੀ ਹੋ ਗਈਆਂ। ਇਹ ਘਟਨਾ ਸੋਮਵਾਰ ਦੇਰ ਸ਼ਾਮ ਜ਼ਿਲ੍ਹੇ ਦੇ ਪਿੰਡ ਬਲਹਾੜ ਮਹਿਮਾ ਅਤੇ ਆਕਲੀਆ ਕਲਾਂ ਵਿਚਕਾਰ ਵਾਪਰੀ, ਜਿਥੇ ਇੱਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਮੁਢਲੀ ਸੂਚਨਾ ਮੁਤਾਬਕ ਇਹ ਘਟਨਾ ਡਰਾਈਵਰ ਦਾ ਧਿਆਨ ਭੰਗ ਹੋਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ, ਜਿਸਦਾ ਧਿਆਨ ਬੱਸ ਵਿਚ ਆਪਸ ’ਚ ਲੜ ਰਹੀਆਂ ਦੋ ਔਰਤ ਸਵਾਰੀਆਂ ਵੱਲ ਹੋ ਗਿਆ ਸੀ।
ਬਠਿੰਡਾ ਜੇਲ੍ਹ ‘ਚ ਹਿੰਸਕ ਝੜਪ, ਗੈਂਗਸਟਰ ਦੀਪਕ ਮੁੰਡੀ ਤੇ ਸਾਥੀਆਂ ਵੱਲੋਂ ਸਹਾਇਕ ਸੁਪਰਡੈਂਟ ‘ਤੇ ਕੀਤਾ ਹਮਲਾ
ਬੱਸ ਵਿਚ ਢਾਈ ਦਰਜ਼ਨ ਦੇ ਕਰੀਬ ਸਵਾਰੀਆਂ ਸਵਾਰ ਦੱਸੀਆਂ ਜਾ ਰਹੀਆਂ ਹਨ, ਜਿਹੜੀ ਰੋਜ਼ਮਰਾ ਦੇ ਕੰਮ ਨਿਪਟਾ ਕੇ ਇਸ ਬੱਸ ਰਾਹੀਂ ਆਪਣੇ ਘਰਾਂ ਨੂੰ ਜਾ ਰਹੀਆਂ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਉੱਘੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਕਾਰਕੁੰਨ ਪੰਜ ਐਂਬੂਲੈਂਸਾਂ ਲੈ ਕੇ ਮੌਕੇ ’ਤੇ ਪੁੱਜੇ। ਪਹਿਲਾਂ ਜਖ਼ਮੀਆਂ ਨੂੰ ਗੋਨਿਆਣਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਇੱਕ ਦਰਜ਼ਨ ਦੇ ਕਰੀਬ ਸਵਾਰੀਆਂ ਨੂੰ ਜਿਆਦਾ ਸੱਟਾਂ ਹੋਣ ਕਾਰਨ ਬਠਿੰਡਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਪਤਾ ਲੱਗਿਆ ਹੈ ਕਿ ਇਸ ਹਸਪਤਾਲ ਦੇ ਵਿਚੋਂ ਕਈ ਮਰੀਜ਼ਾਂ ਨੂੰ ਗੰਭੀਰ ਸੱਟਾਂ ਹੋਣ ਕਾਰਨ ਮਲਟੀਸਪੈਲਿਸਟੀ ਪ੍ਰਾਈਵੇਟ ਹਸਪਤਾਲਾਂ ਵਿਚ ਰੈਫ਼ਰ ਕੀਤਾ ਗਿਆ ਹੈ। ਘਟਨਾ ਦਾ ਪਤਾ ਪਿੰਡ ਦੇ ਲੋਕਾਂ ਨੂੰ ਲੱਗਦਿਆਂ ਹੀ ਉਨ੍ਹਾਂ ਸਵਾਰੀਆਂ ਨੂੰ ਕਾਫ਼ੀ ਜਦੋਜਹਿਦ ਦੇ ਬਾਅਦ ਬਾਹਰ ਕੱਢਿਆ। ਸੂਚਨਾ ਮੁਤਾਬਕ ਬਰਾੜ ਬੱਸ ਸਰਵਿਸ ਕੰਪਨੀ ਦੀ ਇਹ ਬੱਸ (ਨੰਬਰ ਪੀਬੀ 03 ਏ 9312) ਬਠਿੰਡਾ ਤੋਂ ਚੱਲੀ ਸੀ।
ਭਾਨਾ ਸਿੱਧੂ ਜੇਲ੍ਹ ਤੋਂ ਰਿਹਾਅ, ਕਿਸਾਨ ਜਥੇਬੰਦੀਆਂ ਦਾ ਕੀਤਾ ਧੰਨਵਾਦ
ਬੱਸ ਨੂੰ ਲੱਖਾ ਸਿੰਘ ਨਾਂ ਦਾ ਡਰਾਈਵਰ ਚਲਾ ਰਿਹਾ ਸੀ । ਲੋਕਾਂ ਨੇ ਦੱਸਿਆ ਕਿ ਬੱਸ ਅੰਦਰ ਦੋ ਔਰਤਾਂ ਆਪਸ ਵਿਚ ਲੜਾਈ ਝਗੜਾ ਕਰ ਰਹੀਆਂ ਸਨ ਤਾਂ ਅਚਾਨਕ ਡਰਾਈਵਰ ਦਾ ਧਿਆਨ ਭੰਗ ਹੋਣ ਕਾਰਨ ਬੱਸ ਆਪਣਾ ਸੰਤੁਲਨ ਗਿਆ ਬੈਠੀ ਅਤੇ ਪਲਟੀ ਖਾ ਗਈ। ਜ਼ਖਮੀਆਂ ਵਿਚ ਔਰਤਾਂ ਦੀ ਵੱਡੀ ਗਿਣਤੀ ਹੈ। ਨੌਜਵਾਨ ਵੈੱਲਫ਼ੇਅਰ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ 5 ਅੰਬੂਲੈਂਸ ਮੌਕੇ ’ਤੇ ਪੁੱਜੀਆਂ । ਘਟਨਾ ਦੌਰਾਨ ਡਰਾਈਵਰ ਲੱਖਾ ਸਿੰਘ ਸਮੇਤ ਜ਼ਖਮੀ ਔਰਤਾਂ ਦੀ ਸ਼ਿਨਾਖ਼ਤ ਅਮਨਦੀਪ ਕੌਰ ਪਿੰਡ ਦਾਨ ਸਿੰਘ ਵਾਲਾ,ਜਸਵਿੰਦਰ ਕੌਰ ਕੋਠੇ ਬੁੱਧ ਸਿੰਘ ਵਾਲੇ, ਅਮਨਪ੍ਰੀਤ ਕੌਰ ਬਲਹਾੜ ਮਹਿਮਾ, ਮੂਰਤੀ ਕੌਰ ਦਾਨ ਸਿੰਘ ਵਾਲਾ, ਪਰਮਜੀਤ ਕੌਰ ਦਾਨ ਸਿੰਘ ਵਾਲਾ, ਸੁਰਜੀਤ ਕੌਰ ਪਿੰਡ ਗੰਗਾ ਅਬਲੂ , ਸਤਪਾਲ ਕੋਰ ਦਾਨ ਸਿੰਘ ਵਾਲਾ,ਮਨਪ੍ਰੀਤ ਕੌਰ ਬਲਹਾੜ ਮਹਿਮਾ, ਰਾਜਦੀਪ ਕੌਰ ਦਾਨ ਸਿੰਘ ਵਾਲਾ, ਸੰਦੀਪ ਕੌਰ ਵਾਸੀ ਬਲਹਾੜ ਮਹਿਮਾ ਵਜੋਂ ਹੋਈ ਹੈ। ਮੌਕੇ ਤੇ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਘਟਨਾ ਸਥਾਨ ਦਾ ਜਾਇਜ਼ਾ ਲੈ ਰਹੀ ਹੈ।