ਬਠਿੰਡਾ, 4 ਜੂਨ: ਹਰਸਿਮਰਤ ਕੌਰ ਬਾਦਲ ਦੀ ਜਿੱਤ ਨਾਲ ਵਿਰੋਧੀ ਧਿਰਾਂ ਵੱਲੋਂ ‘ਬਾਦਲਾਂ’ ਨੂੰ ਸੂਬੇ ਦੀ ਸਿਆਸਤ ਵਿਚੋਂ ‘ਮਨਫ਼ੀ’ ਕਰਨ ਦੀਆਂ ਉਮੀਦਾਂ ਉੱਤੇ ਪਾਣੀ ਫ਼ਿਰ ਗਿਆ ਹੈ। ਇਸ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੀ ਜਿੱਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰਾ ਜੋਰ ਲਗਾਇਆ ਗਿਆ ਸੀ। ਚੋਣ ਨਤੀਜਿਆਂ ਵਿਚ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੂਰੇ ਬਠਿੰਡਾ ਲੋਕ ਸਭਾ ਹਲਕੇ ਵਿਚੋਂ ਸਰਦੂਲਗੜ੍ਹ,ਮੋੜ ਅਤੇ ਮਾਨਸਾ ਹਲਕੇ ਵਿਚ ਹੀ ਆਮ ਆਦਮੀ ਪਾਰਟੀ ਪਹਿਲੇ ਨੰਬਰ ’ਤੇ ਆਈ ਹੈ। ਜਦੋਂਕਿ ਬਾਕੀ ਸਾਰੇ ਹਲਕਿਆਂ ਵਿਚ ਉਸਨੂੰ ਦੂਜੇ ਸਥਾਨ ‘ਤੇ ਹੀ ਸਬਰ ਕਰਨਾ ਪਿਆ ਹੈ। ਸਰਕਾਰ ਬਣਨ ਤੋਂ ਬਾਅਦ ਸਿਰਫ਼ ਸਵਾ ਦੋ ਸਾਲਾਂ ਵਿਚ ਹੀ ਹੈਰਾਨੀਜਨਕ ਤਰੀਕੇ ਨਾਲ ਵੋਟਰ ਆਪ ਤੋਂ ਦੂਰ ਹੋਇਆ ਹੈ। ਵਿਧਾਨ ਸਭਾ ਚੋਣਾਂ ਦੌਰਾਨ ਇਸ ਲੋਕ ਸਭਾ ਹਲਕੇ ਵਿਚ ਪੈਂਦੇ ਇੰਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿਚ ਆਪ ਨੂੰ ਪਈ 6 ਲੱਖ 86 ਹਜ਼ਾਰ 652 ਵੋਟ ਵਿਚੋਂ ਹੁਣ ਸਿਰਫ਼ ਗੁਰਮੀਤ ਸਿੰਘ ਖੁੱਡੀਆ ਦੇ ਹਿੱਸੇ ਸਵਾ ਤਿੰਨ ਲੱਖ ਵੋਟ ਹੀ ਆਈ ਹੈ।
ਚੋਣ ਰੁਝਾਨ:ਬਠਿੰਡਾ ਹਲਕੇ ’ਚ ਹਰਸਿਮਰਤ ਬਾਦਲ ਨੇ 45494 ਵੋਟਾਂ ਨਾਲ ਆਪ ਉਮੀਦਵਾਰ ਤੋਂ ਹਾਸਲ ਕੀਤੀ ਲੀਡ
ਜੇਕਰ ਆਪ ਦੀ ਵੋਟ ਘਟਣ ਦੇ ਕਾਰਨਾਂ ਦੀ ਚਰਚਾ ਕੀਤੀ ਜਾਵੇ ਤਾਂ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਜਿਆਦਾਤਰ ਕੁੱਝ ਇੱਕ ਆਪ ਵਿਧਾਇਕਾਂ ਦੇ ਵਤੀਰੇ ਅਤੇ ਮਾੜੀ ਕਾਰਗੁਜ਼ਾਰੀ ਕਾਰਨ ਵੋਟਰ ਸਭ ਤੋਂ ਵੱਧ ਨਰਾਜ਼ ਹੋਏ ਹਨ। ਇਸੇ ਤਰ੍ਹਾਂ ਦੋ ਵਿਧਾਇਕਾਂ ਦੇ ਕਥਿਤ ਭ੍ਰਿਸਟਾਚਾਰ ਵਿਚ ਜੇਲ੍ਹ ਚਲ੍ਹੇ ਜਾਣ ਨੇ ਵੀ ਆਪ ਦੇ ‘ਇਮਾਨਦਾਰੀ’ ਵਾਲੇ ਦਾਅਵੇ ਉੱਪਰ ਸਵਾਲ ਖੜ੍ਹੇ ਕੀਤੇ ਹਨ। ਇਸੇ ਤਰ੍ਹਾਂ ਸੂਬੇ ਵਿਚ ਸਰਕਾਰ ਬਣਨ ਤੋਂ ਬਾਅਦ ਆਪ ਨੇ ਬਠਿੰਡਾ ਲੋਕ ਸਭਾ ਹਲਕੇ ਵਿਚੋਂ ਸਭ ਤੋਂ ਵੱਧ ਨੇਤਾਵਾਂ ਨੂੰ ਚੇਅਰਮੈਨ, ਡਾਇਰੈਕਟਰ ਤੇ ਹੋਰ ਮਹੱਤਵਪੂਰਨ ਪਦਵੀਆਂ ਨਾਲ ਨਿਵਾਜਿਆਂ ਪ੍ਰੰਤੂ ਇੰਨ੍ਹਾਂ ਵਿਚਂੋ ਕਈ ਇੱਕ ਚੇਅਰਮੈਨ ਤੇ ਡਾਇਰੈਕਟਰ ਪਾਰਟੀ ਲਈ ਬੋਝ ਸਾਬਤ ਹੁੰਦੇ ਨਜ਼ਰ ਆਏ ਹਨ।।
ਚੋਣ ਰੁਝਾਨ: ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ , ਚਰਨਜੀਤ ਚੰਨੀ ਤੇ ਮੀਤ ਹੇਅਰ ਜਿੱਤ ਵੱਲ ਵਧੇ
ਇਸਤੋਂ ਇਲਾਵਾ ਪਾਰਟੀ ਦੀ ਇਸ ਵਕਾਰੀ ਸੀਟ ‘ਤੇ ਹਾਰ ਦਾ ਇੱਕ ਹੋਰ ਤੀਜ਼ਾ ਪ੍ਰਮੁੱਖ ਕਾਰਨ ਪਾਰਟੀ ਸੰਗਠਨ ਵਿਚ ਅਨੁਸਾਸਨ ਦੀ ਵੱਡੀ ਘਾਟ ਵੀ ਦੇਖਣ ਨੂੰ ਮਿਲ ਰਹੀ ਹੈ। ਜਿਆਦਾਤਰ ਸੰਗਠਨ ਦੇ ਆਗੂ, ਵਿਧਾਇਕ ਜਾਂ ਚੇਅਰਮੈਨ ਲੋਕਾਂ ਨੂੰ ਪਾਰਟੀ ਨਾਲ ਜੋੜਣ ਦੀ ਬਜਾਏ ਆਪਸ ਵਿਚ ਇੱਕ ਦੂਜੇ ਨੂੰ ਹੀ ਜਨਮ ਦਿਨ ਤੇ ਮੈਰਿਜ ਐਨਵਰਸਰੀਆਂ ’ਤੇ ਹੀ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਪਾਰਟੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਵਕਾਰੀ ਸੀਟ ’ਤੇ ਇਸ ਤਰ੍ਹਾਂ ਮਿਲੀ ਭਾਰੀ ਹਾਰ ਦੇ ਬਾਵਜੂਦ ਵੀ ਜੇਕਰ ਚੇਅਰਮੈਨੀਆਂ ਤੇ ਸੰਗਠਨ ਵਿਚ ਫ਼ੇਰਬਦਲ ਨਾ ਕੀਤਾ ਤਾਂ ਮਿਹਨਤੀ ਵਲੰਟੀਅਰਾਂ ਵਿਚ ਨਿਰਾਸ਼ਾ ਦਾ ਆਲਮ ਹੋਰ ਵਧ ਜਾਵੇਗਾ ਜੋਕਿ ਪੰਚਾਇਤੀ ਚੋਣਾਂ ਵਿਚ ਵੀ ਪਾਰਟੀ ਲਈ ਘਾਤਕ ਸਾਬਤ ਹੋ ਸਕਦਾ ਹੈ।
Share the post "ਵਿਧਾਇਕਾਂ ਦੀ ਵਿਰੋਧਤਾ, ਚੇਅਰਮੈਨਾਂ ਦੀ ਢਿੱਲੀ ਕਾਰਗੁਜ਼ਾਰੀ ਤੇ ਸੰਗਠਨ ’ਚ ਅਨੁਸ਼ਾਸਨ ਦੀ ਘਾਟ ਰਹੇ ਬਠਿੰਡਾ ’ਚ ਆਪ ਦੀ ਹਾਰ ਦਾ ਮੁੱਖ ਕਾਰਨ"