ਮੂਸੇਵਾਲਾ ਦੇ ਪਿਤਾ ਦੀ ਰਾਜਨੀਤੀ ‘ਚ ਆਉਣ ਦੀ ਚਰਚਾਵਾਂ ਤੇਜ਼
ਮਾਨਸਾ, 30 ਅਪ੍ਰੈਲ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਮਾਨਸਾ ਤੋਂ ਕਾਂਗਰਸ ਲੋਕ ਸਭਾ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਬੀਤੇ ਦਿਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ । ਜਿੱਥੇ ਉਹਨਾਂ ਵੱਲੋਂ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ ਗਈ ‘ਤੇ ਆਉਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਸਿਆਸੀ ਚਰਚਾਵਾਂ ਵੀ ਕੀਤੀਆਂ ਗਈਆਂ।
ਤੁਹਾਨੂੰ ਦੱਸ ਦਈਏ ਕਿ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਚੋਣ ਲੜ ਸਕਦੇ ਹਨ। ਜੇਕਰ ਖਬਰਾਂ ਦੀ ਮੰਨੀਏ ਤਾਂ ਪ੍ਰਤਾਪ ਸਿੰਘ ਬਾਜਵਾ ਬਲਕੌਰ ਸਿੰਘ ਨੂੰ ਮਨਾਉਣ ਲਈ ਕੱਲ ਉਹਨਾਂ ਦੇ ਘਰ ਪਹੁੰਚੇ ਸੀ ‘ਤੇ ਬਾਜਵਾ ਨਾਲ ਬਲਕੌਰ ਸਿੰਘ ਦੀ ਇੱਕ ਬੰਦ ਕਮਰਾ ਮੀਟਿੰਗ ਹੋਈ ਸੀ।
ਮੀਟਿੰਗ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਬਲਕੌਰ ਸਿੰਘ ਨੂੰ ਪਹਿਲਾ ਲੋਕ ਸਭਾ ਟਿਕਟ ਦੇਣ ਦੀ ਗੱਲ ਕੀਤੀ ਸੀ ਪਰ ਬਲਕੌਰ ਸਿੰਘ ਵੱਲੋਂ ਆਪ ਹੀ ਟਿਕਟ ਲੈਣ ਤੋਂ ਮਨਾ ਕਰ ਦਿੱਤਾ ਗਿਆ ਸੀ ।
ਜਿਸ ਤੋਂ ਬਾਅਦ ਇਹ ਟਿਕਟ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਬਲਕੌਰ ਸਿੰਘ ਚੋਣ ਲੜਨ ਤੇ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚ ਕੇ ਆਪਣੇ ਬੇਟੇ ਖਿਲਾਫ ਚੱਲ ਰਹੀ ਇਨਸਾਫ ਦੀ ਲੜਾਈ ਦੀ ਗੱਲ ਕੇਂਦਰ ਸਰਕਾਰ ਤੱਕ ਰੱਖਣ।
ਉੱਥੇ ਹੀ ਦੂਜੇ ਪਾਸੇ ਕੱਲ ਬਲਕੌਰ ਸਿੰਘ ਨੇ ਇੱਕ ਵਾਰ ਫਿਰ ਤੋਂ ਲੋਕ ਸਭਾ ਚੋਣਾਂ ਲੜਨ ਨੂੰ ਲੈ ਕੇ ਕਿਹਾ ਕਿ ਜੇਕਰ ਉਹ ਰਾਜਨੀਤੀ ਵਿੱਚ ਆਉਣਗੇ ਤਾਂ ਲੋਕ ਕਹਿਣਗੇ ਕਿ ਮੂਸੇਵਾਲਾ ਦਾ ਪਿਤਾ ਰਾਜਨੀਤਿਕ ਕਰਦਾ ਹੈ ਪਰ ਇੱਕ ਸਿਆਸਤਦਾਨ ਅਤੇ ਆਮ ਆਦਮੀ ਵਿੱਚ ਫਰਕ ਇਹ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਮ ਨਾਲ ਉੜਾ ਦਿੱਤਾ ਗਿਆ ਸੀ ਤੇ ਮੇਰੇ ਪੁੱਤਰ ਨੂੰ ਇੱਕ 47 ਨਾਲ ਮਾਰ ਦਿੱਤਾ ਗਿਆ ਸੀ।