ਮਨਪ੍ਰੀਤ ਬਾਦਲ ਦੇ ਰਿਸਤੇਦਾਰ ’ਜੋ ਜੋ’ ਨੇ ਰਾਜਨ ਗਰਗ ਨੂੰ ਜਿਲ੍ਹਾ ਪ੍ਰਧਾਨ ਮੰਨਣ ਤੋਂ ਕੀਤਾ ਇੰਨਕਾਰ
ਰਾਜਨ ਨੇ ਕੀਤਾ ਮੋੜਵਾ ਹਮਲਾ, ਕਿਹਾ ਜੋ ਜੋ ਨੂੰ ਹਰੇਕ ਦੀ ਵਿਰੋਧਤਾ ਕਰਨ ਦੀ ਆਦਤ
ਸੁਖਜਿੰਦਰ ਮਾਨ
ਬਠਿੰਡਾ, 20 ਨਵੰਬਰ: ਕਾਂਗਰਸ ਦੇ ਨਵੇ ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋੰ ਬਾਅਦ ਜਿਲ੍ਹਾ ਕਾਂਗਰਸ ਵਿਚ ਕਾਟੋਕਲੇਸ਼ ਛਿੜ ਪਿਆ ਹੈ । ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋ ਜੋ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋੰ ਨਿਯੁਕਤ ਕੀਤੇ ਐਡਵੋਕੇਟ ਰਾਜਨ ਗਰਗ ਨੂੰ ਸ਼ਹਿਰੀ ਪ੍ਰਧਾਨ ਮੰਨਣ ਤੋਂ ਸਪੱਸ਼ਟ ਇੰਨਕਾਰ ਕਰ ਦਿੱਤਾ ਹੈ। ਉਨ੍ਹਾਂ ਅਪਣੀ ਫੇਸਬੁੱਕ ’ਤੇ ਇੱਕ ਮੈਸੇਜ ਪਾ ਕੇ ਰਾਜਨ ਗਰਗ ਦੀ ਨਿਯੁਕਤੀ ਪਿੱਛੇ ਪੰਜਾਬ ਕਾਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਪਰ ਵੀ ਸਵਾਲ ਖੜ੍ਹੇ ਕੀਤੇ ਹਨ। ਇਸਦੇ ਨਾਲ ਹੀ ਉਨ੍ਹਾਂ ਰਾਜਨ ਦੇ ਨਾਲ ਬਣਾਏ ਗਏ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ ਦੀ ਨਿਯੁਕਤੀ ’ਤੇ ਵੀ ਉਂਗਲ ਚੁੱਕੀ ਹੈ। ਜਦੋਂਕਿ ਉਹ ਇਸਤੋਂ ਪਹਿਲਾਂ ਬਠਿੰਡਾ ਸਹਿਰੀ ਹਲਕੇ ਦੇ ਬਣਾਏ ਗਏ ਦੋਨਾਂ ਬਲਾਕ ਪ੍ਰਧਾਨਾਂ ਬਲਰਾਜ ਪੱਕਾ ਤੇ ਹਰਵਿੰਦਰ ਲੱਡੂ ਦਾ ਵੀ ਵਿਰੋਧ ਕਰ ਚੁੱਕੇ ਹਨ। ਉਧਰ ਨਵੇਂ ਬਣੇ ਪ੍ਰਧਾਨ ਰਾਜਨ ਗਰਗ ਨੇ ਜੋ ਜੋ ਦੇ ਬਿਆਨਾਂ ਉਪਰ ਕਰਾਰਾ ਜਵਾਬ ਦਿੱਤਾ ਹੈ। ਫੇਸਬੁੱਕ ਬਿਆਨ ਦਾ ਫੇਸਬੁੱਕ ਰਾਹੀਂ ਜਵਾਬ ਦਿੰਦਿਆਂ ਸ੍ਰੀ ਗਰਗ ਨੇ ਦਾਅਵਾ ਕੀਤਾ ਹੈ ਕਿ ’ਜੋ ਜੋ’ ਨੂੰ ਵਿਰੋਧ ਕਰਨ ਦੀ ਆਦਤ ਹੈ। ਜਿਸਦੇ ਚੱਲਦੇ ਪਹਿਲਾਂ ਉਹ ਕਾਗਰਸ ਦੇ ਕੌਮੀ ਪ੍ਰਧਾਨ ਮਲਿਕਰਜਨ ਖੜਗੇ ਅਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਨਿਯੁਕਤੀ ਦਾ ਵੀ ਵਿਰੋਧ ਕਰ ਚੁੱਕੇ ਹਨ ਪਰੰਤੂ ਉਨ੍ਹਾਂ ਦੇ ਕਹਿਣ ਦਾ ਕੋਈ ਮਹੱਤਵ ਨਹੀਂ ਕਿਉਂਕਿ ਉਹ ਕਾਗਰਸ ਦੇ ਮੁਢਲੇ ਮੈਂਬਰ ਵੀ ਨਹੀਂ ਹਨ। ਰਾਜਨ ਨੇ ਜੋ ਜੋ ਨੂੰ ਸਵਾਲ ਕਰਦਿਆਂ ਕਿਹਾ ਕਿ ਜਦ ਦੋ ਵਾਰ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਜਿੱਤਣ ਵਿਚ ਅਹਿਮ ਯੋਗਦਾਨ ਪਾਇਆ ਤਾਂ ਉਸ ਸਮੇਂ ਚੰਗਾ ਸੀ ਪਰ ਹੁਣ ਮਾੜਾ ਹੋ ਗਿਆ । ਉਨ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਮਿਲੀ ਕਰਾਰ ਹਾਰ ਲਈ ਵੀ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਜਿੰਮੇਵਾਰ ਠਹਿਰਾਇਆ ਹੈ। ਜਿਕਰਯੋਗ ਹੈ ਕਿ ਸਾਲ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪਾਰਟੀ ਦੀ ਤਰਫ਼ੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜੇ ਸਨ ਪ੍ਰੰਤੂ ਕਾਂਗਰਸ ਦਾ ਗੜ੍ਹ ਰਹੇ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਵੋਟਾਂ ਘਟ ਗਏ ਸਨ, ਜਿਸਦੇ ਲਈ ਉਨ੍ਹਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਸੀ। ਇਸ ਦੌਰਾਨ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਦੋਨਾਂ ਆਗੂਆਂ ਵਲੋਂ ਇੱਕ ਦੂਜੇ ਵਿਰੁੱਧ ਚੋਣਾਂ ’ਚ ਨੁਕਸਾਨ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਕਾਰਨ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਵਿਚਕਾਰ ਸਿਆਸੀ ਦੁਸ਼ਮਣੀ ਵਧ ਗਈ ਸੀ। ਇਸਤੋਂ ਬਾਅਦ ਹੁਣ ਜਦ ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਕੁੱਝ ਮਹੀਨੇ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜਿੰਮੇਵਾਰੀ ਸੋਂਪ ਦਿੱਤੀ ਹੈ ਤਾਂ ਮਨਪ੍ਰੀਤ ਬਾਦਲ ਨੇ ਪਾਰਟੀ ਪ੍ਰੋਗਰਾਮਾਂ ਤੋਂ ਪਾਸਾ ਵੱਟ ਲਿਆ ਹੈ। ਇਸਤੋਂ ਇਲਾਵਾ ਉਨ੍ਹਾਂ ਵਲੋਂ ਚੋਣ ਨਤੀਜਿਆਂ ਤੋਂ ਬਾਅਦ ਹੁਣ ਤੱਕ ਬਠਿੰਡਾ ਸ਼ਹਿਰੀ ਹਲਕੇ ਵਿਚ ਵੀ ਤਿੰਨ ਕੁ ਦਫ਼ਾ ਗੇੜਾ ਲਗਾਇਆ ਗਿਆ ਹੈ। ਇਸ ਦੌਰਾਨ ਇਸ ਹਲਕੇ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਸਰਗਰਮ ਹੋ ਗਏ ਹਨ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ 2024 ਵਿਚ ਪਾਰਟੀ ਵੱਲੋਂ ਬਠਿੰਡਾ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਸਕਦੇ ਹਨ। ਉਧਰ ਮਨਪ੍ਰੀਤ ਸਿੰਘ ਬਾਦਲ ਦਾ ਧੜਾ ਆਉਣ ਵਾਲੇ ਦਿਨਾਂ ਵਿਚ ਕਿਸ ਤਰਾਂ ਦੇ ਪੱਤੇ ਖੇੜਦਾ ਹੈ ਦੇਖਣ ਵਾਲੀ ਗੱਲ ਹੋਵੇਗੀ। ਪਰ ਜੈਜੀਤ ਸਿੰਘ ਦੇ ਜੌਹਲ ਵੱਲ ਬਠਿੰਡਾ ਦੇ ਕਾਂਗਰਸੀ ਪ੍ਰਧਾਨਗੀ ਦੇ ਉਂਗਲ ਚੁੱਕਣ ਤੋਂ ਬਾਅਦ ਬਠਿੰਡਾ ਦੀ ਸਿਆਸਤ ਵਿਚ ਬਬਾਲ ਖੜਾ ਹੋ ਗਿਆ ਹੈ ਜਿਸ ਨੂੰ ਲੋਕ ਸਭਾ ਚੋਣ 2024 ਤੱਕ ਰੋਕਣਾ ਮੁਸ਼ਕਲ ਹੋਵੇਗਾ। ਦਸਣਾ ਬਣਦਾ ਹੈ ਕਿ ਰਾਜਨ ਗਰਗ ਦੀ ਨਿਯੁਕਤੀ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੌਹਲ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ’ਤੇ ਲਿਖਿਆ ਹੈ ਕਿ ਬਠਿੰਡਾ ਦੇ 34 ਨਗਰ ਕੌਂਸਲਰਾਂ, ਸਾਬਕਾ ਪ੍ਰਧਾਨਾਂ, ਸਾਬਕਾ ਬਲਾਕ ਪ੍ਰਧਾਨਾਂ ਤੇ ਸ਼ਹਿਰ ਦੇ ਵਰਕਰਾਂ ਨੇ ਮੋਹਨ ਲਾਲ ਝੁੰਬਾ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ । ਪਰ ਰਾਜਾ ਵੜਿੰਗ ਨੇ ਰਾਜਨ ਗਰਗ ਨੂੰ ਇਸ ਕਰਕੇ ਪ੍ਰਧਾਨ ਬਣਾਇਆ ਹੈ ਕਿ ਉਹ ਮਨਪ੍ਰੀਤ ਦੇ ਵਿਰੁਧ ਬੋਲਦਾ ਹੈ। ਜੌਹਲ ਨੇ ਕਿਹਾ ਹੈ ਕਿ ਉਹ ਪਾਰਟੀ ਲਈ ਕੰਮ ਕਰਨਗੇ ਪਰ ਰਾਜਨ ਗਰਗ ਦੇ ਅਧੀਨ ਕੰਮ ਨਹੀ ਕਰਨਗੇ।
Share the post "ਜਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋਂ ਬਾਅਦ ਬਠਿੰਡਾ ’ਚ ਕਾਂਗਰਸ ਦਾ ਕਾਟੋਕਲੇਸ਼ ਵਧਿਆ"