ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ: ਦਿੱਲੀ ਮੋਰਚੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਟਕਦੀਆਂ ਮੰਨੀਆਂ ਹੋਈਆਂ ਮੰਗਾਂ ਉਭਾਰਨ ਲਈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੌਰਾਨ 18 ਤੋਂ 30 ਜੁਲਾਈ ਤੱਕ ਜ਼ਿਲ੍ਹਾ ਪੱਧਰੀਆਂ ਕਾਨਫ਼ਰੰਸਾਂ ਕਰਨ ਦੇ ਫੈਸਲੇ ਮੁਤਾਬਿਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਬਠਿੰਡਾ ਵੱਲੋਂ ਅੱਜ ਬਠਿੰਡਾ ਦੇ ਆਈਟੀਆਈ ਚੌਕ ਦੇ ਪੁਲ ਥੱਲੇ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਜੁੜੇ ਇਕੱਠ ਨੂੰ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ,ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ,ਔਰਤ ਜਥੇਬੰਦੀ ਦੀ ਆਗੂ ਹਰਿੰਦਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦਿੱਲੀ ਅੰਦੋਲਨ ਦੀ ਸਮਾਪਤੀ ਮੌਕੇ ਸਾਰੀਆਂ ਫਸਲਾਂ ,ਫਲਾਂ ਅਤੇ ਸਬਜੀਆਂ ਦੀ ਐਮ ਐਸ ਪੀ ਮਿੱਥ ਕੇ ਸਰਕਾਰੀ ਖ਼ਰੀਦ ਦੀ ਗਰੰਟੀ ਕਰਨ ,ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ ਸਹਾਇਤਾ ਦੇਣ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ,ਪਰਿਵਾਰ ਸਿਰ ਚੜਿਆ ਸਾਰਾ ਕਰਜਾ ਖਤਮ ਕਰਨ ,ਦਿੱਲੀ ਸਮੇਤ ਸਾਰੇ ਰਾਜਾਂ ਚ ਕਿਸਾਨਾਂ ਤੇ ਦਰਜ ਹੋਏ ਪੁਲਸ ਕੇਸ ਰੱਦ ਕਰਨ ਆਦਿ ਮੰਗਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੰਨੀਆਂ ਸਨ ਪਰ ਕੇਂਦਰ ਦੀ ਸਰਕਾਰ ਹੁਣ ਇਨ੍ਹਾਂ ਮੰਗਾਂ ਤੋਂ ਭੱਜ ਚੁੱਕੀ ਹੈ । ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਫਸਲੀ ਵਿਭਿੰਨਤਾ ਦੀ ਗੱਲ ਕਰਦੀ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਦੁਆਰਾ ਪੈਦਾ ਕੀਤੀਆਂ ਫਸਲਾਂ ਦੀ ਲਾਹੇਵੰਦ ਭਾਅ ਤੇ ਸਰਕਾਰ ਵੱਲੋਂ ਖਰੀਦ ਨਹੀਂ ਕੀਤੀ ਜਾਂਦੀ ,ਪ੍ਰਾਈਵੇਟ ਵਪਾਰੀਆਂ ਵਲੋਂ ਕਿਸਾਨਾਂ ਦੀ ਫ਼ਸਲ ਕੌਡੀਆਂ ਦੇ ਭਾਅ ਲੁੱਟੀ ਜਾਂਦੀ ਹੈ । ਐਮਐਸਪੀ ਦੇ ਨਾਲ ਹੀ ਜਨਤਕ ਵੰਡ ਪ੍ਰਣਾਲੀ ਜੁੜੀ ਹੈ ਜਿਸ ਦਾ ਵੀ ਸਰਕਾਰ ਹੌਲੀ ਹੌਲੀ ਕਿਸਤਾਂ ਚ ਭੋਗ ਪਾ ਰਹੀ ਹੈ ।ਬੁਲਾਰਿਆਂ ਨੇ ਮੰਗ ਕੀਤੀ ਕਿ ਮੁਲਕ ਵਿੱਚ ਸਾਰੀਆਂ ਫਸਲਾਂ ਦਾ ਲਾਹੇਵੰਦ ਭਾਅ ਮਿਥ ਕੇ ਸਰਕਾਰੀ ਖ਼ਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ , ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਕੇ ਸਾਰੇ ਲੋੜਵੰਦ ਗ਼ਰੀਬ ਲੋਕਾਂ ਨੂੰ ਅਨਾਜ ,ਦਾਲਾਂ ,ਚੀਨੀ ,ਤੇਲ ,ਕੱਪੜਾ ਸਮੇਤ ਲੋੜੀਂਦੀਆਂ ਸਾਰੀਆਂ ਵਸਤਾਂ ਪਹੁੰਚਾਉਣ ਦੀ ਗਾਰੰਟੀ ਕੀਤੀ ਜਾਵੇ ਅਤੇ ਸਰਕਾਰੀ ਖਰੀਦ ਵਿੱਚ ਜਨਤਕ ਵੰਡ ਪ੍ਰਣਾਲੀ ਲਈ ਅਨਾਜ ਦੇ ਕੋਟੇ ਵਿੱਚ ਵਾਧਾ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਬਣਾ ਕੇ ਜਿਸ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਰੱਦ ਕਰ ਦਿੱਤਾ ਹੈ ਰਾਹੀਂ ਇਸ ਮੰਗ ਨੂੰ ਠੰਢੇ ਬਸਤੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਚਾਰ ਘੰਟੇ ਰੇਲ ਸੜਕ ਆਵਾਜਾਈ ਬੰਦ ਦੇ ਸੱਦੇ ਤਹਿਤ 31 ਜੁਲਾਈ ਨੂੰ 11 ਵਜੇ ਤੋਂ 3 ਵਜੇ ਤੱਕ ਚਾਰ ਘੰਟੇ ਬਠਿੰਡਾ ਦੇ ਰੇਲਵੇ ਸਟੇਸ਼ਨ ( ਜੰਕਸਨ ) ਤੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ । ਇਸ ਤੋਂ ਇਲਾਵਾ ਅਗਸਤ ਦੇ ਦੂਜੇ ਹਫ਼ਤੇ ਅਗਨੀਪਥ ਰਾਹੀਂ ਫੌਜ ਦੀ ਭਰਤੀ ਰੱਦ ਕਰਵਾਉਣ ਅਤੇ 17 ਅਗਸਤ ਤੋਂ ਲਖੀਮਪੁਰ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੀਡਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਖੀਮਪੁਰ ਵਿਖੇ 75 ਘੰਟੇ ਧਰਨੇ ਦੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੰਘਰਸ਼ ਦੇ ਸੱਦਿਆਂ ਨੂੰ ਜੋਰ ਸੋਰ ਨਾਲ ਲਾਗੂ ਕੀਤਾ ਜਾਵੇਗਾ । ਅੱਜ ਦੇ ਇਕੱਠ ਨੂੰ ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖਾਨਾ , ਕਰਮਜੀਤ ਕੌਰ ਲਹਿਰਾਖਾਨਾ , ਬਲਦੇਵ ਸਿੰਘ ਚੌਂਕੇ,ਗੁਰਪਾਲ ਸਿੰਘ ਦਿਓਣ, ਕੁਲਵਿੰਦਰ ਸਿੰਘ ਗਿਆਨਾ, ਜਸਪਾਲ ਸਿੰਘ ਕੋਠਾਗੁਰੂ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਅਤੇ ਅਜੇਪਾਲ ਸਿੰਘ ਘੁੱਦਾ ਨੇ ਵੀ ਸੰਬੋਧਨ ਕੀਤਾ ।
ਕਿਸਾਨ ਜਥੇਬੰਦੀ ਉਗਰਾਹਾ ਵਲੋਂ ਬਠਿੰਡਾ ’ਚ ਜ਼ਿਲ੍ਹਾਂ ਪੱਧਰੀ ਕਾਨਫ਼ਰੰਸ ਆਯੋਜਿਤ
15 Views