4.48 ਕੁਇੰਟਲ ਪਾਊਡਰ ਅਤੇ 34 ਲੀਟਰ ਤਰਲ ਕੀਟਨਾਸ਼ਕ ਦਵਾਈਆਂ ਕੀਤੀਆਂ ਜ਼ਬਤ
ਬਠਿੰਡਾ, 4 ਅਗੱਸਤ: ਪਹਿਲਾਂ ਹੀ ਮਾੜੀ ਗੁਣਵੰਤਾ ਵਾਲੀਆਂ ਕੀੜੇਮਾਰ ਦਵਾਈਆਂ ਕਾਰਨ ਲੱਖਾਂ ਕਰੋੜਾਂ ਦਾ ਨੁਕਸਾਨ ਝੱਲ ਰਹੇ ਪੰਜਾਬ ਦੇ ਕਿਸਾਨ ਲਈ ਹੁਣ ਇੱਕ ਹੋਰ ਵੱਡੀ ਮੁਸੀਬਤ ਖ਼ੜੀ ਹੋ ਗਈ ਹੈ। ਗੁਆਂਢੀ ਸੂਬੇ ਹਰਿਆਣਾ ਦੇ ਵਿਚੋਂ ਲਗਾਤਾਰ ਗੈਰ-ਅਧਿਕਾਰਤ ਦਵਾਈਆਂ ਦੀ ਆਮਦ ਨੇ ਖੇਤੀਬਾੜੀ ਵਿਭਾਗ ਲਈ ਵੀ ਚਿੰਤਾ ਪੈਦਾ ਕਰ ਦਿੱਤੀ ਹੈ। ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਖੇਤੀਬਾੜੀ ਵਿਭਾਗ ਵੱਲੋਂ ਸਿਰਫ਼ ਇੱਕ ਹੀ ਹਫ਼ਤੇ ਦੇ ਵਿਚ ਹਰਿਆਣਾ ਤੋਂ ਕੀਟਨਾਸ਼ਕਾਂ ਨਾਲ ਲੱਦੇ ਗੈਰ-ਕਾਨੂੰਨੀ ਤੌਰ ‘ਤੇ ਆਏ ਦੋ ਕੈਂਟਰਾਂ ਨੂੰ ਜਬਤ ਕੀਤਾ ਗਿਆ ਹੈ। ਮੁਢਲੀ ਜਾਂਚ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਝ ਲੀਡਰਾਂ ਤੇ ਕੀਟਨਾਸਕਾਂ ਦੇ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਦੀ ਮਿਲੀਭੁਗਤ ਨਾਲ ਇਹ ਕੈਂਟਰ ਸਿੱਧੇ ਪਿੰਡਾਂ ਵਿਚ ਹੀ ਉਤਾਰੇ ਜਾਣੇ ਸਨ, ਜਿੱਥੇ ਕਿਸਾਨਾਂ ਨੂੰ ਸਸਤੇ ਭਾਅ ਦਾ ਲਾਲਚ ਦਿੱਤਾ ਜਾ ਰਿਹਾ ਹੈ।
ਕਾਟੋ-ਕਲੈਸ਼: ਅਕਾਲੀ ਦਲ ਨੇ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਟਾਇਆ
ਇਸਤੋਂ ਪਹਿਲਾਂ ਵੀ ਖੇਤੀਬਾੜੀ ਵਿਭਾਗ ਵੱਲੋਂ ਲੰਘੀ 18 ਜੁਲਾਈ ਨੂੰ ਭੁੱਚੋਂ ਮੰਡੀ ਨਜਦੀਕ ਇੱਕ ਕੈਂਟਰ ਵਿਚੋਂ ਮੈਸਰਜ਼ ਵੁੱਡਲੈਂਡ ਐਗਰੀਟੇਕ ਇੰਡੀਆ (ਐਚ.ਆਰ.) ਕੈਥਲ ਦੀਆਂ 1200 ਲੀਟਰ ਕੀਟਨਾਸ਼ਕ ਦਵਾਈਆਂ ਜ਼ਬਤ ਕੀਤੀਆਂ ਗਈਆਂ ਸਨ। ਜ਼ਬਤ ਕੀਤੇ ਕੀਟਨਾਸ਼ਕਾਂ ਸਬੰਧੀ ਵੇਰਵੇ ਸਾਂਝੇ ਕਰਦਿਆਂ ਏਡੀਓ ਪੈਸਟੀਸਾਈਡ ਡਾ ਅਸਮਾਨਪ੍ਰੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਵਿਅਕਤੀਆਂ ਵੱਲੋਂ ਕਿਸਾਨਾਂ ਨੂੰ ਸਸਤੇ ਭਾਅ ’ਤੇ ਵੇਚਣ ਲਈ ਲਿਆਂਦੇ ਜਾ ਰਹੇ ਨਕਲੀ ਕੀਟਨਾਸ਼ਕਾਂ ਸਬੰਧੀ ਇੱਕ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਬਠਿੰਡਾ ਦੀ ਟੀਮ ਨੇ ਬਲਾਕ ਫੂਲ (ਬਠਿੰਡਾ) ਵਿਖੇ ਨਾਕਾ ਲਗਾਇਆ ਸੀ। ਇਸ ਦੌਰਾਨ ਇੱਕ ਪਿਕਅੱਪ ਟਰੱਕ ਰੋਕਿਆ ਗਿਆ ਜਿਸ ਵਿੱਚੋਂ ਭਾਰੀ ਮਾਤਰਾ ਵਿੱਚ ਅਣ-ਅਧਿਕਾਰਤ ਕੀਟਨਾਸ਼ਕ ਦਵਾਈਆਂ ਬਰਾਮਦ ਹੋਈਆਂ।
Ex Dy CM ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਵਿਚ ਮਿਲੀ ਵੱਡੀ ਜਿੰਮੇਵਾਰੀ
ਇੰਨ੍ਹਾਂ ਦਵਾਈਆਂ ਵਿਚ 4.48 ਕੁਇੰਟਲ ਪਾਊਡਰ ਅਤੇ 34 ਲੀਟਰ ਵੱਖ-ਵੱਖ ਕੀਟਨਾਸ਼ਕ ਜਿਨ੍ਹਾਂ ਵਿੱਚ 400 ਕਿਲੋ ਕਾਰਟਾਪ ਹਾਈਡਰੋਕਲੋਰਾਈਡ, 20 ਕਿਲੋ ਰੂਟ ਟੈੱਕ, 12 ਲੀਟਰ ਪੈਰਾਕੁਆਟ ਡਾਈਕਲੋਰਾਈਡ, 20 ਕਿਲੋ ਐਸੀਫੇਟ, 4 ਲੀਟਰ ਅਜ਼ੋਕਸੀਸਟਰੋਬਿਨ + ਟੀਬਿਊਕੋਨਾਜੋਲ, 18 ਲੀਟਰ ਟਾਈਗਰ (ਬਾਇਓ ਪਲਾਂਟ ਪ੍ਰੋਟੈਕਸ਼ਨ) , 5 ਕਿਲੋ ਥਾਈਮੇਥੋਕਸਮ ਅਤੇ 3 ਕਿਲੋ ਐਮਾਮੇਕਟਿਨ ਬੈਂਜੋਏਟ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਜ਼ਬਤ ਕੀਤਾ ਗਿਆ ਇਹ ਅਣ-ਅਧਿਕਾਰਤ ਕੀਟਨਾਸ਼ਕਾਂ ਦਾ ਸਟਾਕ ਜਸਵੰਤ ਰਸਾਇਣ, ਕੋਰੋਮੰਡਲ ਅਤੇ ਗੁਜਰਾਤ ਪੈਸਟੀਸਾਈਡਜ਼ ਨਾਲ ਸਬੰਧਤ ਹੈ, ਜਿਨ੍ਹਾਂ ਨੂੰ ਪੰਜਾਬ ਰਾਜ ਵਿੱਚ ਕੀਟਨਾਸ਼ਕ ਵੇਚਣ ਦੀ ਇਜਾਜ਼ਤ ਨਹੀਂ ਹੈ। ਖੇਤੀਬਾੜੀ ਅਧਿਕਾਰੀਆਂ ਨੇ ਦਸਿਆ ਕਿ ਕੀਟਨਾਸ਼ਕ ਐਕਟ 1968 ਅਤੇ ਨਿਯਮ 1971 ਅਨੁਸਾਰ ਵੱਖ-ਵੱਖ ਕੀਟਨਾਸ਼ਕਾਂ ਦੇ ਸੈਂਪਲ ਲਏ ਗਏ ਹਨ ਅਤੇ ਵਿਭਾਗ ਨੇ ਇਸ ਮਾਮਲੇ ਵਿੱਚ FIR ਦਰਜ ਕਰਨ ਦੀ ਪ੍ਰਕਿਰਿਆ ਵੀ ਵਿੱਢ ਦਿੱਤੀ ਹੈ।
Share the post "ਹਰਿਆਣਾ ਦੇ ਵਿਚੋਂ ਨਕਲੀ ਕੀਟਨਾਸ਼ਕਾਂ ਦਾ ਦੌਰ ਜਾਰੀ, ਖੇਤੀਬਾੜੀ ਵਿਭਾਗ ਵੱਲੋਂ ਦੋ ਹਫ਼ਤੇ ’ਚ ਦੂਜਾ ਕੈਂਟਰ ਕਾਬੂ"