JANDIALA GURU (AMRITSAR) News:ਕਾਂਗਰਸੀ ਆਗੂਆਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਗੰਭੀਰ ਚਿੰਤਾ ਜਤਾਉਂਦਿਆਂ, ਕਿਹਾ ਹੈ ਕਿ ਇਸ ਨਾਲ ਅਮਰੀਕੀ ਖੇਤੀਬਾੜੀ ਉਤਪਾਦ ਭਾਰਤੀ ਬਜ਼ਾਰਾਂ ਵਿੱਚ ਵੱਡੇ ਪੱਧਰ ‘ਤੇ ਆ ਜਾਣਗੇ, ਜਿਹੜਾ ਸਮਝੌਤਾ ਦੇਸ਼ ਦੇ ਕਿਸਾਨਾਂ ਲਈ ਮੌਤ ਦੀ ਘੰਟੀ ਸਾਬਤ ਹੋਵੇਗਾ।ਉਹਨਾਂ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਹੇਠ ਝੁਕ ਗਏ ਹਨ ਅਤੇ ਦੇਸ਼ ਦੇ ਹਿਤਾਂ ਦੇ ਖ਼ਿਲਾਫ਼ ਇਹ ਸ਼ਰਤਾਂ ਮੰਨਣ ਲਈ ਮਜਬੂਰ ਹੋਏ ਹਨ।ਇੱਥੇ ‘ਮਨਰੇਗਾ ਬਚਾਓ ਸੰਗਰਾਮ’ ਰੈਲੀ ਨੂੰ ਸੰਬੋਧਨ ਕਰਦਿਆਂ, ਕਾਂਗਰਸੀ ਆਗੂਆਂ ਨੇ ਸੰਕਲਪ ਲਿਆ ਕਿ ਜਿਵੇਂ ਪ੍ਰਧਾਨ ਮੰਤਰੀ ਮੋਦੀ ਨੂੰ ਤਿੰਨ ਵਿਵਾਦਿਤ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਸੀ, ਠੀਕ ਉਸੇ ਤਰ੍ਹਾਂ ਕਾਂਗਰਸ ਪਾਰਟੀ ਉਨ੍ਹਾਂ ਨੂੰ ਮਨਰੇਗਾ ਬਹਾਲ ਕਰਨ ਲਈ ਵੀ ਮਜਬੂਰ ਕਰੇਗੀ।ਇਸ ਮੌਕੇ ‘ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਏਆਈਸੀਸੀ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਕਿਹਾ ਕਿ ਜੇਕਰ ਭਾਜਪਾ ਸਰਕਾਰ ਮਨਰੇਗਾ ਬਹਾਲ ਨਹੀਂ ਕਰਦੀ, ਤਾਂ 2027 ਵਿੱਚ ਪੰਜਾਬ ਵਿੱਚ ਬਣਨ ਵਾਲੀ ਕਾਂਗਰਸ ਸਰਕਾਰ ਗਰੀਬ ਮਜ਼ਦੂਰਾਂ ਲਈ ਖ਼ਾਸ ਪ੍ਰਬੰਧ ਕਰੇਗੀ, ਤਾਂ ਜੋ ਉਹਨਾਂ ‘ਤੇ ਇਸ ਦੀ ਵਾਪਸੀ ਦਾ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ 2029 ਵਿੱਚ ਕੇਂਦਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਬਣਨ ਵਾਲੀ ਕਾਂਗਰਸ ਸਰਕਾਰ ਮਨਰੇਗਾ ਨੂੰ ਉਸਦੇ ਮੂਲ ਰੂਪ ਵਿੱਚ ਬਹਾਲ ਕਰੇਗੀ।ਭੂਪੇਸ਼ ਬਘੇਲ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦਿਆਂ, ਕਿਹਾ ਕਿ ਉਹ ਸਮਝੌਤਾ ਕਰ ਚੁੱਕੇ ਹਨ ਅਤੇ ਜਿੰਨਾ ਜ਼ਿਆਦਾ ਸਮਾਂ ਉਹ ਸੱਤਾ ਵਿੱਚ ਰਹਿਣਗੇ, ਉਹ ਦੇਸ਼ ਲਈ ਉਨਾ ਹੀ ਖ਼ਤਰਨਾਕ ਹੈ।
ਇਹ ਵੀ ਪੜ੍ਹੋ Bathinda ‘ਚ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ, ਸਥਿਤੀ ਤਨਾਅਪੂਰਨ,ਚੱਲੇ ਅੱਥਰੂ ਗੈਸ ਦੇ ਗੋਲੇ
ਉਨ੍ਹਾਂ ਕਿਹਾ ਕਿ ਉਹ ਜਿੰਨੀ ਜਲਦੀ ਸੱਤਾ ਛੱਡਣ, ਦੇਸ਼ ਲਈ ਉਨਾ ਹੀ ਚੰਗਾ ਹੋਵੇਗਾ।ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਇਹ ਕਮਜ਼ੋਰ ਪ੍ਰਧਾਨ ਮੰਤਰੀ ਦੀ ਨਿਸ਼ਾਨੀ ਹੈ ਜੋ ਟਰੰਪ ਅੱਗੇ ਪੂਰੀ ਤਰ੍ਹਾਂ ਝੁਕ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਸਮੇਂ ਦੇਸ਼ ਨੂੰ ਕਮਜ਼ੋਰ ਦੇਖਿਆ ਜਾ ਰਿਹਾ ਹੈ, ਕਿਉਂਕਿ ਅਮਰੀਕਾ ਅਤੇ ਚੀਨ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ।ਉਨ੍ਹਾਂ ਦੁੱਖ ਜਤਾਇਆ ਕਿ ਮੋਦੀ ਦੇ ਦੌਰ ਵਿੱਚ ਅਮਰੀਕੀ ਰਾਸ਼ਟਰਪਤੀ ਹੀ ਫ਼ੈਸਲਾ ਕਰਦਾ ਹੈ ਕਿ ਭਾਰਤ ਕਿੱਥੋਂ ਤੇਲ ਖਰੀਦੇ ਅਤੇ ‘ਆਪਰੇਸ਼ਨ ਸਿੰਦੂਰ’ ਕਦੋਂ ਰੋਕਿਆ ਜਾਵੇ।ਇਸ ਦੌਰਾਨ ਬਘੇਲ ਨੇ ਐਪਸਟਿਨ ਫਾਈਲਾਂ ਦਾ ਵੀ ਜ਼ਿਕਰ ਕਰਦਿਆਂ, ਕਿਹਾ ਕਿ ਭਾਜਪਾ ਨੇਤਾ ਇਸ ਮਾਮਲੇ ‘ਤੇ ਚੁੱਪ ਹਨ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਭਾਜਪਾ ਆਗੂ ‘ਕਸ਼ਮੀਰ ਫਾਈਲਜ਼’ ਅਤੇ ‘ਕੇਰਲਾ ਫਾਈਲਜ਼’ ਵਰਗੀਆਂ ਫਿਲਮਾਂ ਦਾ ਜਸ਼ਨ ਮਨਾਉਂਦੇ ਹਨ, ਲੇਕਿਨ ਐਪਸਟਿਨ ਫਾਈਲਾਂ ‘ਤੇ ਖਾਮੋਸ਼ ਹਨ, ਕਿਉਂਕਿ ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਹਰਦੀਪ ਪੁਰੀ ਦੇ ਨਾਮ ਦਰਜ ਹਨ।ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਨੂੰ ਪੰਜਾਬ ਵਿੱਚ ਮਨਰੇਗਾ ਸਕੀਮ ਲਾਗੂ ਕਰਨ ਵਿੱਚ ਅਸਫਲ ਰਹਿਣ ਲਈ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਜਿੱਥੇ ਮੋਦੀ ਨੇ ਹੁਣ ਇਹ ਸਕੀਮ ਖਤਮ ਕਰ ਦਿੱਤੀ ਹੈ। ਉੱਥੇ ਹੀ, ਮੁੱਖ ਮੰਤਰੀ ਭਗਵੰਤ ਮਾਨ ਵੀ ਅਸਫਲ ਰਹੇ ਹਨ, ਕਿਉਂਕਿ ਪੰਜਾਬ ਵਿੱਚ ਇਸ ਸਕੀਮ ਹੇਠ ਬਹੁਤ ਘੱਟ ਕੰਮ ਦਿੱਤਾ ਜਾ ਰਿਹਾ ਸੀ।ਵੜਿੰਗ ਨੇ ਰਾਹੁਲ ਗਾਂਧੀ ਅਤੇ ਰਵਨੀਤ ਸਿੰਘ ਬਿੱਟੂ ਵਿਚਕਾਰ ਹੋਈ ਗੱਲਬਾਤ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਭਾਜਪਾ ਆਗੂਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਉਹ ਉਸ ਸਮੇਂ ਮੌਜੂਦ ਸਨ, ਜਦੋਂ ਰਾਹੁਲ ਨੇ ਬਿੱਟੂ ਨੂੰ ਆਪਣੇ “ਗੱਦਾਰ ਦੋਸਤ” ਵਜੋਂ ਸੰਬੋਧਤ ਕੀਤਾ ਸੀ।ਉਨ੍ਹਾਂ ਨੇ ਭਾਜਪਾ ‘ਤੇ ਇਸ ਮਾਮਲੇ ਨੂੰ ਧਾਰਮਿਕ ਰੰਗ ਦੇਣ ਅਤੇ ਰਾਹੁਲ ‘ਤੇ ਸਿੱਖਾਂ ਦੀ ਤੌਹੀਨ ਕਰਨ ਦੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰਨ ਲਈ ਨਿੰਦਾ ਕੀਤੀ।
ਇਹ ਵੀ ਪੜ੍ਹੋ Bathinda ‘ਚ ਆਪ ਆਗੂ ਵਿਰੁਧ ਵਿਜੀਲੈਂਸ ਵੱਲੋਂ ਭ੍ਰਿਸਟਾਚਾਰ ਦਾ ਪਰਚਾ ਦਰਜ਼,ਗ੍ਰਿਫਤਾਰੀ ਕਿਸੇ ਵੇਲੇ ਵੀ ਸੰਭਵ
ਉਨ੍ਹਾਂ ਨੇ ਜੋਰ ਦਿੰਦਿਆਂ ਕਿਹਾ ਕਿ ਬਿੱਟੂ ਖੁਦ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਕਹਿਣ ‘ਤੇ ਦਸਤਾਰ ਪਹਿਨਣੀ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸਿੱਖ ਧਰਮ ‘ਤੇ ਪੂਰਾ ਵਿਸ਼ਵਾਸ ਅਤੇ ਸਤਿਕਾਰ ਹੈ ਤੇ ਉਹ ਦਰਬਾਰ ਸਾਹਿਬ ਵਿੱਚ ਦਿਨ-ਰਾਤ ਸੇਵਾ ਕਰ ਚੁੱਕੇ ਹਨ। ਕੀ ਅਜਿਹਾ ਵਿਅਕਤੀ ਸਿੱਖਾਂ ਦੀ ਤੌਹੀਨ ਕਰ ਸਕਦਾ ਹੈ?ਵੜਿੰਗ ਨੇ ਕਿਹਾ ਕਿ ਭਾਜਪਾ ਜਾਣਬੁੱਝ ਕੇ ਇਸ ਮਾਮਲੇ ਨੂੰ ਤੋੜ ਮਰੋੜ ਕੇ ਲੋਕਾਂ ਦਾ ਧਿਆਨ ਭਾਰਤ-ਅਮਰੀਕਾ ਵਪਾਰ ਸਮਝੌਤੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿੱਚ ਮੋਦੀ ਨੇ ਪੂਰੀ ਤਰ੍ਹਾਂ ਅਮਰੀਕਾ ਅੱਗੇ ਝੁਕ ਕੇ ਦੇਸ਼ ਦੇ ਕਿਸਾਨਾਂ ਦੇ ਹਿਤਾਂ ਨਾਲ ਸਮਝੌਤਾ ਕੀਤਾ ਹੈ।ਉੱਥੇ ਹੀ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਅਮਰੀਕਾ, ਯੂਰਪੀਅਨ ਸੰਘ ਅਤੇ ਨਿਊਜ਼ੀਲੈਂਡ ਨਾਲ ਹੋ ਰਹੇ ਵਪਾਰ ਸਮਝੌਤਿਆਂ ਖ਼ਿਲਾਫ਼ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਤੋਂ ਕਪਾਹ ਆਯਾਤ ਕਰਨ ਨਾਲ ਦੇਸ਼ ਵਿੱਚ ਕਪਾਹ ਦੇ ਭਾਅ ਡਿੱਗ ਗਏ ਹਨ, ਜਿਸ ਨਾਲ ਕਪਾਹ ਉਗਾਉਣ ਵਾਲੇ ਕਿਸਾਨ ਪ੍ਰਭਾਵਿਤ ਹੋਏ ਹਨ। ਜੇਕਰ ਟੈਰਿਫ਼ ਜ਼ੀਰੋ ਹੋ ਗਿਆ, ਤਾਂ ਇਹ ਦੇਸ਼ ਦੀ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ।ਬਾਜਵਾ ਨੇ ਕੇਂਦਰੀ ਏਸ਼ੀਆ ਅਤੇ ਯੂਰੋਪ ਨਾਲ ਵਪਾਰ ਲਈ ਵਾਘਾ ਸਰਹੱਦ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ‘ਤੇ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਅਤੇ ਜਦ ਤੱਕ ਆਪ ਸਰਕਾਰ ਸੱਤਾ ਛੱਡੇਗੀ, ਪੰਜਾਬ ਦਾ ਕਰਜ਼ਾ ਪੰਜ ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਵੇਗਾ।ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ, ਸੂਰਜ ਠਾਕੁਰ, ਰਵਿੰਦਰ ਦਲਵੀ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਏਆਈਸੀਸੀ ਜੁਆਇੰਟ ਖਜਾਨਚੀ ਵਿਜੇ ਇੰਦਰ ਸਿੰਗਲਾ, ਗੁਰਜੀਤ ਔਜਲਾ, ਸੁਖਮਿੰਦਰ ਸਿੰਘ ਡੈਨੀ, ਕੈਪਟਨ ਸੰਦੀਪ ਸੰਧੂ ਆਦਿ ਵੀ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





