ਬਠਿੰਡਾ, 11 ਦਸੰਬਰ: ਨਰਮੇ ਦੀ ਐਮ ਐਸ ਪੀ ਤੋਂ ਘੱਟ ਮੁੱਲ ‘ਤੇ ਖਰੀਦ ਕਰਕੇ ਕਿਸਾਨਾਂ ਦੀ ਲੁੱਟ ਖਸੁੱਟ ਵਿਰੁੱਧ ਮੋਰਚਾ ਖੋਲ੍ਹਦਿਆਂ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਟਨ ਕਾਰਪੋਰੇਸ਼ਨ ਆਫ ਇੰਡੀਆ ( ਸੀ ਸੀ ਆਈ ) ਬਠਿੰਡਾ ਜੋਨ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਆਗੂ ਜਗਤਾਰ ਸਿੰਘ ਨੇ ਕਿਹਾ ਕਿ ਸੀਸੀਆਈ ਵੱਲੋਂ ਨਰਮੇ ਦੀ ਖਰੀਦ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਪ੍ਰਾਈਵੇਟ ਵਪਾਰੀ ਨਰਮੇ ਦੀ ਫਸਲ ਨੂੰ ਕੌਡੀਆਂ ਦੇ ਭਾਅ ਲੁੱਟ ਰਹੇ ਹਨ।
ਹਸਪਤਾਲ ‘ਚ ਮੈਡੀਕਲ ਕਰਵਾਉਣ ਆਏ ਥਾਣੇਦਾਰ ਤੇ ਵਕੀਲ ਹੋਏ ਗੁੱਥਮਗੁੱਥਾ
ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਖੇਤੀ ਵਿਰੋਧੀ ਨੀਤੀਆਂ ਤਹਿਤ ਨਰਮੇ ਦੀ ਫਸਲ ‘ਤੇ ਹਰ ਸਾਲ ਵਧ ਰਹੀਆਂ ਬਿਮਾਰੀਆਂ ਅਤੇ ਕੁਦਰਤੀ ਆਫਤਾਂ ਕਾਰਨ ਪਹਿਲਾਂ ਹੀ ਨਰਮੇ ਦੀ ਫਸਲ ਦਾ ਉਤਪਾਦਨ ਨਾਮਾਤਰ ਰਹਿ ਗਿਆ ਹੈ ਜਿਸ ਕਰਕੇ ਕਿਸਾਨ ਨਰਮੇ ਦੀ ਫਸਲ ਬੀਜਣ ਤੋਂ ਪਾਸਾ ਵੱਟ ਰਹੇ ਹਨ । ਇਸਦੇ ਬਾਵਜੂਦ ਜੇਕਰ ਕਿਸਾਨਾਂ ਨੇ ਆਪਣੀ ਸਖਤ ਮਿਹਨਤ ਕਰ ਕੇ ਥੋੜੀ ਬਹੁਤੀ ਫਸਲ ਤਿਆਰ ਕਰ ਲਈ ਹੈ ਤਾਂ ਉਸ ਦੀ ਕੀਮਤ ਨਹੀਂ ਮਿਲ ਰਹੀ। ਸਰਕਾਰ ਦੁਆਰਾ ਮਿਥਿਆ ਨਰਮੇ ਦਾ ਐਮਐਸਪੀ 7020 ਜੋ ਕਿ ਲਾਗਤ ਖਰਚੇ ਵੀ ਪੂਰੇ ਨਹੀਂ ਕਰਦਾ ,ਪਰ ਮੰਡੀਆਂ ਵਿੱਚ ਵਪਾਰੀਆਂ ਵੱਲੋਂ ਨਰਮੇ ਦੀ ਫਸਲ ਨੂੰ ਚਾਰ ਤੋਂ ਪੰਜ ਹਜਾਰ ਵਿੱਚ ਖਰੀਦ ਕੇ ਲੁੱਟਿਆ ਜਾ ਰਿਹਾ ਹੈ । ਧਰਨੇ ਦੌਰਾਨ ਸੀਸੀਆਈ ਦੇ ਜੋਨ ਮੈਨੇਜਰ ਵਿਨੋਦ ਕੁਮਾਰ ਅਤੇ ਸਾਖਾ ਮੈਨੇਜਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਕਿ ਰਾਮਾ ਮੰਡੀ ਅਤੇ ਮੌੜ ਮੰਡੀ ਵਿਖੇ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ।
ਤਿੰਨ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ‘ਚ ਕਾਂਗਰਸ ਤੇ ਆਪ ਦਾ ਹੋਵੇਗਾ ਗਠਜੋੜ !
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਝੋਨੇ ਦੀ ਫਸਲ ਬੀਜਣ ਦੇ ਬਜਾਏ ਹੋਰ ਫਸਲਾਂ ਬੀਜਣ ਦੇ ਸੁਝਾਅ ਦੇ ਰਹੀ ਹੈ ਪਰ ਨਰਮੇ ਦੀ ਫਸਲ ਦੇ ਭਰਪੂਰ ਉਤਪਾਦਨ ਅਤੇ ਖਰੀਦ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਕਾਰਪਰੇਟ ਨੀਤੀਆਂ ਤੇ ਚਲਦਿਆ ਸਰਕਾਰਾਂ ਵੱਲੋਂ ਅਸਲ ਵਿੱਚ ਨਰਮੇ ਦੀ ਖਰੀਦ ਨਾ ਕਰਨਾ, ਸਾਰੀਆਂ ਫਸਲਾਂ ਦੇ ਐਮਐਸਪੀ ਤੋਂ ਭੱਜਣ ਦੇ ਕਦਮ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੇ ਨਰਮੇ ਦੀ ਫਸਲ ਘੱਟ ਖਰਚੇ ਨਾਲ ਕਿਸਾਨਾਂ ਦੀ ਚੰਗੀ ਆਰਥਿਕਤਾ ਦਾ ਸਾਧਨ ਸੀ ਉਥੇ ਖੇਤਾਂ ਵਿੱਚ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ ਪੂਰੇ ਸਾਲ ਚੋਂ ਲੰਮਾ ਸਮਾਂ ਰੁਜ਼ਗਾਰ ਦਿੰਦੀ ਸੀ । ਨਰਮੇ ਦੀ ਖੇਤੀ ਤਬਾਹ ਹੋਣ ਨਾਲ ਕਿਸਾਨਾਂ ਨੂੰ ਖੇਤੀ ਮੋਟਰਾਂ ਤੇ ਹੋਰ ਵੱਡੇ ਖੇਤੀ ਸੰਦਾਂ ਤੇ ਵੱਧ ਖਰਚ ਕਰਨਾ ਪੈ ਰਿਹਾ ਹੈ।
ਸਰਕਾਰੀ ਅਸਾਲਟਾਂ ਨਾਲ ਵਰਦੀ ’ਚ ਚੋਰੀ ਦੀ ਕੋਸ਼ਿਸ ਕਰਨ ਵਾਲੇ ਬਰਖਾਸਤ ਪੁਲਸੀਏ ਨਿਕਲੇ
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਚੁੱਲੇ ਲਈ ਸਸਤਾ ਬਾਲਣ ਖਤਮ ਹੋ ਗਿਆ ਹੈ। ਵੱਖ ਵੱਖ ਬੁਲਾਰਿਆਂ ਨੇ ਸਾਰੀਆਂ ਫਸਲਾਂ, ਸਬਜ਼ੀਆਂ , ਫਲਾਂ,ਦੁੱਧ ਆਦਿ ਦਾ ਲਾਗਤ ਖਰਚੇ ( ਸੀ 2 ਫਾਰਮੂਲੇ ਮੁਤਾਬਿਕ) ਦਾ + 50 % ਘੱਟੋ ਘੱਟ ਸਮਰਥਨ ਮੁੱਲ ਮਿੱਥ ਕੇ ਸਰਕਾਰੀ ਖ਼ਰੀਦ ਦੀ ਗਰੰਟੀ ਦੇ ਕਨੂੰਨ ਦੀ ਮੰਗ ਕੀਤੀ । ਅੱਜ ਦੇ ਧਰਨੇ ਨੂੰ ਮਾਲਣ ਕੌਰ ਕੋਠਾ ਗੁਰੂ,ਬਸੰਤ ਸਿੰਘ ਕੋਠਾ ਗੁਰੂ,ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ,ਬਾਬੂ ਸਿੰਘ ਮੰਡੀ ਖੁਰਦ,ਸੁਖਦੇਵ ਸਿੰਘ ਰਾਮਪੁਰਾ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਬਿੰਦਰ ਸਿੰਘ ਜੋਗੇਵਾਲਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ,ਹਰਪ੍ਰੀਤ ਸਿੰਘ ਚੱਠੇਵਾਲਾ ,ਗੁਰਮੇਲ ਸਿੰਘ ਢੱਡੇ, ਲਖਵੀਰ ਸਿੰਘ ਵੀਰਾ ਸਿੰਘ ਨੇ ਵੀ ਸਬੋਧਨ ਕੀਤਾ। ਹਰਬੰਸ ਸਿੰਘ ਘਣੀਆਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।
Share the post "ਨਰਮੇ ਦੀ ਫ਼ਸਲ ਸਰਕਾਰੀ ਭਾਅ ‘ਤੇ ਕਰਵਾਉਣ ਲਈ ਕਿਸਾਨਾਂ ਨੇ ਲਗਾਇਆ ਸੀਸੀਆਈ ਦੇ ਦਫ਼ਤਰ ਅੱਗੇ ਧਰਨਾ"