14 Views
ਅੱਜ ਦੁਪਹਿਰ ਹੋ ਸਕਦੀ ਹੈ ਕੇਂਦਰ ਅਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗ
ਚੰਡੀਗੜ੍ਹ, 21 ਫ਼ਰਵਰੀ: ਐਮਐਸਪੀ ‘ਤੇ ਕਾਨੂੰਨੀ ਗਰੰਟੀ ਅਤੇ ਮੁਕੰਮਲ ਕਰਜ਼ਾ ਮੁਕਤੀ ਸਹਿਤ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਦਿੱਲੀ ਕੂਚ ਦੇ ਸੱਦੇ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਇੱਕ ਪਾਸੇ ਜਿੱਥੇ ਅੱਜ ਇਸ ਪ੍ਰੋਗਰਾਮ ਤਹਿਤ ਸਵੇਰੇ 11 ਵਜੇ ਕਿਸਾਨਾਂ ਵੱਲੋਂ ਬੈਰੀਗੇਡਿੰਗ ਵੱਲ ਵਧਣਾ ਸ਼ੁਰੂ ਕੀਤਾ ਗਿਆ ਤਾਂ ਹਰਿਆਣਾ ਪੁਲਿਸ ਨੇ ਵੀ ਅੱਗਿਓ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਸਥਿਤੀ ਕਾਫੀ ਗੰਭੀਰ ਹੋ ਗਈ। ਪ੍ਰੰਤੂ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਮੁੜ ਗੱਲਬਾਤ ਦਾ ਸੱਦਾ ਦੇਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਸ਼ਾਂਤ ਕੀਤਾ ਗਿਆ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਦੁਪਹਿਰ ਬਾਅਦ ਕਿਸੇ ਟਾਈਮ ਵੀ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਕਾਰ ਮੁੜ ਚੰਡੀਗੜ੍ਹ ਵਿੱਚ ਪੰਜਵੇਂ ਗੇੜ ਦੀ ਮੀਟਿੰਗ ਹੋ ਸਕਦੀ ਹੈ।
ਇਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਮੁੱਖ ਮੰਤਰੀ ਦੁਆਰਾ ਸ਼ਮੂਲੀਅਤ ਕਰਨ ਦੀ ਉਮੀਦ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਅਤੇ ਕਿਸਾਨ ਆਗੂਆਂ ਵਿਚਕਾਰ ਚਾਰ ਗੇੜਾਂ ਦੀ ਹੋਈ ਮੀਟਿੰਗ ਅਸਫਲ ਰਹਿਣ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਨੇ ਸਵੇਰੇ 11 ਵਜੇ ਦਿੱਲੀ ਕੂਚ ਦਾ ਐਲਾਨ ਦਾ ਸੱਦਾ ਦਿੱਤਾ ਹੋਇਆ ਸੀ। ਜਿਸ ਦੇ ਚੱਲਦੇ ਬੀਤੇ ਕੱਲ ਤੋਂ ਹੀ ਪੂਰੇ ਪੰਜਾਬ ਅਤੇ ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪੁੱਜੇ ਹੋਏ ਸਨ। ਗੱਲ ਇੱਥੇ ਹੀ ਖਤਮ ਨਹੀਂ ਹੋਈ ਬਲਕਿ ਕਿਸਾਨਾਂ ਵੱਲੋਂ ਬੈਰੀਗੇਡਿੰਗ ਤੋੜਨ ਦੇ ਲਈ ਪੋਕ ਲਾਈਨ ਮਸ਼ੀਨਾਂ ਤੇ ਜੇਸੀਬੀ ਨੂੰ ਬਖਤਰਬੰਦ ਕਰਕੇ ਇੱਥੇ ਲਿਆਂਦਾ ਹੋਇਆ ਸੀ। ਜਿਸ ਦੇ ਚੱਲਦੇ ਇਹ ਖਦਸ਼ਾ ਬਣਿਆ ਹੋਇਆ ਸੀ ਕਿ ਦੋਨਾਂ ਧਿਰਾਂ ਦੇ ਵਿਚਕਾਰ ਟਕਰਾਓ ਦੀ ਸਥਿਤੀ ਪੈਦਾ ਹੋ ਸਕਦੀ ਹੈ,
ਕਿਉਂਕਿ ਹਰਿਆਣਾ ਸਰਕਾਰ ਨੇ ਵੀ ਇੱਕ ਚਿਤਾਵਨੀ ਪੱਤਰ ਜਾਰੀ ਕਰਕੇ ਸਪੱਸ਼ਟ ਐਲਾਨ ਕੀਤਾ ਸੀ ਕਿ ਜੇਕਰ ਕਿਸਾਨਾਂ ਨੇ ਬੈਰੀਗੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰਿਆਣਾ ਦੇ ਪੰਜਾਬ ਨਾਲ ਲੱਗਦੇ ਬਾਰਡਰਾਂ ਉੱਪਰ ਇਕ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਦੂਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ। ਉਧਰ ਕਿਸਾਨਾਂ ਦੇ ਦਿੱਲੀ ਕੂਚ ਦੇ ਸੱਦੇ ਦੌਰਾਨ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਕੁਝ ਅਧਿਕਾਰੀ ਵੀ ਸਥਿਤੀ ਨੂੰ ਸ਼ਾਂਤੀਪੂਰਕ ਬਣਾਈ ਰੱਖਣ ਦੇ ਲਈ ਲਗਾਤਾਰ ਕੰਮ ਕਰ ਰਹੇ ਸਨ, ਕਿਉਂਕਿ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਨੂੰ ਇੱਕ ਚਿੱਠੀ ਭੇਜ ਕੇ ਬਾਰਡਰ ਵੱਲ ਜਾ ਰਹੀਆਂ ਜੇਸੀਬੀ ਮਸ਼ੀਨਾਂ ਅਤੇ ਹੋਰ ਮਸ਼ੀਨਾਂ ਉੱਪਰ ਰੋਕ ਲਗਾਉਣ ਲਈ ਕਿਹਾ ਗਿਆ ਸੀ।
ਸਥਿਤੀ ਦੀ ਨਾਜੁਕਤਾ ਨੂੰ ਦੇਖਦੇ ਹੋਏ ਕਰੀਬ ਸਵਾ 11 ਵਜੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਕਿਸਾਨਾਂ ਨੂੰ ਪੰਜਵੇਂ ਗੇੜ ਦੀ ਮੀਟਿੰਗ ਦਾ ਸੱਦਾ ਦਿੰਦਿਆਂ ਭਰੋਸਾ ਦਵਾਇਆ ਕਿ ਐਮਐਸਪੀ ਉੱਪਰ ਕਾਨੂੰਨੀ ਗਰੰਟੀ, ਕਰਜਾ ਮੁਕਤੀ, ਪਰਾਲੀ ਸਾੜਨ, ਕਿਸਾਨਾਂ ਵਿਰੁੱਧ ਦਰਜ ਕੇਸ ਅਤੇ ਹੋਰਨਾਂ ਮੁੱਦਿਆਂ ‘ਤੇ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਇਸ ਦੇ ਵਿੱਚ ਸਹਿਯੋਗ ਕਰਦੇ ਹੋਏ ਸਥਿਤੀ ਨੂੰ ਸ਼ਾਂਤੀਪੂਰਵਕ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਪੰਜਵੇਂ ਗੇੜ ਦੀ ਮੀਟਿੰਗ ਦਾ ਨਤੀਜਾ ਕਿਸ ਤਰ੍ਹਾਂ ਨਿਕਲਦਾ ਹੈ। ਬਹਰਹਾਲ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਗੁੱਸੇ ਦੇ ਵਿੱਚ ਦਿਖਾਈ ਦੇ ਰਹੇ ਹਨ।
Share the post "ਕੇਂਦਰ ਵੱਲੋਂ ਕਿਸਾਨਾਂ ਨੂੰ ਮੁੜ ਗੱਲਬਾਤ ਦਾ ਸੱਦਾ, ਸ਼ੰਭੂ ਬਾਰਡਰ ‘ਤੇ ਸਥਿਤੀ ਤਨਾਅਪੂਰਨ"