15 Views
ਚੰਡੀਗੜ੍ਹ ਤੋਂ ਹੋਣਗੇ ਮਨੀਸ਼ ਤਿਵਾੜੀ ਉਮੀਦਵਾਰ
ਨਵੀਂ ਦਿੱਲੀ, 13 ਅਪ੍ਰੈਲ: ਕਾਂਗਰਸ ਪਾਰਟੀ ਨੇ ਅੱਜ 16 ਉਮੀਦਵਾਰਾਂ ਦੀ ਹੋਰ ਲਿਸਟ ਜਾਰੀ ਕਰ ਦਿੱਤੀ ਹੈ। ਇਸ ਦੇ ਵਿੱਚ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਉੜੀਸਾ ਦੇ ਉਮੀਦਵਾਰਾਂ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ। ਜਾਰੀ ਲਿਸਟ ਮੁਤਾਬਿਕ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਵੱਲੋਂ ਹੁਣ ਮਨੀਸ਼ ਤਿਵਾੜੀ ਚੋਣ ਲੜਨਗੇ। ਉਹ ਮੌਜੂਦਾ ਸਮੇਂ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਐਮਪੀ ਹਨ। ਸ੍ਰੀ ਤਿਵਾੜੀ ਪਿਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ ਦੇ ਲਈ ਭੱਜ ਦੌੜ ਕਰ ਰਹੇ ਸਨ।
ਹਾਲਾਂਕਿ ਇੱਥੋਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਵੀ ਮੁੱਖ ਦਾਵੇਦਾਰ ਸਨ ਪਰੰਤੂ ਕਾਂਗਰਸ ਨੇ ਉਹਨਾਂ ਦੀ ਦਾਅਵੇਦਾਰੀ ਨੂੰ ਪਿੱਛੇ ਕਰਦਿਆਂ ਤਿਵਾੜੀ ਦੇ ਨਾਂ ਉੱਪਰ ਮੋਹਰ ਲਗਾ ਦਿੱਤੀ ਹੈ। ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਿਰਜਨ ਖੜਗੇ ਦੀ ਅਗਵਾਈ ਹੇਠ ਹੋਈ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀਆਂ ਚਾਰ ਲੋਕ ਸਭਾ ਸੀਟਾਂ ਦੇ ਵਿੱਚੋਂ ਦੋ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ।
ਜਿਨਾਂ ਦੇ ਵਿੱਚੋਂ ਮੰਡੀ ਦੀ ਚਰਚਿਤ ਸੀਟ ਉੱਪਰ ਮਹਰੂਮ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਵਿਕਰਮਦਿਤਿਆ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹ ਇਥੋਂ ਭਾਜਪਾ ਦੀ ਕੰਗਣਾ ਰਣੌਤ ਦਾ ਮੁਕਾਬਲਾ ਕਰਨਗੇ। ਇਸੇ ਤਰ੍ਹਾਂ ਸ਼ਿਮਲਾ ਲੋਕ ਸਭਾ ਹਲਕੇ ਤੋਂ ਵਿਨੋਦ ਸੁਲਤਾਨਪੁਰੀ ਨੂੰ ਟਿਕਟ ਦਿੱਤੀ ਗਈ ਹੈ। ਉਧਰ ਪੰਜਾਬ ਦੇ ਉਮੀਦਵਾਰਾਂ ਲਈ ਵੀ ਜਲਦੀ ਹੀ ਲਿਸਟ ਜਾਰੀ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਅੱਜ ਪੰਜਾਬ, ਹਰਿਆਣਾ, ਹਿਮਾਚਲ ਤੋਂ ਇਲਾਵਾ ਹੋਰਨਾ ਸੂਬਿਆਂ ਦੇ ਲਈ ਚੋਣ ਕਮੇਟੀ ਦੀ ਮੀਟਿੰਗ ਹੋਈ ਸੀ।