11 Views
ਜਲਦੀ ਹੀ ਰਾਸ਼ਟਰਪਤੀ ਕੋਲ ਸਰਕਾਰ ਬਣਾਉਣ ਲਈ ਕਰਨਗੇ ਦਾਅਵਾ ਪੇਸ਼
ਨਵੀਂ ਦਿੱਲੀ, 5 ਜੂਨ: ਐਨਡੀਏ ਨੇ ਮੁੜ ਨਰਿੰਦਰ ਮੋਦੀ ਨੂੰ ਆਪਣਾ ਲੀਡਰ ਚੁਣ ਲਿਆ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਉੱਪਰ ਗਠਜੋੜ ਦੇ ਆਗੂਆਂ ਦੀ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਪਤਾ ਲੱਗਿਆ ਹੈ ਕਿ ਇਸ ਮੀਟਿੰਗ ਤੋਂ ਬਾਅਦ ਜਲਦੀ ਹੀ ਗਠਜੋੜ ਦੇ ਆਗੂ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਮਿਲਣ ਲਈ ਜਾਣਗੇ ਅਤੇ ਐਨਡੀਏ ਵੱਲੋਂ ਸ੍ਰੀ ਮੋਦੀ ਦੀ ਅਗਵਾਈ ਹੇਠ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਜਾਵੇਗਾ।
ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਦੀ ਹੋਈ ਮੀਟਿੰਗ ਦੇ ਵਿੱਚ 17ਵੀਂ ਲੋਕ ਸਭਾ ਨੂੰ ਭੰਗ ਕਰਨ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਸੀ। ਉਸ ਤੋਂ ਬਾਅਦ ਇਹ ਐਨਡੀਏ ਗਠਜੋੜ ਦੀ ਪਹਿਲੀ ਮੀਟਿੰਗ ਹੋਈ ਹੈ ਅਤੇ ਇਸ ਮੀਟਿੰਗ ਦੇ ਵਿੱਚ ਭਾਜਪਾ ਦੇ ਲਗਭਗ ਸਾਰੇ ਸਾਥੀ ਮੌਜੂਦ ਦੱਸੇ ਜਾ ਰਹੇ ਹਨ। ਇੱਥੇ ਇਹ ਵੀ ਚਰਚਾ ਕਰਨੀ ਬਣਦੀ ਹੈ ਕਿ ਅੱਜ ਸਵੇਰ ਤੋਂ ਹੀ ਚੰਦਰ ਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਦੀ ਭੂਮਿਕਾ ਨੂੰ ਲੈ ਕੇ ਸਿਆਸੀ ਚਰਚਾਵਾਂ ਚੱਲ ਰਹੀਆਂ ਸਨ।
ਇੰਡੀਆ ਗਠਜੋੜ ਦੇ ਵੱਲੋਂ ਵੀ ਇਹਨਾਂ ਦੋਨਾਂ ਆਗੂਆਂ ਨੂੰ ਆਪਣੇ ਨਾਲ ਮਿਲਾਉਣ ਦੇ ਲਈ ਅੰਦਰ ਖਾਤੇ ਜੋੜ ਤੋੜ ਕੀਤਾ ਜਾ ਰਿਹਾ ਸੀ। ਗੌਰਤਲਬ ਹੈ ਕਿ ਭਾਜਪਾ ਨੂੰ ਤੀਜੀ ਵਾਰ ਲੋਕ ਸਭਾ ਵਿੱਚ ਪੂਰਨ ਬਹੁਮਤ ਨਹੀਂ ਮਿਲਿਆ ਹੈ ਅਤੇ ਇਹ ਪਾਰਟੀ 240 ਸੀਟਾਂ ‘ਤੇ ਹੀ ਖੜ ਗਈ ਹੈ। ਹਾਲਾਂਕਿ ਐਨਡੀਏ ਗਠਜੋੜ ਨੂੰ 292 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਲਈ ਲੋੜੀ ਦੇ 273 ਤੋਂ ਕਾਫੀ ਵੱਧ ਹਨ।