ਨਾਭਾ, 19 ਅਕਤੂਬਰ: ਸਥਾਨਕ ਸ਼ਹਿਰ ਕੁਲਹਾੜ ਮੰਡੀ ’ਚ ਬੀਤੀ ਰਾਤ ਚੋਰਾਂ ਵੱਲੋਂ ਚੌਕੀਦਾਰ ਦੀ ਕੁੱਟਮਾਰ ਕਰਕੇ ਕਰਿਆਨੇ ਦੇ ਇੱਕ ਗੋਦਾਮ ਵਿਚੋਂ ਲੱਖਾਂ ਰੁਪਏ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੋਦਾਮ ਦੇ ਮਾਲਕ ਸੰਜੀਵ ਕੁਮਾਰ ਨੇ ਮੀਡੀਆ ਨੂੰ ਦਸਿਆ ਕਿ ਇੱਕ ਸਾਲ ਵਿਚ ਉਸਦੇ ਨਾਲ ਵਾਪਰੀ ਇਹ ਦੂਜੀ ਘਟਨਾ ਹੈ ਤੇ ਪਹਿਲੀ ਘਟਨਾ ਵਿਚ ਦੋ ਨੌਜਵਾਨ ਉਸਦੇ ਕੋਲੋਂ 1.80 ਲੱਖ ਰੁਪਏ ਖੋਹ ਕੇ ਲੈ ਗਏ ਸਨ। ਹੁਣ ਵੀ ਹੋਈ ਚੋਰੀ ਵਿਚ ਉਸਨੇ 5-6 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਕਬੂਲੀ ਹੈ।
ਇਹ ਵੀ ਪੜ੍ਹੋ:ਝੋਨੇ ਦੀ ਖ਼ਰੀਦ ਲਈ ਕਿਸਾਨ ਜਥੇਬੰਦੀ ਉਗਰਾਹਾ ਵੱਲੋਂ ਆਪ ਵਿਧਾਇਕਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਸ਼ੁਰੂ
ਚੌਕੀਦਾਰ ਨੇ ਦਸਿਆ ਕਿ ਦੋ ਮੋਟਰਸਾਈਕਲਾਂ ‘ਤੇ ਅੱਧੀ ਦਰਜ਼ਨ ਦੇ ਕਰੀਬ ਆਏ ਨੌਜਵਾਨ ਪਹਿਲਾਂ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਮੁੜ ਉਸ ਉਪਰ ਕੰਬਲ ਪਾ ਕੇ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ। ਇਸ ਦੌਰਾਨ ਚੋਰਾਂ ਨੇ ਗੋਦਾਮ ਦੀ ਫ਼ਰੋਲਾ-ਫ਼ਰਾਲੀ ਕੀਤੀ ਤੇ ਛੁੱਟੀਆਂ ਕਾਰਨ ਇੱਥੇ ਪਿਆ ਕੈਸ਼ ਵੀ ਚੁੱਕ ਕੇ ਲੈ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੈਜ਼ ਤੇ ਤਕਨੀਕੀ ਪਹਿਲੂਆਂ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।