Delhi News: ਪਿਛਲੇ 27 ਸਾਲਾਂ ਬਾਅਦ ਮੁੜ ਦਿੱਲੀ ਦਾ ਰਾਜਭਾਗ ਸੰਭਾਲਣ ਜਾ ਰਹੀ ਭਾਰਤੀ ਜਨਤਾ ਪਾਰਟੀ ਨੇ ਨਵੇਂ ਮੁੱਖ ਮੰਤਰੀ ਦੇ ਨਾਂ ਪਾਰਟੀ ਵਿਧਾਇਕਾਂ ਦੀ ਰਾਏ ਜਾਣਨ ਦੇ ਲਈ ਅੱਜ ਐਤਵਾਰ ਸ਼ਾਮ ਨੂੰ ਮੀਟਿੰਗ ਕੀਤੀ। ਇਹ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਹੇਠ ਹੋਈ, ਜਿਸਦੇ ਵਿਚ ਸੰਗਠਨ ਜਨਰਲ ਸਕੱਤਰ ਬੀਐੱਲ ਸੰਤੋਸ਼ ਤੋਂ ਇਲਾਵਾ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਸਮੇਤ ਹੋਰ ਕਈ ਵੱਡੇ ਆਗੂ ਵੀ ਹਾਜ਼ਰ ਰਹੇ। ਦਸਣਾ ਬਣਦਾ ਹੈ ਕਿ ਬੀਤੇ ਕੱਲ ਦਿੱਲੀ ਵਿਧਾਨ ਸਭਾ ਦੇ ਸਾਹਮਣੇ ਆਏ ਨਤੀਜਿਆਂ ਵਿਚ ਭਾਜਪਾ ਨੂੰ 70 ਵਿਚੋਂ 48 ਸੀਟਾਂ ਮਿਲੀਆਂ ਹਨ ਜਦਕਿ ਆਪ ਨੂੰ 22 ਅਤੇ ਕਾਂਗਰਸ ਦਾ ਮੁੜ ਖ਼ਾਤਾ ਨਹੀਂ ਖੁੱਲਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਭਾਜਪਾ ਦੀ ਨਵੀਂ ਸਰਕਾਰ 14 ਫ਼ਰਵਰੀ ਜਾਂ ਉਸਤੋਂ ਬਾਅਦ ਸਹੁੰ ਚੁੱਕ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ’ਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਵਾਪਸੀ 13 ਫ਼ਰਵਰੀ ਨੂੰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ Delhi ਦੀ ਜਿੱਤ ਤੋਂ ਬਾਅਦ BJP ਤੇ ਸਹਿਯੋਗੀਆਂ ਦਾ 19 ਸੂਬਿਆਂ ’ਚ ਹੋਇਆ ਰਾਜ਼
ਉਧਰ ਸਿਆਸੀ ਗਲਿਆਰਿਆਂ ਵਿਚ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਰੂਪ ਵਿਚ ਅੱਧੀ ਦਰਜ਼ਨ ਨਾਵਾਂ ਦੀ ਚਰਚਾ ਚੱਲ ਰਹੀ ਹੈ, ਜਿਸਦੇ ਵਿਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਹਰਾਉਣ ਵਾਲੇ ਮਰਹੂਮ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ ਦਾ ਨਾਂ ਪ੍ਰਮੁੱਖ ਤੌਰ ’ਤੇ ਚੱਲ ਰਿਹਾ। ਦੋ ਵਾਰ ਐਮ.ਪੀ ਰਹੇ ਪ੍ਰਵੇਸ਼ ਵਰਮਾ ਨੇ ਹੁਣ ਸ਼੍ਰੀ ਕੇਜਰੀਵਾਲ ਨੂੰ 4099 ਵੋਟਾਂ ਨਾਲ ਹਰਾਇਆ ਹੈ। ਇਸਤੋਂ ਇਲਾਵਾ ਭੋਜਪੁਰੀ ਅਭਿਨੇਤਾ ਅਤੇ ਗਾਇਕ ਮਨੋਜ ਤਿਵਾਰੀ ਦੇ ਨਾਂ ਦੀ ਚਰਚਾ ਹੈ। ਉਹ ਉੱਤਰ-ਪੂਰਬੀ ਦਿੱਲੀ ਤੋਂ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਦਿੱਲੀ ਦੇ 7 ਸਿੰਟਿਗ ਐਮ.ਪੀਜ਼ ਵਿਚਂੋ ਸਿਰਫ਼ ਮਨੋਜ ਤਿਵਾਰੀ ਨੂੰ ਮੁੜ ਟਿਕਟ ਦਿੱਤੀ ਸੀ। ਉਹ ਦਿੱਲੀ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸਤੋਂ ਇਲਾਵਾ ਦਿੱਲੀ ਵਿਚ ਪੂਰਵਾਂਚਲ ਆਬਾਦੀ ਦੀ ਬਹੁਲਤਾ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਅਹੁੱਦੇ ਦੀ ਦੋੜ ਵਿਚ ਇੱਕ ਸਿੱਖ ਚਿਹਰਾ ਵੀ ਸ਼ਾਮਲ ਹੈ।
ਇਹ ਨਾਂ ਹੈ ਰਾਜੌਰੀ ਗਾਰਡਨ ਤੋਂ ਤੀਜੀ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਮਨਜਿੰਦਰ ਸਿੰਘ ਸਿਰਸਾ ਦਾ। ਅਕਾਲੀ ਦਲ ਤੋਂ ਆਪਣੀ ਸਿਆਸਤ ਸ਼ੁਰੂ ਕਰਨ ਵਾਲੇ ਸਿਰਸਾ 2021 ਵਿਚ ਭਾਜਪਾ ’ਚ ਸ਼ਾਮਲ ਹੋ ਗਏ ਸਨ ਤੇ ਹੁਣ ਪਾਰਟੀ ਵਿਚ ਕੌਮੀ ਸਕੱਤਰ ਵਜੋਂ ਕੰਮ ਕਰ ਰਹੇ ਹਨ। ਦਿੱਲੀ ਦੇ ਵਿਚ ਸਿੱਖਾਂ ਤੇ ਖ਼ਾਸਕਰ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ ਤੇ ਚਰਚਾ ਹੈ ਕਿ ਭਾਜਪਾ ਸਿਰਸਾ ਉਪਰ ਦਾਅ ਖੇਡ ਕੇ ਪੰਜਾਬ ਦੇ ਵੋਟਰਾਂ ਨੂੰ ਵੀ ਆਪਣੇ ਵੱਲ ਖਿੱਚ ਸਕਦੀ ਹੈ, ਕਿਉਂਕਿ ਭਾਜਪਾ ਦਾ ਪੁੂਰਾ ਜੋਰ 2027 ਵਿਚ ਹੋਣ ਵਾਲੀਆਂ ਪੰਜਾਬ ਚੋਣਾਂ ਨੂੰ ਲੈ ਕੇ ਲੱਗਿਆ ਹੋਇਆ ਹੈ। ਇੱਕ ਹੋਰ ਨਾਂ ਭਾਜਪਾ ਮਹਿਲਾ ਆਗੂ ਸਮਿਰਤੀ ਇਰਾਨੀ ਦਾ ਚੱਲ ਰਿਹਾ, ਜੋ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਰਹਿਣ ਤੋਂ ਇਲਾਵਾ ਅਮੇਠੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੂੰ ਹਰਾਉਣ ਕਰਕੇ ਵੀ ਚਰਚਾ ਵਿਚ ਰਹੀ ਹੈ। ਹਾਲਾਂਕਿ ਇਸ ਵਾਰ ਉਹ ਚੋਣ ਹਾਰ ਗਏ ਸਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite