ਬਠਿੰਡਾ, 19 ਦਸੰਬਰ: Bathinda News: ਪਿਛਲੇ ਕਰੀਬ ਦੋ ਸਾਲਾਂ ਤੋਂ ਰਾਜਨੀਤਕ ਤੌਰ ’ਤੇ ਸ਼ਾਂਤ ਚੱਲ ਰਹੇ ਬਠਿੰਡਾ ਵਿਚ ਆਗਾਮੀ 21 ਦਸੰਬਰ ਨੂੰ ਹੋਣ ਜਾ ਰਹੀ ਵਾਰਡ ਨੰਬਰ 48 ਦੀ ਉਪ ਚੋਣ ਨੇ ਅਚਾਨਕ ਠੰਢ ਦੇ ਵਿਚ ਇਕਦਮ ਸਿਆਸੀ ਪਾਰਾ ਗਰਮਾ ਦਿੱਤਾ ਹੈ। ਹਾਲਾਂਕਿ ਬਠਿੰਡਾ ਜ਼ਿਲ੍ਹੇ ਤੋਂ ਇਲਾਵਾ ਪੂਰੇ ਪੰਜਾਬ ਦੇ ਵਿਚ ਹੋਰਨਾਂ ਥਾਵਾਂ ’ਤੇ ਵੀ ਨਗਰ ਨਿਗਮ ਤੇ ਕੋਂਸਲ ਚੋਣਾਂ ਹੋ ਰਹੀਆਂ ਹਨ ਪ੍ਰੰਤੂ ਬਠਿੰਡਾ ਸਿਟੀ ਦੇ ਵਿਚ ਹੋਣ ਜਾ ਰਹੀ ਇਹ ਉਪ ਚੋਣ ਕਾਫ਼ੀ ਦਿਲਚਸਪ ਬਣੀ ਹੋਈ ਹੈ। ਇਸ ਦਿਲਚਸਪੀ ਦਾ ਮੁੱਖ ਕਾਰਨ ਵਿਧਾਇਕ ਦੇ ਜੱਦੀ ਵਾਰਡ ’ਚ ਹੋਣ ਜਾ ਰਹੀ ਉਪ ਚੋਣ ਦੌਰਾਨ ਵਿਧਾਇਕ ਵੱਲੋਂ ਬਣਾਈ ਦੂਰੀ ਤੇ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਸਨੂੰ ‘ਸੁਨਿਹਰੀ’ ਮੌਕਾ ਸਮਝ ਕੇ ਵਿਧਾਇਕ ਨੂੰ ਸਿਆਸੀ ‘ਠਿੱਬੀ’ ਲਗਾਉਣ ਦੇ ਕੀਤੇ ਜਾ ਰਹੇ ਯਤਨ ਹਨ।
ਇਹ ਵੀ ਪੜ੍ਹੋ ਸੰਸਦ ’ਚ ਹੰਗਾਮਾ, ਧੱਕਾਮੁੱਕੀ ਦੌਰਾਨ ਭਾਜਪਾ ਦੇ ਐਮਪੀ ਹੋਏ ਜਖ਼ਮੀ, ਸ਼ੈਸਨ ਦੀ ਕਾਰਵਾਈ ਮੁੜ ਮੁਅੱਤਲ
ਜਿਕਰਯੋਗ ਹੈ ਕਿ ਇਸ ਉਪ ਚੋਣ ਵਿਚ ‘ਟਵਿਸਟ’ ਉਸ ਸਮੇਂ ਆਇਆ ਜਦ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਮੌਜੂਦਾ ਵਿਧਾਇਕ ਤੇ ਇਸ ਵਾਰਡ ਦੇ ਵਾਸੀ ਜਗਰੂਪ ਸਿੰਘ ਗਿੱਲ ਦੇ ਸਮਰਥਕ ਬਲਵਿੰਦਰ ਸਿੰਘ ਬਿੰਦਰ ਦੀ ਟਿਕਟ ਕੱਟ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੂੰ ਟਿਕਟ ਦੇ ਦਿੱਤੀ। ਬਿੰਦਰ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਸਫ਼ਾ ਵਿਚ ਵਿਚਰ ਰਿਹਾ ਸੀ ਕਿ ਅਚਾਨਕ ਵਿਧਾਇਕ ਨੇ ਉਨ੍ਹਾਂ ਨੂੰ ਆਪਣੇ ਖੇਮੇ ਵਿਚ ਲਿਆ ਕੇ ਇਸ ਵਾਰਡ ਤੋਂ ਆਪ ਦਾ ਉਮੀਦਵਾਰ ਬਣਾ ਦਿੱਤਾ ਸੀ ਪ੍ਰੰਤੂ ਪਿਛਲੇ ਦੋ-ਢਾਈ ਸਾਲਾਂ ਤੋਂ ਅੰਦਰਖ਼ਾਤੇ ਵਿਧਾਇਕ ਨਾਲ ਨਰਾਜ਼ ਦਿਖ਼ਾਈ ਦੇ ਰਹੇ ਕੁੱਝ ਚੇਅਰਮੈਨਾਂ ਅਤੇ ਵਿਧਾਇਕ ਦੇ ਹੋਰਨਾਂ ਸਿਆਸੀ ਵਿਰੋਧੀਆਂ ਨੇ ਇਸ ਮੁੱਦੇ ਨੂੰ ਫ਼ੜ ਲਿਆ ਅਤੇ ਰਾਤੋ-ਰਾਤ ਟਿਕਟ ਬਦਲਾ ਦਿੱਤੀ।
ਇਹ ਵੀ ਪੜ੍ਹੋ ਨਿਗਮ ਚੋਣਾਂ: ਵੋਟਾਂ ਤੋਂ ਪਹਿਲਾਂ ਆਪ ਤੇ ਅਕਾਲੀ ਦਲ ਦੇ ਸਮਰਥਕਾਂ ’ਚ ਚੱਲੇ ਘਸੁੰਨ-ਮੁੱਕੇ
ਬੇਸ਼ੱਕ ਇਸ ਵਾਰਡ ਤੋਂ ਆਪ ਤੇ ਬਾਗੀ ਉਮੀਦਵਾਰ ਸਹਿਤ ਕੁੱਲ 7 ਉਮੀਦਵਾਰ ਮੈਦਾਨ ਵਿਚ ਡਟੇ ਹੋਏ ਹਨ ਪ੍ਰੰਤੂ ਸ਼ਹਿਰ ਦੇ ਲੋਕਾਂ ਦੀ ਜੁਬਾਨ ’ਤੇ ਚਰਚਾ ਇੰਨ੍ਹਾਂ ਦੋਨਾਂ ਉਮੀਦਵਾਰਾਂ ਦੀ ਹੀ ਚੱਲ ਰਹੀ ਹੈ। ਹਾਲਾਂਕਿ ਇਸ ਵਾਰਡ ਤੋਂ ਜਿੱਤ ਹਾਰ ਕਿਸੇ ਦੀ ਵੀ ਹੋਵੇ ਪ੍ਰੰਤੂ ਇਸਦਾ ਪ੍ਰਭਾਵ ਆਉਣ ਵਾਲੀ 2027 ਤੱਕ ਬਣੇ ਰਹਿਣ ਦੀ ਪੂਰੀ ਉਮੀਦ ਹੈ। ਸਿਆਸੀ ਮਾਹਰਾਂ ਮੁਤਾਬਕ ਜੇਕਰ ਮਹਿਤਾ ਆਪਣੇ ਪੁੱਤਰ ਨੂੰ ਇੱਥੋਂ ਜਿਤਾਉਣ ਵਿਚ ਸਫ਼ਲ ਰਹਿੰਦਾ ਹੈ ਤਾਂ ਨਗਰ ਨਿਗਮ ਦੀ ਖਾਲੀ ਪਈ ‘ਮੇਅਰ’ ਦੀ ਕੁਰਸੀ ’ਤੇ ਪਦਮਜੀਤ ਮਹਿਤਾ ਨੂੰ ਬੈਠਣ ਤੋਂ ਕੋਈ ਤਾਕਤ ਰੋਕ ਨਹੀਂ ਸਕਦੀ । ਪੰਤੂ ਜੇਕਰ ਅਜਾਦ ਉਮੀਦਵਾਰ ਬਿੰਦਰ ਜਿੱਤ ਜਾਂਦਾ ਹੈ ਤਾਂ ਵਿਧਾਇਕ ਦਾ ਸਿਆਸੀ ਕੱਦ ਬਠਿੰਡਾ ਦੇ ਲੋਕਾਂ ਵਿਚ ਹੋਰ ਵੀ ਕਈ ਗੁਣਾ ਵਧ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Bathinda News: ਨਗਰ ਨਿਗਮ ਉੱਪ ਚੋਣ: ਬਠਿੰਡਾ ’ਚ ਆਪ ਬਨਾਮ ਵਿਰੋਧੀ ਧੜੇ ’ਚ ਲੱਗੀ ਸਿਰਧੜ ਦੀ ਬਾਜ਼ੀ"