8 Views
ਨਸ਼ਾ ਤਸਕਰ ਬਿੱਲਾ ਹਵੇਲੀਆਂ ਨੂੰ ਭੇਜਿਆ ਡਿੱਬਰੂਗੜ੍ਹ
ਚੰਡੀਗੜ੍ਹ, 13 ਅਗਸਤ: ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਤੋੜਨ ਦੇ ਲਈ ਨਾਰਕੋਟਿਕਸ ਕੰਟਰੋਲ ਬਿਊਰੋ(NCB)ਅਤੇ ਪੰਜਾਬ ਪੁਲਿਸ ਵੱਲੋਂ ਮਿਲ ਕੇ ਇੱਕ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਦੇ ਤਹਿਤ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ ਹੁਣ ਪੰਜਾਬ ਦੀਆਂ ਜੇਲਾਂ ਦੇ ਵਿੱਚ ਨਹੀਂ ਰੱਖਿਆ ਜਾਵੇਗਾ। ਪਾਕਿਸਤਾਨ ਅਤੇ ਹੋਰਨਾਂ ਅੰਤਰਰਾਸ਼ਟਰੀ ਦੇਸ਼ਾਂ ਨਾਲ ਤਾਲੁਕਾਤ ਰੱਖਣ ਵਾਲੇ ਇਹਨਾਂ ਨਸ਼ਾ ਤਸਕਰਾਂ ਨੂੰ ਪੰਜਾਬ ਤੋਂ ਬਾਹਰ ਗੈਰ ਭਾਸ਼ਾਈ ਸੂਬਿਆਂ ਦੀਆਂ ਜੇਲਾਂ ਵਿੱਚ ਬੰਦ ਕੀਤਾ ਜਾਵੇਗਾ।
ਇਸੇ ਕੜੀ ਤਹਿਤ ਗੁਰਦਾਸਪੁਰ ਇਲਾਕੇ ਨਾਲ ਸੰਬੰਧਿਤ ਇੱਕ ਨਾਮਵਰ ਨਸ਼ਾ ਤਸਕਰ ਬਿੱਲਾ ਹਵੇਲੀਆਂ ਨੂੰ ਐਨਸੀਬੀ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ। ਸੂਤਰਾਂ ਮੁਤਾਬਿਕ ਬਿੱਲਾ ਹਵੇਲੀਆਂ ਦੇ ਵਿਰੁੱਧ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰੀ ਦੇ 10 ਪਰਚੇ ਦਰਜ ਹਨ ਅਤੇ ਉਸਦੇ ਪਾਕਿਸਤਾਨ ਚ ਬੈਠੇ ਵੱਡੇ ਤਸਕਰਾਂ ਦੇ ਨਾਲ ਸੰਪਰਕ ਜੁੜੇ ਹੋਏ ਹਨ ਬਿੱਲਾ ਹਵੇਲੀਆਂ ਨੂੰ ਕੁਝ ਸਮਾਂ ਪਹਿਲਾਂ ਹੀ ਐਨਸੀਬੀ ਵੱਲੋਂ ਪੰਜਾਬ ਪੁਲਿਸ ਨਾਲ ਕੀਤੀ ਇੱਕ ਸਾਂਝੀ ਕਾਰਵਾਈ ਦੇ ਵਿੱਚ ਗਿਰਫਤਾਰ ਕੀਤਾ ਗਿਆ ਸੀ। ਜੇਲ੍ਹ ਵਿਭਾਗ ਦੇ ਸੂਤਰਾਂ ਮੁਤਾਬਕ ਜਲਦੀ ਹੀ ਹੋਰਨਾਂ ਨਸ਼ਾ ਤਸਕਰਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ, ਜਿਨਾਂ ਨੂੰ ਪੰਜਾਬ ਦੀਆਂ ਜੇਲਾਂ ਤੋਂ ਬਾਹਰ ਭੇਜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਬੈਠੇ ਇਹ ਨਸ਼ਾ ਤਸਕਰ ਅਕਸਰ ਹੀ ਜੇਲ ਦੇ ਵਿੱਚ ਫੋਨ ਦੀ ਵਰਤੋਂ ਕਰਕੇ ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਦੇ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਰਹਿੰਦੇ ਹਨ ਜਿਸ ਜਸ ਕਾਰਨ ਉਹਨਾਂ ਦਾ ਨੈਟਵਰਕ ਬਣਿਆ ਰਹਿੰਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਪੰਜਾਬ ਦੇ ਜ਼ਿਆਦਾਤਰ ਚਰਚਿਤ ਨਸ਼ਾ ਤਸਕਰ ਬਠਿੰਡਾ ਦੀ ਕੇਂਦਰੀ ਜੇਲ ਵਿੱਚ ਬੰਦ ਹਨ। ਜਿਨਾਂ ਨੂੰ ਕੁਝ ਮਹੀਨੇ ਪਹਿਲਾਂ ਹੀ ਸੂਬੇ ਦੀਆਂ ਵੱਖ ਵਖ ਜੇਲਾਂ ਦੇ ਵਿੱਚੋਂ ਲਿਆ ਕੇ ਇੱਥੇ ਬੰਦ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਇਸ ਜੇਲ ਦੇ ਵਿੱਚ ਨਾਮਵਾਰ ਗੈਂਗਸਟਰ ਵੀ ਡੱਕੇ ਹੋਏ ਹਨ।