Side effects of Bathinda Mayor Election; ਕਾਂਗਰਸ ਨੇ ਆਪ ਦੀ ਹਿਮਾਇਤ ਕਰਨ ਵਾਲੇ 19 ਕੌਂਸਲਰਾਂ ਨੂੰ ਕੱਢੇ ਨੋਟਿਸ, ਅਕਾਲੀ ‘ਚੁੱਪ’

0
1098

By Sukhjinder Mann

Bathinda News:ਪਿਛਲੇ ਦਿਨੀਂ Bathinda municipal corporation ਨਗਰ ਨਿਗਮ ਦੇ ਮੇਅਰ ਦੀ ਹੋਈ ਚੋਣ ਵਿਚ ‘AAP’ ਦੀ ਹਿਮਾਇਤ ਕਰਨ ਵਾਲੇ ਕਾਂਗਰਸੀ ਕੌਂਸਲਰਾਂ ’ਤੇ ਹੁਣ ਅਨੁਸਾਸ਼ਨ ਦੀ ਤਲਵਾਰ ਲਟਕ ਗਈ ਹੈ। ਪੰਜਾਬ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਬਠਿੰਡਾ ਸ਼ਹਿਰ ਦੇ ਬਲਾਕ ਪ੍ਰਧਾਨ ਸਹਿਤ 19 ਕੌਂਸਲਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਆਪਣੇ ਚਾਰ ਕੌਸਲਰਾਂ ਦੇ ਵੱਲੋਂ ‘ਆਪ’ ਦੇ ਹੱਕ ਵਿਚ ਖੜਣ ਦੇ ਬਾਵਜੂਦ ਰਹੱਸਮਈ ‘ਚੁੱਪੀ’ ਧਾਰਨ ਕਰ ਗਿਆ ਹੈ। ਜਦੋਂਕਿ ਆਪ ਦੇ ‘ਹੁਕਮ’ ਨਾ ਮੰਨਣ ਵਾਲੇ ਕੌਸਲਰਾਂ ਵਿਰੁਧ ਵੀ ਕਾਰਵਾਈ ਕਰਨ ਦੀਆਂ ‘ਸਰਗੋਸ਼ੀਆ’ ਸੁਣਾਈ ਦੇਣ ਲੱਗੀਆਂ ਹਨ। ਕਾਂਗਰਸ ਦੇ ਉੱਚ ਸੂਤਰਾਂ ਮੁਤਾਬਕ ਚੋਣ ਵਿਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਮੇਅਰਸ਼ਿਪ ਦੇ ਉਮੀਦਵਾਰ ਰਹੇ ਬਲਜਿੰਦਰ ਸਿੰਘ ਠੇਕੇਦਾਰ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਅਤੇ ਕੌਂਸਲਰ ਮਲਕੀਤ ਸਿੰਘ ਗਿੱਲ ਦੇ ਵੱਲੋਂ ਪੰਜਾਬ ਕਾਂਗਰਸ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿਚ ਉਨ੍ਹਾਂ ਮੇਅਰ ਦੇ ਲਈ ਹੋਈ ਚੋਣ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਸਾਹਮਣੇ ਲਿਆਉਂਦਿਆਂ ਸ਼ਹਿਰੀ ਲੀਡਰਸ਼ਿਪ ਨੂੰ ਜਿੰਮੇਵਾਰ ਠਹਿਰਾਇਆ ਸੀ।

ਇਹ ਵੀ ਪੜ੍ਹੋ ਯੂਥ ਕਾਂਗਰਸ ਵਰਕਰਾਂ ਨੇ ਕੁਲਬੀਰ ਜ਼ੀਰਾ ’ਤੇ ਗੋਲੀਬਾਰੀ ਦੇ ਵਿਰੋਧ ਵਿੱਚ ਪੁਲਿਸ ਸਟੇਸ਼ਨ ਦਾ ਕੀਤਾ ਘਿਰਾਓ

ਇਸਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਵੱਲੋਂ ਵੀ ਪੰਜਾਬ ਕਾਂਗਰਸ ਵੱਲੋਂ ਮੰਗੀ ਰੀਪੋਰਟ ਦੇ ਆਧਾਰ ’ਤੇ ਆਪਣੀ ਰੀਪੋਰਟ ਬਣਾ ਕੇ ਭੇਜੀ ਸੀ, ਜਿਸਦੇ ਆਧਾਰ ’ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਵੱਲੋਂ ਮੇਅਰ ਚੋਣ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ ਕਾਂਗਰਸ ਦੇ ਬਲਾਕ ਪ੍ਰਧਾਨ ਤੇ ਕੌਂਸਲਰ ਬਲਰਾਜ ਸਿੰਘ ਪੱਕਾ, ਕੌਸਲਰ ਸ਼ਾਮ ਲਾਲ ਜੈਨ ਅਤੇ ਵਿਵੇਕ ਉਰਫ਼ ਵਿੱਕੀ ਨੰਬਰਦਾਰ ਸਹਿਤ ਕੁੱਲ 19 ਕੌਂਸਲਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਬਾਕੀ 16 ਕੌੌਸਲਰਾਂ ਵਿਚ ਸੁਖਦੇਵ ਸਿੰਘ ਸੁੱਖਾ, ਉਮੇਸ਼ ਗੋਗੀ, ਵਿਕਰਮ ਕ੍ਰਾਂਤੀ, ਸੁਰੇਸ਼ ਚੌਹਾਨ (ਭਾਣਜਾ ਸਾਬਕਾ ਮੇਅਰ ਬਲਵੰਤ ਰਾਏ), ਨੇਹਾ ਜਿੰਦਲ ਨੂੰਹ ਮਨੋਜ ਜਿੰਦਲ, ਮਨਜੀਤ ਕੌਰ ਬੁੱਟਰ ਪਤਨੀ ਟਹਿਲ ਬੁੱਟਰ, ਕਿਰਨ ਰਾਣੀ ਪਤਨੀ ਗੁਰਪ੍ਰੀਤ ਬੰਟੀ, ਮਮਤਾ ਸੈਣੀ ਨੂੰਹ ਸਵਰਗੀ ਟਕਸਾਲੀ ਕਾਂਗਰਸੀ ਰਾਮ ਹਲਵਾਈ, ਪੁਸ਼ਪਾ ਰਾਣੀ ਪਤਨੀ ਕਾਰਜਕਾਰੀ ਬਲਾਕ ਪ੍ਰਧਾਨ ਵਿਪਨ ਮਿੱਤੂ, ਕੁਲਵਿੰਦਰ ਕੌਰ ਪਤਨੀ ਜਗਪਾਲ ਸਿੰਘ ਗੋਰਾ, ਅਨੀਤਾ ਗੋਇਲ ਪਤਨੀ ਪ੍ਰਦੀਪ ਗੋਇਲ, ਰਾਜ ਰਾਣੀ ਭੈਣ ਸਾਧੂ ਸਿੰਘ, ਮਮਤਾ ਰਾਣੀ ਪਤਨੀ ਬੱਬਲ ਜਨਤਾ ਨਗਰ, ਕਮਲੇਸ਼ ਮਹਿਰਾ ਪਤਨੀ ਰਾਜ ਮਹਿਰਾ, ਕੰਵਲਜੀਤ ਕੌਰ ਪਤਨੀ ਚਰਨਜੀਤ ਸਿੰਘ ਭੋਲਾ ਅਤੇ ਸੋਨੀਆ ਪਤਨੀ ਸੁਨੀਲ ਕੁਮਾਰ ਸ਼ਾਮਲ ਹਨ। ਉਂਜ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਸਮੇਂ ਵੀ ਕੌਸਲਰ ਸੋਨੀਆ, ਵਿਕਰਮ ਕ੍ਰਾਂਤੀ ਤੇ ਮਮਤਾ ਸੈਣੀ ਕਾਂਗਰਸ ਦੇ ਹੱਕ ਵਿਚ ਨਹੀਂ ਭੁਗਤੇ ਸਨ।

ਇਹ ਵੀ ਪੜ੍ਹੋ Delhi Election Result;ਸਿੱਖ ਲੀਡਰਾਂ ਦੀ ਮੁੜ ਚੜ੍ਹਤ,BJP ਤੇ AAP ਦੀ ਟਿਕਟ ’ਤੇ 5 ਆਗੂ MLA ਬਣੇ

ਗੌਰਤਲਬ ਹੈ ਕਿ 50 ਮੈਂਬਰੀ ਬਠਿੰਡਾ ਨਗਰ ਨਿਗਮ ਦੇ ਹਾਊਸ ਵਿਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਸੀ ਪ੍ਰੰਤੂ ਇਸਦੇ ਬਾਵਜੂਦ 5 ਫ਼ਰਵਰੀ ਨੂੰ ‘ਮੇਅਰ’ ਦੀ ਕੁਰਸੀ ਲਈ ਹੋਈ ਚੋਣ ਵਿਚ ਬੁਰੀ ਤਰ੍ਹਾਂ ਹਾਰ ਗਈ।ਉਂਜ ਇਸ ‘ਮੇਅਰ’ ਦੀ ਚੋਣ ਵਿਚ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ‘ਮਿਲਗੋਭਾ’ ਬਣਿਆ ਰਿਹਾ। ਜਿੱਥੇ ਕਾਂਗਰਸ ਦੇ ਇੱਕ ਧੜੇ, ਅਕਾਲੀ ਦਲ ਤੇ ਮਨਪ੍ਰੀਤ ਖੇਮੇ ਵੱਲੋਂ ਜਚ ਕੇ ਆਪ ਦੀ ਮੱਦਦ ਕੀਤੀ ਗਈ, ਉਥੇ ਆਪ ਦੇ ਵਿਧਾਇਕ ਸਹਿਤ ਤਿੰਨ ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਮੇਅਰ ਉਮੀਦਵਾਰ ਦਾ ਡਟ ਕੇ ਵਿਰੋਧ ਕੀਤਾ। ਜਿਕਰਯੋਗ ਹੈ ਕਿ ਆਪ ਦੇ 8 ਕੋਂਸਲਰਾਂ ਵਿਚੋਂ ਵੀ ਪਦਮਜੀਤ ਮਹਿਤਾ ਦੇ ਹੱਕ ਵਿਚ ਸਿਰਫ਼ ਚਾਰ ਹੀ ਭੁਗਤੇ ਸਨ, ਜਿੰਨ੍ਹਾਂ ਵਿਚ ਬੇਅੰਤ ਸਿੰਘ ਰੰਧਾਵਾ, ਬਲਜੀਤ ਕੌਰ ਪਤਨੀ ਰਜਿੰਦਰ ਸਿੰਘ ਸਿੱਧੂੁ, ਅਮਨਦੀਪ ਕੌਰ ਰਾਣਾ ਤੇ ਰਤਨ ਰਾਹੀਂ ਸ਼ਾਮਲ ਹਨ। ਦੂਜੇ ਪਾਸੇ ਆਪ ਕੌਸਲਰ ਹਰਪਾਲ ਸਿੰਘ ਢਿੱਲੋਂ, ਗੁਰਦੇਵ ਕੌਰ ਛਿੰਦਾ ਅਤੇ ਸੁਖਦੀਪ ਸਿੰਘ ਢਿੱਲੋਂ ਨੇ ਵਿਰੋਧੀ ਧਿਰ ਦੇ ਹੱਕ ਵਿਚ ਬਾਹਾਂ ਖੜੀਆਂ ਕੀਤੀਆਂ ਸਨ। ਇਸਤੋਂ ਇਲਾਵਾ ‘ਆਪ’ ਨੂੰ ਆਪਣੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਵੀ ਵੋਟ ਨਹੀਂ ਮਿਲੀ ਸੀ।

ਇਹ ਵੀ ਪੜ੍ਹੋ ਪੁਲਿਸ ਨੇ ਪਿਛਲੇ ਦਿਨੀ 100 ਫੁੱਟੀ ਰੋਡ ਤੇ ਇੱਕ ਵਿਅਕਤੀ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ 5 ਵਿਅਕਤੀਆਂ ਨੂੰ ਕੀਤਾ ਕਾਬੂ

ਪ੍ਰੰਤੂ ਇਸਦੇ ਬਾਵਜੂਦ ਮੇਅਰ ਦੀ ਚੋਣ ਸਮੇਂ ਆਪ ਦੇ ਹੱਕ ਵਿਚ 33 ਕੌਂਸਲਰ ਭੁਗਤ ਗਏ ਸਨ, ਜਿਸਦੇ ਵਿਚ ਸਭ ਤੋਂ ਵੱਡੀ ਗਿਣਤੀ ਕਾਂਗਰਸੀ ਕੌਂਸਲਰਾਂ ਦੀ ਸੀ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਧੜੇ ਨਾਲ ਸਬੰਧਤ ਮੰਨੇ ਜਾਂਦੇ ਅੱਧੀ ਦਰਜ਼ਨ ਕੌਸਲਰ ਵੀ ਇੱਕ ਮੋਰੀ ਟੱਪੇ ਸਨ। ਜਦੋਂਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਨਜਦੀਕੀ ਮੰਨਿਆ ਜਾਂਦਾ ਗੋਬਿੰਦ ਮਸੀਹ ਅਤੇ ਅਕਾਲੀ ਦਲ ਬਾਦਲ ਦੇ ਚਾਰੇਂ ਕੌਸਲਰ ਮੱਖਣ ਸਿੰਘ ਠੇਕੇਦਾਰ, ਸ਼ੈਰੀ ਗੋਇਲ, ਸੰਤੋਸ਼ ਮਹੰਤ ਅਤੇ ਸੰਜੇ ਬਿਸਵਾਲ ਨੇ ਵੀ ਖੁੱਲ ਕੇ ਆਪ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਦੇ ਹੱਕ ਵਿਚ ਹੱਥ ਖੜੇ ਕੀਤੇ ਸਨ। ਉਂਜ ਸ਼ਹਿਰ ਵਿਚ ਇੰਨ੍ਹੀਂ ਦਿਨੀਂ ਅਕਾਲੀ ਦਲ ਦੀ ‘ਦੋਹਰੀ’ ਨੀਤੀ ਦੀ ਵੀ ਚਰਚਾ ਚੱਲ ਰਹੀ ਹੈ। ਇੱਕ ਪਾਸੇ ਜਿੱਥੇ ਸੁਖਬੀਰ ਸਿੰਘ ਬਾਦਲ ਦਿੱਲੀ ’ਚ ਆਪ ਦੀ ਹਾਰ ’ਤੇ ਖ਼ੁਸੀ ਮਨਾ ਰਹੇ ਹਨ, ਊਥੇ ਦੂਜੇ ਪਾਸੇ ਪਿਛਲੇ ਦਿਨੀਂ ਹੋਈਆਂ ਉਪ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵੱਲੋਂ ਸ਼ਰੇਆਮ ਡੇਰਾ ਬਾਬਾ ਨਾਨਕ ਵਿਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਤੇ ਗਿੱਦੜਬਾਹਾ ਵਿਚ ਕੁੱਝ ਅਕਾਲੀ ਆਗੂਆਂ ਵੱਲੋਂ ਆਪ ਦੇ ਉਮੀਦਵਾਰਾਂ ਦੀ ਮੱਦਦ ਕਰਨ ਦੀ ਚਰਚਾ ਸੁਣਾਈ ਦਿੰਦੀ ਰਹੀ। ਇਸੇ ਤਰ੍ਹਾਂ ਹੁਣ ਬਾਦਲਾਂ ਦਾ ਆਪਣਾ ਜੱਦੀ ‘ਹਲਕਾ’ ਮੰਨੇ ਜਾਂਦੇ ਬਠਿੰਡਾ ਸ਼ਹਿਰ ਵਿਚ ਆਪ ਦਾ ਮੇਅਰ ਬਣਾਉਣ ਵਿਚ ਸਹਾਇਤਾ ਕੀਤੀ। ਹਾਲਾਂਕਿ ਜਦ ਪਿਛਲੀ ਵਾਰ ਮਨਪ੍ਰੀਤ ਹਿਮਾਇਤੀ ਮੇਅਰ ਰਮਨ ਗੋਇਲ ਦੇ ਉਲਟ ਭੁਗਤਣ ਵਾਲੇ ਆਪਣੇ ਚਾਰ ਕੌਂਸਲਰਾਂ ਨੂੰ ਹੁਕਮ ਨਾ ਮੰਨਣ ਕਾਰਨ ‘ਬਾਹਰ’ ਦਾ ਰਾਸਤਾ ਦਿਖ਼ਾ ਦਿੱਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here