ਚੰਡੀਗੜ੍ਹ, 26 ਫ਼ਰਵਰੀ: ਬੀਤੇ ਕੱਲ ਵਾਪਰੀ ਇੱਕ ਦੁਖਦਾਈ ਘਟਨਾ ਵਿਚ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਤੇ ਇਨੈਲੋ ਦੇ ਸੂਬਾ ਮੁਖੀ ਨਫ਼ੈ ਸਿੰਘ ਰਾਠੀ ਦਾ ਕੁੱਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਵਿਚ ਉਨ੍ਹਾਂ ਦਾ ਇੱਕ ਸਾਥੀ ਜੈਕਿਸ਼ਨ ਵੀ ਮਾਰਿਆ ਗਿਆ। ਬਹਾਦਰਗੜ੍ਹ ਨਜਦੀਕ ਦਿਨ ਦਿਹਾੜੇ ਆਈਟੀ ਕਾਰ ਦੇ ਵਿੱਚ ਆਏ ਹਮਲਾਵਾਰ ਨੇ ਇੱਕ ਰੇਲਵੇ ਦੇ ਬੰਦ ਫ਼ਾਟਕ ’ਤੇ ਖੜੀ ਸ਼੍ਰੀ ਰਾਠੀ ਦੀ ਫ਼ਾਰਚੂਨਰ ਕਾਰ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਨਫੇ ਸਿੰਘ ਰਾਠੀ ਦੇ ਧੌਣ ’ਤੇ ਵੱਜੀ ਗੋਲੀ ਜਾਨਲੇਵਾ ਸਾਬਤ ਹੋਈ। ਹਾਲਾਂਕਿ ਪੱਟ ਅਤੇ ਕਮਰ ’ਤੇ ਵੀ ਗੋਲੀਆਂ ਵੱਜੀਆਂ। ਘਟਨਾ ਤੋਂ ਬਾਅਦ ਹਮਲਾਵਾਰ ਗੋਲੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਪੁਲਿਸ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।