ਚੰਡੀਗੜ੍ਹ/ਸ਼੍ਰੀ ਅੰਮ੍ਰਿਤਸਰ ਸਾਹਿਬ, 16 ਜਨਵਰੀ: ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਈ ਦੋਫ਼ਾੜ ਹਾਲੇ ਮਿਟਦੀ ਨਜ਼ਰ ਨਹੀਂ ਆ ਰਹੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਅਕਾਲੀ ਲੀਡਰਸ਼ਿਪ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਲਗਾਈ ਸਜ਼ਾ ਅਤੇ ਆਪੋ-ਆਪਣੇ ਚੁੱਲੇ ਸਮੇਟ ਕੇ ਇੱਕਜੁਟ ਹੋਣ ਦੇ ਦਿੱਤੇ ਆਦੇਸ਼ਾਂ ਦੇ ਬਾਵਜੂਦ ਦੋਨੋਂ ਧਿਰਾਂ ਆਪੋ-ਆਪਣੇ ਸਟੈਂਡ ’ਤੇ ਅੜੀਆਂ ਹੋਈਆਂ ਦਿਖ਼ਾਈ ਦੇ ਰਹੀਆਂ ਹਨ। ਇੱਕ ਪਾਸੇ ਜਿੱਥੇ ਸੁਖਬੀਰ ਬਾਦਲ ਧੜੇ ਨੇ 10 ਜਨਵਰੀ ਨੂੰ ਅਕਾਲੀ ਦਲ ਦੀ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਲਏ ਫੈਸਲੇ ਮੁਤਾਬਕ 20 ਜਨਵਰੀ ਤੋਂ ਨਵੇਂ ਪ੍ਰਧਾਨ ਤੇ ਅਹੁੱਦੇਦਾਰਾਂ ਦੀ ਚੋਣ ਲਈ ਭਰਤੀ ਮੁਹਿੰਮ ਨੂੰ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਹੈ, ਉਥੇ ਦੂਜੇ ਪਾਸੇ ਬਾਗੀ ਧੜੇ ਵੱਲੋਂ ਭਰਤੀ ਮੁਹਿੰਮ ਲਈ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਗਤੀਸ਼ੀਲ ਕਰਨ ਲਈ ਵੀਰਵਾਰ ਨੂੰ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕੀਤੀ ਗਈ।
ਇਹ ਵੀ ਪੜ੍ਹੋ ਕੰਗਨਾ ਰਣੌਤ ਦੀ ਫਿਲਮ ‘‘ਐਮਰਜੈਂਸੀ’’ ਨੂੰ ਲੈ ਕੇ ਪੰਜਾਬ ਵਿੱਚ ਮੁੜ ਉਠਿਆ ਵਿਰੋਧ
ਭਾਈ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਪੁੱਜੇ ਵਫ਼ਦ ਨੇ ਜਥੇਦਾਰ ਸਾਹਿਬ ਨਾਲ ਹੋਈ ਮੀਟਿੰਗ ਤੋਂ ਬਾਅਦ ਦਾਅਵਾ ਕੀਤਾ ਕਿ ‘‘ਸ਼੍ਰੀ ਅਕਾਲ ਤਖ਼ਤ ਸਾਹਿਬ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਸਬੰਧੀ ਹੋਏ ਫੈਸਲੇ ਨੂੰ ਇਨ ਬਿਨ ਲਾਗੂ ਕਰਨ ਲਈ ਆਪਣੇ ਫੈਸਲੇ ’ਤੇ ਕਾਇਮ ਹੈ। ’’ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਵਡਾਲਾ ਨੇ ਕਿਹਾ ਕਿ ‘‘ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਭੱਜ ਰਹੀ ਹੈ, ਜਿਸਦੇ ਚੱਲਦੇ ਹੀ ਭਰਤੀ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖਤ ਤੋਂ ਐਲਾਨੀ ਗਈ ਸੱਤ ਮੈਂਬਰੀ ਕਮੇਟੀ ਨੂੰ ਸੌਂਪਣ ਦੀ ਬਜਾਏ ਆਪਣੇ ਪੱਧਰ ’ਤੇ ਕਰਨ ਦਾ ਐਲਾਨ ਕੀਤਾ ਗਿਆ ਹੈ। ’’ ਇਸ ਮੌਕੇ ਉਨ੍ਹਾਂ ਇਹ ਵੀ ਦਸਿਆ ਕਿ ‘‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਕਮੇਟੀ ਦਾ ਮੁਖੀ ਹੋਣ ਦੇ ਨਾਤੇ ਮੀਟਿੰਗ ਬੁਲਾਉਣ ਲਈ ਪੱਤਰ ਸੌਪਿਆ ਗਿਆ ਹੈ। ਗੌਰਤਲਬ ਹੈ ਕਿ ਐਡਵੋਕੇਟ ਧਾਮੀ ਦੀ ਅਗਵਾਈ ਹੇਠ ਇਸ ਸੱਤ ਮੈਂਬਰੀ ਕਮੇਟੀ ਵਿਚ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੇਦਪੁਰੀ ਅਤੇ ਬੀਬੀ ਸਤਵੰਤ ਕੌਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ ਡਾਕਟਰ ਦੇ ਨਾਂ ‘ਤੇ 10000 ਰੁਪਏ ਰਿਸ਼ਵਤ ਦੀ ਮੰਗਣ ਵਾਲਾ ਨਿੱਜੀ ਸੁਰੱਖਿਆ ਗਾਰਡ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 20 ਜਨਵਰੀ ਤੋਂ ਮੈਂਬਰਸ਼ਿਪ ਭਰਤੀ ਸ਼ੁਰੂ ਕਰਨ ਲਈ ਸਾਰੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਕੇਡਰ ਲਈ ਕਾਪੀਆਂ ਪ੍ਰਿੰਟ ਕਰਵਾਈਆਂ ਜਾ ਰਹੀਆਂ ਹਨ ਤੇ ਸੰਵਿਧਾਨਕ ਨਿਯਮਾਂ ਮੁਤਾਬਕ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾ ਰਹੇ ਹਨ।ਡਾ. ਚੀਮਾ ਨੇ ਕਿਹਾ ਕਿ ਪਾਰਟੀ ਇਸ ਗੱਲ ਲਈ ਦ੍ਰਿੜ੍ਹ ਸੰਕਲਪ ਹੈ ਕਿ ਸਹੀ ਤਰੀਕੇ ਅਸਲ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇ ਅਤੇ ਮੁੱਖ ਚੋਣ ਅਫਸਰ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਪਾਰਟੀ ਦੇ ਆਬਜ਼ਰਵਰ ਇਸਦੀ ਨਿਗਰਾਨੀ ਕਰਨਗੇ। ਉਹਨਾਂ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਤੈਅ ਕੀਤੇ ਗਏ ਆਬਜ਼ਰਵਰਾਂ ਲਈ ਇਕ ਸਿੱਖਲਾਈ ਸੈਸ਼ਨ ਰੱਖਿਆ ਜਾਵੇ ਤਾਂ ਜੋ ਸਾਰੀ ਪ੍ਰਕਿਰਿਆ ਬਿਲਕੁਲ ਨਿਰਪੱਖਤਾ ਨਾਲ ਮੁਕੰਮਲ ਕੀਤੀ ਜਾ ਸਕੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਬਾਗੀ ਧੜਾ ਮੁੜ ਜਥੇਦਾਰ ਨੂੰ ਮਿਲਿਆ, ਅਕਾਲੀ ਦਲ ਵੱਲੋਂ 20 ਜਨਵਰੀ ਤੋਂ ਭਰਤੀ ਸ਼ੁਰੂ ਕਰਨ ਦਾ ਐਲਾਨ"