ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ: ਜ਼ਿਲ੍ਹੇ ਦੇ ਰਿਜ਼ਰਵ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਣ ਵਾਲੇ ਅਮਿਤ ਰਤਨ ਕੋਟਫੱਤਾ ਨੇ ਇੱਕ ਮਹੀਨੇ ’ਚ ਰਿਕਾਰਡਤੋੜ ਵੋਟਾਂ ਨਾਲ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। 20 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜਿਆਂ ਵਿਚ ਅਮਿਤ ਰਤਨ ਨੂੰ ਕੁੱਲ ਪੋਲ ਹੋਈਆਂ 1,24,402 ਵੋਟਾਂ ਵਿਚੋਂ ਅੱਧ ਤੋਂ ਵੀ ਜਿਆਦਾ 66096 (53.13 ਫ਼ੀਸਦੀ)ਵੋਟਾਂ ਹਾਸਲ ਕੀਤੀਆਂ ਹਨ। ਜਦੋਂਕਿ ਉਨ੍ਹਾਂ ਦੇ ਮੁਕਾਬਲੇ ਚੋਣ ਮੈਦਾਨ ਵਿਚ ਨਿੱਤਰੇ ਸੱਤ ਉਮੀਦਵਾਰਾਂ ਸਹਿਤ ਨੋਟਾ ਨੂੰ 47 ਫ਼ੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਇੰਨ੍ਹਾਂ ਵਿਚੋਂ ਅਕਾਲੀ ਤੇ ਕਾਂਗਰਸੀ ਉਮੀਦਵਾਰ ਨੂੰ ਛੱਡ ਬਾਕੀ ਪੰਜ ਉਮੀਦਵਾਰ ਨੋਟਾ ਨੂੰ ਮਿਲੀਆਂ ਵੋਟਾਂ ਦੇ ਬਰਾਬਰ ਵੀ ਨਹੀਂ ਪਹੁੰਚ ਸਕੇ ਹਨ। ਦਸਣਾ ਬਣਦਾ ਹੈ ਕਿ ਹਲਕੇ ਨਾਲ ਸਬੰਧਤ ਹੋਣ ਤੋਂ ਇਲਾਵਾ ਪਿਛਲੇ ਪੰਜ ਸਾਲਾਂ ਤੋਂ ਲੋਕਾਂ ਨਾਲ ਵਿਚਰਦੇ ਇਸ ਆਗੂ ਨੂੰ ਲੋਕਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਪਿਆਰ ਦਿੱਤਾ ਹੈ। ਉਨ੍ਹਾਂ ਅਪਣੇ ਮੁਕਾਬਲੇ ਖੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਭੱਟੀ ਨੂੰ 35479 ਵੋਟਾਂ ਦੇ ਅੰਤਰ ਨਾਲ ਮਾਤ ਦਿੱਤੀ ਹੈ। ਸ: ਭੱਟੀ ਨੂੰ 30617 ਅਤੇ ਕਾਂਗਰਸ ਦੇ ਹਰਵਿੰਦਰ ਸਿੰਘ ਲਾਡੀ ਨੂੰ 22716 ਵੋਟਾਂ ਮਿਲੀਆਂ ਹਨ। ਜਦੋਂਕਿ ਇਸ ਹਲਕੇ ਵਿਚ ਖੜੇ ਬਾਕੀ ਉਮੀਦਵਾਰਾਂ ਵਿਚੋਂ ਨੋਟਾ ਨੂੰ ਸਭ ਤੋਂ ਵੱਧ 1250 ਵੋਟਾ ਪਈਆਂ ਹਨ। ਉਧਰ ਅਪਣੀ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਿਤ ਰਤਨ ਕੋਟਫੱਤਾ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਹਲਕੇ ਦੇ ਵਿਕਾਸ ਨੂੰ ਤਰਜੀਹੀ ਅਧਾਰ ’ਤੇ ਕਰਵਾਉਣ ਅਤੇ ਨਸ਼ਿਆਂ ਦਾ ਖ਼ਾਤਮਾ ਵੀ ਕੀਤਾ ਜਾਵੇਗਾ।
ਅਮਿਤ ਰਤਨ ਨੇ ਬਠਿੰਡਾ ਦਿਹਾਤੀ ਹਲਕੇ ’ਚ ਰਚਿਆ ਇਤਿਹਾਸ
6 Views