ਮਾਨਸਾ, 16 ਅਕਤੂਬਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੁੂਸੇਵਾਲਾ ਦੇ ਜੱਦੀ ਪਿੰਡ ਮੂਸੇ ਵਿਚ ਪੰਚਾਇਤੀ ਚੋਣਾਂ ’ਚ ਇਸ ਵਾਰ ਵੱਖਰਾ ਰੰਗ ਦੇਖਣ ਨੂੰ ਮਿਲਿਆ ਹੈ। ਪਿੰਡ ਦੇ ਲੋਕਾਂ ਨੇ ਗਾਇਕ ਦੇ ਪਿਤਾ ਬਲਕੌਰ ਸਿੰਘ ਦੀ ਅਪੀਲ ਨੂੰ ਰੱਦ ਕਰਦਿਆਂ ਵਿਰੋਧੀ ਧੜੇ ਵਿਚ ਖੜ੍ਹੈ ਉਮੀਦਵਾਰ ਨੂੰ ਭਾਰੀ ਵੋਟਾਂ ਦੇ ਅੰਤਰ ਨਾਲ ਜਿੱਤ ਦਿਵਾਈ ਹੈ। ਇਸ ਪਿੰਡ ਵਿਚ ਸਰਪੰਚੀ ਲਈ ਤਿੰਨ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਸਨ। ਜਿੰਨ੍ਹਾਂ ਦੇ ਵਿਚ ਬਲਜੀਤ ਸਿੰਘ ਨੂੰ ਸਿੱਧੂ ਪ੍ਰਵਾਰ ਵੱਲੋਂ ਥਾਪੜਾ ਦਿੱਤਾ ਹੋਇਆ ਸੀ। ਇਸਤੋਂ ਇਲਾਵਾ ਗੁਰਸ਼ਰਨ ਸਿੰਘ ਸ਼ਰਨੀ ਤੇ ਮਥੁਰਾ ਸਿੰਘ ਚੋਣ ਮੈਦਾਨ ਵਿਚ ਡਟੇ ਹੋਏ ਸਨ।
ਇਹ ਵੀ ਪੜ੍ਹੋ:ਪੰਚਾਇਤ ਚੋਣਾਂ:ਗਿੱਦੜਬਾਹਾ ਹਲਕਾ ਮੁੜ ਚਰਚਾ ’ਚ,ਸੁਖਨਾ ਅਬਲੂ ’ਚ ਰਾਤ ਤੋਂ ਵੋਟਾਂ ਦੀ ਗਿਣਤੀ ਜਾਰੀ
ਬੀਤੇ ਕੱਲ ਵੋਟਿੰਗ ਦੌਰਾਨ ਵੀ ਬਲਕੌਰ ਸਿੰਘ ਸਿੱਧੂ ਲੰਮਾ ਸਮਾਂ ਮਤਦਾਨ ਕੇਂਦਰ ’ਤੇ ਡਟੇ ਰਹੇ। ਇਸਦੇ ਬਾਅਦ ਜਦ ਚੋਣ ਨਤੀਜ਼ੇ ਸਾਹਮਣੇ ਆਏ ਤਾਂ ਗੁਰਸ਼ਰਨ ਸਿੰਘ ਸਰਨੀ ਨੰਬਰਦਾਰ ਦਾ ਲੋਕਾਂ ਨੇ ਵੋਟਾਂ ਨਾਲ ‘ਘੜਾ’ ਭਰ ਦਿੱਤਾ ਤੇ ਉਹ ਬਲਜੀਤ ਸਿੰਘ ਤੋਂ 413 ਵੋਟਾਂ ਦੇ ਅੰਤਰ ਨਾਲ ਜੇਤੂ ਰਹੇ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਖ਼ਤਮ ਹੋਏ ਪੰਚਾਇਤੀ ਪਲਾਨ ਦੌਰਾਨ ਖ਼ੁਦ ਮਰਹੂਮ ਗਾਇਕ ਸਿੱਧੂ ਮੁੂਸੇਵਾਲਾ ਦੀ ਮਾਤਾ ਚਰਨ ਕੌਰ ਸਰਪੰਚੀ ਦੀ ਚੋਣ ਜਿੱਤੇ ਸਨ। ਹਾਲਾਂਕਿ ਇਸ ਵਾਰ ਵੀ ਸਿੱਧੂ ਪ੍ਰਵਾਰ ਵੱਲੋਂ ਸਰਬਸੰਮਤੀ ਕਰਨ ਲਈ ਕਾਫ਼ੀ ਕੋਸ਼ਿਸ ਕੀਤੀ ਗਈ ਸੀ ਪ੍ਰੰਤੂ ਉਸ ਵਿਚ ਸਫ਼ਲਤਾ ਨਹੀਂ ਮਿਲੀ, ਜਿਸਤੋਂ ਬਾਅਦ ਇਹ ਚੋਣ ਹੋਈ ਸੀ।