ਕਈ ਮਹਾਰਾਥੀਆਂ ਦੇ ਸਿਆਸੀ ਪਾਲੇ ਬਦਲਣ ਦੀਆਂ ਚਰਚਾਵਾਂ ਤੇਜ਼
ਗਿੱਦੜਵਹਾ, 22 ਅਗਸਤ: ਸਿਆਸੀ ਖੇਤਰ ’ਚ ਮਹੱਤਵਪੂਰਨ ਸਥਾਨ ਰੱਖਣ ਵਾਲੇ ਵਿਧਾਨ ਸਭਾ ਹਲਕਾ ਗਿੱਦੜਬਾਹਾ ’ਚ ਆਗਾਮੀ ਦਿਨਾਂ ਦੌਰਾਨ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਭਖਣ ਲੱਗਿਆ ਹੈ। ਬੇਸ਼ੱਕ ਹਾਲੇ ਤੱਕ ਚੋਣ ਕਮਿਸ਼ਨ ਵੱਲੋਂ ਸੂਬੇ ਵਿਚ ਉਪ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਪ੍ਰੰਤੂ ਸਿਆਸੀ ਧਿਰਾਂ ਵੱਲੋਂ ਵਿੱਢੀਆਂ ਸਗਰਮੀਆਂ ਨੇ ਹਲਕੇ ਦੇ ਬਜੁਰਗ ਲੋਕਾਂ ਨੂੰ ਇੱਕ ਵਾਰ ਮੁੜ ਸਾਲ 1995 ਦੀ ਉਪ ਚੋਣ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਹਾਲਾਂਕਿ ਗਿੱਦੜਬਾਹਾ ਦੇ ਨਾਲ ਇਸ ਵਾਰ ਤਿੰਨ ਹੋਰ ਵਿਧਾਨ ਸਭਾ ਹਲਕਿਆਂ ਦੀ ਉਪ ਚੋਣ ਵੀ ਹੋਵੇਗੀ ਪ੍ਰੰਤੂ ਜਿਸ ਤਰ੍ਹਾਂ ਦੇ ਸਿਆਸੀ ਹਾਲਾਤ ਗਿੱਦੜਬਾਹਾ ਵਿਚ ਬਣਦੇ ਜਾ ਰਹੇ ਹਨ, ਉਸ ਹਿਸਾਬ ਨਾਲ ਪੂਰੇ ਪੰਜਾਬ ’ਚ ਸਭ ਤੋਂ ਰੌਚਕ ਸਿਆਸੀ ਮੁਕਾਬਲਾ ਇੱਥੈ ਹੀ ਬਣਦਾ ਨਜ਼ਰ ਆਵੇਗਾ। ਅਕਾਲੀ ਦਲ 95 ਦੀ ਉਪ ਚੋਣ ਦੀ ਤਰ੍ਹਾਂ ਮੁੜ ਗਿੱਦੜਬਾਹਾ ਨੂੰ ਆਪਣੇ ਸਿਆਸੀ ਉਭਾਰ ਦੇ ਤੌਰ ‘ਤੇ ਦੇਖ ਰਿਹਾ, ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸੇ ਵੀ ਕੀਮਤ ’ਤੇ ਆਪਣੇ ਸਿਆਸੀ ਕਿਲੇ੍ਹ ਵਿਚ ਸੰਨ ਨਹੀਂ ਲੱਗਣ ਦੇਣਾ ਚਾਹੁੰਦੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਾਲੀਆਂ ਤੇ ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਗਿੱਦੜਬਾਹਾ ਨੂੰ ਜਲੰਧਰ ਪੱਛਮੀ ਹਲਕੇ ਦੀ ਤਰ੍ਹਾਂ ਜਿੱਤਣ ਲਈ ਅੰਦਰੋ-ਅੰਦਰੀ ਪੂਰੀਆਂ ਤਿਆਰੀ ਕਰੀ ਬੈਠੇ ਹਨ। ਇਸ ਸਿਆਸੀ ਮਹਾਂਮੁਕਾਬਲੇ ਦੇ ਦੌਰਾਨ ਹਲਕੇ ਦੇ ਕਈ ਵੱਡੇ ਮਹਾਂਰਥੀਆਂ ਦੇ ਸਿਆਸੀ ਪਾਲੇ ਬਦਲਣ ਦੀਆਂ ਚਰਚਾਵਾਂ ਵੀ ਦਿਨ-ਬ-ਦਿਨ ਤੇਜ਼ ਹੋਣ ਲੱਗੀਆਂ ਹਨ। ਸਿਆਸੀ ਸੰਨ ਲੱਗਣ ਦੇ ਡਰੋਂ ਖੁਦ ਵੱਡੇ ਜਰਨੈਲ ਮੈਦਾਨ ਵਿਚ ਨਿੱਤਰ ਆਏ ਹਨ।
ਵਿਜੀਲੈਂਸ ’ਚ ਉਪ ਪੁਲਿਸ ਕਪਤਾਨਾਂ ਦੇ ਵੱਡੀ ਪੱਧਰ ‘ਤੇ ਹੋਏ ਤਬਾਦਲੇ
ਭਗਵੰਤ ਮਾਨ ਵੱਲੋਂ ਮਾਲਵਾ ਨਹਿਰ ਕੱਢਣ ਦਾ ਐਲਾਨ ਕਰਕੇ ਪੇਂਡੂ ਤੇ ਖ਼ਾਸਕਰ ਕਿਸਾਨੀਂ ਵੋਟਰਾਂ ‘ਤੇ ਵੱਡਾ ਪ੍ਰਭਾਵ ਛੱਡਣ ਦਾ ਯਤਨ ਕੀਤਾ ਹੈ। ਮੁੱਖ ਮੰਤਰੀ ਦੇ ਨੇੜਲਿਆਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਸ: ਮਾਨ ਗਿੱਦੜਬਾਹਾ ’ਚ ਚੋਣ ਮੁਹਿੰਮ ਵਿੱਢਣ ਜਾ ਰਹੇ ਹਨ। ਆਪ ਦੇ ਸੰਭਾਵੀਂ ਉਮੀਦਵਾਰ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਵਿਰੋਧੀ ਧਿਰ ਨਾਲ ਸਬੰਧਤ ਦੋ ਵੱਡੇ ਆਗੂਆਂ ਦੇ ਪਾਲਾ ਬਦਲ ਕੇ ਝਾੜੂ ਚੁੱਕਣ ਬਾਰੇ ਵੀ ਕਿਹਾ ਜਾ ਰਿਹਾ। ਪ੍ਰੰਤੂ ਇੱਥੋਂ ਕੋਈ ਵੀ ਉਮੀਦਵਾਰ ਹੋਵੇ, ਚੋਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੁਦ ਹੀ ਲੜੀ ਜਾਵੇਗੀ। ਉਧਰ ਸਿਆਸੀ ਤੇ ਧਾਰਮਿਕ ਤੌਰ ‘ਤੇ ਬੁਰੀ ਤਰ੍ਹਾਂ ਘਿਰੇ ਹੋਏ ਨਜ਼ਰ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਹਲਕੇ ਦੀ ਜਿਮਨੀ ਚੋਣ ਨੂੰ ਪੰਚਾਇਤੀ ਚੋਣ ਦੀ ਤਰ੍ਹਾਂ ਲੜਦੇ ਦਿਖ਼ਾਈ ਦੇ ਰਹੇ ਹਨ। ਉਹ ਇੱਕ ਪਿੰਡ ਵਿਚ ਇੱਕ-ਇੱਕ ਦਰਜ਼ਨਾਂ ਘਰਾਂ ਵਿਚ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਆਪਣੇ ਖੁੱਸੇ ਹੋਏ ਸਿਆਸੀ ਵਕਾਰ ਨੂੰ ਮੁੜ ਹਾਸਲ ਕਰਨ ਦਾ ਯਤਨ ਕਰ ਰਹੇ ਹਨ। ਸੁਖਬੀਰ ਬਾਦਲ ਵੱਲੋਂ ਪੂਰੇ ਪੰਜਾਬ ਤੋਂ ਆਪਣੇ ਵਿਸਵਾਸਪਾਤਰਾਂ ਦੀ ਟੀਮ ਇਸ ਹਲਕੇ ਦੇ ਪਿੰਡ-ਪਿੰਡ ਤੈਨਾਤ ਕਰ ਦਿੱਤੀ ਗਈ ਹੈ। ਇਸ ਹਲਕੇ ਤੋਂ ਲਗਾਤਾਰ ਦੋ ਵਾਰ ਚੋਣ ਲੜ ਕੇ ਆਪਣਾ ਸਿਆਸੀ ਤੇ ਆਰਥਿਕ ਨੁਕਸਾਨ ਕਰਵਾਉਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਵੀ ਉਨ੍ਹਾਂ ਦੇ ਨਾਲ ਚੱਲ ਰਹੇ ਹਨ ਪ੍ਰੰਤੂ ਸਿਆਸੀ ਹਲਕਿਆਂ ਵਿਚ ਇਹ ਚਰਚਾ ਪੂਰੇ ਜੋਰ-ਸ਼ੋਰ ਨਾਲ ਘੁੰਮ ਰਹੀ ਹੈ ਕਿ ਸਿਆਸੀ ਸਥਿਤੀ ਦੇ ਮੁਤਾਬਕ ਐਨ ਆਖ਼ਰੀ ਮੌਕੇ ਖੁਦ ਸੁਖਬੀਰ ਇਸ ਹਲਕੇ ਤੋਂ ਐਂਟਰੀ ਮਾਰ ਸਕਦੇ ਹਨ।
ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਅਹਿਮ ਮੁੱਦਿਆਂ ਦੀ ਸਮੀਖਿਆ ਕਰਨ ਲਈ ਦੋ ਸਬ-ਕਮੇਟੀਆਂ ਦਾ ਗਠਨ
ਉਧਰ 52 ਪਿੰਡਾਂ ਤੇ ਗਿੱਦੜਬਾਹਾ ਮੰਡੀ ਵਾਲੇ ਇਸ ਹਲਕੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਲਗਾਤਾਰ 3 ਵਾਰ ਦੇ ਜੇਤੂ ਰਹੇ ਹਨ। ਕਿਸਮਤ ਦੇ ਧਨੀ ਤੇ ਬਾਦਲਾਂ ਦੇ ਮੁਕਾਬਲੇ ਚੋਣ ਲੜਣ ਦੇ ਮਾਹਰ ‘ਖਿਲਾੜੀ’ ਮੰਨੇ ਜਾਣ ਵਾਲੇ ਰਾਜਾ ਵੜਿੰਗ ਨੇ ਵੀ ਪੂਰੀ ਤਾਕਤ ਝੋਕ ਦਿੱਤੀ ਹੈ। ਲੁਧਿਆਣਾ ਵਰਗੇ ਹਲਕੇ ਤੋਂ ਲੋਕ ਸਭਾ ਚੋਣਾਂ ਜਿੱਤਣ ਦੇ ਨਾਲ ਵੜਿੰਗ ਦਾ ਹੌਸਲਾ ਤੇ ਹਾਈਕਮਾਂਡ ਵਿਚ ਕੱਦ ਵਧਿਆ ਹੈ, ਜਿਸਦੇ ਚੱਲਦੇ ਹੁਣ ਆਪਣੇ ਜੱਦੀ ਹਲਕੇ ਵਿਚ ਉਹ ਲਗਾਤਾਰ ਚੌਥੀ ਵਾਰ ਕਾਂਗਰਸ ਦੀ ਜਿੱਤ ਦਾ ਝੰਡਾ ਲਹਿਰਾਉਣ ਦੇ ਲਈ ਪੂਰੀ ਤਰ੍ਹਾਂ ਉਤਸ਼ਾਹਤ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪੰਜ ਦਰਜ਼ਨ ਦੇ ਕਰੀਬ ਵਿਸਵਾਸਪਾਤਰ ਆਗੂਆਂ ਦੀ ਟੀਮ ਪਿੰਡ-ਪਿੰਡ ਤੇ ਸ਼ਹਿਰ ਦੇ ਮੁਹੱਲੇ-ਮੁਹੱਲੇ ਵਿਚ ਛਾ ਗਈ ਹੈ। ਇਸਤੋਂ ਇਲਾਵਾ ਕਾਂਗਰਸ ਦੇ ਸੱਤ ਜ਼ਿਲਿ੍ਹਆਂ ਦੇ ਵੱਡੇ ਆਗੂਆਂ ਦੀਆਂ ਡਿਊਟੀਆਂ ਇੱਥੇ ਲਗਾਈਆਂ ਗਈਆਂ ਹਨ। ਇਸ ਹਲਕੇ ਦੇ ਵੋਟਰਾਂ ਵਿਚ ਵੱਡਾ ਪ੍ਰਭਾਵ ਰੱਖਣ ਵਾਲੀ ਉਨ੍ਹਾਂ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਵੀ ਕੱਲੇ-ਕੱਲੇ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ। ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਪਾਰਟੀ ਵੱਲੋਂ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਲੜਣ ਲਈ ਇਸ਼ਾਰਾ ਕਰ ਦਿੱਤਾ ਗਿਆ ਹੈ। ਮਨਪ੍ਰੀਤ ਲਗਾਤਾਰ ਚਾਰ ਦਫ਼ਾ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਬੇਸ਼ੱਕ ਪਿਛਲੀਆਂ ਵਿਧਾਨ ਸਭਾ ਚੋਣਾਂ ਤੱਕ ਭਾਜਪਾ ਨੂੰ ਸ਼ਹਿਰੀਆਂ ਦੀ ਪਾਰਟੀ ਮੰਨਿਆਂ ਜਾਂਦਾ ਸੀ ਪ੍ਰੰਤੂੁ ਹੁਣ ਪਿੰਡਾਂ ਵਿਚ ਵੀ ਆਪਣਾ ਖਾਤਾ ਖੋਲਿਆ ਹੈ। ਸਿਆਸੀ ਮਾਹਰਾਂ ਮੁਤਾਬਕ ਸਾਬਕਾ ਵਿਤ ਮੰਤਰੀ ਵੱਲੋਂ ਇਸ ਹਲਕੇ ਤੋਂ ਲਈ ਜਾਣ ਵਾਲੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਿਆਸੀ ਤੌਰ ‘ਤੇ ਨੁਕਸਾਨ ਪਹੁੰਚਾ ਸਕਦੀ ਹੈ।
Share the post "ਗਿੱਦੜਬਾਹਾ ਉੱਪ ਚੋਣ: ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਲੱਗਿਆ ਭਖਣ"