ਬਠਿੰਡਾ, 18 ਮਾਰਚ: ਪਿਛਲੇ ਦਿਨੀ ਹੋਈ ਗੜੇਮਾਰੀ ਤੇ ਤੂਫਾਨ ਕਾਰਨ ਫਸਲਾਂ, ਘਰਾਂ, ਪਸ਼ੂਆਂ ਦੇ ਸੈੱਡਾਂ ਆਦਿ ਦੇ ਹੋਏ ਨੁਕਸਾਨ ਅਤੇ ਪਿੰਡ ਰਾਏ ਕੇ ਕਲਾਂ ਵਿਖੇ ਭਿਆਨਕ ਮਹਾਂਮਾਰੀ ਕਾਰਨ 400 ਤੋਂ ਵੱਧ ਹੋਏ ਪਸ਼ੂਆਂ ਦੀ ਮੌਤ ਦੇ ਮੁਆਵਜੇ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫਦ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪਹੁੰਚਿਆ। ਜਿਸ ਸਬੰਧੀ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਡਿਪਟੀ ਕਮਿਸ਼ਨਰ ਦੇ ਪੀਏ ਰਾਹੀਂ ਪਹਿਲਾਂ ਹੀ ਧਿਆਨ ਚ ਲਿਆਂਦਾ ਜਾ ਚੁੱਕਾ ਸੀ ਪਰ ਅੱਜ ਜਦੋਂ ਕਿਸਾਨ ਬਠਿੰਡੇ ਪਹੁੰਚੇ ਤਾਂ ਜਿਲ੍ਹੇ ਦਾ ਕੋਈ ਵੀ ਉੱਚ ਸਿਵਲ ਅਧਿਕਾਰੀ ਉਥੇ ਕਿਸਾਨਾਂ ਦੀ ਗੱਲ ਸੁਣਨ ਲਈ ਮੌਜੂਦ ਨਾ ਹੋਣ ਕਾਰਨ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਮੁੱਖ ਗੇਟ ਦਾ ਘਿਰਾਉ ਕਰ ਲਿਆ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕਿਸਾਨਾਂ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਕਰਵਾਈ ਗਈ। ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਸਬੰਧੀ ਆਡਰਾਂ ਦੀ ਕਾਪੀ ਦਿੱਤੀ ਜਾਵੇ ਤਾਂ ਵਧੀਕ ਡਿਪਟੀ ਕਮਿਸ਼ਨਰ ਨੇ ਇਹ ਆਰਡਰ ਦੀ ਕਾਪੀ ਨਾ ਹੋਣ ਦੀ ਗੱਲ ਆਖੀ ।
ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਦੇ ਚੱਲਦਿਆਂ ਬਠਿੰਡਾ ’ਚ ਸਰਗਰਮੀਆਂ ਕੀਤੀਆਂ ਤੇਜ਼
ਜਿਸ ਤੋਂ ਬਾਅਦ ਕਿਸਾਨਾਂ ਨੇ ਗੇਟ ’ਤੇ ਆ ਕੇ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਧਰਨਾ ਲਾਇਆ ਜਾਵੇਗਾ ਜੋ ਮਸਲੇ ਦਾ ਹੱਲ ਹੋਣ ਤੱਕ ਜਾਰੀ ਰਹੇਗਾ। ਅੱਜ ਦੇ ਵਫਦ ਵਿੱਚ ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਜਗਸੀਰ ਸਿੰਘ ਝੁੰਬਾ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਅਮਰੀਕ ਸਿੰਘ ਸਿਵੀਆਂ, ਗੁਰਪਾਲ ਸਿੰਘ ਦਿਉਣ, ਅਜੈਪਾਲ ਸਿੰਘ ਘੁੱਦਾ ਸਮੇਤ ਵੱਡੀ ਗਿਣਤੀ ਚ ਕਿਸਾਨ ਸਾਮਲ ਸਨ। ਕਿਸਾਨ ਆਗੂਆਂ ਨੇ 23 ਮਾਰਚ ਨੂੰ ਭਗਤ ਸਿੰਘ ,ਰਾਜਗੁਰੂ ,ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰਸ ਵਿੱਚ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ। ਇਨਕਲਾਬੀ ਗੀਤਕਾਰ ਹਰਬੰਸ ਸਿੰਘ ਘਣੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।