👉ਹੁਣ ਇਲਾਜ ਸਮੇਂ ਸਿਰ ਮਿਲੇਗਾ ਜਾਂ ਨਹੀਂ, ਇਹ ਪੈਸਿਆਂ ’ਤੇ ਨਿਰਭਰ ਨਹੀਂ ਕਰਦਾ: ਮਨਜੀਤ ਸਿੰਘ, ਲਾਭਪਾਤਰੀ
👉ਛਾਤੀ ਦੇ ਦਰਦ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦੈ ; ਬਿਨਾਂ ਦੇਰੀ ਡਾਕਟਰੀ ਸਹਾਇਤਾ ਲਓ: ਡਾ. ਬਲਬੀਰ ਸਿੰਘ
Punjab News:ਫਾਜ਼ਿਲਕਾ ਜ਼ਿਲ੍ਹੇ ਦੇ 58 ਸਾਲਾ ਮਨਜੀਤ ਸਿੰਘ ਕਈ ਹਫ਼ਤਿਆਂ ਤੱਕ ਛਾਤੀ ਵਿੱਚ ਹੋ ਰਹੀ ਤਕਲੀਫ਼ ਨੂੰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰਦੇ ਰਹੇ। ਪਰ ਜਦੋਂ ਛਾਤੀ ਦਾ ਦਰਦ ਵਾਰ-ਵਾਰ ਹੋਣ ਲੱਗਾ ਅਤੇ ਥੋੜ੍ਹਾ ਜਿਹਾ ਤੁਰਨ ’ਤੇ ਵੀ ਬੇਚੈਨੀ ਮਹਿਸੂਸ ਹੋਣ ਲੱਗੀ ਫਿਰ ਉਨ੍ਹਾਂ ਨੇ ਡਾਕਟਰੀ ਜਾਂਚ ਕਰਵਾਈ। ਜਾਂਚ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੇ ਦਿਲ ਦੀ ਇੱਕ ਕੋਰੋਨਰੀ ਧਮਨੀ ਵਿੱਚ ਰੁਕਾਵਟ ਸੀ ਅਤੇ ਤੁਰੰਤ ਇਲਾਜ ਦੀ ਲੋੜ ਸੀ। ਕੁਝ ਹੀ ਘੰਟਿਆਂ ਵਿੱਚ ਉਨ੍ਹਾਂ ਨੂੰ ਕੈਥੇਟਰਾਈਜ਼ੇਸ਼ਨ ਲੈਬ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਐਂਜੀਓਪਲਾਸਟੀ ਕਰਕੇ ਸਟੈਂਟ ਪਾਇਆ ਅਤੇ ਉਨ੍ਹਾਂ ਦੇ ਦਿਲ ਵਿੱਚ ਖ਼ੂਨ ਦਾ ਪ੍ਰਵਾਹ ਮੁੜ ਬਹਾਲ ਕਰ ਦਿੱਤਾ।ਮਨਜੀਤ ਸਿੰਘ ਦਾ ਮਾਮਲਾ ਸਮੇਂ ਸਿਰ ਇਲਾਜ ਦੀ ਮਹੱਤਤਾ ਨੂੰ ਦਰਸਾਉਂਦਾ ਹੈ, ਜਦਕਿ ਸਰਕਾਰੀ ਅੰਕੜੇ ਇਹ ਵੀ ਦੱਸਦੇ ਹਨ ਕਿ ਦਿਲ ਦੀਆਂ ਬੀਮਾਰੀਆਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨ ਬਾਲਗਾਂ ਦੀ, ਕੈਸ਼ਲੈੱਸ ਦਿਲ ਦੇ ਇਲਾਜ ਕਰਵਾਉਣ ਵਾਲੇ ਲਾਭਪਾਤਰੀਆਂ ਵਿੱਚ ਸਭ ਤੋਂ ਵੱਧ ਗਿਣਤੀ ਰਹੀ ਹੈ। ਇਹ ਨੌਜਵਾਨ ਮਰੀਜ਼ਾਂ ਲਈ ਸਮੇਂ ਸਿਰ ਜਾਂਚ ਅਤੇ ਮਾਹਿਰ ਦਿਲ ਰੋਗ ਇਲਾਜ ਸੇਵਾਵਾਂ ਤੱਕ ਪਹੁੰਚ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।ਦਿਲ ਦੀ ਬੀਮਾਰੀ ਆਮ ਤੌਰ ’ਤੇ ਬਿਨਾਂ ਕਿਸੇ ਚੇਤਾਵਨੀ ਦੇ ਨਹੀਂ ਆਉਂਦੀ। ਛਾਤੀ ਵਿੱਚ ਲਗਾਤਾਰ ਦਰਦ, ਸਾਹ ਚੜ੍ਹਨਾ, ਅਸਧਾਰਨ ਥਕਾਵਟ ਜਾਂ ਦਰਦ ਦਾ ਬਾਂਹਾਂ, ਜਬਾੜੇ ਜਾਂ ਪਿੱਠ ਤੱਕ ਫ਼ੈਲਣਾ ਇਸ ਦੇ ਮੁੱਖ ਲੱਛਣ ਹੋ ਸਕਦੇ ਹਨ। ਪਰ, ਅਕਸਰ ਲੋਕ ਇਨ੍ਹਾਂ ਲੱਛਣਾਂ ਨੂੰ ਉਦੋਂ ਤੱਕ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ, ਜਦੋਂ ਤੱਕ ਇਹ ਗੰਭੀਰ ਡਾਕਟਰੀ ਐਮਰਜੈਂਸੀ ਦਾ ਰੂਪ ਨਹੀਂ ਧਾਰ ਲੈਂਦੇ। ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੇਤਾਵਨੀ ਸੰਕੇਤਾਂ ਨੂੰ ਸਮੇਂ ਸਿਰ ਪਛਾਣ ਕੇ ਤੁਰੰਤ ਇਲਾਜ ਕਰਵਾਉਣ ਨਾਲ ਜਾਨ ਬਚਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ ਅਤੇ ਦਿਲ ਨੂੰ ਸਥਾਈ ਨੁਕਸਾਨ ਤੋਂ ਵੀ ਬਚਾਇਆ ਜਾ ਸਕਦਾ ਹੈ।
ਭਾਰਤ ਵਿੱਚ ਇਹ ਚੁਣੌਤੀ ਲਗਾਤਾਰ ਵਧ ਰਹੀ ਹੈ। ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਅਨੁਸਾਰ, ਪਿਛਲੇ ਤਿੰਨ ਦਹਾਕਿਆਂ ਦੌਰਾਨ ਦਿਲ ਅਤੇ ਖ਼ੂਨ ਦੀਆਂ ਨਾੜੀਆਂ ਨਾਲ ਸਬੰਧਤ ਬੀਮਾਰੀਆਂ ਦੇਸ਼ ਵਿੱਚ ਬੀਮਾਰੀ ਅਤੇ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਰਹੀਆਂ ਹਨ। ਤੇਜ਼ੀ ਨਾਲ ਹੋ ਰਿਹਾ ਸ਼ਹਿਰੀਕਰਨ, ਘੱਟ ਸਰੀਰਕ ਗਤੀਵਿਧੀਆਂ ਵਾਲੀ ਜੀਵਨਸ਼ੈਲੀ, ਗ਼ੈਰ-ਸੰਤੁਲਿਤ ਖ਼ੁਰਾਕ , ਤੰਬਾਕੂ ਦੀ ਵਰਤੋਂ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਥਿਤੀਆਂ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਭਾਵੇਂ ਦਿਲ ਦੇ ਇਲਾਜ ਦੇ ਖ਼ੇਤਰ ਵਿੱਚ ਹੋਈ ਤਰੱਕੀ ਨਾਲ ਮਰੀਜ਼ਾਂ ਦੇ ਬਚਣ ਦੀ ਸੰਭਾਵਨਾ ਵਧੀ ਹੈ, ਪਰ ਇਲਾਜ ਦੀ ਉੱਚੀ ਲਾਗਤ ਅੱਜ ਵੀ ਬਹੁਤ ਸਾਰੇ ਪਰਿਵਾਰਾਂ ਲਈ ਜੀਵਨ-ਰੱਖਿਅਕ ਇਲਾਜ ਨੂੰ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਕਰ ਦਿੰਦੀ ਹੈ।ਮਨਜੀਤ ਸਿੰਘ ਵਰਗੇ ਮਰੀਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਡਾਕਟਰੀ ਨਹੀਂ, ਸਗੋਂ ਆਰਥਿਕਤਾ ਸੀ। ਪੰਜਾਬ ਵਿੱਚ ਅਜਿਹੇ ਕਈ ਪਰਿਵਾਰ, ਜੋ ਦਿਲ ਨਾਲ ਸਬੰਧਤ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਨ, ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਇਲਾਜ ਮਿਲ ਰਿਹਾ ਹੈ । ਇਹ ਯੋਜਨਾ ਯੋਗ ਮਰੀਜ਼ਾਂ ਦੇ ਦਿਲ ਨਾਲ ਸਬੰਧਤ ਇਲਾਜ ਦਾ ਸਾਰਾ ਖ਼ਰਚਾ ਉਠਾਉਂਦੀ ਹੈ। ਹਸਪਤਾਲ ਦੇ ਭਾਰੀ ਬਿਲਾਂ ਦਾ ਬੋਝ ਘਟਾ ਕੇ ਇਹ ਯੋਜਨਾ ਮਰੀਜ਼ਾਂ ਨੂੰ ਆਰਥਿਕ ਮਜਬੂਰੀ ਕਾਰਨ ਇਲਾਜ ਤੋਂ ਪਾਸਾ ਵੱਟਣ ਦੀ ਬਜਾਏ ਸਮੇਂ ਸਿਰ ਇਲਾਜ ਕਰਵਾਉਣ ਦੇ ਯੋਗ ਬਣਾ ਰਹੀ ਹੈ।ਯੋਜਨਾ ਦੇ ਪ੍ਰਭਾਵ ਦਾ ਅੰਦਾਜ਼ਾ ਸਟੇਟ ਹੈਲਥ ਏਜੰਸੀ (ਐੱਸਐੱਚਏ), ਪੰਜਾਬ ਵੱਲੋਂ ਜਾਰੀ ਅੰਕੜਿਆਂ ਤੋਂ ਵੀ ਲਗਾਇਆ ਜਾ ਸਕਦਾ ਹੈ। 15 ਜੁਲਾਈ 2026 ਤੱਕ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 135 ਮਰੀਜ਼ਾਂ ਦਾ ਕੈਸ਼ਲੈੱਸ ਦਿਲ ਦਾ ਇਲਾਜ ਕੀਤਾ ਜਾ ਚੁੱਕਾ ਹੈ, ਜਿਸ ’ਤੇ 2.71 ਕਰੋੜ ਰੁਪਏ ਦੀ ਇਲਾਜੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਨ੍ਹਾਂ ਇਲਾਜਾਂ ਵਿੱਚ ਜਮਾਂਦਰੂ ਦਿਲ ਦੇ ਨੁਕਸ, ਦਿਲ ਦੇ ਵਾਲਵ ਨਾਲ ਸਬੰਧਤ ਰੋਗਾਂ ਅਤੇ ਦਿਲ ਦੀਆਂ ਹੋਰ ਗੁੰਝਲਦਾਰ ਬੀਮਾਰੀਆਂ ਦੀਆਂ ਸਰਜਰੀਆਂ ਸ਼ਾਮਲ ਹਨ। ਇਹ ਅੰਕੜੇ ਮਾਹਿਰ ਦਿਲ ਰੋਗ ਇਲਾਜ ਸੇਵਾਵਾਂ ਦੀ ਵਧ ਰਹੀ ਲੋੜ ਨੂੰ ਦਰਸਾਉਂਦੇ ਹਨ ਅਤੇ ਇਹ ਵੀ ਸਪੱਸ਼ਟ ਕਰਦੇ ਹਨ ਕਿ ਸਮੇਂ ਸਿਰ ਜੀਵਨ-ਰੱਖਿਅਕ ਇਲਾਜ ਯਕੀਨੀ ਬਣਾਉਣ ਵਿੱਚ ਆਰਥਿਕ ਸਹਾਇਤਾ ਕਿੰਨੀ ਅਹਿਮ ਭੂਮਿਕਾ ਨਿਭਾ ਰਹੀ ਹੈ।ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦਿਲ ਦੀਆਂ ਬੀਮਾਰੀਆਂ ਅੱਜ ਵੀ ਸਭ ਤੋਂ ਗੰਭੀਰ ਜਨ ਸਿਹਤ ਚੁਣੌਤੀਆਂ ਵਿੱਚੋਂ ਇੱਕ ਹਨ, ਪਰ ਜਾਗਰੂਕਤਾ, ਸਮੇਂ ਸਿਰ ਜਾਂਚ ਅਤੇ ਤੁਰੰਤ ਡਾਕਟਰੀ ਇਲਾਜ ਰਾਹੀ ਮੌਤਾਂ ਦੀ ਗਿਣਤੀ ਕਾਫੀ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ AAP ਦਾ Akalai DAL ‘ਤੇ ਤੰਜ਼; ਕਿਹਾ, AI ਨਾਲ ਹੀ ਮੋਰਚਾ ਸ਼ੁਰੂ ਕਰ ਲਓ !
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛਾਤੀ ਵਿੱਚ ਲਗਾਤਾਰ ਦਰਦ, ਸਾਹ ਚੜ੍ਹਨਾ, ਅਸਧਾਰਨ ਥਕਾਵਟ ਜਾਂ ਹੋਰ ਚੇਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰਨ, ਕਿਉਂਕਿ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਨਾਲ ਜਾਨ ਬਚਾਈ ਜਾ ਸਕਦੀ ਹੈ।ਉਨ੍ਹਾਂ ਕਿਹਾ, “ਕਿਸੇ ਵੀ ਪਰਿਵਾਰ ਨੂੰ ਆਰਥਿਕ ਤੰਗੀ ਕਾਰਨ ਜੀਵਨ-ਰੱਖਿਅਕ ਦਿਲ ਦੇ ਇਲਾਜ ਵਿੱਚ ਦੇਰੀ ਕਰਨ ਲਈ ਮਜ਼ਬੂਰ ਹੋਣ ਦੀ ਲੋਡ਼ ਨਹੀਂ । ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਯੋਗ ਮਰੀਜ਼ਾਂ ਨੂੰ ਇਲਾਜ ਦੇ ਖ਼ਰਚੇ ਦੀ ਚਿੰਤਾ ਤੋਂ ਬਿਨਾਂ ਸਹੀ ਸਮੇਂ ’ਤੇ ਮਿਆਰੀ ਦਿਲ ਰੋਗ ਇਲਾਜ ਮੁਹੱਈਆ ਹੋਵੇ। ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਅਤੇ ਸਾਡੀ ਵਚਨਬੱਧਤਾ ਹੈ ਕਿ ਪੰਜਾਬ ਦੇ ਹਰ ਯੋਗ ਪਰਿਵਾਰ ਤੱਕ ਅਜਿਹੀਆਂ ਸਿਹਤ ਸੇਵਾਵਾਂ ਪਹੁੰਚਣ।”ਮਾਈ ਹਸਪਤਾਲ, ਮੋਹਾਲੀ (ਇੰਡਸ ਨੈੱਟਵਰਕ ਹਸਪਤਾਲ) ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਅਤੇ ਕੰਸਲਟੈਂਟ ਕਾਰਡੀਓਲੋਜਿਸਟ ਡਾ. ਕਰਨਦੀਪ ਸਿੰਘ ਸਿਆਲ ਨੇ ਕਿਹਾ, “ਦਿਲ ਦੀਆਂ ਬੀਮਾਰੀਆਂ ਅੱਜ ਵੀ ਦੇਸ਼ ਦੀਆਂ ਸਭ ਤੋਂ ਵੱਡੀਆਂ ਸਿਹਤ ਚੁਣੌਤੀਆਂ ਵਿੱਚੋਂ ਇੱਕ ਹਨ। ਜਨਮ ਤੋਂ ਦਿਲ ਦੇ ਨੁਕਸ ਅਤੇ ਦਿਲ ਦੀਆਂ ਹੋਰ ਗੁੰਝਲਦਾਰ ਬੀਮਾਰੀਆਂ ਦੇ ਮਾਮਲਿਆਂ ਵਿੱਚ ਵੱਡੀ ਗਿਣਤੀ ਵਿੱਚ ਇਲਾਜ ਦੀ ਲੋੜ ਪੈਂਦੀ ਹੈ। ਹਾਲਾਂਕਿ, ਸਮੇਂ ਸਿਰ ਜਾਂਚ ਅਤੇ ਇਲਾਜ ਰਾਹੀਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।”ਡਾ. ਕਰਨਦੀਪ ਸਿੰਘ ਸਿਆਲ ਨੇ ਕਿਹਾ ਕਿ ਆਰਥਿਕ ਸੁਰੱਖਿਆ ਮਿਲਣ ਨਾਲ ਮਰੀਜ਼ ਬਿਨਾਂ ਦੇਰੀ ਇਲਾਜ ਕਰਵਾਉਣ ਲਈ ਅੱਗੇ ਆਉਂਦੇ ਹਨ, ਜਿਸ ਨਾਲ ਇਲਾਜ ਦੇ ਨਤੀਜੇ ਬਿਹਤਰ ਹੁੰਦੇ ਹਨ ਅਤੇ ਮਰੀਜ਼ ਜਲਦੀ ਸਿਹਤਯਾਬ ਹੁੰਦੇ ਹਨ। ਉਨ੍ਹਾਂ ਕਿਹਾ, “ਇਸ ਦੇ ਨਾਲ-ਨਾਲ, ਰੋਕਥਾਮ ਹੀ ਸਾਡੀ ਸਭ ਤੋਂ ਮਜ਼ਬੂਤ ਸੁਰੱਖਿਆ ਹੈ। ਦਿਲ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣਾ, ਨਿਯਮਤ ਸਰੀਰਕ ਗਤੀਵਿਧੀਆਂ ਕਰਨਾ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣਾ ਅਤੇ ਸਮੇਂ-ਸਮੇਂ ’ਤੇ ਦਿਲ ਦੀ ਜਾਂਚ ਕਰਵਾਉਣਾ ਗੰਭੀਰ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ।”ਅੱਜ ਮਨਜੀਤ ਸਿੰਘ ਆਪਣੇ ਪਰਿਵਾਰ ਨਾਲ ਤੰਦਰੁਸਤ ਜੀਵਨ ਬਤੀਤ ਕਰ ਰਿਹਾ ਹੈ ਅਤੇ ਇਸ ਗੱਲ ਲਈ ਸ਼ੁਕਰਗੁਜ਼ਾਰ ਹੈ ਕਿ ਡਾਕਟਰੀ ਐਮਰਜੈਂਸੀ ਓਹਦੇ ਲਈ ਆਰਥਿਕ ਸੰਕਟ ਵਿੱਚ ਨਹੀਂ ਬਦਲੀ। ਉਸ ਦੀ ਕਹਾਣੀ ਪੰਜਾਬ ਦੇ ਅਜਿਹੇ ਕਈ ਹੋਰ ਲੋਕਾਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਇਸ ਯੋਜਨਾ ਤਹਿਤ ਸਮੇਂ ਸਿਰ ਦਿਲ ਸਬੰਧੀ ਇਲਾਜ ਮਿਲਿਆ ਹੈ। ਮਨਜੀਤ ਸਿੰਘ ਨੇ ਕਿਹਾ, “ਸਭ ਤੋਂ ਵੱਡੀ ਤਸੱਲੀ ਸਿਰਫ਼ ਇਸ ਗੱਲ ਦੀ ਨਹੀਂ ਕਿ ਹੁਣ ਉੱਚ ਪੱਧਰੀ ਡਾਕਟਰੀ ਇਲਾਜ ਉਪਲੱਬਧ ਹੈ, ਸਗੋਂ ਇਸ ਗੱਲ ਦੀ ਹੈ ਕਿ ਸਮੇਂ ਸਿਰ ਇਲਾਜ ਮਿਲੇਗਾ ਜਾਂ ਨਹੀਂ, ਇਹ ਹੁਣ ਸਾਡੀ ਆਰਥਿਕ ਸਮਰੱਥਾ ’ਤੇ ਨਿਰਭਰ ਨਹੀਂ ਕਰਦਾ।”
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





