7 Views
ਬਠਿੰਡਾ, 2 ਮਈ: ਬਠਿੰਡਾ ਪੁਲਿਸ ਨੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਸ਼ਹਿਰ ਦੇ ਇੱਕ ਦੁਕਾਨ ਮਾਲਕ ਨੂੰ ਬਲੈਕਮੇਲਿੰਗ ਕਰਕੇ ਲੱਖ ਰੁਪਈਆ ਵਸੂਲਣ ਦੇ ਦੋਸ਼ਾਂ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਸ਼ਹਿਰ ਦੀ ਨਿਰਵਾਣਾ ਸਟੇਟ ਵਿੱਚ ਰਹਿਣ ਵਾਲੇ ਰਜਤ ਕੁਮਾਰ ਦੀ ਸ਼ਿਕਾਇਤ ਉੱਪਰ ਇਹ ਕਾਰਵਾਈ ਕੀਤੀ ਹੈ। ਰਜਤ ਕੁਮਾਰ ਮੁਤਾਬਕ ਉਸਦੀ ਭਾਗੂ ਰੋਡ ‘ਤੇ ਇੱਕ ਦੁਕਾਨ ਹੈ ਜੋ ਕਿ ਕਰਾਏ ਤੇ ਦਿੱਤੀ ਹੋਈ ਹੈ ਪ੍ਰੰਤੂ ਇਸ ਦੁਕਾਨ ਦਾ ਨਕਸ਼ਾ ਪਾਸ ਕਰਾਉਣ ਲਈ ਫਾਈਲ ਨਗਰ ਨਿਗਮ ਚ ਦਿੱਤੀ ਹੋਈ ਸੀ ਅਤੇ ਹੁਣ ਸਤਿੰਦਰ ਕੁਮਾਰ ਨਾਂ ਦੇ ਵਿਅਕਤੀ ਵੱਲੋਂ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਉਸਨੂੰ ਬਲੈਕ ਮੇਲਿੰਗ ਕੀਤਾ ਜਾ ਰਿਹਾ ਸੀ।
ਸ਼ਿਕਾਇਤ ਕਰਤਾ ਮੁਤਾਬਕ ਉਸਨੂੰ ਇਹ ਕਿਹਾ ਜਾ ਰਿਹਾ ਸੀ ਕਿ ਉਹ ਉਸ ਦੀ ਖਬਰ ਆਪਣੇ ਚੈਨਲ ਉੱਪਰ ਚਲਾ ਦੇਵੇਗਾ ਨਹੀਂ ਤਾਂ ਉਸ ਨੂੰ ਇਕ ਲੱਖ ਰੁਪਈਆ ਦਿੱਤਾ ਜਾਵੇ। ਇਸਦੀ ਸ਼ਿਕਾਇਤ ਉਸਦੇ ਵੱਲੋਂ ਪੁਲਿਸ ਨੂੰ ਕੀਤੀ ਗਈ ਤੇ ਪੁਲਿਸ ਨੇ ਸਤਿੰਦਰ ਨੂੰ ਗ੍ਰਿਫਤਾਰ ਕਰਕੇ ਲੱਖ ਰੁਪਈਆ ਬਰਾਮਦ ਕਰ ਲਿਆ ਹੈ। ਗੌਰਤਲਬ ਹੈ ਕਿ ਪੱਤਰਕਾਰੀ ਦੇ ਨਾਂ ‘ਤੇ ਸ਼ਹਿਰ ਵਿੱਚ ਨਜਾਇਜ਼ ਬਿਲਡਿੰਗਾਂ ਅਤੇ ਦੁਕਾਨਾਂ ਆਦਿ ਤੋਂ ਫਰੌਤੀ ਵਸੂਲਣ ਵਾਲਾ ਇੱਕ ਗੈਂਗ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ। ਚਰਚਾ ਹੈ ਕਿ ਇੰਨਾਂ ਨੂੰ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਦੀ ਵੀ ਸ਼ਹਿ ਪ੍ਰਾਪਤ ਹੈ ਜੋ ਕਿ ਆਪਣੀ ਕੀਮਤ ਵਧਾਉਣ ਦੇ ਲਈ ਕਥਿਤ ਤੌਰ ‘ਤੇ ਇਹਨਾਂ ਅਖੌਤੀ ਪੱਤਰਕਾਰਾਂ ਨੂੰ ਗੈਰ ਕਾਨੂੰਨੀ ਤੌਰ ਤੇ ਬਣ ਰਹੀਆਂ ਬਿਲਡਿੰਗਾਂ ਵਿੱਚ ਫੋਟੋਆਂ ਖਿੱਚਣ ਲਈ ਭੇਜਦੇ ਹਨ ਅਤੇ ਬਾਅਦ ਦੇ ਵਿੱਚ ਬਿਲਡਿੰਗ ਮਾਲਕਾਂ ਨੂੰ ਖਬਰਾਂ ਲੱਗਣ ਦਾ ਡਰਾਵਾ ਦੇ ਕੇ ਰਿਸ਼ਵਤ ਦੇ ਰੇਟ ਨੂੰ ਵਧਾਇਆ ਜਾਂਦਾ ਹੈ। ਇਹ ਗੈਂਗ ਜ਼ਿਆਦਾਤਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵਿਚ ਘੁੰਮਦਾ ਰਹਿੰਦਾ ਹੈ।
Share the post "ਦੁਕਾਨ ਮਾਲਕ ਨੂੰ ਬਲੈਕਮੇਲ ਕਰਕੇ ‘ਲੱਖ’ ਰੁਪਇਆ ਬਟੋਰਨ ਵਾਲਾ ਅਖੌਤੀ ਪੱਤਰਕਾਰ ਗਿ੍ਫ਼ਤਾਰ"