👉 ਅਮਨ ਅਰੋੜਾ ਨੇ ਪਿੰਡਾਂ ਵਿੱਚ 3 ਲੱਖ ਸੋਲਰ ਸਟਰੀਟ ਲਾਈਟਾਂ ਲਾਉਣ ਲਈ 6 ਮਹੀਨਿਆਂ ਦਾ ਟੀਚਾ ਕੀਤਾ ਨਿਰਧਾਰਤ
👉 ਸਾਫ਼-ਸੁਥਰੇ ਤੇ ਸਿਹਤਮੰਦ ਭਵਿੱਖ ਲਈ ਸੌਰ ਊਰਜਾ ਦੀ ਵਰਤੋਂ ਵੱਲ ਵਧ ਰਿਹੈ ਪੰਜਾਬ: ਅਰੋੜਾ
Chandigarh News : ਸਾਫ਼-ਸੁਥਰੀ ਊਰਜਾ ਪੈਦਾ ਕਰਨ ਦੀ ਦਿਸ਼ਾ ਵੱਲ ਵੱਡੀ ਪਹਿਲਕਦਮੀ ਤਹਿਤ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸੂਬੇ ਦੀਆਂ ਮੁੱਖ ਇਮਾਰਤਾਂ ‘ਤੇ 2 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਲਗਾਉਣ ਦਾ ਐਲਾਨ ਕੀਤਾ, ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ (500 ਕਿਲੋਵਾਟ), ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ (400 ਕਿਲੋਵਾਟ) ਅਤੇ ਐਨ.ਆਈ.ਬੀ.ਈ. ਕਪੂਰਥਲਾ ਵਿਖੇ (300 ਕਿਲੋਵਾਟ) ਦੇ ਪ੍ਰੋਜੈਕਟ ਸ਼ਾਮਲ ਹਨ। ਇਥੇ ਪੇਡਾ ਕੰਪਲੈਕਸ ਵਿਖੇ ਹਰੀ ਊਰਜਾ ਨਾਲ ਸਬੰਧਤ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ 661 ਸਰਕਾਰੀ ਇਮਾਰਤਾਂ ਦੀਆਂ ਛੱਤਾਂ ‘ਤੇ ਵੀ 18.6 ਮੈਗਾਵਾਟ ਦੇ ਸੋਲਰ ਪਲਾਂਟ ਲਾਉਣ ਲਈ ਵਰਕ ਆਰਡਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਮੀਟਿੰਗ ਦੌਰਾਨ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ ਵਿਰਾਸਤ-ਏ-ਖਾਲਸਾ, ਭਗਵਾਨ ਵਾਲਮੀਕਿ ਤੀਰਥ ਸਥਲ ਅਤੇ ਐਨ.ਆਈ.ਬੀ.ਈ. ਕਪੂਰਥਲਾ ਸਮੇਤ ਪ੍ਰਮੁੱਖ ਵਿਰਾਸਤੀ ਅਤੇ ਵਿਦਿਅਕ ਇਮਾਰਤਾਂ ਵਿਖੇ 2 ਮੈਗਾਵਾਟ ਸੋਲਰਾਈਜ਼ੇਸ਼ਨ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਅਗਸਤ 2026 ਦੇ ਅੱਧ ਤੱਕ ਦੀ ਸਮਾਂ ਸੀਮਾ ਤੈਅ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਰਾਜ ਵਿੱਚ 661 ਸਰਕਾਰੀ ਇਮਾਰਤਾਂ ‘ਤੇ 18.6 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਲਈ ਵਰਕ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਹੁਣ ਤੱਕ 34 ਸਰਕਾਰੀ ਇਮਾਰਤਾਂ ‘ਤੇ 1.413 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਸੋਲਰ ਪਲਾਂਟ ਲਗਾਏ ਜਾ ਚੁੱਕੇ ਹਨ।
ਪਿੰਡਾਂ ਦੀਆਂ ਗਲੀਆਂ ਰਾਤਾਂ ਨੂੰ ਵੀ ਰੌਸ਼ਨ ਕਰਨ ਲਈ ਇੱਕ ਵੱਖਰੀ ਪਹਿਲਕਦਮੀ ਤਹਿਤ ਸ੍ਰੀ ਅਮਨ ਅਰੋੜਾ ਨੇ ਪੇਡਾ ਨੂੰ ਅਗਲੇ ਛੇ ਮਹੀਨਿਆਂ ਦੇ ਅੰਦਰ ਤਿੰਨ ਲੱਖ ਸੋਲਰ ਸਟਰੀਟ ਲਾਈਟਾਂ ਲਾਉਣ ਦੇ ਨਿਰਦੇਸ਼ ਦਿੱਤੇ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਪਹਿਲਾਂ ਹੀ ਪੰਜਾਬ ਭਰ ਦੇ 5,835 ਪਿੰਡਾਂ ਵਿੱਚ 1.19 ਲੱਖ ਤੋਂ ਵੱਧ ਸੋਲਰ ਸਟਰੀਟ ਲਾਈਟਾਂ ਲਗਾ ਚੁੱਕੀ ਹੈ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਆਪਣੇ ਸਿਹਤਮੰਦ ਭਵਿੱਖ ਲਈ ਸੂਰਜੀ ਊਰਜਾ ਦੀ ਵਰਤੋਂ ਵੱਲ ਰੁਖ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਵਰਗੀਆਂ ਵਿਰਾਸਤੀ ਥਾਵਾਂ ਅਤੇ 661 ਸਰਕਾਰੀ ਇਮਾਰਤਾਂ ਵਿਖੇ ਸੌਰ ਊਰਜਾ ਪ੍ਰੋਜੈਕਟ ਲਗਾ ਕੇ ਅਸੀਂ ਬਿਜਲੀ ਦੇ ਬਿੱਲਾਂ ਤੇ ਪ੍ਰਦੂਸ਼ਣ ਵਿੱਚ ਕਟੌਤੀ ਲਿਆ ਰਹੇ ਹਾਂ ਅਤੇ ਆਪਣੇ ਲੋਕਾਂ ਲਈ ਭਰੋਸੇਯੋਗ ਬਿਜਲੀ ਯਕੀਨੀ ਬਣਾ ਰਹੇ ਹਾਂ। ਸ੍ਰੀ ਅਰੋੜਾ ਨੇ ਕਿਹਾ ਕਿ 18.6 ਮੈਗਾਵਾਟ ਦੇ ਇਹ ਪ੍ਰੋਜੈਕਟ ਅਤੇ 3 ਲੱਖ ਸਟਰੀਟ ਲਾਈਟਾਂ ਪੰਜਾਬ ਦੇ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਾਲਾਨਾ ਕਰੋੜਾਂ ਦੀ ਬਚਤ ਵੀ ਕਰਨਗੇ। ਇਸ ਦੌਰਾਨ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਸ੍ਰੀ ਅਰੋੜਾ ਨੂੰ ਜਾਣੂ ਕਰਵਾਇਆ ਕਿ 129 ਪਿੰਡਾਂ ਵਿੱਚ 2,521 ਸੋਲਰ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਇਸ ਸਮੇਂ ਪ੍ਰਗਤੀ ਅਧੀਨ ਹੈ, ਜਿਸਦੇ ਜੁਲਾਈ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਖੇਤੀਬਾੜੀ ਪਹਿਲੂ ‘ਤੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ 5,000 ਤੋਂ ਵੱਧ ਆਫ-ਗਰਿੱਡ ਸਟੈਂਡਅਲੋਨ ਸੋਲਰ ਵਾਟਰ ਪੰਪ ਲਗਾਏ ਗਏ ਹਨ। ਸਮੀਖਿਆ ਮੀਟਿੰਗ ਵਿੱਚ ਪੇਡਾ ਦੇ ਸੀਈਓ ਸ੍ਰੀ ਅਭਿਜੀਤ ਕਪਲਿਸ਼ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





