ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਦਿੱਲੀ ਪਹੁੰਚੇ
ਮੈਂ ਰਾਸ਼ਟਰਪਤੀ ਭਵਨ ਵਿਖੇ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਦਸਤਖ਼ਤ ਵਾਲਾ ਮੰਗ ਪੱਤਰ ਸੌਂਪਿਆ ਹੈ ਅਤੇ ਰਾਸ਼ਟਰਪਤੀ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਵਿੱਚ ਭਾਜਪਾ ਦੇ ਸਿਰਫ਼ ਦੋ ਵਿਧਾਇਕ ਹਨ, ਫਿਰ ਵੀ ਇਸ ਦੇ ਰਾਜ ਸਭਾ ਸੰਸਦ ਮੈਂਬਰ ਛੇ ਹੋ ਗਏ ਹਨ; ਇਹ ਲੋਕਤੰਤਰ ਦਾ ਸ਼ਰੇਆਮ ਮਜ਼ਾਕ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Delhi News: Delhi News: CM Bhagwant Singh Mann; ਪੰਜਾਬ ਵਿੱਚ ਦਲ-ਬਦਲੀ ਦੀ ਲੜਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਰਵਉੱਚ ਸੰਵਿਧਾਨਕ ਅਹੁਦੇ ਤੱਕ ਲੈ ਕੇ ਪੁੱਜੇ ਅਤੇ ਰਾਸ਼ਟਰਪਤੀ ਨੂੰ ਮਿਲੇ। ਉਨ੍ਹਾਂ ‘ਪੰਜਾਬ ਦੇ ਗੱਦਾਰ’ (ਦਲ-ਬਦਲੀ ਕਰਨ ਵਾਲੇ) ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਪਾਰਟੀ ਦੀ ਇਕਜੁੱਟਤਾ ਦਾ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵਿਧਾਇਕਾਂ ਨਾਲ ਦਿੱਲੀ ਪਹੁੰਚੇ ਅਤੇ ਰਾਸ਼ਟਰਪਤੀ ਭਵਨ ਵਿਖੇ ਦਸਤਖ਼ਤ ਕੀਤਾ ਮੰਗ ਪੱਤਰ ਸੌਂਪਿਆ, ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਵਿੱਚ ਸਿਰਫ਼ ਦੋ ਵਿਧਾਇਕ ਹੋਣ ਦੇ ਬਾਵਜੂਦ ਭਾਜਪਾ ਦੇ ਰਾਜ ਸਭਾ ਮੈਂਬਰਾਂ ਦੀ ਗਿਣਤੀ ਵਿੱਚ ਨਾਟਕੀ ਵਾਧਾ ਲੋਕਤੰਤਰੀ ਫਤਵੇ ਦੀ ਸਪੱਸ਼ਟ ਉਲੰਘਣਾ ਨੂੰ ਦਰਸਾਉਂਦਾ ਹੈ।ਸੱਤ ਸੰਸਦ ਮੈਂਬਰਾਂ ਨੂੰ ‘ਇਲੈਕਟਿਡ ਨਹੀਂ, ਸਗੋਂ ਸਿਲੈਕਟਿਡ’ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੀ ਦਲ-ਬਦਲੀ ਨੂੰ ਪੰਜਾਬ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ। ਉਨ੍ਹਾਂ ਇਨ੍ਹਾਂ ਮੈਂਬਰਾਂ ਨੂੰ ਅਸਤੀਫ਼ਾ ਦੇਣ ਅਤੇ ਨਵਾਂ ਫਤਵਾ ਲੈਣ ਦੀ ਚੁਣੌਤੀ ਦਿੱਤੀ ਅਤੇ ਚੇਤਾਵਨੀ ਦਿੱਤੀ ਕਿ ਨਾ ਤਾਂ ਕੇਂਦਰੀ ਏਜੰਸੀਆਂ ਅਤੇ ਨਾ ਹੀ ਸਿਆਸੀ ਤਾਕਤ ਗਲਤ ਕੰਮਾਂ ਨੂੰ ਨਹੀਂ ਬਚਾਏਗੀ। ਉਨ੍ਹਾਂ ਐਲਾਨ ਕੀਤਾ ਕਿ ‘ਅਪਰੇਸ਼ਨ ਲੋਟਸ’ ਵਰਗੀਆਂ ਕੋਸ਼ਿਸ਼ਾਂ ਕਦੇ ਵੀ ਪੰਜਾਬ ਵਿੱਚ ਸਫ਼ਲ ਨਹੀਂ ਹੋਣਗੀਆਂ ਕਿਉਂਕਿ ਪੰਜਾਬ ਕਦੇ ਵੀ ਵਿਸ਼ਵਾਸਘਾਤ ਨੂੰ ਬਰਦਾਸ਼ਤ ਨਹੀਂ ਕਰਦਾ।ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਉੱਤੇ ਮੀਟਿੰਗ ਦੇ ਕੁਝ ਅੰਸ਼ ਸਾਂਝੇ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਦਿੱਲੀ ਵਿੱਚ ਮਾਣਯੋਗ ਰਾਸ਼ਟਰਪਤੀ ਦੇ ਸਾਹਮਣੇ ਅਸੀਂ ਦੇਸ਼ ਵਿੱਚ ਹੋ ਰਹੇ ‘ਲੋਕਤੰਤਰ ਦੇ ਕਤਲ` ਵਿਰੁੱਧ ਆਪਣੀ ਆਵਾਜ਼ ਮਜ਼ਬੂਤੀ ਨਾਲ ਉਠਾਈ। ਸਿਆਸੀ ਪਾਰਟੀਆਂ ਨੂੰ ਗੈਰ-ਸੰਵਿਧਾਨਕ ਤੌਰ ਤੇ ਤੋੜਨਾ ਅਤੇ ਭਾਜਪਾ ਦੀ ‘ਵਾਸ਼ਿੰਗ ਮਸ਼ੀਨ ਵਿੱਚ ਦਾਗੀ ਨੇਤਾਵਾਂ ਨੂੰ ਸਾਫ਼ ਕਰਨ ਲਈ ਈ.ਡੀ. ਤੇ ਸੀ.ਬੀ.ਆਈ. ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਸਾਡੇ ਲੋਕਤੰਤਰੀ ਢਾਂਚੇ `ਤੇ ਸਿੱਧਾ ਹਮਲਾ ਹੈ।”
ਇਹ ਵੀ ਪੜ੍ਹੋ Punjab News: ਭਾਜਪਾ ‘ਚ ਜਾਣ ਵਾਲਿਆਂ ‘ਤੇ CM ਮਾਨ ਦੇ ਤਿੱਖੇ ਸਵਾਲ
ਉਨ੍ਹਾਂ ਪੋਸਟ ਵਿੱਚ ਲਿਖਿਆ ਕਿ ਅਸੀਂ ਇਹ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਕਿ ‘ਅਪਰੇਸ਼ਨ ਲੋਟਸ` ਦੀਆਂ ਘਿਣਾਉਣੀਆਂ ਚਾਲਾਂ ਪੰਜਾਬ ਵਿੱਚ ਕਦੇ ਵੀ ਸਫ਼ਲ ਨਹੀਂ ਹੋਣਗੀਆਂ। ਸਾਡੇ ਵਿਧਾਇਕ ਲੱਖਾਂ ਪੰਜਾਬੀਆਂ ਦੀ ਆਵਾਜ਼ ਹਨ ਅਤੇ ਪੰਜਾਬ ਦੇ ਲੋਕ ਕਦੇ ਵੀ ਵਿਸ਼ਵਾਸਘਾਤ ਬਰਦਾਸ਼ਤ ਨਹੀਂ ਕਰਨਗੇ। ‘ਤੁਹਾਡਾ ਜਨਤਕ ਸੇਵਕ` ਹੋਣ ਦੇ ਨਾਤੇ, ਮੈਂ ਹਰ ਪੰਜਾਬੀ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਲੋਕਾਂ ਦੇ ਫਤਵੇ ਦੀ ਰਾਖੀ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਬਰਕਰਾਰ ਰੱਖਣ ਲਈ ਆਪਣੇ ਆਖਰੀ ਸਾਹ ਤੱਕ ਲੜਾਂਗੇ।”ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਰਾਜ ਸਭਾ ਦੇ ਸੱਤ ਮੈਂਬਰਾਂ ਦੀ ਦਲ-ਬਦਲੀ ਨਾਲ ਲੋਕਤੰਤਰ ਦਾ ਕਤਲ ਹੋਇਆ ਹੈ। ਇਹ ਗੈਰ-ਸੰਵਿਧਾਨਕ ਹੈ ਕਿਉਂਕਿ ਜਾਂ ਤਾਂ ਪੂਰੀ ਪਾਰਟੀ ਨੂੰ ਮਤਾ ਪਾਸ ਕਰਨਾ ਚਾਹੀਦਾ ਸੀ, ਪਰ ਇਨ੍ਹਾਂ ਸੱਤ ਸੰਸਦ ਮੈਂਬਰਾਂ ਨੇ ਗੈਰ-ਸੰਵਿਧਾਨਕ ਢੰਗ ਨਾਲ ਆਪਣੀ ਵਫ਼ਾਦਾਰੀ ਬਦਲ ਲਈ, ਜਿਸ ਨਾਲ ਲੋਕਤੰਤਰ ਦਾ ਮਜ਼ਾਕ ਉਡਾਇਆ ਗਿਆ।” ਉਨ੍ਹਾਂ ਅੱਗੇ ਕਿਹਾ, “ਭਾਜਪਾ ਕੋਲ ਦੋ ਵਿਧਾਇਕ ਹਨ ਪਰ ਸੱਤ ਰਾਜ ਸਭਾ ਸੰਸਦ ਮੈਂਬਰ ਹਨ, ਜੋ ਸੰਵਿਧਾਨ ਦਾ ਮਜ਼ਾਕ ਹੈ। ਇਨ੍ਹਾਂ ਸੰਸਦ ਮੈਂਬਰਾਂ ਨੂੰ ਉਸ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਸਤੀਫ਼ਾ ਦੇਣਾ ਚਾਹੀਦਾ ਸੀ, ਜਿਸ ਦੀ ਉਹ ਪਹਿਲਾਂ ਨਿੰਦਾ ਕਰਦੇ ਸਨ।”ਸਿਸਟਮ ਵਿੱਚ ਸੁਧਾਰ ਦੀ ਮੰਗ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸੰਵਿਧਾਨ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੰਸਦ ਮੈਂਬਰ ਨੂੰ ਵਾਪਸ ਬੁਲਾਉਣ ਦੀ ਵਿਵਸਥਾ ਕੀਤੀ ਜਾ ਸਕੇ, ਜਿਵੇਂ ਕਿ ਰਾਘਵ ਚੱਢਾ ਮੰਗ ਕਰਦੇ ਰਹੇ ਸਨ ਤਾਂ ਜੋ ਇਨ੍ਹਾਂ ਸੰਸਦ ਮੈਂਬਰਾਂ ਨੂੰ ਦੇਸ਼ ਧ੍ਰੋਹ ਲਈ ਸਜ਼ਾ ਦਿੱਤੀ ਜਾ ਸਕੇ।”
ਇਹ ਵੀ ਪੜ੍ਹੋ CM Bhagwant Singh Mann ਦੀ ਅਗਵਾਈ ਹੇਠ ਵਿਧਾਇਕਾਂ ਦਾ ਕਾਫ਼ਲਾ ਦਿੱਲੀ ਲਈ ਹੋਇਆ ਰਵਾਨਾ
ਉਨ੍ਹਾਂ ਜ਼ੋਰ ਦੇ ਕੇ ਕਿਹਾ, “ਪੰਜਾਬੀ ਇਸ ਤਰ੍ਹਾਂ ਪਿੱਠ ਵਿੱਚ ਛੁਰਾ ਮਾਰਨ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਸੂਬੇ ਦੇ ਲੋਕ ਸਜ਼ਾ ਦੇਣਗੇ। ਇਹ ਆਗੂ ਹੁਣ ਉਲਝੇ ਹੋਏ ਹਨ, ਜਿਸ ਕਾਰਨ ਉਹ ਤਰਕਹੀਣ ਬਿਆਨ ਦੇ ਰਹੇ ਹਨ।” ਉਨ੍ਹਾਂ ਅੱਗੇ ਕਿਹਾ, “ਭਾਜਪਾ ਵਿੱਚ ਸ਼ਾਮਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਇਨ੍ਹਾਂ ਆਗੂਆਂ ਨੂੰ ਮਾੜੇ ਕੰਮਾਂ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਭਾਵੇਂ ਉਨ੍ਹਾਂ ਦੇ ਪਾਪਾਂ ਬਾਰੇ ਬਾਅਦ ਵਿੱਚ ਰਿਪੋਰਟਾਂ ਆਉਣ ਪਰ ਭਵਿੱਖ ਵਿੱਚ ਵੀ ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ।”ਜਵਾਬਦੇਹੀ ਬਾਰੇ ਦ੍ਰਿੜ੍ਹ ਰੁਖ਼ ਅਪਣਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ ਦੀ ਢਾਲ ਉਨ੍ਹਾਂ ਨੂੰ ਹੋਰ ਸੂਬਿਆਂ ਵਿੱਚ ਕਾਨੂੰਨ ਦੇ ਫੰਦੇ ਤੋਂ ਤਾਂ ਬਚਾਅ ਸਕਦੀ ਹੈ ਪਰ ਪੰਜਾਬ ਵਿੱਚ ਨਹੀਂ। ਇਨ੍ਹਾਂ ਆਗੂਆਂ ਨੂੰ ਪੰਜਾਬੀਆਂ ਨੂੰ ਧਮਕਾਉਣ ਤੋਂ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਉਨ੍ਹਾਂ ਨੂੰ ਆਪਣੀ ਅਸਲ ਸਥਿਤੀ ਦਿਖਾਉਣਗੇ।” ਉਨ੍ਹਾਂ ਅੱਗੇ ਕਿਹਾ, “ਲੋਕਾਂ ਦੇ ਨੁਮਾਇੰਦਿਆਂ ਦੁਆਰਾ ਚੁਣੇ ਗਏ ਇਨ੍ਹਾਂ ਆਗੂਆਂ ਨੂੰ ਪੰਜਾਬ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਸਦਨ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।” ਉਨ੍ਹਾਂ ਟਿੱਪਣੀ ਕੀਤੀ, “ਭਾਜਪਾ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ। ਇਹ ਵਿਡੰਬਨਾ ਹੈ ਕਿ ਉਸੇ ਅਸ਼ੋਕ ਮਿੱਤਲ ਨੂੰ ਭਾਜਪਾ ਨੇ ਜ਼ੈੱਡ ਪਲੱਸ ਸੁਰੱਖਿਆ ਪ੍ਰਦਾਨ ਕੀਤੀ, ਜਿਸ ਦੇ ਟਿਕਾਣਿਆਂ `ਤੇ ਕੁਝ ਦਿਨ ਪਹਿਲਾਂ ਈ.ਡੀ. ਨੇ ਛਾਪੇ ਮਾਰੇ ਸਨ।”ਦਲ-ਬਦਲੀ ਦੇ ਹਾਲਾਤ ਬਾਰੇ ਉਨ੍ਹਾਂ ਕਿਹਾ, “ਇਹ ਭਾਜਪਾ ਦੀ ਬਾਂਹ ਮਰੋੜਨ ਵਾਲੀ ਰਣਨੀਤੀ ਹੈ। ਰਾਘਵ ਚੱਢਾ, ਜੋ ਕਹਿੰਦਾ ਹੁੰਦਾ ਸੀ ਕਿ ਭਾਜਪਾ ਬਿਨਾਂ ਡਿਟਰਜੈਂਟ ਵਾਲੀ ਵਾਸ਼ਿੰਗ ਮਸ਼ੀਨ ਹੈ, ਜਿੱਥੇ ਸਿਆਸੀ ਨੇਤਾਵਾਂ ਦੇ ਪਾਪ ਧੋਤੇ ਜਾਂਦੇ ਹਨ, ਹੁਣ ਉਸੇ ਪਾਰਟੀ ਨਾਲ ਹੱਥ ਮਿਲਾ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ, “ਰਾਘਵ ਚੱਢਾ ਭਗਵਾ ਪਾਰਟੀ ਵਿੱਚ ਸ਼ਾਮਲ ਹੋ ਕੇ ਬੇਥਵੀਆਂ ਮਾਰਨ ਲੱਗ ਪਿਆ ਹੈ। ਉਸ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਸਤੀਫ਼ਾ ਦੇਣਾ ਚਾਹੀਦਾ ਸੀ।” ਉਨ੍ਹਾਂ ਇਹ ਵੀ ਕਿਹਾ, “ਮੈਂ ਸੰਕਟ ਦੀ ਇਸ ਘੜੀ ਵਿੱਚ ਪਾਰਟੀ ਨਾਲ ਇਕਜੁੱਟਤਾ ਦਿਖਾਉਣ ਲਈ ਵਿਧਾਇਕਾਂ ਦਾ ਧੰਨਵਾਦ ਕਰਦਾ ਹਾਂ। ਮੈਂ ਇਸ ਸ਼ਕਤੀ ਪ੍ਰਦਰਸ਼ਨ ਲਈ ਨਿੱਜੀ ਤੌਰ `ਤੇ ਇਨ੍ਹਾਂ ਵਿਧਾਇਕਾਂ ਦਾ ਰਿਣੀ ਹਾਂ।”
ਭਾਜਪਾ ਦੀ ਪੰਜਾਬ ਪ੍ਰਤੀ ਪਹੁੰਚ `ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ ਨੂੰ ਕਦੇ ਵੀ ਪੰਜ ਦਰਿਆਵਾਂ ਦੀ ਇਸ ਧਰਤੀ ਤੋਂ ਜਿੱਤਣ ਦਾ ਸੁਪਨਾ ਨਹੀਂ ਦੇਖਣਾ ਚਾਹੀਦਾ। ਸੂਬੇ ਦੇ ਲੋਕ ਭਾਜਪਾ ਦੇ ਸ਼ੱਕੀ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਉਹ ਇਸ ਨੂੰ ਸਬਕ ਜ਼ਰੂਰ ਸਿਖਾਉਣਗੇ।” ਉਨ੍ਹਾਂ ਅੱਗੇ ਕਿਹਾ, “ਭਾਵੇਂ ਭਾਜਪਾ ਕੁੱਝ ਸੂਬਿਆਂ ਵਿੱਚ ਮਿਲੀ ਜਿੱਤ ਤੋਂ ਉਤਸ਼ਾਹਿਤ ਹੈ, ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਸੂਬੇ ਅਤੇ ਇਸ ਦੇ ਲੋਕਾਂ ਪ੍ਰਤੀ ਇਸ ਦੇ ਬੇਇਨਸਾਫ਼ੀ ਅਤੇ ਮਤਰੇਈ ਮਾਂ ਵਾਲੇ ਸਲੂਕ ਦੀ ਕਹਾਣੀ ਬਹੁਤ ਲੰਬੀ ਹੈ।” ਉਨ੍ਹਾਂ ਕਿਹਾ, “ਭਾਜਪਾ ਪੰਜਾਬ ਨੂੰ ਪੰਜਾਬ ਯੂਨੀਵਰਸਿਟੀ, ਝਾਕੀ, ਚੰਡੀਗੜ੍ਹ, ਭਾਖੜਾ ਡੈਮ ਅਤੇ ਹੋਰ ਹਰੇਕ ਜਾਇਜ਼ ਹੱਕ ਤੋਂ ਵਾਂਝਾ ਕਰਨਾ ਚਾਹੁੰਦੀ ਹੈ।”ਵਿੱਤੀ ਚਿੰਤਾਵਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਲੋਕਾਂ ਨੇ ਪੰਜਾਬ ਦੇ ਵਿਕਾਸ ਨੂੰ ਖ਼ਤਰੇ ਵਿੱਚ ਪਾਉਣ ਲਈ ਸੂਬੇ ਦੇ ਜਾਇਜ਼ ਫੰਡ ਰੋਕ ਦਿੱਤੇ ਹਨ।” ਉਨ੍ਹਾਂ ਅੱਗੇ ਕਿਹਾ, “ਹਵਾਈ ਕਿਲ੍ਹੇ ੳਸਾਰਨ ਦੀ ਬਜਾਏ ਭਾਜਪਾ ਲੀਡਰਸ਼ਿਪ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਕਦੇ ਵੀ ਪੰਜਾਬ ਵਿੱਚ ਸੱਤਾ ਸੰਭਾਲਣਗੇ। ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਗੁਨਾਹ ਮੁਆਫ਼ ਨਹੀਂ ਕੀਤੇ ਜਾ ਸਕਦੇ।” ਉਨ੍ਹਾਂ ਟਿੱਪਣੀ ਕੀਤੀ, “ਭਾਜਪਾ ਕਿਸ ਮੂੰਹ ਨਾਲ ਪੰਜਾਬ ਆਵੇਗੀ, ਜਦੋਂ ਉਨ੍ਹਾਂ ਦੇ ਆਗੂਆਂ ਨੇ ਕਦੇ ਵੀ ਸੂਬੇ ਅਤੇ ਇਸ ਦੇ ਲੋਕਾਂ ਦੇ ਮੁੱਦੇ ਨਹੀਂ ਉਠਾਏ? ਪੰਜਾਬ ਦੇ ਬਹਾਦਰ ਅਤੇ ਸਿਆਣੇ ਲੋਕ ਭਾਜਪਾ ਦੇ ਮਾੜੇ ਕੰਮਾਂ ਨੂੰ ਕਦੇ ਨਹੀਂ ਭੁੱਲਣਗੇ ਅਤੇ ਉਸ ਨੂੰ ਢੁਕਵਾਂ ਸਬਕ ਸਿਖਾਉਣਗੇ।”ਸਿਆਸੀ ਹਕੀਕਤ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਜਪਾ ਕੋਲ ਇਸ ਸਮੇਂ ਸੂਬੇ ਵਿੱਚ ਦੋ ਵਿਧਾਇਕ ਹਨ, ਪਰ ਜਿਸ ਤਰੀਕੇ ਨਾਲ ਉਹ ਸ਼ੇਖੀ ਮਾਰ ਰਹੇ ਹਨ, ਇਸ ਨਾਲ ਉਨ੍ਹਾਂ ਦੀਆਂ ਸੀਟਾਂ ਸਿਫ਼ਰ ਹੋ ਸਕਦੀਆਂ ਹਨ।” ਉਨ੍ਹਾਂ ਅੱਗੇ ਕਿਹਾ, “ਪੰਜਾਬੀ ਅਜਿਹੀਆਂ ਤਾਨਾਸ਼ਾਹੀ ਚਾਲਾਂ ਅੱਗੇ ਨਹੀਂ ਝੁਕਦੇ ਅਤੇ ਹਮੇਸ਼ਾ ਉਨ੍ਹਾਂ ਫੁੱਟਪਾਊ ਤਾਕਤਾਂ ਨੂੰ ਢੁਕਵਾਂ ਸਬਕ ਸਿਖਾਉਂਦੇ ਹਨ, ਜੋ ਪੰਜਾਬ `ਤੇ ਤਾਕਤ ਨਾਲ ਰਾਜ ਕਰਨਾ ਚਾਹੁੰਦੀਆਂ ਹਨ।” ਉਨ੍ਹਾਂ ਕਿਹਾ, “ਜਦੋਂ ਤੋਂ ਸੂਬਾ ਸਰਕਾਰ ਨੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਹੈ, ਭਾਜਪਾ ਪ੍ਰੇਸ਼ਾਨ ਹੈ ਕਿਉਂਕਿ ਉਹ ਪੰਜਾਬ ਵਿੱਚ ਆਪਣੇ ਫੁੱਟਪਾਊ ਏਜੰਡੇ ਨੂੰ ਅੱਗੇ ਨਹੀਂ ਵਧਾ ਸਕੇਗੀ।”

ਸਰਕਾਰ ਦਾ ਸਟੈਂਡ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਵਿੱਚ ਵਾਰ-ਵਾਰ ਨਕਾਰਨ ਦੇ ਬਾਵਜੂਦ ਭਾਜਪਾ ਨੇ ਡਰਾਉਣ-ਧਮਕਾਉਣ, ਲਾਲਚ ਦੇਣ ਅਤੇ ਦਲ-ਬਦਲੀ ਦੇ ਯਤਨਾਂ ਰਾਹੀਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਕੇ ਸੂਬੇ ਪ੍ਰਤੀ ਵੈਰ-ਵਿਰੋਧ ਵਾਲਾ ਰਵੱਈਆ ਅਪਣਾਇਆ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ, “ਆਪ ਆਪਣੀ ਤਾਕਤ ਆਮ ਲੋਕਾਂ ਤੋਂ ਪ੍ਰਾਪਤ ਕਰਦੀ ਹੈ ਅਤੇ ਇਕ ਸਿਧਾਂਤਕ ਦ੍ਰਿਸ਼ਟੀਕੋਣ ਨਾਲ ਜੁੜੀ ਹੋਈ ਹੈ। ਅਜਿਹੀਆਂ ਕੋਝੀਆਂ ਚਾਲਾਂ ਲੋਕਤੰਤਰ ਵਿੱਚ ਸਿਆਸੀ ਜਿੱਤਾਂ ਯਕੀਨੀ ਨਹੀਂ ਬਣਾ ਸਕਦੀਆਂ। ਪੰਜਾਬੀ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਉਣਗੇ।”ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਤੇ ਕਿਹਾ, “ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਸਾਡਾ ਸੰਘਰਸ਼ ਨਿਰੰਤਰ ਜਾਰੀ ਹੈ। ਅੱਜ, ਸਾਰੇ ‘ਆਪ ਵਿਧਾਇਕਾਂ ਦੇ ਨਾਲ ਅਸੀਂ ਪੰਜਾਬ ਦੇ ਮਹੱਤਵਪੂਰਨ ਮੁੱਦਿਆਂ `ਤੇ ਵਿਚਾਰ-ਵਟਾਂਦਰਾ ਕਰਨ ਅਤੇ ਰਾਸ਼ਟਰਪਤੀ ਦੇ ਸਾਹਮਣੇ ਸੂਬੇ ਦੀ ਮਜ਼ਬੂਤ ਆਵਾਜ਼ ਪੇਸ਼ ਕਰਨ ਲਈ ਨਿਕਲੇ ਹਾਂ। ਤੁਹਾਡਾ ਜਨਤਕ ਸੇਵਕ ਹੋਣ ਦੇ ਨਾਤੇ ਸਾਡੀ ਸਰਕਾਰ ਪੰਜਾਬ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਅਤੇ ਸਮਾਜ ਦੇ ਹਰ ਵਰਗ ਦੇ ਅਧਿਕਾਰਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




