Delhi News: ਦਿੱਲੀ ਦੀ ਸੱਤਾ ‘ਤੇ ਪਿਛਲੇ 10 ਸਾਲ ਤੋਂ ਕਾਬਜ਼ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ ਹੈ। ਜਿੱਥੇ ਆਪ ਦਿੱਲੀ ਵਿਧਾਨ ਸਭਾ ਚੋਣਾਂ ਹਾਰ ਗਈ ਹੈ, ਉੱਥੇ ਪਾਰਟੀ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਆਪਣੇ ਹਲਕੇ ਨਵੀਂ ਦਿੱਲੀ ਤੋਂ ਚੋਣ ਹਾਰ ਗਏ ਹਨ। ਹਾਲਾਂਕਿ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਆਪਣੇ ਹਲਕੇ ਨੂੰ ਬਚਾਉਣ ਵਿੱਚ ਕਾਮਯਾਬ ਰਹੀ ਹੈ। ਬੇਸ਼ੱਕ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਚੋਣ ਨਤੀਜਿਆਂ ਦੇ ਅੰਕੜੇ ਜਾਰੀ ਕੀਤੇ ਜਾਣੇ ਹਨ ਪ੍ਰੰਤੂ ਹੁਣ ਤੱਕ ਦੇ ਰੁਝਾਨਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ। 70 ਮੈਂਬਰੀ ਵਿਧਾਨ ਸਭਾ ਦੇ ਵਿੱਚ ਭਾਜਪਾ 48 ਸੀਟਾਂ ਉੱਪਰ ਅੱਗੇ ਚੱਲ ਰਹੀ ਹੈ ਜਾਂ ਇਸ ਦੇ ਉਮੀਦਵਾਰ ਜਿੱਤ ਗਏ ਹਨ। ਜਦੋਂ ਕਿ ਆਮ ਆਦਮੀ ਪਾਰਟੀ 22 ਸੀਟਾਂ ਤੱਕ ਸਿਮਟ ਕੇ ਰਹਿ ਗਈ ਹੈ।
ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਮੁੜ ਦੇਸ਼ ਦੀ ਰਾਜਧਾਨੀ ਵਿੱਚ ਕੋਈ ਖਾਤਾ ਨਹੀਂ ਖੁੱਲ ਸਕਿਆ ਹੈ। ਆਮ ਆਦਮੀ ਪਾਰਟੀ ਦੀ ਹਾਰ ਕਾਰਨ ਜਿੱਥੇ ਇਸਦੇ ਆਗੂਆਂ ਤੇ ਵਰਕਰਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਉੱਥੇ ਕਰੀਬ 27 ਸਾਲਾਂ ਬਾਅਦ ਦਿੱਲੀ ਦੇ ਸੱਤਾ ‘ਤੇ ਮੁੜ ਕਾਬਜ ਹੋਣ ਜਾ ਰਹੀ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 7: 30 ਵਜੇ ਭਾਜਪਾ ਦਫਤਰ ਪੁੱਜਣਗੇ ਜਿੱਥੇ ਉਹ ਦਿੱਲੀ ਜਿੱਤ ਦੀ ਖੁਸ਼ੀ ਆਪਣੇ ਆਗੂਆਂ ਤੇ ਵਲੰਟੀਅਰਾਂ ਨਾਲ ਸਾਂਝੀ ਕਰਨਗੇ। ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਪੰਗਾ ਵੋਟਾਂ ਤੋਂ ਬਾਅਦ ਸਾਹਮਣੇ ਆਏ ਚੋਣ ਸਰਵੇਖਣਾਂ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਦੀਆਂ ਕਿਆਸ ਅਰਾਈਆਂ ਕੀਤੀਆਂ ਜਾ ਰਹੀਆਂ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite





