ਘਰੇ ਲੜਾਈ ਹੋਣ ਕਾਰਨ ‘ਸੱਸ’ ਦੀ ਵੀ ਸਦਮੇ ’ਚ ਹੋਈ ਮੌ+ਤ, ਪੁਲਿਸ ਵੱਲੋਂ ਜਾਂਚ ਸ਼ੁਰੂ
ਫ਼ਰੀਦਕੋਟ, 4 ਨਵੰਬਰ: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਦਹਾਕੇ ਪਹਿਲਾਂ ਗਾਏ ਚਰਚਿਤ ਪੰਜਾਬੀ ਗੀਤ ‘‘ ਮੇਰੀ ਇੱਕ ਗੱਲ ਸੁਣਦਾ ਜਾਈਂ ਵੇ, ਪਿੰਡ ਪਹਿਰਾ ਲੱਗਦਾ, ਰਾਤੀ ਮਿਲਣ ਨਾ ਆਈਂ ਵੇ, ਐਵੀਂ ਵੱਢਿਆ ਨਾ ਜਾਈਂ ਵੇਂ’’ ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਟਿੱਬੀ ਅਰਾਈਆ ਵਿਚ ਵਾਪਰੀ ਇੱਕ ਘਟਨਾ ਵਿਚ ਸੱਚਾ ਹੁੰਦਾ ਜਾਪਿਆ। ਇੱਥੇ ਧੱਕੇ ਨਾਲ ਆਪਣੀ ਕਥਿਤ ਵਿਆਹੁਤਾ ਪ੍ਰੇਮਿਕਾ ਦੇ ਘਰ ਆਉਂਦੇ ਇੱਕ ਨੌਜਵਾਨ ਨੂੰ ਪਿੰਡ ਵਾਲਿਆਂ ਵੱਲੋਂ ਘੇਰਕੇ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਉਸਦੇ ਨਾਲ ਆਇਆ ਸਾਥੀ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਦਾ ਇਲਾਜ਼ ਚੱਲ ਰਿਹਾ।
ਇਹ ਵੀ ਪੜ੍ਹੋ50,000 ਰੁਪਏ ਰਿਸ਼ਵਤ ਲੈਣ ਵਾਲਾ ਸਾਬਕਾ ਐਸ.ਐਚ.ਓ. ਤੇ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਇਸਤੋਂ ਇਲਾਵਾ ਇਸ ਘਟਨਾ ਦਾ ਇੱਕ ਹੋਰ ਦੁਖਦਾਈ ਪਹਿਲੂ ਇਹ ਵੀ ਪਤਾ ਲੱਗਿਆ ਹੈ ਕਿ ਜਿਸ ਔਰਤ ਨੂੰ ਉਕਤ ਨੌਜਵਾਨ ਮਿਲਣ ਜਾਂਦਾ ਸੀ, ਉਸਦੀ ਸੱਸ ਦੀ ਵੀ ਸਦਮੇ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ (30 ਸਾਲ) ਵਾਸੀ ਫ਼ਰੀਦਕੋਟ ਦੇ ਤੌਰ ‘ਤੇ ਹੋਈ ਹੈ। ਇਸ ਵਾਰਦਾਤ ਪਿੱਛੇ ਚੱਲ ਰਹੀ ਚਰਚਾ ਮੁਤਾਬਕ ਗੁਰਪ੍ਰੀਤ ਸਿੰਘ ਉਕਤ ਪਿੰਡ ਵਿਚ ਮਨਪ੍ਰੀਤ ਕੌਰ ਨਾਂ ਦੀ ਔਰਤ ਨੂੰ ਮਿਲਣ ਜਾਂਦਾ ਸੀ, ਜਿਹੜੀ ਜਸਪ੍ਰੀਤ ਸਿੰਘ ਨਾਲ ਵਿਆਹੀ ਹੋਈ ਸੀ। ਪਿੰਡ ਦੇ ਸਰਪੰਚ ਨੇ ਕੁੱਝ ਚੈਨਲ ਵਾਲਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘‘ ਪ੍ਰਵਾਰ ਇੰਨ੍ਹਾਂ ਦੁਖੀ ਸੀ ਕਿ ਜਸਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਦੇ ਦੋ ਬੱਚੇ ਹੋਣ ਦੇ ਬਾਵਜੂਦ ਇਹ ਨੌਜਵਾਨ ਧੱਕੇ ਨਾਲ ਉਨ੍ਹਾਂ ਦੇ ਘਰ ਆਉਂਦਾ ਸੀ। ’’
ਇਹ ਵੀ ਪੜ੍ਹੋਪੁਲਿਸ ਮੁਕਾਬਲੇ ’ਚ ਗੈਂਗਸਟਰ ਲੰਡਾ ਹਰੀਕੇ ਦਾ ਸਾਥੀ ਜਖ਼ਮੀ
ਸੂਚਨਾ ਮੁਤਾਬਕ ਬੀਤੀ ਰਾਤ ਵੀ ਉਹ ਇਸ ਔਰਤ ਦੇ ਘਰ ਗਿਆ ਸੀ ਜਿੱਥੇ ਲੜਾਈ ਹੋ ਗਈ ਤੇ ਉਹ ਵਾਪਸ ਆ ਗਿਆ। ਇਸਤੋਂ ਥੋੜੀ ਦੇਰ ਬਾਅਦ ਉਹ ਮੁੜ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਘਰ ਆ ਧਮਕਿਆ, ਜਿਸਦਾ ਪਤਾ ਪਿੰਡ ਵਾਲਿਆਂ ਨੂੰ ਲੱਗ ਗਿਆ ਤੇ ਉਨ੍ਹਾਂ ਜਦ ਇਸਨੂੰ ਘੇਰਣ ਦੀ ਕੋਸ਼ਿਸ ਕੀਤੀ ਤਾਂ ਉਹ ਭੱਜ ਨਿਕਲਿਆ ਪ੍ਰੰਤੁੂ ਪਿੰਡ ਦੀ ਫ਼ਿਰਨੀ ’ਤੇ ਹੋਈ ਲੜਾਈ ਵਿਚ ਤੇਜਧਾਰ ਹਥਿਆਰਾਂ ਨਾਲ ਇਸਦਾ ਕਤਲ ਕਰ ਦਿੱਤਾ ਗਿਆ। ਮੌਕੇ ’ਤੇ ਪੁੱਜੇ ਡੀਐਸਪੀ ਤਰਲੌਚਨ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ‘‘ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਸਪ੍ਰੀਤ ਸਿੰਘ ਤੇ ਮਨਪ੍ਰੀਤ ਕੌਰ ਨੂੰ ਫ਼ਿਲਹਾਲ ਹਿਰਾਸਤ ਵਿਚ ਲਿਆ ਗਿਆ। ’’ ਉਨ੍ਹਾਂ ਦਸਿਆ ਕਿ ਮ੍ਰਿਤਕ ਔਰਤ ਦੀ ਮੌਤ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।
Share the post "‘‘ਪਿੰਡ ਪਹਿਰਾ ਲੱਗਦਾ, ਰਾਤੀ ਮਿਲਣ ਨਾ ਆਈਂ ਵੇਂ’’ ਧੱਕੇ ਨਾਲ ਵਿਆਹੁਤਾ ਔਰਤ ਨੂੰ ਮਿਲਣ ਆਏ ‘ਨੌਜਵਾਨ’ ਨੂੰ ਪਿੰਡ ਵਾਲਿਆਂ ਨੇ ‘ਵੱਢਿਆ’"