ਚੰਡੀਗੜ੍ਹ, 28 ਮਾਰਚ : ਪਿਛਲੇ ਕੁੱਝ ਦਿਨਾਂ ਵਿਚ ਪੰਜਾਬ ਕਾਂਗਰਸ ਪਾਰਟੀ ਨਾਲ ਸਬੰਧਤ ਦੋ ਮੌਜੂਦਾ ਸੰਸਦ ਮੈਂਬਰਾਂ ਪਟਿਆਲਾ ਤੋਂ ਪ੍ਰਨੀਤ ਕੌਰ ਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੇ ਪਾਰਟੀ ਛੱਡਣ ਕਾਰਨ ਸੂਬੇ ਵਿਚ ਹੋਰਨਾਂ ਅਹੁੱਦੇਦਾਰਾਂ ਦੇ ਪਾਰਟੀ ਛੱਡਣ ਦੀਆਂ ਚੱਲ ਰਹੀਆਂ ਅਫ਼ਵਾਹਾਂ ਦੌਰਾਨ ਵੀਰਵਾਰ ਨੂੰ ਹੋਰਨਾਂ ਸੰਸਦ ਮੈਂਬਰਾਂ ਨੇ ਸਫ਼ਾਈ ਦਿੱਤੀ ਹੈ। ਚੰਡੀਗੜ੍ਹ ’ਚ ਮੌਜੂਦ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮ.ਪੀ ਮਨੀਸ਼ ਤਿਵਾੜੀ ਨੇ ਅਪਣੇ ਬਾਰੇ ਪਾਰਟੀ ਛੱਡਣ ਬਾਰੇ ਚੱਲ ਰਹੀਆਂ ਚਰਚਾਵਾਂ ‘ਤੇ ਵਿਅੰਗ ਕਸਦਿਆਂ ਕਿਹਾ ਕਿ ‘‘ ਉਹ ਸੁਨੀਲ ਜਾਖ਼ੜ ਨਹੀਂ ਹਨ, ਉਹ ਸਿਰੋਪਾ ਪਵਾਉਣ ਵਾਲਿਆਂ ਵਿਚ ਨਹੀਂ, ਬਲਕਿ ਪਾਉਣ ਵਾਲਿਆਂ ਵਿਚ ਸ਼ਾਮਲ ਹੈ। ’’
ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਤੇ ਸਾਬਕਾ ਵਿਧਾਇਕ ਲਵ ਗੋਲਡੀ ਮੁੜ ਹੋਏ ਕਾਂਗਰਸ ਵਿਚ ਸ਼ਾਮਲ
ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਸਨਮਾਨ ਦਿੱਤਾ ਹੈ ਤੇ ਮੌਜੂਦਾ ਸਮੇਂ ਵੀ ਉਹ ਜਿੰਮੇਵਾਰੀ ਨਾਲ ਕਰ ਰਹੇ ਹਨ, ਜਿਸਦੇ ਚੱਲਦੇ ਉਹ ਕਾਂਗਰਸ ਪਾਰਟੀ ਨਾਲ ਡਟ ਕੇ ਖੜ੍ਹੇ ਹਨ। ਇਸੇ ਤਰ੍ਹਾਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਅਪਣੇ ਬਿਆਨ ਵਿਚ ਕਿਹਾ ਕਿ ‘‘ ਕੁੱਝ ਚੈਨਲਾਂ ’ਤੇ ਉਸਦੇ ਬਾਰੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ਫ਼ਲਾਈਆਂ ਜਾ ਰਹੀਆਂ ਹਨ, ਜਿਸਦੇ ਵਿਚ ਕੋਈ ਸਚਾਈ ਨਹੀਂ ਤੇ ਉਹ ਕਾਂਗਰਸ ਪਾਰਟੀ ਨਾਲ ਬਣੇ ਰਹਿਣਗੇ। ’’ ਇਸੇ ਤਰ੍ਹਾਂ ਇੱਕ ਹੋਰ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਵੀ ਕਿਹਾ ਕਿ ਉਹ ਕਾਂਗਰਸ ਦਾ ਸੱਚਾ ਸਿਪਾਹੀ ਸੀ ਤੇ ਸੱਚਾ ਸਿਪਾਹੀ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਕੁੱਝ ਸਿਆਸੀ ਵਿਰੋਧੀ ਜਾਣਬੁੱਝ ਕੇ ਝੂਠੀਆਂ ਅਫ਼ਵਾਹਾਂ ਫ਼ਲਾ ਰਹੇ ਹਨ, ਜਿਸਦੇ ਵਿਚ ਕੁੱਝ ਸਚਾਈ ਨਹੀਂ ਹੈ।