ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਛੇ ਵਾਰ ਦੇ ਵਿਧਾਇਕ ਜਗਰੂਪ ਬਰਾੜ ਹੁਣ ਹਨ ਵਣਜ ਮੰਤਰੀ
ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਸੱਤ ਸਮੁੰਦਰੋਂ ਪਾਰ ਗੋਰਿਆਂ ਅਤੇ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਜਗਰੂਪ ਸਿੰਘ ਬਰਾੜ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਵਣਜ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਦਿਉਣ ਪੁੱਜਣ ‘ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਦੇ ਕਲੱਬ ਤੇ ਹੋਰਨਾਂ ਸੰਸਥਾਵਾਂ ਦੀ ਅਗਵਾਈ ਹੇਠ ਇਸ ਮੌਕੇ ਹੋਏ ਸਮਾਗਮ ਦੌਰਾਨ ਪਿੰਡ ਤੋਂ ਬਾਹਰ ਬਠਿੰਡਾ ਅਤੇ ਹੋਰਨਾਂ ਥਾਵਾਂ ‘ਤੇ ਰਹਿੰਦੇ ਪਿੰਡ ਵਾਸੀ ਵੀ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ।
ਕਲੱਬ ਦੇ ਸਕੱਤਰ ਸੁਰਿੰਦਰ ਪਾਲ ਅਹੂਜਾ, ਸਰਬੱਤ ਦਾ ਭਲਾ ਟਰੱਸਟ ਦੇ ਬਠਿੰਡਾ ਪ੍ਰਧਾਨ ਪ੍ਰੋਫੈਸਰ ਜੇ ਐਸ ਬਰਾੜ, ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ, ਪ੍ਰੋਫੈਸਰ ਜੇ ਐਸ ਬਰਾੜ ਆਦਿ ਨੇ ਮੰਤਰੀ ਜਗਰੂਪ ਸਿੰਘ ਬਰਾੜ ਨੂੰ ਜੀ ਆਇਆਂ ਨੂੰ ਆਖਦਿਆਂ ਉਹਨਾਂ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਜਗਰੂਪ ਸਿੰਘ ਬਰਾੜ ਨੇ ਵਿਧਾਨ ਸਭਾ ਬ੍ਰਿਟਿਸ਼ ਕੋਲੰਬੀਆ ਦੇ ਸਿਆਸੀ ਸਫ਼ਰ ਬਾਰੇ ਦੱਸਦਿਆਂ ਆਪਣੀ ਕਾਮਯਾਬੀ ਪਿੱਛੇ ਵੱਡੇ ਭਰਾ ਜਸਵੰਤ ਸਿੰਘ ਬਰਾੜ ਦੇ ਯੋਗਦਾਨ ਦੀ ਚਰਚਾ ਕੀਤੀ।ਉਹਨਾਂ ਦੱਸਿਆ ਕਿ ਉਹ ਬਾਸਕਟਬਾਲ ਚ ਨੈਸ਼ਨਲ ਪੱਧਰ ਦਾ ਖਿਡਾਰੀ ਰਿਹਾ ਹੈ।
ਉਹ ਪੰਜ ਵਾਰ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਬਣੇ ਅਤੇ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆ ਦੇ ਟਰੇਡ ਮਨਿਸਟਰ ਵਜੋਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦਿਉਣ ਕਲੱਬ ਦੇ ਸਮੂਹ ਮੈਂਬਰਾਂ ਅਤੇ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਆਪਣੇ ਪਿੰਡ ਦਿਉਣ ਦੇ ਸੂਝਵਾਨ ਲੋਕਾਂ ਉੱਪਰ ਉਹ ਮਾਣ ਮਹਿਸੂਸ ਕਰਦੇ ਹਨ। ਮੰਤਰੀ ਬਰਾੜ ਨੇ ਪਿੰਡ ਦੀ ਭਲਾਈ ਲਈ ਪਿੰਡ ਵਾਸੀਆਂ ਨੂੰ ਧੜੇਬੰਦੀ ਦੀ ਸਿਆਸਤ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਤਰੱਕੀ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਦਿਉਣ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਜਗਰੂਪ ਸਿੰਘ ਬਰਾੜ ਨੂੰ ਲੋਈ, ਮੈਮੈਂਟੋ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।