ਫ਼ਿਲੌਰ, 25 ਜੁਲਾਈ: ਕਰੀਬ ਦੋ ਹਫ਼ਤੇ ਪਹਿਲਾਂ 11 ਜੁਲਾਈ ਨੂੰ ਫ਼ਿਲੌਰ ਪੁਲਿਸ ਵੱਲੋਂ ਕਥਿਤ ਤੌਰ ’ਤੇ ਨਸ਼ਾ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਐਮ.ਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਉਸਦੇ ਸਾਥੀ ਲਵਪ੍ਰੀਤ ਸਿੰਘ ਨੂੰ ਸਥਾਨਕ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ। ਹਾਲਾਂਕਿ ਗ੍ਰਿਫਤਾਰੀ ਤੋਂ ਬਾਅਦ 12 ਜੁਲਾਈ ਨੂੰ ਅਦਾਲਤ ਨੇ ਦੋਨਾਂ ਨੂੰ ਸਿੱਧਾ ਜੇਲ੍ਹ ਭੇਜ ਦਿੱਤਾ ਸੀ ਪ੍ਰੰਤੂ ਬਾਅਦ ਵਿਚ ਪੁਲਿਸ ਨੇ ਜਲੰਧਰ ਅਦਾਲਤ ਵਿਚ ਅਰਜੀ ਦਾਈਰ ਕਰਕੇ ਦੋਨਾਂ ਦਾ ਦੋ ਰੋਜ਼ਾ ਪੁਲਿਸ ਰਿਮਾਂਡ ਵੀ ਹਾਸਲ ਕੀਤੀ ਸੀ, ਜਿਸਤੋਂ ਬਾਅਦ ਮੁੜ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਸੀ।
Ex CM ਚੰਨੀ ਨੇ ਸੰਸਦ ਵਿੱਚ ਅੰਮ੍ਰਿਤਪਾਲ ਸਿੰਘ ਤੇ ਸਿੱਧੂ ਮੂਸੇਵਾਲਾ ਦਾ ਚੁੱਕਿਆ ਮੁੱਦਾ
ਜਿਕਰਯੋਗ ਹੈ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਅਤੇ ਲਵਪੀ੍ਰਤ ਸਿੰਘ ਨੂੂੰ ਇੱਕ ਗੱਡੀ ਵਿਚ ਬੈਠੇ ਹੋਏ ਨਸ਼ਾ ਕਰਦੇ ਸਮੇਂ ਫ਼ੜਣ ਦਾ ਦਾਅਵਾ ਕੀਤਾ ਸੀ ਤੇ ਨਾਲ ਹੀ ਦਸਿਆ ਸੀ ਕਿ ਹਰਪ੍ਰੀਤ ਸਿੰਘ ਦੇ ਕੋਲੋਂ 4 ਗ੍ਰਾਂਮ ਆਈਸ ਡਰੱਗ ਮਿਲੀ ਹੈ, ਜੋਕਿ ਉਸਨੇ ਲੁਧਿਆਣਾ ਦੇ ਇੱਕ ਨਸ਼ਾ ਤਸਕਰ ਕੋਲੋਂ ਆਨ ਲਾਈਨ ਪੇਮੈਂਟ ਕਰਕੇ ਖ਼ਰੀਦੀ ਸੀ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਨੇ ਪੁਲਿਸ ਦੇ ਦਾਅਵੇ ਨੂੰ ਝੁਠਲਾਉਂਦਿਆਂ ਕਿਹਾ ਸੀ ਕਿ ਪ੍ਰਵਾਰ ਤੇ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਇਹ ਸਾਜਸ਼ ਘੜੀ ਗਈ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਵਿਚ ਐਨਐਸਏ ਦੇ ਤਹਿਤ ਖਡੂਰ ਸਾਹਿਬ ਹਲਕੇ ਤੋਂ ਅਜਾਦ ਐਮ.ਪੀ ਵਜੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਤੇ 5 ਜੁਲਾਈ ਨੂੰ ਉਨ੍ਹਾਂ ਨੇ ਸੰਸਦ ਵਿਚ ਸਹੁੰ ਵੀ ਚੁੱਕ ਲਈ ਹੈ।