ਹਰਵਿੰਦਰ ਸਿੰਘ ਦੀ ਕਿਤਾਬ ‘‘ਹਿੰਦੀ ਸੇ ਪੰਜਾਬੀ ਸੀਖੇਂ’’ ’ਤੇ ’ਹੋਈ ਵਿਚਾਰ ਚਰਚਾ

0
25

ਚੰਡੀਗੜ੍ਹ, 29 ਨਵੰਬਰ: ਅੱਜ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਭਾਸ਼ਾ ਵਿਭਾਗ ਐੱਸ. ਏ. ਐੱਸ ਨਗਰ ਦੇ ਸਹਿਯੋਗ ਨਾਲ ਪੰਜਾਬੀ ਮਾਹ ਦੇ ਮੌਕੇ ਭਾਸ਼ਾ ਵਿਭਾਗ ਦੇ ਵਿਹੜੇ ਉੱਘੇ ਵਿਦਵਾਨ ਤੇ ਸ਼ਾਇਰ ਹਰਵਿੰਦਰ ਸਿੰਘ ਦੀ ਕਿਤਾਬ ‘‘ਹਿੰਦੀ ਸੇ ਪੰਜਾਬੀ ਸੀਖੇਂ’’ ਦੇ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਉੱਘੇ ਸ਼ਾਇਰ ਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਸ਼ਾਮਿਲ ਹੋਏ ਤੇ ਪ੍ਰਧਾਨਗੀ ਮੰਡਲ ਵਿਚ ਉੱਘੇ ਆਲੋਚਕ, ਨਾਵਲਕਾਰ ਡਾ. ਮਨਮੋਹਨ, ਅਨੁਵਾਦਕ ਤੇ ਵਿਦਵਾਨ ਜੰਗ ਬਹਾਦੁਰ ਗੋਇਲ, ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਸਮਾਗਮ ਦੇ ਅਗਲੇ ਪੜਾਅ ਵਿਚ ਹਰਵਿੰਦਰ ਹੋਰਾਂ ਨੇ ਕਿਤਾਬ ਬਾਰੇ ਬੋਲਦਿਆਂ ਆਪਣੇ ਅਨੁਭਵ ਦੱਸੇ ਕਿ ਕਿੰਨਾ ਉਦੇਸ਼ਾਂ ਨੂੰ ਸਾਹਮਣੇ ਰੱਖ ਉਹਨਾਂ ਨੇ ਇਹ ਕਿਤਾਬ ਲਿਖੀ।

ਇਹ ਵੀ ਪੜ੍ਹੋ IPL ’ਚ ਤਮਿਲਨਾਡੂ ਕ੍ਰਿਕਟ ਟੀਮ ਵੱਲੋਂ ਖੇਡ ਰਹੇ ਗੁਰਸਿੱਖ ਖਿਡਾਰੀ ਨੂੰ ਬਿਕਰਮ ਮਜੀਠਿਆ ਨੇ ਦਿੱਤੀਆਂ ਸ਼ੁਭਕਾਮਨਾਵਾਂ

ਇਸ ਤੋਂ ਬਾਅਦ ਪਹਿਲੇ ਬੁਲਾਰੇ ਉਂਘੇ ਵਿਦਵਾਨ ਤੇ ਲੇਖਕ ਪ੍ਰੀਤਮ ਰੁਪਾਲ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਕਿਤਾਬ ਮਹੱਤਵਪੂਰਨ ਹੈ ਉਹਨਾਂ ਨੇ ਭਾਸ਼ਾ ਦੇ ਉਚਾਰਨ ਬਾਰੇ ਕਈ ਨੁਕਤੇ ਉਠਾਏ।ਇਸ ਤੋਂ ਬਾਅਦ ਸੰਵਾਦ ਅਧੀਨ ਕਿਤਾਬ ਬਾਰੇ ਬੋਲਦਿਆਂ ਹਿੰਦੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋ ਉੱਘੇ ਵਿਦਵਾਨ ਪ੍ਰੋ. ਗੁਰਮੀਤ ਸਿੰਘ ਨੇ ਵਿਸਥਾਰ ਨਾਲ ਗੱਲ ਕਰਦੇ ਹੋਏ ਕਈ ਸ਼ਬਦਾਂ ’ਤੇ ਸਵਾਲ ਉਠਾਏ ਤੇ ਲੇਖਕ ਨੂੰ ਕਈ ਗੱਲਾਂ ’ਤੇ ਸਪਸ਼ਟ ਹੋਣ ਬਾਰੇ ਕਿਹਾ।ਸਰੋਤਿਆਂ ਵਿੱਚੋਂ ਬੋਲਦੇ ਪ੍ਰੋ. ਅਤੈ ਸਿੰਘ ਨੇ ਉੱਪ ਬੋਲੀਆਂ ਦੇ ਮਹੱਤਵ ਬਾਰੇ ਕਿਹਾ।ਇਸ ਉਪਰੰਤ ਪ੍ਰਧਾਨਗੀ ਮੰਡਲ ਵਿੱਚੋਂ ਆਲੋਚਕ ਡਾ.ਪ੍ਰਵੀਨ ਕੁਮਾਰ ਨੇ ਕਿਤਾਬ ਨੂੰ ਚੰਗਾ ਕਿਹਾ ਪਰ ਅਗਾਂਹ ਜੋੜਦਿਆਂ ਕਿਹਾ ਭਾਸ਼ਾ ਦੇ ਸਭਿਆਚਾਰਕ ਰੂਪਾਂਤਰਨ ਦਾ ਖ਼ਿਆਲ ਰੱਖਣਾ ਚਾਹੀਦਾ ਹੈ।ਇਸ ਤੋ ਬਾਅਦ ਜੰਗ ਬਹਾਦੁਰ ਗੋਇਲ ਹੋਰਾਂ ਨੇ ਕਿਤਾਬ ਨੂੰ ਸਿੱਖਣ ਦਾ ਪਹਿਲ ਪੜਾਅ ਕਿਹਾ, ਉਹਨਾਂ ਅੱਗੇ ਕਿਹਾ ਕਿ ਇਹ ਕਿਤਾਬ ਲਾਈਟ ਹਾਊਸ ਵਾਂਗ ਰਾਹ ਦਸੇਰੀ ਹੈ।

ਇਹ ਵੀ ਪੜ੍ਹੋ ਬੇਅਦਬੀ ਕੇਸ ’ਚ ਰਾਮ ਰਹੀਮ ਵਿਰੁਧ ਮੁੜ ਸ਼ੁਰੂ ਹੋਈ ਸੁਣਵਾਈ, ਵੀਡੀਓ ਕਾਨਫਰੰਸ ਰਾਹੀਂ ਹੋਇਆ ਪੇਸ਼

ਸਮਾਗਮ ਦੇ ਮੁੱਖ ਮਹਿਮਾਨ, ਭਾਸ਼ਾ ਵਿਭਾਗ ਦੇ ਡਾਇਰੈਕਟਰ ਸ਼੍ਰੀ ਜਸਵੰਤ ਸਿੰਘ ਜ਼ਫ਼ਰ ਨੇ ਅੱਜ ਦੇ ਸਮਾਗਮ ਨੂੰ ਸਾਰਥਕ ਦੱਸਿਆ ਤੇ ਇਸ ਤਰ੍ਹਾਂ ਦੇ ਲੇਖਨ ਨੂੰ ਅਸਲੀ ਮਾਂ ਬੋਲੀ ਦੀ ਸੇਵਾ ਦੱਸਿਆ। ਉਹਨਾਂ ਮਾਂ ਬੋਲੀ ਦੇ ਮਹੱਤਵ ਬਾਰੇ ਵੀ ਚਾਨਣਾ ਪਾਇਆ।ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਮਨਮੋਹਨ ਹੋਰਾਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅੱਜ ਦਾ ਸਮਾਗਮ ਪੰਜਾਬੀ ਮਾਹ ਦੇ ਮੌਕੇ ’ਤੇ ਮਹੱਤਵਪੂਰਨ ਹੋ ਨਿਭੜਿਆ; ਉਹਨਾਂ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਅਨੁਵਾਦ ਤੇ ਅਧਿਆਪਨ ਵਿਚ ਫਰਕ ਹੁੰਦਾ ਹੈ; ਲੇਖਕ ਨੂੰ ਇਸ ਗੱਲ ਦਾ ਥੋੜ੍ਹਾ ਖ਼ਿਆਲ ਰੱਖਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿਤਾਬ ਚੰਗੀ ਕੋਸ਼ਿਸ਼ ਹੈ ਤੇ ਉਮੀਦ ਹੈ ਲੇਖਕ ਹੋਰ ਮਿਹਨਤ ਨਾਲ ਅਗਲੀ ਕਿਤਾਬ ਲੈ ਕੇ ਆਵੇਗਾ।ਮੰਚ ਸੰਚਾਲਨ ਸਮਾਗਮ ਦੇ ਕਨਵੀਨਰ ਲੇਖਕ ਜਗਦੀਪ ਸਿੱਧੂ ਹੋਰਾਂ ਨੇ ਕੀਤਾ।ਇਸ ਸਮਾਗਮ ਵਿਚ ਉੱਘੇ ਸ਼ਾਇਰ, ਕਹਾਣੀਕਾਰ ਗੁਲ ਚੌਹਾਨ, ਸਿਰਮੌਰ ਕਹਾਣੀਕਾਰ ਬਲੀਜੀਤ, ਸ਼ਾਇਰ ਗੁਰਪ੍ਰੀਤ ਡੈਣੀ, ਸ਼ਾਇਰ ਡਾ.ਸੁਰਿੰਦਰ ਗਿੱਲ ਸ਼ੁਸ਼ੀਲ ਕੌਰ, ਭੁਪਿੰਦਰ ਮਲਿਕ, ਜਗਬੀਰ ਕੌਰ, ਹਰਭਜਨ ਕੌਰ ਢਿੱਲੋਂ, ਧਿਆਨ ਸਿੰਘ ਕਾਹਲੋਂ,ਨਾਟਕਕਾਰ ਸੰਜੀਵਨ ਸਿੰਘ ਆਦਿ ਸ਼ਾਮਿਲ ਹੋਏ।

 

LEAVE A REPLY

Please enter your comment!
Please enter your name here