ਨਵੀਂ ਦਿੱਲੀ, 15 ਅਗਸਤ:ਦੇਸ਼ ਦੇ ਅਜਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲੇ ’ਤੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਉਨ੍ਹਾਂ ਰੱਖਿਆ ਬਲਾਂ ਦੇ ਜਵਾਨਾਂ ਦੀਆਂ ਟੁਕੜੀਆਂ ਤੋਂ ਸਲਾਮੀ ਵੀ ਲਈ। ਇਸ ਦੌਰਾਨ ਵਰਦੇ ਮੀਂਹ ਵਿਚ ਦੇਸ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਅਜਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਾਦੀ ਨੂੰ ਬਰਕਰਾਰ ਰੱਖਣ ਲਈ ਦੇਸ ਵਾਸੀਆਂ ਵਿਚ ਇਕਜੁਟਤਾ ਹੋਣੀ ਜਰੂਰੀ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਗੁਣਗਾਣ ਕਰਦਿਆਂ ਦੇਸ ਵਿਚ ਇੱਕ ਚੋਣ ਦਾ ਸਿਧਾਂਤ ਲਾਗੂ ਕਰਨ ਦੀ ਵੀ ਹਿਮਾਇਤ ਕੀਤੀ।
ਉਨ੍ਹਾਂ ਕਿਹਾ ਕਿ ਵਾਰ ਵਾਰ ਚੋਣਾਂ ਹੋਣ ਦੇ ਨਾਲ ਦੇਸ ਦੇ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਹੁੰਦਾ ਹੈ ਤੇ ਵਿਕਾਸ ਕੰਮ ਵੀ ਰੁਕਦੇ ਹਨ। ਸ੍ਰੀ ਮੋਦੀ ਨੇ ਸੈਕੁਲਰ ਸਿਵਲ ਕੋਡ ਦੀ ਮਹੱਤਤਾ ’ਤੇ ਵੀ ਜੋਰ ਦਿੱਤਾ। ਉਨ੍ਹਾਂ ਵਿਰੋਧੀਆਂ ‘ਤੇ ਅਸਿੱਧੇ ਢੰਗ ਨਾਲ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਦੇਸ ਦੇ ਲੋਕਾਂ ਨੂੰ ਨਿਰਾਸ਼ਾਦੀ ਲੋਕਾਂ ਤੋਂ ਬਚਣ ਦੀ ਜਰੂਰਤ ਹੈ। ਇਸਦੇ ਨਾਲ ਹੀ ਉਨ੍ਹਾਂ ਗੁਆਂਢੀ ਦੇਸ ਬੰਗਲਾ ਦੇਸ ਵਿਚ ਫੈਲੀ ਹਿੰਸਾ ’ਤੇ ਵੀ ਚਿੰਤਾ ਪ੍ਰਗਟ ਕੀਤੀ ਤੇ ਨਾਲ ਹੀ ਔਰਤਾਂ ਉਪਰ ਹਮਲੇ ’ਤੇ ਦੁੱਖ ਪ੍ਰਗਟ ਕਰਦਿਆਂ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਸਖ਼ਤ ਸਜਾਵਾਂ ਦੇਣ ਲਈ ਕਿਹਾ।